ਦੋਵਾਂ ਧਿਰਾਂ ਨੂੰ ਅਕਾਲ ਤਖਤ ਸਾਹਿਬ ‘ਤੇ ਕੀਤਾ ਜਾਵੇਗਾ ਤਲਬ
ਇਟਲੀ ‘ਚ ਕਿਰਪਾਨ ‘ਤੇ ਲਾਈ ਪਾਬੰਦੀ ਬਾਰੇ ਕੀਤੀ ਚਿੰਤਾ ਜ਼ਾਹਰ
ਅੰਮ੍ਰਿਤਸਰ/ਬਿਊਰੋ ਨਿਊਜ਼
ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਵਾਪਰੀ ਸਿੱਖਾਂ ਵਿਚ ਟਕਰਾਅ ਦੀ ਘਟਨਾ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰੇ ਵਿੱਚ ਸਿੱਖਾਂ ਦੇ ਆਪਸੀ ਟਕਰਾਅ ਦੀ ਘਟਨਾ ਨੂੰ ਨਿੰਦਣਯੋਗ ਅਤੇ ਮੰਦਭਾਗੀ ਦੱਸਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖੀ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਸਿੱਖਾਂ ਅਤੇ ਸਿੱਖੀ ਨੂੰ ਜਿੱਥੇ ਮਾਣ ਸਤਿਕਾਰ ਮਿਲ ਰਿਹਾ ਹੈ, ਉਥੇ ਸਿੱਖ ਭਾਈਚਾਰਾ ਆਪਸ ਵਿੱਚ ਲੜ ਕੇ ਇਕ ਦੂਜੇ ਦੀਆਂ ਦਸਤਾਰਾਂ ਉਤਾਰ ਰਿਹਾ ਹੈ। ਇਸੇ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ ‘ਕਿਰਪਾਨ’ ਉਤੇ ਲਾਈ ਗਈ ਪਾਬੰਦੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਟਲੀ ਦੀ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਉਪਰ ਮੁੜ ਤੋਂ ਵਿਚਾਰ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰੇ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …