ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਪੰਜਾਬ ‘ਚ 130 ਤੱਕ ਪੁੱਜੀ
ਚੰਡੀਗੜ੍ਹ: ਪੰਜਾਬ ਵਿਚ ਵੀ ਕਰੋਨਾ ਵਾਇਰਸ ਦਾ ਕਹਿਰਾ ਵਧਦਾ ਜਾ ਰਿਹਾ ਹੈ। ਲੰਘੇ 24 ਘੰਟਿਆਂ ਦੌਰਾਨ ਪੰਜਾਬ ‘ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਪੰਜਾਬ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਜਦਕਿ ਪੂਰੇ ਪੰਜਾਬ ਵਿਚ ਕਰੋਨਾ ਵਰਗੀ ਨਾ ਮੁਰਾਦ ਬਿਮਾਰੀ ਤੋਂ 130 ਵਿਅਕਤੀ ਪੀੜਤ ਹਨ। ਅੱਜ ਮਾਨਸਾ ਜ਼ਿਲ੍ਹੇ ਤੋਂ ਛੇ ਹੋਰ ਵਿਅਕਤੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ ਅਤੇ ਸੰਗਰੂਰ ਜ਼ਿਲ੍ਹੇ ‘ਚ ਵੀ ਇਕ ਕਰੋਨਾ ਤੋਂ ਪੀੜਤ ਵਿਅਕਤੀ ਮਿਲਿਆ ਹੈ। ਉਧਰ ਪੰਜਾਬ ‘ਚ ਕੋਰੋਨਾ ਦਾ ਕੇਂਦਰ ਬਣਦੇ ਜਾ ਰਹੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਜਵਾਹਰਪੁਰ ‘ਚ ਵੀ ਅੱਜ ਇੱਕ ਹੋਰ ਕਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ। ਇਸ ਤਰ੍ਹਾਂ ਹੁਣ ਪੰਜਾਬ ਦੇ 17 ਜ਼ਿਲ੍ਹੇ ਕਰੋਨਾ ਵਾਇਰਸ ਦੀ ਲਪੇਟ ਵਿਚ ਚੁੱਕੇ ਹਨ। ਮੋਹਾਲੀ ‘ਚ 37, ਨਵਾਂ ਸ਼ਹਿਰ 19, ਅੰਮ੍ਰਿਤਸਰ, ਜਲੰਧਰ, ਮਾਨਸਾ ‘ਚ 11-11, ਲੁਧਿਆਣਾ ‘ਚ 10, ਪਠਾਨਕੋਟ ਅਤੇ ਹੁਸ਼ਿਆਰਪੁਰ ‘ਚ 7-7, ਮੋਗਾ ‘ਚ 04, ਰੂਪਨਗਰ ‘ਚ 03, ਫਤਿਹਗੜ੍ਹ ਸਾਹਿਬ, ਬਰਨਾਲਾ ਅਤੇ ਫਰੀਦਕੋਟ ‘ਚ 2-2, ਕਪੂਰਥਲਾ, ਪਟਿਆਲਾ, ਮੁਕਤਸਰ ਅਤੇ ਸੰਗਰੂਰ ਜ਼ਿਲ੍ਹੇ 1-1 ਕਰੋਨਾ ਪੀੜਤ ਮਰੀਜ਼ ਪਾਏ ਗਏ ਹਨ।