ਜਦੋਂ ਲਾਵਾਰਸ-ਬੇਘਰ ਮਰੀਜ਼ਾਂ ਲਈ ਸਾਰੇ ਦਰ ਬੰਦ ਹੋ ਜਾਂਦੇ ਹਨ ਤਾਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦਾ ਦਰ ਉਹਨਾਂ ਲਈ ਸਦਾ ਖੁੱਲ੍ਹਾ ਰਹਿੰਦਾ ਹੈ। ਇਹ ਘਟਨਾ 19 ਸਤੰਬਰ ਦੀ ਹੈ ਜਦੋਂ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਦੁੱਗਰੀ-ਧਾਂਦਰਾ ਸੜਕ ‘ਤੇ ਵਸੇ ਗੁਰੂ ਨਾਨਕ ਨਗਰ ਦੇ ਕੁੱਝ ਵਿਅਕਤੀਆਂ ਨੇ ਤਿੰਨ-ਚਾਰ ਹਫ਼ਤੇ ਤੋਂ ਅਤੀ ਤਰਸਯੋਗ ਹਾਲਤ ਵਿੱਚ ਸੜਕ ਕੰਢੇ ਰਹਿ ਰਹੀ ਇਸ ਦਿਮਾਗੀ ਸੰਤੁਲਨ ਗੁਆ ਚੁੱਕੀ ਔਰਤ ਨੂੰ ਵੇਖਿਆ। ਉਹਨਾਂ ਨੇ ਪੰਚਾਇਤ ਮੈਂਬਰ ਪਰਮਜੀਤ ਕੌਰ, ਇੰਦਰਜੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਕੁੱਝ ਹੋਰ ਪਤਵੰਤੇ ਸੱਜਣਾਂ ਦੀ ਸਹਾਇਤਾ ਨਾਲ ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਨਾਲ ਸੰਪਰਕ ਕੀਤਾ। ਜਿਸ ਉਪਰੰਤ ਆਸ਼ਰਮ ਦੇ ਸੇਵਾਦਾਰ ਆ ਕੇ ਇਸ ਨੂੰ ਆਸ਼ਰਮ ਵਿੱਚ ਲੈ ਗਏ। ਪੁੱਛਣ ਤੇ ਇਸ ਨੇ ਆਪਣਾ ਨਾਮ ਨੀਲਮ ਦੱਸਿਆ ਹੈ ਪਰ ਹੋਰ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਆਸ-ਪਾਸ ਦੇ ਲੋਕਾਂ ਦੇ ਦੱਸਣ ਮੁਤਾਬਕ ਨੀਲਮ ਨਾਂ ਦੀ ਇਸ ਔਰਤ ਦਾ ਕੁੱਝ ਸਮਾਂ ਪਹਿਲਾਂ ਆਪਣੇ ਪਤੀ ਨਾਲ ਤਲਾਕ ਹੋ ਗਿਆ ਸੀ। ਕੁੱਝ ਸਮਾਂ ਬਾਅਦ ਇਸ ਦੀ ਲੜਕੀ ਵੀ ਇਸ ਨੂੰ ਛੱਡ ਕੇ ਚਲੀ ਗਈ। ਮਕਾਨ ਦਾ ਕਿਰਾਇਆ ਨਾ ਦੇ ਸਕਣ ਕਾਰਨ ਮਾਲਕ ਮਕਾਨ ਨੇ ਨੀਲਮ ਨੂੰ ਮਕਾਨ ਵਿੱਚੋਂ ਕੱਢ ਦਿੱਤਾ। ਹੁਣ ਇਹ ਕਈ ਮਹੀਨਿਆਂ ਤੋਂ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੜਕਾਂ ਕਿਨਾਰੇ ਹੀ ਸੌਂਦੀ ਸੀ। ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਦਾ ਮਾਨਸਿਕ ਸੰਤੁਲਨ ਕਿੰਨੇ ਕੁ ਸਮੇਂ ਤੋਂ ਵਿਗੜਿਆ ਹੋਇਆ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਦੱਸਿਆ ਕਿ ਆਸ਼ਰਮ ਵਿੱਚ ਇਸ ਦਾ ਇਲਾਜ ਦਿਆ ਨੰਦ ਹਸਪਤਾਲ ਲੁਧਿਆਣਾ ਦੇ ਮਸ਼ਹੂਰ ਰਿਟਾਇਡ ਸਾਇਕੈਟਰਿਸਟ ਡਾ. ਆਰ. ਐਲ ਨਾਰੰਗ ਵੱਲੋਂ ਕੀਤਾ ਜਾਵੇਗਾ। ਉਮੀਦ ਹੈ ਕਿ ਇਹ ਜਲਦੀ ਠੀਕ ਹੋ ਜਾਵੇਗੀ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਆਸ਼ਰਮ ਵਿੱਚ ਪੌਣੇ ਦੋ ਸੌ (175) ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ । ਇਹ ਸਾਰੇ ਹੀ ਲਾਵਾਰਸ ਤੇ ਬੇਘਰ ਹਨ। ਇਹਨਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਇੰਡੀਆ ਵਿੱਚ (ਮੋਬਾ); 95018-42506 ਅਤੇ ਕੈਨੇਡਾ ਵਿੱਚ 403-401-8787 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ੲੲੲ
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …