16.4 C
Toronto
Wednesday, April 15, 2026
spot_img
Homeਪੰਜਾਬਐੱਸਕੇਐੱਮ (ਗ਼ੈਰ ਸਿਆਸੀ) ਵੱਲੋਂ ਖਨੌਰੀ ਮੋਰਚੇ ਦਾ ਖਰਚ ਜਨਤਕ

ਐੱਸਕੇਐੱਮ (ਗ਼ੈਰ ਸਿਆਸੀ) ਵੱਲੋਂ ਖਨੌਰੀ ਮੋਰਚੇ ਦਾ ਖਰਚ ਜਨਤਕ

ਮੋਰਚੇ ਨੂੰ ਫੰਡ ਮਿਲਣ ਦੇ ਬਾਵਜੂਦ 4.27 ਲੱਖ ਰੁਪਏ ਦਾ ਘਾਟਾ
ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀਆਂ ਬਰੂਹਾਂ ‘ਤੇ 400 ਦਿਨ ਸੰਘਰਸ਼ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ‘ਤੇ ਲਗਾਤਾਰ ਫੰਡਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਮਗਰੋਂ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਖਨੌਰੀ ਮੋਰਚੇ ਦੌਰਾਨ ਹੋਏ ਖਰਚ ਦਾ ਹਿਸਾਬ-ਕਿਤਾਬ ਜਨਤਕ ਕਰ ਦਿੱਤਾ ਹੈ। ਹਾਲਾਂਕਿ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਭੂ ਮੋਰਚੇ ਦੌਰਾਨ ਹੋਏ ਖਰਚ ਦਾ ਹਿਸਾਬ-ਕਿਤਾਬ ਦੋ ਦਿਨ ਪਹਿਲਾਂ ਹੀ ਜਨਤਕ ਕੀਤਾ ਸੀ।
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਅਭਿਮੰਨਿਊ ਕੋਹਾੜ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਪੈਂਦੇ ਖਨੌਰੀ ਬਾਰਡਰ ‘ਤੇ ਲਗਾਇਆ ਧਰਨਾ 400 ਦਿਨ ਲਗਾਤਾਰ ਚਲਦਾ ਰਿਹਾ ਹੈ। ਇਸ ਦੌਰਾਨ ਲੋਕਾਂ ਤੋਂ ਮਿਲੀ ਕੁੱਲ ਮਾਲੀ ਮਦਦ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੂੰ 4.27 ਲੱਖ ਰੁਪਏ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਕਿਹਾ ਕਿ ਖਨੌਰੀ ਮੋਰਚੇ ਦੀਆਂ ਸਟੇਜਾਂ ‘ਤੇ ਸੰਗਤ ਵੱਲੋਂ 34,32,567 ਰੁਪਏ ਦਿੱਤੇ ਗਏ, ਜਦੋਂ ਕਿ ਖਰਚਾ 37,65,539 ਰੁਪਏ ਹੋਇਆ। ਇਸ ਤਰ੍ਹਾਂ ਮੋਰਚੇ ਨੂੰ ਆਪਣੇ ਵੱਲੋਂ 3.32 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ।
ਡੱਲੇਵਾਲ ਨੇ ਕਿਹਾ ਕਿ 21 ਫਰਵਰੀ ਨੂੰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਤਸ਼ੱਦਦ ਦੌਰਾਨ 30 ਦੇ ਕਰੀਬ ਟਰੈਕਟਰਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਦੀ ਮੁਰੰਮਤ ‘ਤੇ 8,98,654 ਰੁਪਏ ਖਰਚ ਹੋਏ, ਜਦੋਂਕਿ ਲੋਕਾਂ ਵੱਲੋਂ 5,50,000 ਰੁਪਏ ਦਿੱਤੇ ਗਏ। ਇਸ ਤਰ੍ਹਾਂ ਮੋਰਚੇ ਨੂੰ 3.48 ਲੱਖ ਰੁਪਏ ਪੱਲਿਓਂ ਦੇਣੇ ਪਏ। ਲੰਗਰ ਲਈ 4,39,097 ਰੁਪਏ ਆਏ ਅਤੇ ਖਰਚ 1,85,244 ਰੁਪਏ ਦਾ ਹੋਇਆ। ਇਸ ਤਰ੍ਹਾਂ 2.54 ਲੱਖ ਰੁਪਏ ਦੀ ਬਚਤ ਹੋਈ। ਰੋਜ਼ਾਨਾ ਮੋਰਚੇ ਵਿੱਚ ਆਉਣ ਵਾਲੇ ਦੁੱਧ ਅਤੇ ਹੋਰਨਾਂ ਸਰੋਤਾਂ ‘ਤੇ ਹੋਏ ਖਰਚੇ ਤੋਂ ਬਾਅਦ ਮੋਰਚੇ ਨੂੰ ਆਪਣੇ ਕੋਲੋਂ 4.27 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ।
ਐੱਸਕੇਐੱਮ (ਗੈਰ ਸਿਆਸੀ) ਦੇ ਆਗੂ ਜਗਨੈਲ ਚੌਹਾਨ ਨੇ ਕਿਹਾ ਕਿ ਮੋਰਚੇ ਵੱਲੋਂ 5 ਜੁਲਾਈ ਨੂੰ ਤਾਮਿਲਨਾਡੂ, ਤੇ 6 ਜੁਲਾਈ ਨੂੰ ਬੈਂਗਲੂਰੂ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ। 7 ਜੁਲਾਈ ਨੂੰ ਬੈਂਗਲੂਰੂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕਨਵੈਨਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਰੀ ਟਰੇਡ ਸਬੰਧੀ ਲਏ ਜਾ ਰਹੇ ਫ਼ੈਸਲੇ ਵਿਰੁੱਧ ਵੀ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਗੰਨੇ ਦੇ ਭਾਅ ਨੂੰ 500 ਰੁਪਏ ਪ੍ਰਤੀ ਕੁਇੰਟਲ ਕਰਨ ਅਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਮੰਨਣ ਦੀ ਮੰਗ ਕੀਤੀ।
ਕਿਸਾਨਾਂ ਨੇ ਪੰਜਾਬ ਸਰਕਾਰ ਦੀ ਮੌਜੂਦਗੀ ਵਿੱਚ ਕੇਂਦਰ ਨਾਲ ਮੀਟਿੰਗ ਕਰਨ ਤੋਂ ਕੀਤਾ ਇਨਕਾਰ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਦੀ ਮੌਜੂਦਗੀ ਵਿੱਚ ਕੇਂਦਰ ਸਰਕਾਰ ਨਾਲ ਕੋਈ ਮੀਟਿੰਗ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਵਿੱਚ ਸੱਦ ਕੇ ਮੋਰਚੇ ‘ਤੇ ਕਾਰਵਾਈ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਸ ਲਈ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨਾਲ ਸਿੱਧੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਜਲਦ ਹੀ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ।

 

RELATED ARTICLES
POPULAR POSTS