ਦੋ ਕੈਦੀਆਂ ਨੇ ਕਪੂਰਥਲਾ ਜੇਲ੍ਹ ‘ਚੋਂ ਕੀਤਾ ਫੋਨ : ਰੰਧਾਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਜੇਲ੍ਹਾਂ ਵਿਚ ਬੰਦ ਗੈਂਗਸਟਰਾਂ, ਕੈਦੀਆਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਦੋ ਕੈਦੀਆਂ ਨੇ ਨਵੇਂ ਬਣੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇਲ੍ਹ ਮੰਤਰੀ ਬਣਨ ‘ਤੇ ਵਧਾਈ ਦੇ ਦਿੱਤੀ। ਗੈਂਗਸਟਰਾਂ, ਕੈਦੀਆਂ ਵੱਲੋਂ ਜੇਲ੍ਹਾਂ ਵਿਚ ਮੋਬਾਈਲ ਦੀ ਵਰਤੋਂ, ਫੇਸਬੁੱਕ ਅਕਾਉਂਟ ਅਪਡੇਟ ਕਰਨ ਤੇ ਵਿਰੋਧੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਨਿੱਤ ਸਾਹਮਣੇ ਆ ਰਹੇ ਹਨ ਪਰ ਅਤਿ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਜੇਲ੍ਹ ਮੰਤਰੀ ਨੂੰ ਵਧਾਈ ਦਾ ਫੋਨ ਆਉਣਾ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ ਕੈਦੀਆਂ ਵੱਲੋਂ ਫੋਨ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਪੂਰਥਲਾ ਜੇਲ੍ਹ ਵਿਚੋਂ ਫੋਨ ਆਇਆ ਹੈ। ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿਚ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚੋਂ ਇਤਰਾਜ਼ਯੋਗ ਸਾਮਾਨ ਜਾਂ ਮੋਬਾਈਲ ਮਿਲਣ ‘ਤੇ ਕੈਦੀ ਜਾਂ ਹਵਾਲਾਤੀ ‘ਤੇ ਕਾਰਵਾਈ ਕਰਨ ਦੀ ਬਜਾਏ ਜੇਲ੍ਹ ਸੁਪਰਡੈਂਟ ‘ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਇਸ ਬਾਰੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਪਹਿਲੀ ਵਾਰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਮੰਨਿਆ ਕਿ ਜੇਲ੍ਹਾਂ ਵਿਚ ਗੁੰਡਾਗਰਦੀ ਤੇ ਮੋਬਾਈਲ ਫੋਨ ਚੱਲ ਰਹੇ ਹਨ। ਨਾਭਾ, ਗੁਰਦਾਸਪੁਰ, ਕਪੂਰਥਲਾ ਤੇ ਪਟਿਆਲਾ ਜੇਲ੍ਹ ਨਾਜ਼ੁਕ ਹਨ।
ਜੇਲ੍ਹ ਮੰਤਰੀ ਰੰਧਾਵਾ ਨੇ ਪਟਿਆਲਾ ਜੇਲ੍ਹ ਦੀ ਕੀਤੀ ਚੈਕਿੰਗ
ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਚਨਚੇਤੀ ਕੇਂਦਰੀ ਜੇਲ੍ਹ ਪਟਿਆਲਾ ਦਾ ਦੌਰਾ ਕਰਕੇ ਮੁੱਖ ਮੰਤਰੀ ਦੇ ਸ਼ਹਿਰ ਤੋਂ ਪੰਜਾਬ ਦੀਆਂ ਜੇਲ੍ਹਾਂ ਦੀ ਚੈਕਿੰਗ ਦੀ ਮੁਹਿੰਮ ਵਿੱਢੀ। ਬੁੱਧਵਾਰ ਸਵੇਰੇ 7.30 ਵਜੇ ਇੱਥੇ ਪੁੱਜੇ ਮੰਤਰੀ ਨੇ ਸਾਢੇ ਦਸ ਵਜੇ ਤੱਕ ਜੇਲ੍ਹ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਦੁਰਵਰਤੋਂ ਰੋਕਣ ਲਈ ਜੈਮਰਾਂ ਨੂੰ 4-ਜੀ ਤੱਕ ਅਪਗਰੇਡ ਕਰਨ ਲਈ ਕੇਂਦਰ ਸਰਕਾਰ ਨਾਲ ਰਾਬਤਾ ਬਣਾਇਆ ਹੋਇਆ ਹੈ। ਮੰਤਰੀ ਨੇ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦਾ ਪ੍ਰਭਾਵ ਰੋਕਣ ઠਅਤੇ ਫ਼ਰਾਰ ਹੋਣ ਦੀਆਂ ਘਟਨਾਵਾਂ ਠੱਲ੍ਹਣ ਲਈ ਅਜਿਹੇ ਅਪਰਾਧੀਆਂ ਦੇ ਕੇਸਾਂ ਦੀ ਸੁਣਵਾਈ ਲਈ ਪ੍ਰਮੁੱਖ ਜੇਲ੍ਹਾਂ ਵਿੱਚ ਹੀ ਵਿਸ਼ੇਸ਼ ਅਦਾਲਤਾਂ ਦੇ ਪ੍ਰਬੰਧ ਕਰਨ ਦੀ ਗੱਲ ਵੀ ਆਖੀ, ਜਿਸ ਦੀ ਸ਼ੁਰੂਆਤ ਪਟਿਆਲਾ ਜੇਲ੍ਹ ਤੋਂ ਕੀਤੀ ਜਾਵੇਗੀ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …