(ਤੀਜੀ ਦੂਜੀ)
ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ
ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
?. ਮਿਲੇ ਸਨਮਾਨਾਂ ਦੇ ਵੇਰਵਾ।
-ਸਾਹਿਤਕ ਲੇਖਣ ਕਾਰਜਾਂ ਸੰਬੰਧੀ ਸੱਭ ਤੋਂ ਪਹਿਲਾ ਸਨਮਾਨ, ਮੇਰੀ ਬਾਲ ਸਾਹਿਤ ਪੁਸਤਕ ”ਸਤਰੰਗ” (ਵਿਗਿਆਨ ਕਹਾਣੀ ਸੰਗ੍ਰਹਿ) ਲਈ ਸੰਨ 1991 ਵਿਚ, ”ਸ਼੍ਰੋਮਣੀ ਬਾਲ ਸਾਹਿਤ ਪੁਸਤਕ ਪੁਰਸਕਾਰ” ਦੇ ਰੂਪ ਵਿਚ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਤੋਂ ਪ੍ਰਾਪਤ ਹੋਇਆ। ਸੰਨ 1994 ਵਿਚ, ਸਾਹਿਤ ਰੰਗ ਗਠਨ ਸੰਸਥਾ, ਚੰਡੀਗੜ੍ਹ ਨੇ ਮੇਰੀ ਕਿਤਾਬ ”ਸੀ. ਵੀ. ਰਮਨ – ਜੀਵਨ ਤੇ ਸਮਾਂ” (ਜੀਵਨੀ) ਲਈ ਮੈਨੂੰ ”ਹੈਨੀਬਲ ਸਾਹਿਤ ਰਤਨ ਪੁਰਸਕਾਰ” ਪ੍ਰਦਾਨ ਕੀਤਾ। ਸੰਨ 1997 ਵਿਚ, ਮੇਰੀ ਪੁਸਤਕ ”ਰੋਬਟ, ਮਨੁੱਖ ਅਤੇ ਕੁਦਰਤ” (ਵਿਗਿਆਨ ਕਹਾਣੀ ਸੰਗ੍ਰਹਿ) ਲਈ ਮੈਨੂੰ ਦੂਸਰੀ ਵਾਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ, ”ਸ਼੍ਰੋਮਣੀ ਬਾਲ ਸਾਹਿਤ ਪੁਸਤਕ ਪੁਰਸਕਾਰ” ਪ੍ਰਦਾਨ ਕੀਤਾ ਗਿਆ। ਸੰਨ 2000 ਵਿਚ ਮੈਨੂੰ ਮੇਰੀ ਕਿਤਾਬ ”ਵਿਗਿਆਨ – ਪ੍ਰਾਪਤੀਆਂ ਤੇ ਮਸਲੇ” (ਨਿਬੰਧ ਸੰਗ੍ਰਹਿ) ਲਈ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ ”ਡਾ. ਐਮ. ਐਸ. ਰੰਧਾਵਾ (ਗਿਆਨ ਸਾਹਿਤ) ਪੁਰਸਕਾਰ” ਨਾਲ ਨਿਵਾਜਿਆ ਗਿਆ ਹੈ। ਸੰਨ 2001 ਵਿਚ ਪੰਜਾਬੀ ਸੱਥ, ਲਾਂਬੜਾ, ਜਲੰਧਰ ਵਲੋਂ ਮੈਨੂੰ, ਸਾਹਿਤ ਲੇਖਣ ਕਾਰਜਾਂ ਲਈ ”ਪ੍ਰਿੰਸੀਪਲ ਤ੍ਰਿਲੋਚਨ ਸਿੰਘ ਭਾਟੀਆ (ਬਾਲ ਸਾਹਿਤ ਤੇ ਗਿਆਨ ਵਿਗਿਆਨ) ਪੁਰਸਕਾਰ” ਦੇ ਕੇ ਸਨਮਾਨਿਤ ਕੀਤਾ ਗਿਆ।
ਸੰਨ 2003 ਵਿਚ, ਦਿੱਲੀ ਵਿਖੇ ਆਯੋਜਿਤ ਕੀਤੇ ਗਏ ਰਾਸ਼ਟਰੀ ਸੈਮੀਨਾਰ ਦੌਰਾਨ, ਭਾਰਤੀ ਵਿਗਿਆਨ ਲੇਖਕ ਸਭਾ, ਨਵੀਂ ਦਿੱਲੀ ਨੇ ਮੈਨੂੰ ਵਿਗਿਆਨ ਸੰਚਾਰ ਖੇਤਰ ਵਿਚ ਲੰਮੇ ਸਮੇਂ ਦੇ ਵਿਲੱਖਣ ਯੋਗਦਾਨ ਲਈ ”ਇਸਵਾ ਸਨਮਾਨ” ਪ੍ਰਦਾਨ ਕੀਤਾ। ਸੰਨ 2010 ਵਿਚ ਪੀਸ ਆਨ ਅਰਥ ਸੰਸਥਾ, ਕੈਨੇਡਾ ਨੇ ਮੈਨੂੰ ”ਲਾਈਫ਼ ਟਾਈਮ ਅਚੀਵਮੈਂਟ ਅਵਾਰਡ” ਦੇ ਕੇ ਸਨਮਾਨਿਤ ਕੀਤਾ। ਸੰਨ 2011 ਵਿਚ ਕੈਨੇਡਾ ਦੀਆਂ ਸੰਸਥਾਵਾਂ ”ਅੱਜ ਦੀ ਆਵਾਜ” (ਰੇਡੀਓ) ਅਤੇ ”ਡੇਲੀ ਪੰਜਾਬੀ” (ਅਖਬਾਰ), ਨੇ ਵਿਗਿਆਨ ਸਾਹਿਤ ਰਚਨਾ ਤੇ ਸੰਚਾਰ ਕਾਰਜਾਂ ਲਈ ਮੈਨੂੰ ”ਉੱਤਮ ਲੇਖਕ ਅਵਾਰਡ” ਪ੍ਰਦਾਨ ਕੀਤਾ ਹੈ। ਉਪਰੋਕਤ ਤੋਂ ਇਲਾਵਾ ਅਨੇਕ ਸਾਹਿਤਕ, ਸਰਕਾਰੀ, ਗੈਰ-ਸਰਕਾਰੀ ਤੇ ਸਵੈ-ਸੇਵੀ ਸੰਸੰਥਾਵਾਂ ਜਿਵੇਂ ਕਿ ਭਾਰਤ ਵਿਕਾਸ ਪ੍ਰੀਸ਼ਦ, ਨੰਗਲ; ਪੰਜਾਬੀ ਰੰਗ-ਮੰਚ ਨੰਗਲ, ਜ਼ਿਲ੍ਹਾ ਲਿਖਾਰੀ ਸਭਾ ਰੋਪੜ, ਸੈਣੀ ਭਵਨ, ਰੋਪੜ; ਹੁਸ਼ਿਆਰਪੁਰ ਤੇ ਰੋਪੜ ਜ਼ਿਲ੍ਹੇ ਦੇ ਕਈ ਸਕੂਲਾਂ ਆਦਿ ਨੇ ਵੀ ਸਮੇਂ-ਸਮੇਂ ਮਾਣ-ਸਨਮਾਨ ਬਖਸ਼ਿਆ ਹੈ। ਵਰਨਣਯੋਗ ਹੈ ਕਿ ਮੇਰੀਆਂ ਵਾਤਾਵਰਣੀ ਵਿਸ਼ੇ ਬਾਰੇ ਰਚਨਾਵਾਂ ਤੇ ਕਿਤਾਬਾਂ ਦੇ ਆਲੋਚਨਾਤਮਕ ਅਧਿਐਨ ਤੇ ਮੁਲਾਂਕਣ ਸੰਬੰਧੀ ਖੋਜ ਕਾਰਜਾਂ ਲਈ ਦੋ ਵਿਦਿਆਰਥੀਆਂ, ਸ਼੍ਰੀਮਤੀ ਮਨਦੀਪ ਕੌਰ ਖੋਖਰ, ਹੁਸ਼ਿਆਰਪੁਰ ਅਤੇ ਸ਼੍ਰੀਮਤੀ ਮੀਨਾ ਸ਼ਰਮਾ, ਪੰਜਾਬ ਯੂਨੀਵਰਸਿਟੀ ਐਸ. ਐਸ. ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ, ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵਲੋਂ ਪੀਐੱਚ. ਡੀ. ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਮੇਰੀ ਵਾਤਾਵਰਣੀ ਨਾਟਕਾਂ ਦੀ ਕਿਤਾਬ ‘ਸਤਰੰਗੀ ਪੀਂਘ ਤੇ ਹੋਰ ਨਾਟਕ’ ਦੇ ਆਲੋਚਨਾਤਮਕ ਅਧਿਐਨ ਸੰਬੰਧਤ ਖੋਜ ਕਾਰਜਾਂ ਲਈ ਮਿਸ ਨਿਮਰਾ ਕਿਊਮ, ਲਾਹੌਰ ਨੂੰ ਗੌਰਮਿੰਟ ਕਾਲਜ ਵੋਮੈਨ ਯੂਨੀਵਰਸਿਟੀ, ਲਾਹੌਰ, ਪਾਕਿਸਤਾਨ ਵਲੋਂ ਬੈਚੁਲਰ ਆਫ ਸ਼ੋਸ਼ਲ ਸਾਇੰਸਜ਼ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ।
?. ਵੱਖ-ਵੱਖ ਵਿਗਿਆਨਕ ਸਰਗਰਮੀਆਂ ਦਾ ਵੇਰਵਾ ਜਿਨ੍ਹਾਂ ਵਿੱਚ ਪੰਜਾਬ ਰਹਿੰਦਿਆਂ ਤੁਹਾਡੀ ਸ਼ਮੂਲੀਅਤ ਰਹੀ ਹੋਵੇ।
– ਸੰਨ 2007 ਦੌਰਾਨ ਪਰਿਆਰ ਯੂਨੀਵਰਸਿਟੀ, ਤਾਮਿਲਨਾਡੂ ਵਲੋਂ ਮੈਨੂੰ ਫ਼ਿਜ਼ਿਕਸ ਵਿਸ਼ੇ ਵਿਚ ਰਿਸਰਚ ਗਾਇਡ ਵਜੋਂ ਮਾਨਤਾ ਪ੍ਰਾਪਤ ਹੋਈ। ਤਦ ਉਪਰੰਤ ਮੇਰੀ ਰਹਿਨੁਮਾਈ ਹੇਠ, ਮੇਰੇ ਦੋ ਖੋਜ-ਵਿਦਿਆਰਥੀਆਂ; ਅਰੁਨ ਉੱਪਮੰਨਿਊ ਅਤੇ ਅਰਵਿੰਦ ਕੁਮਾਰ ਸ਼ਰਮਾ ਨੇ ਸੰਨ 2008 ਦੌਰਾਨ, ਪਰਿਆਰ ਯੂਨੀਵਰਸਿਟੀ, ਤਾਮਿਲਨਾਡੂ ਤੋਂ, ਫਿਜ਼ਿਕਸ ਵਿਸ਼ੇ ਵਿਚ ਮਾਸਟਰ ਆਫ਼ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ। ਹੁਣ ਤਕ ਮੇਰੇ ਲਗਭਗ 10 ਸਹਿ-ਖੋਜੀ, ਮੇਰੀ ਰਹਿਨੁਮਾਈ ਹੇਠ ਜਰਮਨੀ, ਇੰਗਲੈਂਡ, ਅਮਰੀਕਾ ਅਤੇ ਭਾਰਤ ਦੀਆਂ ਪ੍ਰਸਿੱਧ ਖੋਜ ਪੱਤ੍ਰਿਕਾਵਾਂ ਵਿਚ ਆਪਣੇ ਖੋਜ ਪੱਤਰ ਛੱਪਵਾ ਚੁੱਕੇ ਹਨ ਅਤੇ ਭਾਰਤ ਵਿਖੇ ਅਨੇਕ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਾਨਫਰੈਂਸਾਂ ਵਿਚ ਆਪਣੇ ਖੋਜ ਨਤੀਜੇ ਸਫਲਤਾਪੂਰਣ ਪੇਸ਼ ਕਰ ਚੁੱਕੇ ਹਨ। ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੁਆਰਾ ਸੰਨ 1992 ਤੋਂ ਸੰਨ 2003 ਦੌਰਾਨ ਵਿਗਿਆਨ ਤੇ ਵਾਤਾਵਰਣ ਸੰਬੰਧਤ ਪੰਜਾਬ ਭਰ ਵਿਚ ਕੀਤੀਆਂ ਗਈਆ ਅਨੇਕ ਵਰਕਸ਼ਾਪਸ ਵਿਚ ਮੈਂ ਰਿਸੋਰਸ ਪਰਸਨ ਦਾ ਰੋਲ ਨਿਭਾਇਆ ਹੈ। ਨੈਸ਼ਨਲ ਇੰਵਾਰਨਮੈਂਟ ਅਵੇਅਰਨੈੱਸ ਕੰਪੈਂਨ ਤਹਿਤ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਅੋਫੀਸ਼ੀਅਲ ਓਵਜ਼ਰਵਰ ਵਜੋਂ ਸੰਨ 1997 ਤੋਂ ਸੰਨ 2001 ਤੱਕ ਰੋਪੜ ਜ਼ਿਲ੍ਹੇ ਵਿਖੇ ਵਾਤਵਰਣੀ ਸੁਰੱਖਿਅਣ ਕਾਰਜਾਂ ਲਈ ਕੰਮ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ (ਜਿਵੇਂ ਕਿ ਅਰਪਨ ਸੰਸਥਾ, ਨੰਗਲ; ਐੱਚ. ਆਰ. ਡੀ. ਸੈਂਟਰ, ਸੈਣੀ ਮਾਜਰਾ; ਐਸ. ਡਬਲਿਊ. ਆਰ. ਡੀ. ਸੈਂਟਰ, ਨੂਰਪੁਰ ਬੇਦੀ; ਸ਼ਿਵਾਲਿਕ ਕਾਲਜ ਆਫ ਫਾਰਮੇਸੀ, ਨੰਗਲ ਆਦਿ) ਦੇ ਕੰਮ ਕਾਰ ਦੇ ਨਿਰੀਖਣ ਦਾ ਕਾਰਜ ਭਾਰ ਵੀ ਨਿਭਾਇਆ ਹੈ।
ਸੰਨ 1994 ਤੋਂ ਸੰਨ 1999 ਦੇ ਅਰਸੇ ਦੌਰਾਨ ਜ਼ਿਲ੍ਹਾ ਵਾਤਾਵਰਣ ਕਮੇਟੀ, ਰੋਪੜ ਦੇ ਮੈਂਬਰ ਵਜੋਂ ਨੰਗਲ/ਰੋਪੜ ਇਲਾਕੇ ਦੀਆਂ ਵਾਤਾਵਰਣੀ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾਉਣ ਦਾ ਅਹਿਮ ਰੋਲ ਅਦਾ ਕੀਤਾ ਹੈ। ਇਸੇ ਸਮੇਂ ਦੌਰਾਨ ਭਾਰਤ ਸਰਕਾਰ ਦੁਆਰਾ ਰੋਪੜ ਜ਼ਿਲ੍ਹੇ ਲਈ ਸਥਾਪਿਤ ਇੰਨਵਾਇਰਨਮੈਂਟ ਬ੍ਰਿਗੇਡ (ਵਾਤਾਵਰਣੀ ਵਾਹਿਣੀ) ਦਾ ਮੈਂਬਰ ਵੀ ਰਿਹਾ ਹਾਂ। ਜਿਸ ਦੇ ਫਲਸਰੂਪ ਵਾਤਾਵਰਣੀ ਸੁਰੱਖਿਅਣ ਸੰਬੰਧੀ ਗਿਆਨ ਵਾਧੇ ਲਈ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਵਾਤਾਵਰਣੀ ਵਰਕਸ਼ਾਪਸ ਵਿਚ ਭਾਗ ਲੈਣ ਦਾ ਮੌਕਾ ਮਿਲਿਆ। ਮੇਰੀ ਇਸ ਸਮੇਂ ਦੀ ਵਿਲੱਖਣ ਪ੍ਰਾਪਤੀ ਇਹ ਰਹੀ ਹੈ ਕਿ ਨੰਗਲ ਵਿਖੇ ਮੌਜੂਦ ਵੈੱਟਲੈਂਡ ਦਾ ਕੇਸ ਰਾਜ ਪੱਧਰ ਉੱਤੇ ਪ੍ਰਵਾਨਿਤ ਕਰਵਾਉਣ ਤੋਂ ਇਲਾਵਾ, ਰਾਸ਼ਟਰੀ ਪੱਧਰ ਉਤੇ ਇਸ ਦੀ ਪ੍ਰਵਾਨਗੀ ਲਈ ਕੇਸ ਨੂੰ ਸਰਕਾਰੀ ਚੈਨਲ ਰਾਹੀਂ ਸੁਯੋਗ ਕਾਰਵਾਈ ਕਰਨ/ਕਰਵਾਉਣ ਲਈ ਯਥਾਯੋਗ ਯੋਗਦਾਨ ਪਾਇਆ। ਅੱਜ ਮੈਨੂੰ ਮਾਣ ਹੈ ਕਿ ਨੰਗਲ ਵੈੱਟਲੈਂਡ ਨੂੰ ਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਇਸ ਦਾ ਸ਼ੁਮਾਰ ਰਾਮਸਰ ਲਿਸਟ ਵਿਚ ਵੀ ਕੀਤਾ ਜਾ ਚੁੱਕਾ ਹੈ। ਸੱਤ ਸੋ ਏਕੜ ਵਿਚ ਫੈਲੀ ਇਹ ਵੈੱਟਲੈਂਡ ਹਰ ਸਾਲ ਹਜ਼ਾਰਾਂ ਪਰਵਾਸੀ ਪੰਛੀਆਂ ਦੀ ਰਿਹਾਇਸ਼ਗਾਹ ਬਣਦੀ ਹੈ। ਇਸੇ ਤਰ੍ਹਾਂ ਮੈਂ ਨੰਗਲ ਵਿਖੇ ਫੈਕਟਰੀਆਂ ਅਤੇ ਭੱਠਿਆਂ ਤੋਂ ਪੈਦਾ ਹੋਏ ਹਵਾਈ ਪ੍ਰਦੂਸ਼ਣ, ਸਤਲੁਜ ਵਿਚ ਗੈਰਕਾਨੂੰਨੀ ਤੌਰ ਉੱਤੇ ਸੁੱਟੀ ਜਾ ਰਹੀ ਸਲੱਰੀ ਦੇ ਮਸਲੇ, ਰੋਪੜ ਜ਼ਿਲ੍ਹੇ ਵਿਚ ਨਜਾਇਜ਼ ਤੌਰ ਉੱਤੇ ਕੀਤੀ ਜਾ ਰਹੀ ਪਹਾੜ-ਮਾਇਨਿੰਗ, ਰੋਪੜ ਵੈੱਟਲੈਂਡ ਵਿਖੇ ਥਰਮਲ ਪਾਵਰ ਪਲਾਂਟ ਦੀ ਸਲੱਰੀ ਦੇ ਪ੍ਰਦੂਸ਼ਣ ਅਤੇ ਕੀਰਤਪੁਰ-ਆਨੰਦਪੁਰ ਸਾਹਿਬ ਸੜਕ ਦੇ ਚੌੜਾ ਕਰਨ ਦੌਰਾਨ ਕੱਟੇ ਗਏ ਰੁੱਖਾਂ ਦੀ ਭਰਪਾਈ ਕਰਨ ਲਈ ਨਵੇਂ ਰੁੱਖ ਲਾਉਣ ਦੀ ਅਹਿਮ ਲੋੜ ਪੂਰਤੀ ਲਈ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾਇਆ।
ਇਸ ਤੋਂ ਇਲਾਵਾ ਸਰਕਾਰੀ ਸ਼ਿਵਾਲਿਕ ਕਾਲਜ, ਨੰਗਲ; ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ; ਗਲੋਬਲ ਕਾਲਜ ਆਫ ਫਾਰਮੇਸੀ, ਕਾਹਨਪੁਰ ਖੂਹੀ; ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਨੰਗਲ, ਅਤੇ ਰੋਪੜ ਜ਼ਿਲ੍ਹੇ ਦੇ ਅਨੇਕ ਹੋਰ ਸਕੂਲਾਂ ਵਿਚ ਵੀ ਸੰਨ 1995 ਤੋਂ ਸੰਨ 2008 ਦੇ ਅਰਸੇ ਦੌਰਾਨ ਵਾਤਾਵਰਣੀ ਚੇਤਨਾ ਪ੍ਰਸਾਰ ਲਈ ਅਨੇਕ ਪ੍ਰੋਗਰਾਮਾਂ ਦੇ ਆਯੋਜਨ ਅਤੇ ਸਫਲਤਾਪੂਰਨ ਸੰਪਨਤਾ ਵਿਚ ਅਹਿਮ ਯੋਗਦਾਨ ਪਾਇਆ। ਸਰਕਾਰੀ ਕਾਲਜ, ਨੰਗਲ ਅਤੇ ਸਰਕਾਰੀ ਕਾਲਜ, ਰੋਪੜ ਅਤੇ ਨੰਗਲ ਇਲਾਕੇ ਦੇ ਕਈ ਸਕੂਲਾਂ ਵਲੋਂ ਸਮੇਂ-ਸਮੇਂ ਲਗਾਏ ਜਾਂਦੇ ਐੱਨ ਐੱਸ ਐੱਸ ਕੈਂਪਾਂ ਵਿਚ ਵਿਗਿਆਨ ਤੇ ਵਾਤਾਵਰਣੀ ਵਿਸ਼ਿਆ ਬਾਰੇ ਜਾਣਕਾਰੀ ਕੈਂਪਰਜ਼ ਨਾਲ ਸਾਂਝੀ ਕੀਤੀ। ਵਾਤਾਵਰਣੀ ਸੈਮੀਨਾਰਾਂ, ਵਾਤਾਵਰਣੀ ਚੇਤਨਾ ਰੈਲੀਆਂ, ਵਾਤਾਵਰਣੀ ਲੇਖ ਰਚਨਾ ਅਤੇ ਚਿੱਤਰਕਾਰੀ ਮੁਕਾਬਲਿਆ ਦੇ ਆਯੋਜਨਾਂ ਲਈ ਕਾਰਜ ਕੀਤੇ। ਇਨ੍ਹਾਂ ਦਿਨ੍ਹਾਂ ਵਿਚ ਹੀ ਵਾਤਾਵਰਣ ਸਾਂਭ ਸੰਭਾਲ ਸੰਬੰਧੀ ਮੇਰਾ ਨਾਟਕ ”ਰੁੱਖ, ਮਨੁੱਖ ਅਤੇ ਵਾਤਾਵਰਣ” ਨੈਸ਼ਨਲ ਪਬਲਿਕ ਸਕੂਲ, ਪੱਸੀਵਾਲ ਦੇ ਵਿਦਿਆਰਥੀਆਂ ਵਲੋਂ ਆਪਣੇ ਸਾਲਾਨਾ ਸਮਾਗਮ ਵਿਚ ਖੇਡਿਆ ਗਿਆ। ਜੋ ਵਾਤਾਵਰਣੀ ਗਿਆਨ ਪ੍ਰਸਾਰ ਕਾਰਜਾਂ ਲਈ ਕਾਫੀ ਮਕਬੂਲ ਹੋਇਆ। ਅਨੇਕ ਸਰਕਾਰੀ, ਗੈਰਸਰਕਾਰੀ ਤੇ ਸਵੈ-ਸੇਵੀ ਸੰਸਥਾਵਾਂ ਨੂੰ ਵਣ-ਮਹਾਂ ਉਤਸਵ ਅਤੇ ਵਿਸ਼ਵ ਵਾਤਾਵਰਣੀ ਦਿਵਸ ਮਨਾਉਣ ਲਈ ਉਤਸ਼ਾਹਿਤ ਕੀਤਾ ਅਤੇ ਅਜਿਹੇ ਕਾਰਜਾਂ ਦੀ ਸੰਪਨਤਾ ਵਿਚ ਯੋਗਦਾਨ ਪਾਇਆ। ਇਸੇ ਸਮੇਂ ਦੌਰਾਨ ਬਾਲਾਂ ਵਿਚ ਵਿਗਿਆਨਕ ਤੇ ਵਾਤਾਵਰਣੀ ਚੇਤਨਾ ਦੇ ਵਿਕਾਸ ਲਈ, ਬਾਲ-ਰਸਾਲੇ ”ਨਿੱਕੀਆਂ ਕਰੂੰਬਲਾਂ” ਦੇ ਸੰਪਾਦਕ ਬਲਜਿੰਦਰ ਮਾਨ ਮਾਹਿਲਪੁਰ ਦੇ ਸੱਦੇ ਉੱਤੇ ਸਹਿ-ਸੰਪਾਦਕ ਵਜੋਂ ”ਵਿਗਿਆਨ ਵਿਸ਼ੇਸ਼ ਅੰਕ” ਅਤੇ ”ਵਾਤਾਵਰਣੀ ਵਿਸ਼ੇਸ਼ ਅੰਕ” ਪ੍ਰਕਾਸ਼ਨ ਵਿਚ ਅਹਿਮ ਯੋਗਦਾਨ ਪਾਇਆ।
?. ਬੱਚਿਆਂ ਲਈ ਵਿਗਿਆਨ ਬਾਰੇ ਕਿੰਨਾ ਕੁ ਲਿਖਿਆ, ਵੇਰਵਾ ਦਿਉ।
-ਮੈਂ ਬੱਚਿਆਂ ਲਈ ਦਸ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਸੱਤ ਕਿਤਾਬਾਂ; ”ਟੈਲੀਪ੍ਰਿੰਟਰ”, ”ਅਜਬ ਹੈ ਰਾਤ ਦਾ ਅੰਬਰ”, ”ਸਤਰੰਗ”, ”ਰੋਬਟ, ਮਨੁੱਖ ਤੇ ਕੁਦਰਤ”, ”ਧਰਤੀਏ ਰੁਕ ਜਾ”,”ਧਰਤੀ ਮਾਂ ਬੀਮਾਰ ਹੈ ਅਤੇ ਹੋਰ ਨਾਟਕ” ਅਤੇ ”ਸਤਰੰਗੀ ਪੀਂਘ ਤੇ ਹੋਰ ਨਾਟਕ” ਛਪ ਚੁੱਕੀਆਂ ਹਨ। ਬਾਕੀ ਦਸ ਤਿੰਨ ਕਿਤਾਬਾਂ; ”ਪੰਜਾਬ ਦੇ ਦਰਿਆ”, ”ਸਪਤਰਿਸ਼ੀ” ਅਤੇ ”ਨਵੀਆਂ ਧਰਤੀਆਂ, ਨਵੇਂ ਆਕਾਸ਼” ਛਪਾਈ ਅਧੀਨ ਹਨ। ਬਾਲਾਂ ਲਈ ਮੇਰੀਆਂ ਰਚਨਾਵਾਂ ਪੰਜਾਬੀ ਦੇ ਜਾਣੇ-ਪਛਾਣੇ ਅਖ਼ਬਾਰਾਂ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ, ਨਵਾਂ ਜ਼ਮਾਨਾ, ਚੜ੍ਹਦੀ ਕਲਾ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਜਿਵੇਂ ਕਿ ਪੰਖੜੀਆਂ, ਪ੍ਰਾਇਮਰੀ ਸਿੱਖਿਆ, ਬਾਲ-ਸੰਦੇਸ਼, ਅਲੜ੍ਹ-ਬਲੜ੍ਹ, ਨਿੱਕੀਆਂ ਕਰੂਬਲਾਂ, ਜਾਗ੍ਰਿਤੀ ਅਤੇ ਜਨ-ਸਾਹਿਤ ਆਦਿ ਵਿਚ ਛਪੀਆਂ ਹਨ। ਹੁਣ ਤਕ ਛਪੀਆਂ ਇਨ੍ਹਾਂ ਰਚਨਾਵਾਂ ਦੀ ਕੁੱਲ ਗਿਣਤੀ ਲਗਭਗ 450 ਹੈ। ਪਾਕਿਸਤਾਨ ਤੋਂ ਛੱਪ ਰਹੇ ਬਾਲ ਸਾਹਿਤ ਮੈਗਜ਼ੀਨ ”ਪੰਖੇਰੂ” ਵਿਚ ਵੀ ਮੇਰੀਆਂ ਹੁਣ ਤਕ ਤਿੰਨ ਦਰਜਨ ਰਚਨਾਵਾਂ ਛਪੀਆਂ ਹਨ।
(ਚਲਦਾ)
)
Check Also
5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼
ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ *ਹੀਰ-ਵੰਨੇ ਵਾਲੇ ‘ਚੁੰਝ ਵਿਦਵਾਨਾਂ’ ਵੱਲੋਂ ਭਾਈ ਸਾਹਿਬ …