7.7 C
Toronto
Friday, November 14, 2025
spot_img
Homeਮੁੱਖ ਲੇਖਸਿੱਖ ਕੌਮ ਲਈ ਵੱਡੀਆਂ ਸੰਸਥਾਗਤ ਚੁਣੌਤੀਆਂ ਵਾਲਾ ਰਿਹਾ ਸਾਲ 2022

ਸਿੱਖ ਕੌਮ ਲਈ ਵੱਡੀਆਂ ਸੰਸਥਾਗਤ ਚੁਣੌਤੀਆਂ ਵਾਲਾ ਰਿਹਾ ਸਾਲ 2022

ਤਲਵਿੰਦਰ ਸਿੰਘ ਬੁੱਟਰ
ਸਾਲ 2022 ਵਿਚ ਵੀ ਸਿੱਖਾਂ ਨੇ ਬੇਸ਼ੱਕ ਆਪਣੀ ਸੇਵਾ, ਸਿਰੜ ਅਤੇ ਸਿਦਕ ਦੇ ਨਾਲ ਦੇਸ਼-ਵਿਦੇਸ਼ ਵਿਚ ‘ਸਰਬੱਤ ਦੇ ਭਲੇ’ ਦੇ ਗੁਰਮਤਿ ਸਿਧਾਂਤ ਨੂੰ ਪ੍ਰਚਾਰਨ ਦੇ ਯਤਨਾਂ ਵਿਚ ਖੜੋਤ ਨਹੀਂ ਆਉਣ ਦਿੱਤੀ ਪਰ ਕੁੱਲ ਮਿਲਾ ਕੇ ਇਹ ਵਰ੍ਹਾ ਸਿੱਖ ਕੌਮ ਲਈ ਵੱਡੀਆਂ ਤੇ ਇਤਿਹਾਸਕ ਸੰਸਥਾਗਤ ਚੁਣੌਤੀਆਂ ਵਾਲਾ ਰਿਹਾ ਹੈ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਕਥਿਤ ਰੂਪ ਵਿਚ ਸਿੱਖਾਂ ਦੇ ਵੱਡੇ ਪੱਧਰ ‘ਤੇ ਧਰਮ ਪਰਿਵਰਤਨ ਨੂੰ ਲੈ ਕੇ ਸਿੱਖ ਅਤੇ ਇਸਾਈ ਭਾਈਚਾਰੇ ਵਿਚ ਸਾਲ ਭਰ ਤਣਾਅ ਭਰੇ ਹਾਲਾਤ ਬਣੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਸਿੱਖ ਸੰਸਥਾਵਾਂ ‘ਤੇ ਕਬਜ਼ਿਆਂ ਦੀ ਚੱਲ ਰਹੀ ਦੌੜ ਅਤੇ ਧਰਮ ਪਰਿਵਰਤਨ ਦੇ ਰੁਝਾਨ ‘ਤੇ ਆਪਣੀ ਚਿੰਤਾ ਪ੍ਰਗਟ ਕੀਤੀ ਸੀ।
ਲੰਘੇ ਵਰ੍ਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਕਾਰਜਕਾਰਨੀ ਦਾ ਇਕ ਨਾਟਕੀ ਘਟਨਾਕ੍ਰਮ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਨਵਾਂ ਅਕਾਲੀ ਦਲ ਦਿੱਲੀ ਸਟੇਟ ਬਣਾਉਂਦਿਆਂ ਭਾਜਪਾ ਦੀ ਸ਼ਰਨ ਵਿਚ ਜਾਣ, ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿਵਾਦ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਵਿਧਾਨਿਕ ਦਾਇਰੇ ਨੂੰ ਘਟਾ ਕੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਦੁਆਰਾ ਮਾਨਤਾ ਦੇਣ ਦੇ ਵੱਡੇ ਘਟਨਾਕ੍ਰਮ ਸਿੱਖ ਕੌਮ ਲਈ ਆਪਣੀਆਂ ਧਾਰਮਿਕ ਸੰਸਥਾਵਾਂ ਵਿਚ ਬਾਹਰੀ ਦਖ਼ਲ ਦੀਆਂ ਚਿੰਤਾਵਾਂ ਵਿਚ ਵਾਧਾ ਕਰਨ ਵਾਲੇ ਰਹੇ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ‘ਤੇ ਲੱਗੇ ਕੁਝ ਸੰਗੀਨ ਦੋਸ਼ਾਂ ਤੋਂ ਬਾਅਦ ਨਵਾਂ ਜਥੇਦਾਰ ਨਿਯੁਕਤ ਕਰਨ ਦੇ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਪੈਦਾ ਹੋਇਆ ਟਕਰਾਅ ਸਿੱਖ ਕੌਮ ਅੰਦਰ ਪੰਜ ਤਖ਼ਤਾਂ ਦੀ ਪਾਵਨ ਅਜ਼ਮਤ ਨੂੰ ਠੇਸ ਪਹੁੰਚਾਉਣ ਵਾਲਾ ਰਿਹਾ।
ਰੂਸ-ਯੂਕਰੇਨ ਦੇ ਯੁੱਧ ਦਰਮਿਆਨ ਬੀਤੇ ਸਾਲ ‘ਖ਼ਾਲਸਾ ਏਡ’ ਦੁਆਰਾ ਯੂਕਰੇਨ ਦੇ ਯੁੱਧ ਪ੍ਰਭਾਵਿਤ ਖੇਤਰਾਂ ਵਿਚ ਸਹਾਇਤਾ ਲਈ ਪੁੱਜਣ ਨਾਲ ਸ. ਰਵੀ ਸਿੰਘ ਵਲੋਂ ਸੇਵਾ ਦੁਆਰਾ ਵਿਸ਼ਵ ਪੱਧਰ ‘ਤੇ ਸਿੱਖ ਧਰਮ ਦੀਆਂ ਮਾਨਤਾਵਾਂ ਨੂੰ ਆਪਣੇ ਵਿਲੱਖਣ ਮਿਸ਼ਨ ਦੁਆਰਾ ਪਹੁੰਚਾਉਣ ਦੇ ਕਾਰਜ ਜਾਰੀ ਰੱਖੇ ਗਏ। ਭਾਰਤ ਸਰਕਾਰ ਵਲੋਂ ‘ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ’ ਤੋਂ ਦੇਸ਼ ਭਰ ਨੂੰ ਜਾਣੂ ਕਰਵਾਉਣ ਲਈ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਕੌਮੀ ਪੱਧਰ ‘ਤੇ ਮਨਾਉਣ ਦੀ ਇਸ ਵਾਰ ਤੋਂ ਸ਼ੁਰੂਆਤ ਕੀਤੀ ਗਈ, ਬੇਸ਼ੱਕ ਇਸ ਦਿਹਾੜੇ ਦਾ ਨਾਂਅ ‘ਵੀਰ ਬਾਲ ਦਿਵਸ’ ਰੱਖਣ ਦਾ ਸ਼੍ਰੋਮਣੀ ਕਮੇਟੀ ਸਮੇਤ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਨੇ ਵਿਰੋਧ ਵੀ ਕੀਤਾ।
ਲੰਘੇ ਸਾਲ ਦੇਸ਼-ਵਿਦੇਸ਼ ਵਿਚ ਸਿੱਖਾਂ ਵਲੋਂ ਆਪਣੀ ਕਾਬਲੀਅਤ, ਮਿਹਨਤ ਅਤੇ ਭਰੋਸੇਯੋਗਤਾ ਕਾਰਨ ਮਾਰੀਆਂ ਮੱਲ੍ਹਾਂ ਵੀ ਜ਼ਿਕਰਯੋਗ ਰਹੀਆਂ। ਕੈਨੇਡਾ ਵਿਚ ਪਹਿਲੇ ਦਸਤਾਰਧਾਰੀ ਸਿੱਖ ਹਰਕੀਰਤ ਸਿੰਘ ਦਾ ਸਿਟੀ ਆਫ਼ ਬਰੈਂਪਟਨ ਦੇ ਡਿਪਟੀ ਮੇਅਰ ਨਿਯੁਕਤ ਹੋਣਾ, ਦਸਤਾਰਧਾਰੀ ਸਿੱਖ ਬੀਬੀ ਨਵਜੀਤ ਕੌਰ ਬਰਾੜ ਦਾ ਸਿਟੀ ਕੌਂਸਲਰ ਆਫ਼ ਬਰੈਂਪਟਨ ਨਿਯੁਕਤ ਹੋਣਾ, ਯੂ.ਕੇ. ਦੇ ਗ੍ਰਹਿ ਵਿਭਾਗ ਵਲੋਂ ਸਿੱਖਾਂ ਨੂੰ 50 ਸੈਂਟੀਮੀਟਰ ਤੱਕ ਲੰਬਾਈ ਵਾਲੀ ਕਿਰਪਾਨ ਪਹਿਨਣ ਅਤੇ ਕਿਸੇ ਨੂੰ ਤੋਹਫ਼ੇ ਵਿਚ ਦੇਣ ਦਾ ਅਧਿਕਾਰ ਦੇਣਾ, ਯੂ.ਕੇ. ਵਿਚ ਕੌਂਸਲ ਚੋਣਾਂ ਦੌਰਾਨ ਲੇਬਰ ਪਾਰਟੀ ਵਲੋਂ ਹਲਿੰਗਡਨ ਬਾਰੋਅ ਤੋਂ ਦਸਤਾਰਧਾਰੀ ਸਿੱਖ ਬੀਬੀ ਕਮਲਪ੍ਰੀਤ ਕੌਰ ਨੂੰ ਉਮੀਦਵਾਰ ਐਲਾਨਣਾ, ਸਵਿਟਜ਼ਰਲੈਂਡ ਵਿਚ ਗੁਰਮੀਤ ਸਿੰਘ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਬੱਸ ਚਾਲਕ ਬਣਨਾ, ਅਮਰੀਕਾ ਦੀ ਸੰਸਦ ਵਿਚ 14 ਅਪ੍ਰੈਲ ਨੂੰ ‘ਨੈਸ਼ਨਲ ਸਿੱਖ ਡੇਅ’ ਵਜੋਂ ਮਾਨਤਾ ਦਾ ਮਤਾ ਪੇਸ਼ ਹੋਣਾ, ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਸਿੱਖਾਂ ਨੂੰ ਇਕ ਵੱਖਰੀ ਕੌਮ ਵਜੋਂ ਮਾਨਤਾ ਦੇਣਾ ਅਤੇ ਆਕਾਸ਼ ਸਿੰਘ ਖ਼ਾਲਸਾ ਦੇ ਪਾਕਿਸਤਾਨ ਦਾ ਪਹਿਲਾ ਸਿੱਖ ਕਸਟਮ ਇੰਟੈਲੀਜੈਂਸ ਇੰਸਪੈਕਟਰ ਬਣਨ ਦੇ ਘਟਨਾਕ੍ਰਮ ਕੌਮਾਂਤਰੀ ਪੱਧਰ ‘ਤੇ ਸਿੱਖਾਂ ਲਈ ਮਾਣਮੱਤੇ ਰਹੇ। ਐਡਮਿੰਟਨ ਦੇ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਅੱਗੇ ਸਹੁੰ ਚੁੱਕਣ ਤੋਂ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਇਸ ਪਰਿਵਾਰ ਤੋਂ ਸਾਡੇ ਵਡੇਰਿਆਂ ਨੇ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਇਆ ਸੀ। ਇਸ ਘਟਨਾ ਦੀ ਕਾਫ਼ੀ ਚਰਚਾ ਹੋਈ।
ਸਾਲ ਭਰ ਵਿਦੇਸ਼ਾਂ ਵਿਚ ਸਿੱਖਾਂ ਲਈ ਨਸਲੀ ਅਤੇ ਪਛਾਣ ਦੇ ਭੁਲੇਖੇ ਕਾਰਨ ਚੁਣੌਤੀਆਂ ਵੀ ਲਗਾਤਾਰ ਬਣੀਆਂ ਰਹੀਆਂ। ਉੱਘੀ ਮਨੁੱਖੀ ਅਧਿਕਾਰ ਕਾਰਕੁੰਨ ਅੰਮ੍ਰਿਤ ਕੌਰ ਆਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਮਰੀਕਾ ਵਿਚ ਹਾਲ ਹੀ ਦੇ ਸਾਲਾਂ ਦੌਰਾਨ ਸਿੱਖਾਂ ਵਿਰੁੱਧ ਧਾਰਮਿਕ ਵਿਤਕਰੇ ਅਤੇ ਨਫ਼ਰਤੀ ਅਪਰਾਧਾਂ ਵਿਚ ਵਾਧਾ ਹੋਇਆ ਹੈ। ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਨੇ ਕਿਹਾ ਕਿ ਪੱਗ ਬੰਨ੍ਹਣ ਵਾਲੇ ਸਿੱਖ ਮੁੰਡਿਆਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਅਤੇ ਸਿੱਖ ਕੁੜੀਆਂ ਨੂੰ ਲੰਬੇ ਵਾਲ ਰੱਖਣ ਕਾਰਨ ਭੱਦੇ ਮਜ਼ਾਕ ਕੀਤੇ ਜਾਂਦੇ ਹਨ। ਇਕ ਸਰਵੇਖਣ ਅਨੁਸਾਰ 50 ਫ਼ੀਸਦੀ ਤੋਂ ਵੱਧ ਸਿੱਖ ਬੱਚਿਆਂ ਨੂੰ ਸਕੂਲਾਂ ਵਿਚ ਦੂਜੇ ਵਿਦਿਆਰਥੀਆਂ ਦੁਆਰਾ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਮਰੀਕਾ ਵਿਚ ਸਿੱਖਾਂ ‘ਤੇ ਨਸਲੀ ਹਮਲਿਆਂ ਦੀਆਂ ਘਟਨਾਵਾਂ ਤੋਂ ਇਲਾਵਾ ਇੰਗਲੈਂਡ ਵਿਚਲੇ ਮਿਡਲੈਂਡ ਦੇ ਸ਼ਹਿਰ ਵਾਲਸਾਲ ਵਿਚ ਇਕ ਸਿੱਖ ‘ਤੇ ਨਸਲੀ ਹਮਲਾ, ਇਟਲੀ ਵਿਚ ਇਕ 13 ਸਾਲਾ ਦਸਤਾਰਧਾਰੀ ਸਿੱਖ ਬੱਚੇ ‘ਤੇ ਲਗਾਤਾਰ ਦੋ ਵਾਰ ਨਸਲੀ ਹਮਲੇ ਹੋਣੇ, ਅਮਰੀਕੀ ਫ਼ੌਜ ਵਿਚ ਚਾਰ ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਕੇ ਆਉਣ ਦੇ ਹੁਕਮ ਜਾਰੀ ਕਰਨ ਵਰਗੀਆਂ ਘਟਨਾਵਾਂ ਤੋਂ ਇਲਾਵਾ ਪਾਕਿਸਤਾਨ ਵਿਚ ਪਹਿਲੇ ਸਿੱਖ ਇੰਸਪੈਕਟਰ ਗੁਲਾਬ ਸਿੰਘ ਨੂੰ ਆਈ.ਐੱਸ.ਆਈ. ਦੁਆਰਾ 44 ਦਿਨ ਅਗਵਾ ਕਰਕੇ ਰੱਖਣ ਸਮੇਤ ਸਿੱਖ ਤੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ। ਪਿਸ਼ਾਵਰ ‘ਚ ਦੋ ਸਿੱਖ ਦੁਕਾਨਦਾਰਾਂ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਲਾਹੌਰ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਨੂੰ ਜਿੰਦਰਾ ਲਾਉਣ ਦਾ ਮਾਮਲਾ ਸਾਹਮਣੇ ਆਇਆ।
ਅਫ਼ਗ਼ਾਨਿਸਤਾਨ ਵਿਚ ਕਾਬੁਲ ਦੇ ਗੁਰਦੁਆਰਾ ਕਰਤਾ-ਏ-ਪਰਵਾਨ ਵਿਖੇ 18 ਜੂਨ ਨੂੰ ਦੋ ਵੱਡੇ ਦਹਿਸ਼ਤੀ ਹਮਲਿਆਂ ਤੋਂ ਬਾਅਦ ਵੱਡੀ ਗਿਣਤੀ ਅਫ਼ਗਾਨੀ ਸਿੱਖਾਂ ਨੂੰ ਭਾਰਤ ਲਿਆਂਦਾ ਗਿਆ ਅਤੇ ਭਾਰਤ ਸਰਕਾਰ ਦੇ ਯਤਨਾਂ ਨਾਲ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਭਾਰਤ ਲਿਆਂਦੇ ਗਏ।
ਭਾਰਤ ਵਿਚ ਵੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਸਾਲ ਭਰ ਪ੍ਰੇਸ਼ਾਨ ਕਰਦੀਆਂ ਰਹੀਆਂ। ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਅੰਮ੍ਰਿਤਧਾਰੀ ਸੁਰੱਖਿਆ ਕਰਮਚਾਰੀਆਂ ਨੂੰ ਕ੍ਰਿਪਾਨ ਪਹਿਨ ਕੇ ਅੰਦਰ ਜਾਣੋਂ ਰੋਕਣ ਦੀ ਘਟਨਾ ਸਾਹਮਣੇ ਆਈ, ਜਿਸ ਦਾ ਵੱਡੀ ਪੱਧਰ ‘ਤੇ ਵਿਰੋਧ ਹੋਣ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਕ੍ਰਿਪਾਨ ਪਹਿਨ ਕੇ ਦਿੱਲੀ ਦੀ ਮੈਟਰੋ ਰੇਲ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਕਰਨਾਟਕਾ ਦੇ ਬੰਗਲੂਰ ਵਿਚ ਇਕ ਅੰਮ੍ਰਿਤਧਾਰੀ ਵਿਦਿਆਰਥਣ ਅਮਿਤੇਸ਼ਵਰ ਕੌਰ ਨੂੰ ਦਸਤਾਰ ਬੰਨ੍ਹ ਕੇ ਕਾਲਜ ਵਿਚ ਆਉਣੋਂ ਰੋਕਿਆ ਗਿਆ, ਜਿਸ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਖ਼ਤ ਪੱਖ ਲੈਣ ‘ਤੇ ਕਾਲਜ ਨੂੰ ਫ਼ੈਸਲਾ ਵਾਪਸ ਲੈਣਾ ਪਿਆ।
ਭਾਰਤ ‘ਚ ਸਿੱਖਾਂ ਦੇ ਨਾਲ-ਨਾਲ ਹੋਰਨਾਂ ਘੱਟ-ਗਿਣਤੀਆਂ ਨਾਲ ਲੰਘੇ ਵਰ੍ਹੇ ਧਾਰਮਿਕ ਅਨਿਆਂ ਦੀ ਗੂੰਜ ਵੀ ਅਮਰੀਕਾ ਤੱਕ ਸੁਣਨ ਨੂੰ ਮਿਲੀ। ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਵਲੋਂ ਸਾਲਾਨਾ ਕੌਮਾਂਤਰੀ ਧਾਰਮਿਕ ਆਜ਼ਾਦੀ ਰਿਪੋਰਟ ਜਾਰੀ ਕਰਨ ਸਮੇਂ ਭਾਰਤ ‘ਚ ਘੱਟ-ਗਿਣਤੀ ਲੋਕਾਂ ਅਤੇ ਧਾਰਮਿਕ ਸਥਾਨਾਂ ‘ਤੇ ਹਮਲਿਆਂ ‘ਤੇ ਚਿੰਤਾ ਪ੍ਰਗਟ ਕੀਤੀ ਗਈ।
ਸਾਲ 2022 ‘ਚ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਜਾਣ ਵਾਲੀਆਂ ਵੱਡੀਆਂ ਪੰਥਕ ਸ਼ਖ਼ਸੀਅਤਾਂ ਵਿਚ ਉੱਘੇ ਗੁਰਮਤਿ ਸੰਗੀਤ ਸ਼ਾਸਤਰੀ ਪ੍ਰੋਫ਼ੈਸਰ ਕਰਤਾਰ ਸਿੰਘ ਪਦਮ ਸ੍ਰੀ, ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ, ਸਿੱਖ ਵਿਦਵਾਨ ਡਾ. ਸਰੂਪ ਸਿੰਘ ਅਲੱਗ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਬੀਬੀ ਰਣਜੀਤ ਕੌਰ ਮਾਹਿਲਪੁਰੀ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਨਿਰਮਲ ਸਿੰਘ ਕਾਹਲੋਂ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਸਨ।
ਸਿੱਖ ਅਵਚੇਤਨ ਅੰਦਰ 1984 ਦੇ ਘੱਲੂਘਾਰਿਆਂ ਦੀ ਚੀਸ ਬੀਤੇ ਵਰ੍ਹੇ ਵੀ ਘੱਟ ਨਹੀਂ ਸਕੀ। ਜਿੱਥੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 38 ਵਰ੍ਹੇ ਬਾਅਦ ਵੀ ਅਦਾਲਤਾਂ ਤੋਂ ਮਿਸਾਲੀ ਸਜ਼ਾ ਨਾ ਮਿਲਣ ‘ਤੇ ਸਿੱਖਾਂ ਦੇ ਅੰਦਰ ਰੋਸ ਪਨਪਦਾ ਰਿਹਾ ਉੱਥੇ ਅਮਰੀਕਾ ਦੇ ਇਕ ਸੈਨੇਟਰ ਪੈਟ ਟੂਮੀ ਨੇ 1984 ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਨੂੰ ਆਧੁਨਿਕ ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਇ ਆਖਿਆ। ਨਿਊਜਰਸੀ ਸਟੇਟ ਸੈਨੇਟ ‘ਚ 1984 ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕੀਤਾ ਗਿਆ।
ਅਹਿਮ ਪੰਥਕ ਘਟਨਾਕ੍ਰਮਾਂ ਵਿਚ ਅਮਰੀਕਾ ਨਿਵਾਸੀ ‘ਸਿੱਖ ਬੁਕ ਕਲੱਬ’ ਦੇ ਮਾਲਕ ਥਮਿੰਦਰ ਸਿੰਘ ਅਨੰਦ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਮਨਮਰਜ਼ੀ ਨਾਲ ਲਗਾਂ-ਮਾਤਰਾਂ ਤੇ ਬਿੰਦੀਆਂ ਲਾ ਕੇ ਚੀਨ ਤੋਂ ਛਪਾਈ ਕਰਵਾਉਣ ਤੇ ਆਨਲਾਈਨ ਪ੍ਰਕਾਸ਼ਿਤ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਉਣ ‘ਤੇ 3 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਡਾ ਪੰਥਕ ਇਕੱਠ ਹੋਇਆ। ਬਾਅਦ ‘ਚ ਥਮਿੰਦਰ ਸਿੰਘ ਅਨੰਦ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 16 ਅਗਸਤ ਨੂੰ 1947 ਦੀ ਭਾਰਤ-ਪਾਕਿ ਵੰਡ ਦੌਰਾਨ ਮਾਰੇ ਗਏ ਪੰਜਾਬੀਆਂ ਦੀ ਯਾਦ ‘ਚ ਸਮਾਗਮ ਅਤੇ 18 ਦਸੰਬਰ ਨੂੰ ਕੌਮੀ ਦਸਤਾਰਬੰਦੀ ਸਮਾਗਮ ਮਨਾਉਣਾ ਨਵੀਆਂ ਪਹਿਲਕਦਮੀਆਂ ਰਹੀਆਂ।
ਲੰਘੇ ਵਰ੍ਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ‘ਚ ਸਫਲ ਰਹੇ, ਜਦੋਂਕਿ ਸੀਨੀਅਰ ਅਕਾਲੀ ਆਗੂ ਅਤੇ ਚਾਰ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਪਾਰਟੀ ਫ਼ੈਸਲੇ ਦੇ ਉਲਟ ਜਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਦੀ ਚੋਣ ਲੜੇ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਗਿਆ। ਦਿੱਲੀ ਦੀ ਸਿੱਖ ਸਿਆਸਤ ਦੇ ਵੱਡੇ ਹਸਤਾਖ਼ਰ ਅਤੇ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ‘ਪੰਥਕ ਮੇਲ’ ਦੇ ਨਾਅਰੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਰਲੇਵਾਂ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਵਲੋਂ 7 ਮੁਲਾਜ਼ਮ ਬਰਖ਼ਾਸਤ ਕੀਤੇ ਗਏ। ਛੋਟੇ ਸਾਹਿਬਜ਼ਾਦਿਆਂ ਨਾਲ ਸਬੰਧਿਤ ਐਨੀਮੇਸ਼ਨ ਫ਼ਿਲਮ ‘ਦਾਸਤਾਨ-ਏ-ਸਰਹੰਦ’ ਦਾ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਕ ਮਤਾ ਪਾਸ ਕਰਕੇ ਭਵਿੱਖ ਵਿਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸੇ ਵੀ ਰੂਪ ਵਿਚ ਫ਼ਿਲਮਾਂ ਅੰਦਰ ਦਿਖਾਉਣ ‘ਤੇ ਰੋਕ ਲਗਾ ਦਿੱਤੀ।
ਬੇਸ਼ੱਕ ਲੰਘੇ ਵਰ੍ਹੇ ਵਾਪਰੇ ਵੱਡੇ ਪੰਥਕ ਘਟਨਾਕ੍ਰਮ ਸਿੱਖ ਲੀਡਰਸ਼ਿਪ ਲਈ ਵੰਗਾਰ ਬਣਦੇ ਰਹੇ ਪਰ ਇਸ ਦੇ ਬਾਵਜੂਦ ਸਿੱਖ ਲੀਡਰਸ਼ਿਪ ਆਪਣੀ ਬਣਦੀ ਸਰਗਰਮ ਭੂਮਿਕਾ ਵਿਚ ਆਉਣ ਤੋਂ ਅਸਮਰੱਥ ਰਹੀ। ਇਸੇ ਖ਼ਲਾਅ ਵਿਚੋਂ ਹੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਉਭਾਰ ਹੋਇਆ ਅਤੇ ਉਸ ਨੂੰ ਸਿੱਖ ਨੌਜਵਾਨਾਂ ਦੇ ਇਕ ਵਰਗ ਨੇ ਕੁਝ ਹੁੰਗਾਰਾ ਵੀ ਦਿੱਤਾ। ਹਾਲਾਂਕਿ ਅੰਮ੍ਰਿਤਪਾਲ ਸਿੰਘ ਇਕੱਲਾ ਹੀ ਸਿੱਖ ਸੰਸਥਾਵਾਂ ਦੇ ਬਹੁਪਰਤੀ ਸੰਕਟ ਨੂੰ ਕਿਸ ਰੂਪ ਵਿਚ ਮੁਖ਼ਾਤਬ ਹੁੰਦਾ ਹੈ ਜਾਂ ਉਹ ਸਿੱਖਾਂ ਦਾ ਭਰੋਸਾ ਜਿੱਤਣ ਵਿਚ ਕਿੰਨਾ ਕੁ ਕਾਮਯਾਬ ਹੁੰਦਾ ਹੈ, ਇਹ ਤਾਂ ਭਵਿੱਖ ‘ਤੇ ਨਿਰਭਰ ਕਰਦਾ ਹੈ ਪਰ ਸਾਲ 2022 ਦੇ ਪੰਥਕ ਘਟਨਾਕ੍ਰਮਾਂ ਦੇ ਨਾਲ ਸਿੱਖਾਂ ਸਾਹਮਣੇ ਆਪਣੀਆਂ ਧਾਰਮਿਕ ਤੇ ਅਕਾਦਮਿਕ ਸੰਸਥਾਵਾਂ ਨੂੰ ਬਾਹਰੀ ਚੁਣੌਤੀਆਂ ਤੋਂ ਬਚਾਅ ਕੇ ਇਕ ਨਵੀਂ-ਨਰੋਈ ਉਦਾਰ ਸਿੱਖ ਲੀਡਰਸ਼ਿਪ ਦੇ ਨਾਲ ਵੱਡੇ ਕੌਮੀ ਉਦੇਸ਼ਾਂ ਲਈ ਜਥੇਬੰਦਕ ਤੌਰ ‘ਤੇ ਸਰਗਰਮ ਹੋਣਾ ਦਰਕਾਰ ਹੈ।
***

RELATED ARTICLES
POPULAR POSTS