ਗੁਰਜੀਤ ਸਿੰਘ ਔਜਲਾ ਤੇ ਓਪੀ ਸੋਨੀ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ
ਅੰਮਿ੍ਤਸਰ/ਬਿਊਰੋ ਨਿਊਜ਼
ਅੰਮਿ੍ਤਸਰ ’ਚ ਅੱਜ ਸੋਮਵਾਰ ਨੂੰ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਵਲੋਂ ਹੰਗਾਮਾ ਕਰ ਦਿੱਤਾ ਗਿਆ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰ ਦੇ ਨਾਂ ਦੀ ਚਰਚਾ ਨੂੰ ਲੈ ਕੇ ਇਹ ਹੰਗਾਮਾ ਹੋਇਆ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਓਪੀ ਸੋਨੀ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਕਾਂਗਰਸ ਦੀ ਇਹ ਮੀਟਿੰਗ ਪੀਪੀਸੀਸੀ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ’ਚ ਹੋ ਰਹੀ ਸੀ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਲੋਕ ਸਭਾ ਹਲਕੇ ਅਨੁਸਾਰ ਸ਼ੁਰੂ ਕੀਤੀ ਗਈ ਖੁੱਲ੍ਹੀ ਚਰਚਾ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਅੰਮਿ੍ਰਤਸਰ ਦੇ ਨੌਂ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਦੀ ਰਾਏ ਜਾਣੀ ਹੈ ਅਤੇ ਇਸ ਦੌਰਾਨ ਉਮੀਦਵਾਰ ਦੇ ਨਾਮ ਨੂੰ ਲੈ ਕੇ ਰੌਲਾ ਪੈ ਗਿਆ। ਇਸ ਰੌਲੇ ਰੱਪੇ ਦੌਰਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਲਈ ਕੋਈ ਥਾਂ ਨਹੀਂ ਹੈ। ਜੋ ਵੀ ਅਜਿਹਾ ਕਰੇਗਾ ਉਸ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਧਿਆਨ ਰਹੇ ਕਿ ਕਾਂਗਰਸ ਦੀ ਇਸ ਮੀਟਿੰਗ ਵਿਚੋਂ ਨਵਜੋਤ ਸਿੰਘ ਸਿੱਧੂ ਗੈਰਹਾਜ਼ਰ ਰਹੇ ਹਨ।