ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਚੁੱਕੇ ਸਵਾਲ
ਪਟਿਆਲਾ/ਬਿਊਰੋ ਨਿਊਜ਼
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਵਿਚ ਅੱਜ ਐਸਆਈਟੀ ਦਫਤਰ ਪਟਿਆਲਾ ਵਿਖੇ ਪੇਸ਼ ਹੋਏ ਹਨ। ਜ਼ਿਕਰਯੋਗ ਹੈ ਕਿ ਮਜੀਠੀਆ ਖਿਲਾਫ ਦੋ ਸਾਲ ਪਹਿਲਾਂ ਦਰਜ ਹੋਏ ਡਰੱਗ ਤਸਕਰੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਮਜੀਠੀਆ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਸਿੱਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਰਿਟਾਇਰ ਹੋ ਰਹੇ ਹਨ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰੂ ਸਿੱਟ ਦਾ ਮੁਖੀ ਲਗਾਇਆ ਜਾਣਾ ਚਾਹੀਦਾ ਹੈ, ਤਾਂ ਜੋ ਮੁੱਖ ਮੰਤਰੀ ਮੇਰੇ ਨਾਲ ਸਿੱਧੇ ਸਵਾਲ ਕਰ ਸਕਣ। ਮਜੀਠੀਆ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਦੇ ਡਰਾਵਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਤਾਂ ਹੀ ਉਹ ਕਿਸੇ ਗਿ੍ਰਫਤਾਰੀ ਤੋਂ ਡਰਦੇ ਹਨ। ਦੱਸਣਯੋਗ ਹੈ ਕਿ ਮਜੀਠੀਆ ਦੇ ਐਸਆਈਟੀ ਸਾਹਮਣੇ ਪੇਸ਼ ਹੋਣ ਮੌਕੇ ਵੱਡੀ ਗਿਣਤੀ ਅਕਾਲੀ ਆਗੂ ਤੇ ਵਰਕਰ ਪਟਿਆਲਾ ਵਿਖੇ ਪਹੁੰਚੇ ਹੋਏ ਸਨ।