Breaking News
Home / ਪੰਜਾਬ / ਕਿਸਾਨੀ ਸੰਘਰਸ਼ ਅੱਗੇ ਝੁਕੀ ਹਰਿਆਣਾ ਸਰਕਾਰ

ਕਿਸਾਨੀ ਸੰਘਰਸ਼ ਅੱਗੇ ਝੁਕੀ ਹਰਿਆਣਾ ਸਰਕਾਰ

ਟੋਹਾਣਾ ‘ਚ ਤਿੰਨੋਂ ਕਿਸਾਨ ਆਗੂ ਰਿਹਾਅ – ਕੇਸ ਵੀ ਵਾਪਸ ਲਏਗੀ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਟੋਹਾਣਾ (ਹਰਿਆਣਾ) ਦੇ ਥਾਣੇ ‘ਚ ਜਾਰੀ ਧਰਨੇ ਦੇ ਤੀਜੇ ਦਿਨ ਪੁਲਿਸ ਵੱਲੋਂ ਗ੍ਰਿਫ਼ਤਾਰ ਕਿਸਾਨ ਮੱਖਣ ਸਿੰਘ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ ਮੰਗਾਂ ਵੀ ਮੰਨ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਨੌਜਵਾਨ ਕਿਸਾਨ ਆਗੂਆਂ ਰਵੀ ਆਜ਼ਾਦ ਅਤੇ ਵਿਕਾਸ ਸੀਸਰ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਜੇਜੇਪੀ ਵਿਧਾਇਕ ਦਵਿੰਦਰ ਬਬਲੀ ਨਾਲ ਤਕਰਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਲਈ ਥਾਣਾ ਸਦਰ ਟੋਹਾਣਾ ਮੂਹਰੇ ਧਰਨਾ ਲਾਇਆ ਹੋਇਆ ਸੀ। ਪੁਲਿਸ ਨੇ ਵਿਧਾਇਕ ਬਬਲੀ ਨਾਲ ਟਕਰਾਅ ਦੇ ਮਾਮਲੇ ਵਿੱਚ ਦਰਜ ਕੀਤੇ ਕੇਸ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ, ਘਾਸੀ ਰਾਮ ਨੈਨ ਸਣੇ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਮੇਤ ਹਜ਼ਾਰਾਂ ਕਿਸਾਨਾਂ ਨੇ 6 ਅਤੇ 7 ਜੂਨ ਦੀ ਵਿਚਕਾਰਲੀ ਰਾਤ ਥਾਣੇ ਵਿਚ ਬਤੀਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸੂਬੇ ਭਰ ‘ਚ ਥਾਣਿਆਂ ਦੇ ਘਿਰਾਓ ਦਾ ਪ੍ਰੋਗਰਾਮ ਐਲਾਨਣ ਤੋਂ ਬਾਅਦ ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨੌਜਵਾਨ ਕਿਸਾਨ ਆਗੂਆਂ ਰਵੀ ਆਜ਼ਾਦ ਅਤੇ ਵਿਕਾਸ ਸੀਸਰ ਨੂੰ ਰਿਹਾਅ ਕਰ ਦਿੱਤਾ ਸੀ।
ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਸੀ ਕਿ ਸਿਰਸਾ, ਫਤਿਹਾਬਾਦ, ਜੀਂਦ ਅਤੇ ਹਿਸਾਰ ਜ਼ਿਲ੍ਹਿਆਂ ਤੋਂ ਕਿਸਾਨ ਵੱਡੀ ਗਿਣਤੀ ‘ਚ ਟੋਹਾਣਾ ਪਹੁੰਚਣਗੇ। ਕਿਸਾਨਾਂ ਨੇ ਟੈਂਟ ਗੱਡਦਿਆਂ, ਲੰਗਰ ਦੇ ਪੂਰੇ ਪ੍ਰਬੰਧ ਕਰਦਿਆਂ ਪੱਕੇ-ਧਰਨੇ ਦੀ ਤਿਆਰੀ ਵਿੱਢ ਦਿੱਤੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਦੀ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਰਾਹੀ ਖੇਤਾਬਾੜੀ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਦੀ ਨਹੀਂ ਮੋਦੀ ਦੀ ਸਰਕਾਰ ਹੈ ਜਿਸ ਨੂੰ ਪੂੰਜੀਪਤੀ ਚਲਾ ਰਹੇ ਹਨ। ਇਸੇ ਕਾਰਨ ਕੇਂਦਰ ਸਰਕਾਰ ਕਿਸਾਨਾਂ ਨਾਲ ਕਾਨੂੰਨਾਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉੱਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਸਰਕਾਰੀ ਅਤੇ ਰਾਜਨੀਤਕ ਸਮਾਗਮਾਂ ਦਾ ਵਿਰੋਧ ਜਾਰੀ ਰਹੇਗਾ। ਜਦਕਿ ਵਿਆਹ ਸਮਾਗਮ ਅਤੇ ਸਸਕਾਰ ਵਿੱਚ ਆਉਣ ਵਾਲੇ ਰਾਜਸੀ ਆਗੂਆਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ।

Check Also

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਕੀਤਾ ਗਿਫ਼ਤਾਰ

ਪਿਛਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵਾਟਰ ਕੈਨਨ ਬੁਆਏ ਨਾਲ ਹੋਇਆ ਸੀ ਪ੍ਰਸਿੱਧ ਚੰਡੀਗੜ੍ਹ/ਬਿਊਰੋ ਨਿਊਜ਼ : …