Breaking News
Home / ਪੰਜਾਬ / ਪੰਜਾਬ ‘ਚ ਕਿਸਾਨੀ ਧਰਨਿਆਂ ਨੂੰ ਹੋਏ 250 ਦਿਨ

ਪੰਜਾਬ ‘ਚ ਕਿਸਾਨੀ ਧਰਨਿਆਂ ਨੂੰ ਹੋਏ 250 ਦਿਨ

ਟੋਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਲਗਾਤਾਰ ਜਾਰੀ
ਚੰਡੀਗੜ੍ਹ : ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਅੰਦੋਲਨ ਦੇ ਸੂਬੇ ਵਿੱਚ 250 ਦਿਨ ਪੂਰੇ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਅੰਦਰ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਪੂੰਜੀਪਤੀਆਂ ਦੇ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਜਾਰੀ ਸਵਾ ਸੌ ਦੇ ਕਰੀਬ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ। ਇਸੇ ਦੌਰਾਨ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਾਫ਼ਲੇ ਦਿੱਲੀ ਮੋਰਚਿਆਂ ਲਈ ਰਵਾਨਾ ਹੋਏ। ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲੁਧਿਆਣਾ, ਜਲੰਧਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਜਥੇ ਦਿੱਲੀ ਲਈ ਰਵਾਨਾ ਹੋਏ। ਸਿਆਸੀ ਧਿਰਾਂ ਦਾ ਵਿਰੋਧ ਕਰੇਗੀ ਕਿਰਤੀ ਕਿਸਾਨ ਯੂਨੀਅਨ : ਕਿਰਤੀ ਕਿਸਾਨ ਯੂਨੀਅਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੱਕ ਪੰਜਾਬ ਦੇ ਪਿੰਡਾਂ ‘ਚ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਦਾ ਵਿਰੋਧ ਕਰੇਗੀ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਜਥੇਬੰਦੀ ਦੀ ਮੀਟਿੰਗ ਦੌਰਾਨ ਕਿਹਾ ਕਿ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨੀ ਬਚਾਉਣ ਲਈ ਹੈ ਅਤੇ ਅਜਿਹੇ ਮੌਕਿਆਂ ‘ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨੀ ਦੀ ਫਿਕਰ ਕਰਨੀ ਚਾਹੀਦੀ ਹੈ ਨਾ ਕਿ ਵੋਟਾਂ ਦੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਕਿਸਾਨਾਂ, ਮਜ਼ਦੂਰਾਂ ਦੀ ਏਕਤਾ ਦੀ ਸਖਤ ਲੋੜ ਹੈ।
ਦੇਸ਼ ਵਿਆਪੀ ਪ੍ਰਦਰਸ਼ਨਾਂ ਨੂੰ ਮਿਲੇ ਹੁੰਗਾਰੇ ਨੇ ਕਿਸਾਨਾਂ ‘ਚ ਜੋਸ਼ ਭਰਿਆ
ਚੰਡੀਗੜ੍ਹ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ/ਦਫ਼ਤਰਾਂ ਮੂਹਰੇ, ਟੌਲ ਪਲਾਜ਼ਿਆਂ, ਪੂੰਜੀਪਤੀ ਘਰਾਣਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ ਅਤੇ ਨਿੱਜੀ ਥਰਮਲ ਪਲਾਂਟ ਸਣੇ ਸਵਾ ਸੌ ਤੋਂ ਵੱਧ ਥਾਵਾਂ ‘ਤੇ ਮੀਂਹ ਅਤੇ ਝੱਖੜ ਦੌਰਾਨ ਵੀ ਧਰਨੇ ਜਾਰੀ ਰਹੇ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਦੇਸ਼ ਭਰ ਦੇ ਲੋਕਾਂ ਤੋਂ ਮਿਲ ਰਹੇ ਲਾਮਿਸਾਲ ਹੁੰਗਾਰੇ ਨੇ ਵੀ ਕਿਸਾਨਾਂ ਵਿੱਚ ਜੋਸ਼ ਭਰਿਆ ਹੈ। ਕੇਂਦਰ ਸਰਕਾਰ ਦੀ ਅੜੀ ਤੋੜਨ ਲਈ ਹਰ ਹਫ਼ਤੇ ਪੰਜਾਬ ਤੋਂ ਦਿੱਲੀ ਵੱਲ ਕਿਸਾਨਾਂ ਦੇ ਵੱਡੇ ਕਾਫ਼ਲੇ ਰਵਾਨਾ ਹੋ ਰਹੇ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ, ਡਾ. ਸਤਨਾਮ ਸਿੰਘ ਅਜਨਾਲਾ, ਬਲਵੰਤ ਸਿੰਗ ਬਰਿਾਮਕੇ, ਮੁਕੇਸ਼ ਚੰਦਰ ਅਤੇ ਕੁਲਦੀਪ ਸਿੰਘ ਵਜੀਦਪੁਰ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਅੰਦੋਲਨ ਨੂੰ ਮਿਲੇ ਹੁੰਗਾਰੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਲੋਕਾਂ ਦੇ ਵੱਡੇ ਇਕੱਠਾਂ ਨੂੰ ਦੇਖਦਿਆਂ ਹੀ ਕੇਂਦਰ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਅਤੇ ਡੇਢ ਸਾਲ ਤੱਕ ਅੱਗੇ ਪਾਉਣ ਲਈ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਵਾਪਸੀ ਨਹੀਂ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਸਾਰੇ ਵਰਗ ਦੇ ਲੋਕਾਂ ‘ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੂੰਜੀਪਤੀ ਘਰਾਣਿਆਂ ਦੇ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣਗੇ। ਇਸ ਦੌਰਾਨ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੋਗਾ, ਫਰੀਦਕੋਟ, ਫਾਜ਼ਿਲਕਾ ਤੋਂ ਕਿਸਾਨਾਂ ਦੇ ਦਰਜਨਾਂ ਜਥੇ ਦਿੱਲੀ ਲਈ ਰਵਾਨਾ ਹੋਏ।

ਕਿਸਾਨੀ ਸੰਘਰਸ਼ ਦੀ ਜਿੱਤ ਲਈ ਸਹਿਜ ਪਾਠਾਂ ਦੀ ਲੜੀ ਸ਼ੁਰੂ
ਅੰਮ੍ਰਿਤਸਰ : ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਜਾਰੀ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਸਿੱਖ ਸੰਗਤ ਵੱਲੋਂ ਵਡਾਲੀ ਡੋਗਰਾਂ ਦੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਸਹਿਜ ਪਾਠਾਂ ਦੀ ਲੜੀ ਸ਼ੁਰੂ ਕਰ ਦਿੱਤੀ ਗਈ ਹੈ। ਭਾਈ ਇਕਬਾਲ ਸਿੰਘ ਤੁੰਗ ਅਤੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਦੱਸਿਆ ਸਹਿਜ ਪਾਠਾਂ ਦੀ ਆਰੰਭਤਾ ਦੀ ਅਰਦਾਸ ਦਲ ਬਾਬਾ ਬਿਧੀਚੰਦ ਸੁਰ ਸਿੰਘ ਵਾਲਾ ਦੇ ਮੁਖੀ ਬਾਬਾ ਅਵਤਾਰ ਸਿੰਘ ਨੇ ਕੀਤੀ। ਇਕਬਾਲ ਸਿੰਘ ਨੇ ਦੱਸਿਆ ਕਿ ਸੰਤ ਝੰਡਾ ਸਿੰਘ, ਸੰਤ ਬਿਸ਼ਨ ਸਿੰਘ ਅਤੇ ਸੰਤ ਜਸਪਾਲ ਸਿੰਘ ਦੇ ਵਿਸ਼ੇਸ਼ ਯੋਗਦਾਨ ਨਾਲ ਦੋ ਸਹਿਜ ਪਾਠਾਂ ਦੀ ਲੜੀ ਕਿਸਾਨੀ ਸੰਘਰਸ਼ ਦੀ ਫ਼ਤਹਿ ਹੋਣ ਤੱਕ ਨਿਰੰਤਰ ਜਾਰੀ ਰਹੇਗੀ। ਇਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰ ਮੁਹਾਜ਼ ‘ਤੇ ਲੜਾਈ ਲੜ ਰਹੇ ਕਿਸਾਨਾਂ ਦੀ ਚੜ੍ਹਦੀਕਲਾ ਲਈ ਨਿਰੰਤਰ ਅਰਦਾਸ ਕੀਤੀ ਜਾਵੇਗੀ ਅਤੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਲੋਕਾਂ ਨੂੰ ਕਿਸਾਨੀ ਸੰਘਰਸ਼ ਦੇ ਹੱਕ ‘ਚ ਵੀ ਲਾਮਬੰਦ ਕੀਤਾ ਜਾਵੇਗਾ।

ਦਿੱਲੀ ਦੇ ਆਲੇ-ਦੁਆਲੇ ਮੋਰਚਿਆਂ ‘ਚ ਕਿਸਾਨਾਂ ਦੀ ਰੌਣਕ ਵਧਣ ਲੱਗੀ
ਨਵੀਂ ਦਿੱਲੀ : ਗਾਜ਼ੀਪੁਰ, ਸ਼ਾਹਜਹਾਂਪੁਰ, ਟਿਕਰੀ ਅਤੇ ਸਿੰਘੂ ਮੋਰਚਿਆਂ ‘ਚ ਕਿਸਾਨ ਲਗਾਤਾਰ ਵੱਡੇ ਕਾਫਲਿਆਂ ‘ਚ ਸ਼ਮੂਲੀਅਤ ਕਰ ਰਹੇ ਹਨ। ਅੰਬਾਲਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ‘ਚ ਵੱਡਾ ਕਾਫ਼ਲਾ ਸਿੰਘੂ ਪਹੁੰਚਿਆ ਹੈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਗਿਣਤੀ ਹੋਰ ਵੀ ਵਧਣ ਦੀ ਉਮੀਦ ਹੈ। ਕਿਸਾਨ ਆਗੂ ਹਰਜੀਤ ਸਿੰਘ ਰਵੀ ਨੇ ਦੱਸਿਆ ਕਿ ਹੁਣ ਮੋਰਚਿਆਂ ਵਿੱਚ ਰੌਣਕ ਵਧੀ ਹੈ ਤੇ ਸਿੰਘੂ ਮੋਰਚੇ ‘ਤੇ ਲੰਗਰਾਂ ਵਿੱਚ ਕਿਸਾਨਾਂ ਦਾ ਇਕੱਠ ਦੇਖਿਆ ਜਾ ਸਕਦਾ ਹੈ। ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਕਿਸਾਨਾਂ ਨੇ ਚਾਲੇ ਪਾਏ ਹੋਏ ਹਨ। ਲਖੀਮਪੁਰ ਖੀਰੀ ਤੇ ਪੀਲੀਭੀਤ ਦੇ ਕਿਸਾਨਾਂ ਨੇ ਤਿਆਰੀ ਵਿੱਢ ਦਿੱਤੀ ਹੈ। ਟਿਕਰੀ ਬਾਰਡਰ ਬਾਰੇ ਰਾਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਉੱਥੇ ਪੰਜਾਬ ਤੇ ਹਰਿਆਣਾ ਤੋਂ ਕਿਸਾਨਾਂ ਨੇ ਸ਼ਿਰਕਤ ਕਰਨ ਲਈ ਜਥੇ ਭੇਜੇ ਹਨ।

 

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …