ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 21 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ‘ਪੰਜਾਬੀ ਭਵਨ ਟੋਰਾਂਟੋ’ ਵਿਚ ਆਯੋਜਿਤ ਕੀਤੇ ਗਏ ਮਹੀਨਾਵਾਰ ਸਮਾਗਮ ਵਿਚ ਡਾ. ਗਿਆਨ ਸਿੰਘ ਘਈ ਦੀ ਪੁਸਤਕ ‘ਮਨੁੱਖਤਾ ਦੇ ਰਹਿਬਰ: ਗੁਰੂ ਨਾਨਕ’ ਬਾਰੇ ਵਿਚਾਰ-ਚਰਚਾ ਕਰਵਾਈ ਗਈ। ਪੁਸਤਕ ਬਾਰੇ ਮੁੱਖ-ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਅਤੇ ਹਰਚੰਦ ਸਿੰਘ ਬਾਸੀ ਸਨ, ਜਦਕਿ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਸਮਾਗਮ ਵਿਚ ਮੰਚ-ਸੰਚਾਲਕ ਦੀ ਭੂਮਿਕਾ ਨਿਭਾਅ ਰਹੇ ਮਲੂਕ ਸਿੰਘ ਕਾਹਲੋਂ ਨੇ ਵੀ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ, ਪਾਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਆਸ਼ਿਕ ਰਹੀਲ ਅਤੇ ਕਵਿੱਤਰੀ ਹਰਭਜਨ ਕੌਰ ਗਿੱਲ ਸੁਸ਼ੋਭਿਤ ਸਨ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸੰਘਾ ਵੱਲੋਂ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਸਾਹਿਤ-ਪ੍ਰੇਮੀਆਂ ਦੇ ਰਸਮੀ ਸੁਆਗਤ ਤੋਂ ਬਾਅਦ ਮੰਚ-ਸੰਚਾਲਕ ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੂੰ ਡਾ. ਗਿਆਨ ਸਿੰਘ ਘਈ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਮਨੁੱਖਤਾ ਦੇ ਰਹਿਬਰ: ਗੁਰੂ ਨਾਨਕ’ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ ਜਿਨ੍ਹਾਂ ਨੇ ਇਸ ਦੇ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਵੀ ਪੁਸਤਕ ਜਾਂ ਰਚਨਾ ਬਾਰੇ ਗੱਲ ਕਰਦਿਆਂ ਉਸ ਦਾ ਵਿਸ਼ਾ-ਵਸਤੂ, ਤਰਤੀਬ ਅਤੇ ਇਨ੍ਹਾਂ ਸਬੰਧੀ ਕੀਤੀ ਜਾਣ ਵਾਲੀ ਟਿੱਪਣੀ ਪ੍ਰਮੁੱਖ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਦਾ ਵਿਸ਼ਾ-ਵਸਤੂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪ੍ਰਚੱਲਤ ਜਨਮ-ਸਾਖੀਆਂ ਦੇ ਆਧਾਰਿਤ ਹੈ ਅਤੇ ਉਨ੍ਹਾਂ ਵਿਚ ਦਰਜ ਜਾਣਕਾਰੀ ਸਕੂਲ ਪੱਧਰ ਦੇ ਵਿਦਿਆਰਥੀਆਂ ਲਈ ਸਰਲ ਸ਼ਬਦਾਂ ਵਿਚ ਵਾਰਤਕ ਰੂਪ ਵਿਚ ਦੇਣ ਤੋਂ ਬਾਅਦ ਉਨ੍ਹਾਂ ਸਬੰਧੀ ਆਪਣੀਆਂ ਕਵਿਤਾਵਾਂ ਅਤੇ ਕੁਝ ਤਸਵੀਰਾਂ ਦੇਣ ਦੀ ਤਰਤੀਬ ਅਪਨਾਈ ਗਈ ਹੈ। ਇਸ ਸਬੰਧੀ ਟਿੱਪਣੀ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਸਾਖੀਆਂ ਦੇ ਹਵਾਲੇ ਦਿੰਦਿਆਂ ਡਾ. ਝੰਡ ਨੇ ਕਿਹਾ ਜਨਮ-ਸਾਖ਼ੀਆਂ ਗੁਰੂ ਨਾਨਕ ਦੇਵ ਜੀ ਨੇ ਜਨਮ ਤੋਂ ਦੋ ਸੌ ਤੋਂ ਤਿੰਨ ਸੌ ਸਾਲ ਬਾਅਦ ਪ੍ਰਕਾਸ਼ਿਤ ਹੋਈਆਂ ਹਨ ਜਿਨ੍ਹਾਂ ਵਿਚਲੀਆਂ ਬਹੁਤ ਸਾਰੀਆਂ ਸਾਖੀਆਂ ਵਿਚ ਗੁਰੂ ਜੀ ਨੂੰ ‘ਚਮਤਕਾਰੀ ਅਤੇ ਕਰਾਮਾਤੀ ਮਹਾਂਪੁਰਖ’ ਦਰਸਾਇਆ ਗਿਆ ਹੈ ਜੋ ਸਹੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਨੇ ਤਾਂ ਆਪਣੀ ਚੌਹਾਂ ਉਦਾਸੀਆਂ ਦੌਰਾਨ ਹਜ਼ਾਰਾਂ ਮੀਲ ਪੈਂਡਾ ਤੈਅ ਕਰਕੇ ਖ਼ੁਦ ਧਾਰਮਿਕ ਪਾਖੰਡਾਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਦਵਾਨਾਂ ਨੂੰ ਅਜਿਹੀਆਂ ਸਾਖੀਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਸਿਧਾਤਾਂ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਗਏ ਕਾਰਜਾਂ ਨੂੰ ਪ੍ਰਚਾਰਨਾ ਚਾਹੀਦਾ ਹੈ।
ਸਮਾਗਮ ਦੇ ਦੂਸਰੇ ਬੁਲਾਰੇ ਹਰਚੰਦ ਸਿੰਘ ਬਾਸੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੜੀ ਸਰਲ ਭਾਸ਼ਾ ਵਿਚ ਲਿਖੀ ਗਈ ਡਾ. ਘਈ ਦੀ ਇਹ ਪੁਸਤਕ ਸਕੂਲੀ ਵਿਦਿਆਰਥੀਆਂ ਲਈ ਬੜੀ ਲਾਭਕਾਰੀ ਸਾਬਤ ਹੋਏਗੀ। ਪੁਸਤਕ ਵਿਚ ਵਾਰਤਕ ਦੇ ਨਾਲ-ਨਾਲ ਲੇਖਕ ਵੱਲੋਂ ਦਿੱਤੀਆਂ ਗਈਆਂ ਕਵਿਤਾਵਾਂ ਅਤੇ ਤਸਵੀਰਾਂ ਇਸ ਨੂੰ ਵਿਦਿਆਰਥੀਆਂ ਲਈ ਹੋਰ ਵੀ ਦਿਲਚਸਪ ਬਣਾਉਂਦੀਆਂ ਹਨ ਅਤੇ ਉਮੀਦ ਹੈ ਕਿ ਇਹ ਉਨ੍ਹਾਂ ਨੂੰ ਧਾਰਮਿਕਤਾ ਵੱਲ ਪ੍ਰੇਰਨ ਦਾ ਸ਼ੁਭ-ਕਾਰਜ ਕਰਨਗੀਆਂ। ਉਨ੍ਹਾਂ ਹੋਰ ਕਿਹਾ ਕਿ ਪੁਸਤਕ ਵਿਚ ਕਈ ਥਾਵਾਂ ‘ਤੇ ਦਰਜ ਕੀਤੀਆਂ ਗਈਆਂ ਗੁਰਬਾਣੀ ਦੀਆਂ ਤੁਕਾਂ ਵੀ ਉਨ੍ਹਾਂ ਦਾ ਧਿਆਨ ਇਸ ਪਾਸੇ ਆਕਰਸ਼ਤ ਕਰਨਗੀਆਂ। ਇਸ ਦੌਰਾਨ ਉਨ੍ਹਾਂ ਨੇ ਪੁਸਤਕ ਦੇ ਮੁੱਖ-ਬੰਦ ਲਿਖਣ ਵਾਲੇ ਵਿਦਵਾਨਾਂ ਡਾ. ਧਰਮ ਸਿੰਘ, ਸਾਬਕਾ ਮੁਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਬਾਰੇ ਵਿਸ਼ੇਸ਼ ਜ਼ਿਕਰ ਕੀਤਾ।
ਸੰਪਾਦਕੀ-ਮੰਡਲ ਵਿਚ ਸ਼ਾਮਲ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਡਾ. ਘਈ ਨੇ ਗੁਰੂ ਨਾਨਕ ਦੇਵ ਜੀ ਬਾਰੇ ਵਿਦਿਆਰਥੀ ਪੱਧਰ ਦੀ ਇਹ ਪੁਸਤਕ ਲਿਆ ਕੇ ਵਧੀਆ ਉਪਰਾਲਾ ਕੀਤਾ ਹੈ ਅਤੇ ਇਹ ਸਮੇਂ ਦੀ ਲੋੜ ਵੀ ਹੈ ਪਰ ਸਾਡੇ ਵਿਦਵਾਨਾਂ ਨੂੰ ਜਨਮ-ਸਾਖ਼ੀਆਂ ਤੋਂ ਅੱਗੇ ਜਾ ਕੇ ਸੋਚਣ ਅਤੇ ਵਿਚਾਰਨ ਦੀ ਵੀ ਜ਼ਰੂਰਤ ਹੈ। ਉਨ੍ਹਾਂ ਹੋਰ ਕਿਹਾ ਕਿ ਸਾਡੇ ਧਾਰਮਿਕ ਅਸਥਾਨ ਅੱਜਕੱਲ੍ਹ ਵਿਉਪਾਰਕ-ਅਦਾਰੇ ਬਣਦੇ ਜਾ ਰਹੇ ਹਨ।
ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬੁੱਤ-ਪ੍ਰਸਤੀ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਸੀ ਪਰ ਅਸੀਂ ਪੱਥਰ ਵਿਚ ਉੱਕਰੇ ਹੋਏ ਪੰਜੇ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਨੂੰ ਮੱਥੇ ਟੇਕਦੇ ਹੋਏ ਉਨ੍ਹਾਂ ਨੂੰ ਪੂਜੀ ਜਾ ਰਹੇ ਹਾਂ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਕੋਈ ਗੱਲ ਨਹੀਂ ਕਰਦੇ, ਉਨ੍ਹਾਂ ਨੂੰ ਮੰਨਣਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਵਿਦਵਾਨ ਲੇਖਕਾਂ ਨੂੰ ਆਪਣੀ ਖੋਜ ਦੇ ਆਧਾਰਿਤ ਵਡੇਰੇ ਕਾਰਜ ਕਰਕੇ ਇਸ ਨੂੰ ਪੁਸਤਕ ਰੂਪ ਵਿਚ ਲਿਆਉਣਾ ਚਾਹੀਦਾ ਹੈ। ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਨੇ ਵੀ ਇਸ ਦੌਰਾਨ ਵਿਚ-ਵਿਚਾਲੇ ਇਸ ਪੁਸਤਕ ਬਾਰੇ ਆਪਣੀਆਂ ਟਿੱਪਣੀਆਂ ਦਿੱਤੀਆਂ।
ਸਮਾਗਮ ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਵਿਚ ਸੰਜੀਵ ਕਾਫ਼ਿਰ, ਵਿਨੋਦ ਸ਼ਰਮਾ, ਹਰਮੇਸ਼ ਸਿੰਘ, ਹਰਜੀਤ ਬਾਜਵਾ, ਸੁਰਜੀਤ ਕੌਰ, ਹਰਭਜਨ ਕੌਰ ਗਿੱਲ, ਮਲਵਿੰਦਰ, ਹਰਜਿੰਦਰ ਸਿੰਘ ਭਸੀਨ, ਮਕਸੂਦ ਚੌਧਰੀ, ਹਰਜਸਪ੍ਰੀਤ ਗਿੱਲ, ਹਰਦਿਆਲ ਸਿੰਘ ਝੀਤਾ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਪ੍ਰੋ. ਆਸ਼ਿਕ ਰਹੀਲ, ਹਰਚੰਦ ਬਾਸੀ ਅਤੇ ਪ੍ਰਿ੍ਰੰਸੀਪਲ ਗਿਆਨ ਸਿੰਘ ਘਈ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਲੋਕ-ਗਾਇਕ ‘ਔਜਲਾ ਬਦਰਰਜ਼’ ਦੇ ਸਾਥੀ ਨੇ ਸੁਰੀਲੀ ਆਵਾਜ਼ ਵਿਚ ਆਪਣੇ ਅੰਦਾਜ਼ ਵਿਚ ਖ਼ੂਬਸੁਰਤ ਗੀਤ ਗਾ ਕੇ ਸਮਾਗ਼ਮ ਵਿਚ ਵੱਖਰਾ ਰੰਗ ਬਖੇਰ ਦਿੱਤਾ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਆਏ ਮਹਿਮਾਨਾਂ, ਬੁਲਾਰਿਆਂ ਅਤੇ ਕਵੀ-ਕਵਿੱਤਰੀਆਂ ਦਾ ਧੰਨਵਾਦ ਕਰਦਿਆਂ ਹੋਇਆਂ ਸੁਚਾਰੂ ਤੇ ਭਾਵਪੂਰਤ ਕਵਿਤਾ ਸਬੰਧੀ ਕਈ ਮੁਲਵਾਨ ਨੁਕਤੇ ਸਾਂਝੇ ਕੀਤੇ।
ਇਸ ਦੌਰਾਨ ਹਾਜ਼ਰੀਨ ਵਿਚ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਦਰਸ਼ਨ ਸਿੰਘ ਦਰਸ਼ਨ, ਬੇਅੰਤ ਸਿੰਘ ਵਿਰਦੀ, ਬਿਕਰਮਜੀਤ ਸਿੰਘ ਗਿੱਲ, ਗਿਆਨ ਸਿੰਘ ਦਰਦੀ, ਸਮੀਉਲ੍ਹਾ ਖ਼ਾਨ, ਉਨ੍ਹਾਂ ਹੋਰ ਕਿਹਾ ਕਿ ਅੰਮ੍ਰਿਤਸਰ ਤੋਂ ਆਏ ਗੁਰਪ੍ਰਤਾਪ ਸਿੰਘ, ਪੱਤਰਕਾਰ ਰਜਿੰਦਰ ਧਾਲੀਵਾਲ, ਸ਼੍ਰੀਮਤੀ ਘਈ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ, ਕੁਲਦੀਪ ਸਿੰਘ ਤੇ ਕਈ ਹੋਰ ਸ਼ਾਮਲ ਸਨ।