ਪੰਜਾਬ ਪੁਲਿਸ ਦੇ ਕੰਮ ਦੀ ਸ਼ੈਲੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲੀਆਂ ਸ਼ਿਕਾਇਤਾਂ
ਚੰਡੀਗੜ੍ਹ/ਬਿਊਰੋ ਨਿਊਜ਼
ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਦੇ ਸਾਰੇ ਥਾਣੇ ਤੇ ਐਸ.ਐਚ.ਓ. ਉੱਤੇ ਚੋਣ ਕਮਿਸ਼ਨ ਦੀ ਖ਼ਾਸ ਨਜ਼ਰ ਹੈ। ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਆਖਿਆ ਕਿ ਹਰ ਵਿਅਕਤੀ ਨੂੰ ਵੋਟ ਦੇ ਅਧਿਕਾਰ ਤਹਿਤ ਪਹਿਲੀ ਵਾਰ ਅੰਨ੍ਹੇ ਤੇ ਕੋਹੜ ਨਾਲ ਪੀੜਤ ਲੋਕਾਂ ਲਈ ਵੱਖਰੇ ਪੋਲਿੰਗ ਬੂਥ ਬਣਾਏ ਜਾਣਗੇ।
ਮੁੱਖ ਚੋਣ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਕੰਮ ਦੀ ਸ਼ੈਲੀ ਨੂੰ ਲੈ ਕੇ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ। ਇਸ ਕਰਕੇ ਸੂਬੇ ਦੇ ਸਾਰੇ ਥਾਣਿਆਂ ਉੱਤੇ ਚੋਣ ਕਮਿਸ਼ਨ ਦੀ ਖ਼ਾਸ ਨਜ਼ਰ ਹੈ। ਉਨ੍ਹਾਂ ਆਖਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦੀ ਵੀ ਚੋਣ ਕਮਿਸ਼ਨ ਦੀ ਯੋਜਨਾ ਹੈ। ਉਨ੍ਹਾਂ ਪੁਲਿਸ ਤੇ ਸਰਕਾਰੀ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਆਖਿਆ ਕਿ ਰਾਜਨੀਤਕ ਪਾਰਟੀਆਂ ਦੇ ਦਬਾਅ ਵਿੱਚ ਆ ਕੇ ਕੰਮ ਕਰਦਾ ਹੋਇਆ ਜੇਕਰ ਕੋਈ ਅਧਿਕਾਰੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਪੰਜਾਬ ਦੇ ਸੈਨਾ ਵਿੱਚ ਭਰਤੀ ਜਵਾਨਾਂ ਲਈ ਸੂਬੇ ਤੋਂ ਬਾਹਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਿਵਸਥਾ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨ ਨੇ ਦੱਸਿਆ ਕਿ ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾਂਦੇ ਨਸ਼ੇ ਉੱਤੇ ਚੋਣ ਕਮਿਸ਼ਨ ਦੀ ਖਾਸ ਨਜ਼ਰ ਹੋਵੇਗੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …