ਭਗਵੰਤ ਮਾਨ ਨੇ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਨਵੰਬਰ ਤੋਂ ਸੂਬੇ ਵਿੱਚ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਨਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਤੀ ਹੈ। ਭਗਵੰਤ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਅਗਲੇ ਮਹੀਨੇ ਦੌਰਾਨ ਪੰਜਾਬ ’ਚ ਵੱਖ- ਵੱਖ ਥਾਵਾਂ ਦੇ ਦੌਰੇ ਵੀ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਤੂਫ਼ਾਨੀ ਪ੍ਰਚਾਰ ਕਰੇਗੀ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਜਾ ਸਕੇ ਅਤੇ ਪੰਜਾਬ ਨੂੰ ਹੱਸਦਾ ਵਸਦਾ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਦੱਸਿਆ ਕਿ ਮਿਸ਼ਨ ਪੰਜਾਬ ਦੇ ਤਹਿਤ ਅਰਵਿੰਦ ਕੇਜਰੀਵਾਲ ਸ਼ਹਿਰਾਂ, ਕਸਬਿਆਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਜਾਣਗੇ ਅਤੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਵੀ ਸੁਣਨਗੇ। ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ’ਚ ਗਰੇਟ ਖਲੀ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਚਰਚਾ ਚੱਲ ਰਹੀ ਹੈ ਕਿ ਖਲੀ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਣਗੇ।