ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ ਲਤੀਫਪੁਰਾ ਵਿੱਚ ਘੁੱਗ ਵਸਦੇ ਘਰਾਂ ਨੂੰ ਉਜਾੜਣ ਦੀ ਨਗਰ ਸੁਧਾਰ ਟਰੱਸਟ ਨੂੰ ਏਨੀ ਕਾਹਲੀ ਸੀ ਕਿ ਉਸ ਨੂੰ ਇਸ ਗੱਲ ਦਾ ਇਲਮ ਤੱਕ ਨਹੀਂ ਸੀ ਕਿ ਉਸ ਦੇ ਬਲਡੋਜ਼ਰਾਂ ਨੇ ਕਿੰਨੇ ਘਰ ਉਜਾੜੇ ਹਨ। ਇਹ ਖੁਲਾਸਾ ਖੁਦ ਅਧਿਕਾਰੀਆਂ ਵਲੋਂ ਉਸ ਵੇਲੇ ਕੀਤਾ ਜਦੋਂ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਆਗੂਆਂ ਕੋਲੋਂ ਉਜਾੜੇ ਗਏ ਘਰਾਂ ਦੀ ਸੂਚੀ ਮੰਗੀ ਗਈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਤੇ ਹੋਰ ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਨਾਲ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਜਿਸ ਦੌਰਾਨ ਪੀੜਤਾਂ ਕੋਲੋਂ ਹੀ ਸੂਚੀ ਮੰਗੀ ਗਈ ਕਿ ਲਤੀਫਪੁਰਾ ਵਿੱਚ ਕਿੰਨੇ ਘਰ ਢਾਹੇ ਗਏ ਹਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਹਲਕੇ ਦੇ ਵਿਧਾਇਕ ਬਲਕਾਰ ਸਿੰਘ ਤੇ ਬੀਬੀ ਰਾਜਵਿੰਦਰ ਕੌਰ ਹਾਜ਼ਰ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜਦੋਂ ਪੀੜਤ ਪਰਿਵਾਰਾਂ ਦੀ ਸੂਚੀ ਮੰਗੀ ਤਾਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਸ ਤੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਧੱਕੇ ਨਾਲ ਉਜਾੜੇ ਗਏ ਲੋਕਾਂ ਦਾ ਪ੍ਰਸ਼ਾਸਨ ਕੋਲ ਕੋਈ ਵੇਰਵਾ ਹੀ ਨਹੀਂ। ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਨਗਰ ਸੁਧਾਰ ਟਰੱਸਟ ਕੋਲ ਵੇਰਵਾ ਹੀ ਨਹੀਂ ਸੀ ਤਾਂ ਟਰੱਸਟ ਨੇ ਲਤੀਫ਼ਪੁਰਾ ਦੇ ਲੋਕਾਂ ਦਾ ਉਜਾੜਾ ਕਿਸ ਆਧਾਰ ‘ਤੇ ਕੀਤਾ। ਆਗੂਆਂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਸਰਾਸਰ ਧੱਕਾ ਕਰਕੇ ਗਰੀਬ ਲੋਕਾਂ ਦੇ ਘਰਾਂ ਨੂੰ ਇਸ ਆਧਾਰ ਨਾਲ ਉਜਾੜਿਆ ਸੀ ਕਿ ਇਨ੍ਹਾਂ ਦੀ ਹਮਾਇਤ ਵਿੱਚ ਕੋਈ ਨਹੀਂ ਆਵੇਗਾ। ਇਥੇ ਇਨਸਾਫ਼ ਲੈਣ ਲਈ ਡਟੇ ਲੋਕਾਂ ਨੇ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ।
