13.2 C
Toronto
Tuesday, October 14, 2025
spot_img
Homeਪੰਜਾਬਹਵਾਈ ਸੇਵਾ ਵਿਚ ਸੁਧਾਰ ਲਈ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਮੁਲਾਕਾਤ

ਹਵਾਈ ਸੇਵਾ ਵਿਚ ਸੁਧਾਰ ਲਈ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਮੁਲਾਕਾਤ

ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਅਧਿਕਾਰੀਆਂ ਨਾਲ ਏਅਰਪੋਰਟ ਤੇ ਯਾਤਰੀਆਂ ਦੀ ਗਿਣਤੀ ਬਾਰੇ ਅੰਕੜੇ ਕੀਤੇ ਸਾਂਝੇ
ਅੰਮ੍ਰਿਤਸਰ : ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਕਨਵੀਨਰ ਦੀ ਅਗਵਾਈ ਵਿਚ ਵਫਦ ਨੇ ਦਿੱਲੀ ਅਤੇ ਬੰਗਲੁਰੂ ਵਿੱਚ ਸਟਾਰ ਏਅਰ ਇੰਡੀਆ, ਥਾਈ ਏਅਰਵੇਜ਼, ਥਾਈ ਸਮਾਈਲ ਅਤੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ। ਫਲਾਈ ਅੰਮ੍ਰਿਤਸਰ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਵਿਚ ਫਲਾਈ ਅੰਮ੍ਰਿਤਸਰ ਦੇ ਭਾਰਤੀ ਕਨਵੀਨਰ ਅਤੇ ਮੰਚ ਸਕੱਤਰ ਯੋਗੇਸ਼ ਕਾਮਰਾ ਨੇ ਏਅਰਪੋਰਟ ਅਤੇ ਯਾਤਰੀਆਂ ਦੀ ਗਿਣਤੀ ਬਾਰੇ ਅਧਿਕਾਰੀਆਂ ਨੂੰ ਵਿਸਥਾਰਤ ਅੰਕੜੇ ਦੱਸੇ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਾਰਤ ਦੀ ਹਵਾਈ ਕੰਪਨੀ ਸਟਾਰ ਏਅਰ ਦੇ ਸੀਈਓ ਸਿਮਰਨ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਗਈ ਅਤੇ ਅੰਮ੍ਰਿਤਸਰ ਨੂੰ ਅਹਿਮਦਾਬਾਦ ਅਤੇ ਹੋਰਨਾਂ ਹਵਾਈ ਅੱਡਿਆਂ ਨਾਲ ਜੋੜਨ ਬਾਰੇ ਤੱਥ ਪੇਸ਼ ਕੀਤੇ ਗਏ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਉਡਾਣ ਯੋਜਨਾ ਤਹਿਤ ਸਟਾਰ ਏਅਰ ਕਈ ਰੂਟਾਂ ‘ਤੇ ਉਡਾਣਾਂ ਸ਼ੁਰੂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਨੂੰ ਸਿੱਧਾ ਥਾਈਲੈਂਡ ਦੇ ਸ਼ਹਿਰ ਬੈਂਕਾਕ ਨਾਲ ਜੋੜਨ ਲਈ ਉਹ ਦਿੱਲੀ ਵਿੱਚ ਥਾਈ ਏਅਰਵੇਜ਼ ਦੇ ਅਧਿਕਾਰੀਆਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਬੈਂਕਾਕ ਦੁਨੀਆਂ ਦੇ ਵੱਡੇ ਟੂਰਿਸਟ ਅਤੇ ਵਪਾਰਕ ਸ਼ਹਿਰਾਂ ਵਿਚ ਸ਼ਾਮਲ ਹੈ ਅਤੇ ਪੰਜਾਬ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਉੱਥੇ ਘੁੰਮਣ ਅਤੇ ਵਪਾਰ ਸਬੰਧੀ ਜਾਂਦੇ ਹਨ। ਇਸ ਸਿੱਧੀ ਉਡਾਣ ਨਾਲ ਪੰਜਾਬ ਤੋਂ ਵਪਾਰੀਆਂ ਨੂੰ ਲਾਭ ਮਿਲੇਗਾ। ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਏਅਰ ਏਸ਼ੀਆ ਦੇ ਬੰਗਲੁਰੂ ਦਫਤਰ ਵਿੱਚ ਅਧਿਕਾਰੀਆਂ ਨਾਲ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਤੋਂ ਸਿੱਧੀ ਕੁਆਲਾਲੰਪੁਰ ਲਈ ਚੱਲ ਰਹੀ ਉਡਾਣ ਅਤੇ ਏਅਰ ਏਸ਼ੀਆ ਨੂੰ ਅੰਮ੍ਰਿਤਸਰ ਤੋਂ ਬੈਂਕਾਕ, ਦਿੱਲੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧੀ ਗੱਲਬਾਤ ਕੀਤੀ। ਅਗਸਤ 2018 ਤੋਂ ਚੱਲ ਰਹੀ ਇਸ ਉਡਾਣ ਲਈ ਉਨ੍ਹਾਂ ਏਅਰ ਏਸ਼ੀਆ ਦਾ ਧੰਨਵਾਦ ਵੀ ਕੀਤਾ। ਆਗੂਆਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਉਡਾਣ ਜੋ ਫਲਾਈ ਅੰਮ੍ਰਿਤਸਰ ਦੇ ਉਪਰਾਲੇ ਸਦਕਾ ਅਗਸਤ 2018 ਵਿਚ ਸ਼ੁਰੂ ਹੋਈ ਸੀ, ਸਫਲਤਾਪੂਰਵਕ ਪੰਜਾਬੀਆਂ ਨੂੰ ਕੁਆਲਾਲੰਪੁਰ ਰਾਹੀਂ ਆਸਟਰੇਲੀਆ, ਮਲੇਸ਼ੀਆ, ਥਾਈਲੈਂਡ ਤੇ ਕਈ ਹੋਰਨਾਂ ਦੇਸ਼ਾਂ ਨਾਲ ਜੋੜ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ 2020 ਵਿੱਚ ਅੰਮ੍ਰਿਤਸਰ ਫਿਰ ਤੋਂ ਬੈਂਕਾਕ ਨਾਲ ਜੁੜ ਸਕੇਗਾ।

RELATED ARTICLES
POPULAR POSTS