ਵਿਜੀਲੈਂਸ ਬਿਊਰੋ ਨੇ ਵਿਧਾਇਕ ਅਮਿਤ ਰਤਨ ਨੂੰ ਦਿੱਤੀ ਕਲੀਨ ਚਿੱਟ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਪੀਏ ਰਿਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਜਦਕਿ ਵਿਧਾਇਕ ਨੇ ਰਿਸ਼ਮ ਗਰਗ ਨੂੰ ਆਪਣਾ ਪੀਏ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਰਿਸ਼ਮ ਗਰਗ ਨੂੰ ਪਿੰਡ ਘੁੱਦਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪਿ੍ਰਤਪਾਲ ਕੁਮਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਗਿ੍ਰਫਤਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ ਬਲਾਕ ਸਮਿਤੀ ਰਾਹੀਂ ਪ੍ਰਾਪਤ ਹੋਈ 25 ਲੱਖ ਰੁਪਏ ਦੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ਼ ਕਰਾਉਣ ਬਦਲੇ ਰਿਸ਼ਮ ਗਰਗ ਨੇ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗੀ ਸੀ। ਜਦਕਿ ਰਿਸ਼ਵਤ ਦੀ ਪਹਿਲੀ ਅਤੇ ਦੂਜੀ ਕਿਸ਼ਤ ਵਜੋਂ ਰਿਸ਼ਮ ਗਰਗ 50-50 ਹਜ਼ਾਰ ਲੈ ਚੁੱਕਿਆ ਸੀ। ਤੈਅ ਸੌਦੇ ਅਨੁਸਾਰ ਬਾਕੀ ਬਚਦੇ 4 ਲੱਖ ਰੁਪਏ ਦੀ ਰਾਸ਼ੀ ਲੰਘੀ ਦੇਰ ਰਾਤ ਰਿਸ਼ਮ ਗਰਗ ਨੇ ਲੈ ਕੇ ਵਿਧਾਇਕ ਦੀ ਗੱਡੀ ਵਿਚ ਰੱਖ ਦਿੱਤੀ ਅਤੇ ਇਸੇ ਦੌਰਾਨ ਵਿਜੀਲੈਂਸ ਨੇ ਰਿਸ਼ਮ ਗਰਗ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ। ਇਸ ਮੌਕੇ ਵਿਧਾਇਕ ਅਮਿਤ ਰਤਨ ਨੂੰ ਵੀ ਸਰਕਟ ਹਾਊਸ ਵਿਚ ਵਿਜੀਲੈਂਸ ਦੇ ਅਧਿਕਾਰੀਆਂ ਨੇ ਨਜ਼ਰਬੰਦ ਕਰ ਲਿਆ ਅਤੇ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ। ਦੇਰ ਰਾਤ ਤੱਕ ਕੀਤੀ ਗਈ ਪੁੱਛਗਿੱਛ ਮਗਰੋਂ ਵਿਜੀਲੈਂਸ ਬਿਊਰੋ ਨੇ ਵਿਧਾਇਕ ਅਮਿਤ ਰਤਨ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦੇ ਦਿੱਤੀ। ਵਿਜੀਲੈਂਸ ਨੇ ਕਿਹਾ ਕਿ ਵਿਧਾਇਕ ਦਾ ਕਰੀਬੀ ਹੋਣ ਦਾ ਦਾਅਵਾ ਕਰਨ ਵਾਲੇ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ ਵਿਧਾਇਕ ਨੂੰ ਨਹੀਂ। ਜਦਕਿ ਦੂਜੇ ਪਾਸੇ ਸ਼ਿਕਾਇਤਕਰਤਾ ਪਿ੍ਰਤਪਾਲ ਕੁਮਾਰ ਆਪਣੀ ਗੱਲ ’ਤੇ ਅੜਿਆ ਹੋਇਆ ਹੈ ਕਿ ਵਿਧਾਇਕ ਨੇ ਖੁਦ ਉਨ੍ਹਾਂ ਕੋਲੋਂ ਪੰਜ ਰੁਪਏ ਦੀ ਮੰਗ ਕੀਤੀ ਸੀ।