ਹੱਡ ਚੀਰਵੀਂ ਠੰਢ ਵਿੱਚ ਵੀ ਮੋਰਚੇ ‘ਤੇ ਡਟੇ ਲੋਕ
ਹੱਡ ਚੀਰਵੀਂ ਠੰਢ ਹੋਣ ਦੇ ਬਾਵਜੂਦ ਵੀ ਪਿਛਲੇ ਦਿਨਾਂ ਤੋਂ ਪੀੜਤ ਪਰਿਵਾਰ ਆਪਣੇ ਉਜੜੇ ਘਰਾਂ ਦੇ ਮਲਬਿਆਂ ਦੇ ਕੋਲ ਹੀ ਡੇਰੇ ਲਾ ਕੇ ਬੈਠੇ ਹੋਏ ਹਨ। ਜਮਹੂਰੀ ਅਧਿਕਾਰ ਸਭਾ ਨੇ ਆਪਣੇ ਤੌਰ ‘ਤੇ ਇਸ ਉਜਾੜੇ ਬਾਰੇ ਗਰਾਊਂਡ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਘਰਾਂ ਦੇ ਨਾਲ ਬੱਚਿਆਂ ਦੇ ਸੁਫਨੇ ਵੀ ਟੁੱਟੇ
ਲੋਕ ਆਪਣੇ ਹੀ ਘਰਾਂ ਦੀਆਂ ਛੱਤਾਂ ਦੇ ਬਾਲਿਆਂ ਦੀ ਅੱਗ ਸੇਕਣ ਲਈ ਮਜਬੂਰ
ਜਲੰਧਰ : ਲਤੀਫਪੁਰਾ ਵਿੱਚ ਇੱਟਾਂ ਜਾਂ ਸੀਮਿੰਟ ਦੇ ਘਰ ਹੀ ਨਹੀਂ ਟੁੱਟੇ ਸਗੋਂ ਬੱਚਿਆਂ ਦੇ ਸੁਫਨੇ ਵੀ ਟੁੱਟੇ ਹਨ। ਉਹ ਬੱਚੇ ਜਿਹੜੇ ਅਜੇ ਉਜਾੜੇ ਦਾ ਮਤਲਬ ਵੀ ਨਹੀਂ ਜਾਣਦੇ ਪਰ ਉਹ ਸਰਕਾਰ ਦੀਆਂ ਭੇਜੀਆਂ ਕਰੇਨਾਂ ਵੱਲੋਂ ਉਨ੍ਹਾਂ ਦੇ ਘਰਾਂ ਨੂੰ ਮਿੱਟੀ ਵਿੱਚ ਮਿਲਾਉਣ ਦੀਆਂ ਕਹਾਣੀਆਂ ਜਦੋਂ ਤੋਤਲੀ ਜ਼ੁਬਾਨ ਨਾਲ ਸੁਣਾਉਂਦੇ ਹਨ ਤਾਂ ਸੁਣਨ ਵਾਲੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਸਾਲ 1947 ਦਾ ਉਜਾੜਾ ਝੱਲ ਕੇ ਇੱਥੇ ਆ ਕੇ ਵੱਸੇ ਲੋਕਾਂ ਦੇ ਦਿਲਾਂ ਵਿੱਚੋਂ ਅਜੇ 47 ਦਾ ਉਜਾੜਾ ਨਹੀਂ ਨਿਕਲਿਆ ਹੋਣਾ ਕਿ ਮੌਜੂਦਾ ਹਕੂਮਤ ਨੇ ਇੱਕ ਵਾਰ ਫਿਰ ਇਹ ਲੋਕ ਉਜਾੜ ਕੇ ਰੱਖ ਦਿੱਤੇ ਹਨ। ਰਾਤ ਨੂੰ ਠੰਡ ਤੋਂ ਬਚਣ ਲਈ ਲੋਕ ਆਪਣੇ ਘਰ ਦੇ ਉਨ੍ਹਾਂ ਬਾਲਿਆਂ ਨੂੰ ਹੀ ਅੱਗਾਂ ਲਾਉਣ ਲਈ ਮਜਬੂਰ ਹਨ ਜਿਨ੍ਹਾਂ ਬਾਲਿਆਂ ਦੇ ਸਿਰ ‘ਤੇ ਇਨ੍ਹਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਟਿਕੀਆਂ ਹੋਈਆਂ ਸਨ। ਆਪਣੇ ਹੀ ਘਰਾਂ ਦੀਆਂ ਛੱਤਾਂ ਦੇ ਬਾਲਿਆਂ ਦੀ ਅੱਗ ਸੇਕਣ ਵਾਲੇ ਕਹਿੰਦੇ ਹਨ ਕਿ ਇੰਝ ਲੱਗਦਾ ਹੈ ਜਿਵੇਂ ਆਪਣਾ ਸਿਵਾ ਹੀ ਸੇਕ ਰਹੇ ਹਾਂ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …