Breaking News
Home / ਕੈਨੇਡਾ / Front / ਲੋਕ ਮੰਚ ਪੰਜਾਬ ਵੱਲੋਂ ਜੰਗ ਬਹਾਦਰ ਗੋਇਲ ਤੇ ਅਰਤਿੰਦਰ ਸੰਧੂ ਦਾ ਸਨਮਾਨ

ਲੋਕ ਮੰਚ ਪੰਜਾਬ ਵੱਲੋਂ ਜੰਗ ਬਹਾਦਰ ਗੋਇਲ ਤੇ ਅਰਤਿੰਦਰ ਸੰਧੂ ਦਾ ਸਨਮਾਨ

ਜੰਗ ਬਹਾਦਰ ਗੋਇਲ ਨੂੰ ‘ਆਪਣੀ ਅਵਾਜ਼’ ਪੁਰਸਕਾਰ 2023 ਭੇਂਟ

ਅਰਤਿੰਦਰ ਕੌਰ ਸੰਧੂ ਨੂੰ ‘ਕਾਵਿ ਲੋਕ’ ਪੁਰਸਕਾਰ 2023 ਭੇਂਟ

ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਮੰਚ ਪੰਜਾਬ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਸਾਲ 2023 ਦੇ ਸਨਮਾਨ ਭੇਂਟ ਕੀਤੇ ਗਏ। ‘ਆਪਣੀ ਅਵਾਜ਼’ ਪੁਰਸਕਾਰ 2023 ਜੰਗ ਬਹਾਦਰ ਗੋਇਲ ਹੋਰਾਂ ਨੂੰ ਅਤੇ ‘ਕਾਵਿ ਲੋਕ’ ਪੁਰਸਕਾਰ 2023 ਅਰਤਿੰਦਰ ਸੰਧੂ ਹੋਰਾਂ ਨੂੰ ਭੇਂਟ ਕੀਤਾ ਗਿਆ। ਇਹ ਸਨਮਾਨ ਪਦਮਸ੍ਰੀ ਡਾ. ਸੁਰਜੀਤ ਪਾਤਰ, ਵਰਿਆਮ ਸੰਧੂ, ਰਘਬੀਰ ਸਿਰਜਣਾ, ਲਖਵਿੰਦਰ ਜੌਹਲ, ਸੁਰਿੰਦਰ ਸਿੰਘ ਸੁੰਨੜ, ਕੁਲਦੀਪ ਬੇਦੀ, ਹਰਜਿੰਦਰ ਸਿੰਘ ਅਟਵਾਲ ਅਤੇ ਦੀਪਕ ਸ਼ਰਮਾ ਚਨਾਰਥਲ ਹੋਰਾਂ ਵੱਲੋਂ ਭੇਂਟ ਕੀਤੇ ਗਏ।

ਜੰਗ ਬਹਾਦਰ ਗੋਇਲ ਹੋਰਾਂ ਦੀ ਸ਼ਾਹਕਾਰ ਰਚਨਾ ‘ਸਾਹਿਤ ਸੰਜੀਵਨ’ ਪੁਸਤਕ ਲਈ ਉਨ੍ਹਾਂ ਨੂੰ ‘ਆਪਣੀ ਅਵਾਜ਼’ ਪੁਰਸਕਾਰ 2023 ਭੇਂਟ ਕਰਦਿਆਂ ਇਕ ਸਨਮਾਨ ਪੱਤਰ, ਲੋਕ ਪੰਜਾਬ ਮੰਚ ਦਾ ਝੋਲ਼ਾ, ਫੁਲਕਾਰੀ ਅਤੇ 1 ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਅਰਤਿੰਦਰ ਕੌਰ ਸੰਧੂ ਹੋਰਾਂ ਦੀ ਕਾਵਿ ਰਚਨਾ ‘ਮਨ ਦਾ ਮੌਸਮ’ ਲਈ ‘ਕਾਵਿ ਲੋਕ’ ਪੁਰਸਕਾਰ 2023 ਭੇਂਟ ਕਰਦਿਆਂ ਇਕ ਸਨਮਾਨ ਪੱਤਰ, ਲੋਕ ਮੰਚ ਪੰਜਾਬ ਦਾ ਝੋਲਾ, ਫੁਲਕਾਰੀ ਅਤੇ 31 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।

ਸਨਮਾਨ ਸਮਾਰੋਹ ਦੀ ਸ਼ੁਰੂਆਤ ਵਿਚ ਸਵਾਗਤੀ ਸ਼ਬਦ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਜੌਹਲ ਨੇ ਆਖਦਿਆਂ ਮੰਚ ਦੇ ਹਵਾਲੇ ਨਾਲ ਕੀਤੇ ਜਾ ਰਹੇ ਕਾਰਜਾਂ ਤੋਂ ਸਭਨਾਂ ਨੂੰ ਜਾਣੂ ਕਰਵਾਇਆ। ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਇਹ ਉਪਰਾਲੇ ਸਾਰਥਕ ਸਾਬਤ ਹੁੰਦੇ ਹਨ ਜਦੋਂ ਸਹੀ ਚੋਣ ਕਰਕੇ ਸਹੀ ਹੱਥਾਂ ਵਿਚ ਸਨਮਾਨ ਪਹੁੰਚਦੇ ਹਨ। ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਅਜੋਕੇ ਦੌਰ ਦੇ ਵੱਡੇ ਕਹਾਣੀਕਾਰ ਵਰਿਆਮ ਸੰਧੂ ਨੇ ਆਪਣੀਆਂ ਬੇਵਾਕ ਟਿੱਪਣੀਆਂ ਨਾਲ ਜਿੱਥੇ ਹਾਸਿਆਂ ਦੀ ਖੂਬ ਮਹਿਕ ਬਿਖੇਰੀ, ਉਥੇ ਉਨ੍ਹਾਂ ਸਨਮਾਨ ਹਾਸਲ ਕਰਨ ਵਾਲੀਆਂ ਹਸਤੀਆਂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਹ ਸੱਚਮੁੱਚ ਇਸ ਸਨਮਾਨ ਦੇ ਸਹੀ ਹੱਕਦਾਰ ਹਨ। ਸਮਾਗਮ ਦੌਰਾਨ ਰਘਬੀਰ ਸਿੰਘ ਸਿਰਜਣਾ ਅਤੇ ਕੁਲਦੀਪ ਬੇਦੀ ਹੋਰਾਂ ਨੇ ਵੀ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸਨਮਾਨ ਹਾਸਲ ਕਰਨ ਵਾਲੇ ਜੰਗ ਬਹਾਦਰ ਗੋਇਲ ਹੋਰਾਂ ਨੇ ਆਖਿਆ ਕਿ ਸਾਹਿਤ ਇਕ ਸੰਜੀਵਨ ਹੈ ਅਤੇ ਲੇਖਕ ਇਕ ਡਾਕਟਰ ਸੋ ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ ਅਤੇ ਧੰਨਵਾਦ ਲੋਕ ਮੰਚ ਪੰਜਾਬ ਦਾ ਜਿਸ ਨੇ ਮੈਨੂੰ ਇਸ ਸਨਮਾਨ ਦੇ ਲਾਇਕ ਸਮਝਿਆ। ਇਸੇ ਤਰ੍ਹਾਂ ਸਨਮਾਨਤ ਹੋਣ ਵਾਲੀ ਪੰਜਾਬ ਦੀ ਨਾਮਵਰ ਕਵਿੱਤਰ ਅਰਤਿੰਦਰ ਸੰਧੂ ਨੇ ਕਿਹਾ ਕਿ ਲੇਖਕ ਇਕੋ ਜੀਵਨ ਵਿਚ ਕਈ ਜ਼ਿੰਦਗੀਆਂ ਜਿਉਂ ਲੈਂਦੇ ਹੈ ਅਤੇ ਇਹ ਸਨਮਾਨ ਉਸ ਨੂੰ ਹੋਰ ਲੰਬਾ ਪੈਂਡਾ ਤੈਅ ਕਰਨ ਦਾ ਬਲ ਬਖਸ਼ ਦਿੰਦਾ ਹੈ। ਉਨ੍ਹਾਂ ਵੀ ਲੋਕ ਮੰਚ ਪੰਜਾਬ ਦਾ ਸ਼ੁਕਰਾਨਾ ਕੀਤਾ। ਜ਼ਿਕਰਯੋਗ ਹੈ ਕਿ ਅਰਤਿੰਦਰ ਸੰਧੂ ਜੀ ਦਾ ਸਨਮਾਨ ਪੱਤਰ ਪ੍ਰੀਤਮ ਰੁਪਾਲ ਹੋਰਾਂ ਵੱਲੋਂ ਪੜ੍ਹਿਆ ਗਿਆ ਜਦਕਿ ਜੰਗ ਬਹਾਦਰ ਗੋਇਲ ਹੋਰਾਂ ਦੇ ਜੀਵਨ ਅਤੇ ਲੇਖਣੀ ਦੇ ਸਫ਼ਰ ਤੋਂ ਭੁਪਿੰਦਰ ਮਲਿਕ ਹੋਰਾਂ ਨੇ ਜਾਣੂ ਕਰਵਾਇਆ ਅਤੇ ਉਨ੍ਹਾਂ ਦਾ ਸਨਮਾਨ ਪੱਤਰ ਨਿਰਮਲ ਜੌੜਾ ਹੋਰਾਂ ਨੇ ਸਾਂਝਾ ਕੀਤਾ।

ਸਮਾਗਮ ਦੇ ਅਖੀਰ ਵਿਚ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਹੋਰਾਂ ਨੇ ਪ੍ਰਧਾਨਗੀ ਮੰਡਲ ਦਾ ਅਤੇ ਹਾਜ਼ਰ ਵੱਖੋ-ਵੱਖ ਪ੍ਰਮੁੱਖ ਹਸਤੀਆਂ ਦਾ ਸ਼ੁਕਰਾਨਾ ਕਰਦਿਆਂ ਸਨਮਾਨ ਹਾਸਲ ਕਰਨ ਵਾਲੇ ਦੋਵੇਂ ਲੇਖਕਾਂ  ਨੂੰ ਵਧਾਈ ਦਿੰਦਿਆਂ ਕਿਹਾ ਕਿ ਗੋਇਲ ਸਾਬ ਅਤੇ ਅਰਤਿੰਦਰ ਸੰਧੂ ਨੂੰ ਸਨਮਾਨਤ ਕਰਕੇ ਲੋਕ ਮੰਚ ਪੰਜਾਬ ਖੁਦ ਨੂੰ ਸਨਮਾਨਤ ਮਹਿਸੂਸ ਕਰਦਾ ਹੈ। ਇਸ ਸਮੁੱਚੇ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਮੰਚ ਸੰਚਾਲਨ ਦੀ ਭੂਮਿਕਾ ਲੋਕ ਮੰਚ ਪੰਜਾਬ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਚੰਡੀਗੜ੍ਹ, ਮੋਹਾਲੀ ਸਣੇ ਪੰਜਾਬ ਦੇ ਵੱਖੋ-ਵੱਖ ਖਿੱਤਿਆਂ ਤੋਂ ਆਏ ਨਾਮਵਰ ਲੇਖਕ, ਬੁੱਧੀਜੀਵੀ ਅਤੇ ਸਾਹਿਤਕਾਰ ਵੱਡੀ ਗਿਣਤੀ ਵਿਚ ਮੌਜੂਦ ਸਨ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …