ਹੁਣ ਹਰ ਨਾਗਰਿਕ ਦਾ ਸਿਹਤ ਰਿਕਾਰਡ ਰਹੇਗਾ ਸੁਰੱਖਿਅਤ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ‘ਚ ਸਿਹਤ ਸੇਵਾਵਾਂ ਨੂੰ ਡਿਜੀਟਲ ਮੁਹਿੰਮ ਹੇਠਾਂ ਲਿਆਉਣ ਦੀ ਕਵਾਇਦ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਸ਼ੁਰੂਆਤ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਲਾਂਚ ਕੀਤੀ ਇਸ ਯੋਜਨਾ ਤਹਿਤ ਹਰ ਭਾਰਤੀ ਨਾਗਰਿਕ ਲਈ ਇਕ ਨਿਵੇਕਲਾ ਸਿਹਤ ਨੰਬਰ ਜਾਰੀ ਕੀਤਾ ਜਾਵੇਗਾ।
ਆਧਾਰ ਨੰਬਰ ਦੀ ਤਰਜ਼ ‘ਤੇ ਇਸ 14 ਅੰਕਾਂ ਵਾਲੇ ਹੈਲਥ ਨੰਬਰ ਰਾਹੀਂ ਦੇਸ਼ ਭਰ ‘ਚ ਡਿਜੀਟਲ ਈਕੋ ਸਿਸਟਮ ਤਿਆਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਹੁਣ ਇਕ ਅਜਿਹੇ ਸਿਹਤ ਮਾਡਲ ‘ਤੇ ਕੰਮ ਕਰ ਰਿਹਾ ਹੈ ਜਿਸ ‘ਚ ਬਿਮਾਰੀਆਂ ਤੋਂ ਬਚਾਅ ‘ਤੇ ਜ਼ੋਰ ਦਿੱਤਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਨਾਗਰਿਕਾਂ ਲਈ ਸਿਹਤ ਸੇਵਾਵਾਂ ਪ੍ਰਾਪਤ ਕਰਨਾ ਬਸ ਇਕ ਕਲਿੱਕ ਦੀ ਦੂਰੀ ‘ਤੇ ਹੋਵੇਗਾ। ਡਿਜੀਲਾਈਜ਼ੇਸ਼ਨ ਰਾਹੀਂ ਸੁਖਾਲੀ ਸਿਹਤ ਸੰਭਾਲ ਮੁਹੱਈਆ ਕਰਨ ਦਾ ਦਾਆਵਾ ਕਰਦਿਆਂ ਮੋਦੀ ਨੇ ਕਿਹਾ ਕਿ ਹੁਣ ਹਰ ਨਾਗਰਿਕ ਦੇ ਸਿਹਤ ਰਿਕਾਰਡ ਡਿਜੀਟਲੀ ਸੁਰੱਖਿਅਤ ਰਹਿਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਯੋਜਨਾ ਨੈਸ਼ਨਲ ਡਿਜੀਟਲ ਮਿਸ਼ਨ ਦੇ ਨਾਂਅ ਹੇਠ ਚੱਲ ਰਹੀ ਸੀ।
ਪ੍ਰਧਾਨ ਮੰਤਰੀ ਵਲੋਂ 15 ਅਗਸਤ, 2020 ‘ਚ ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਲਾਂਚ ਕੀਤਾ ਗਿਆ ਸੀ। ਇਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਚੰਡੀਗੜ੍ਹ ਤੋਂ ਇਲਾਵਾ ਅੰਡੇਮਾਨ ਨਿਕੋਬਾਰ, ਦਾਦਰਾ ਨਗਰ ਹਵੇਲੀ, ਦਮਨ ਤੇ ਦੀਵ, ਲੱਦਾਖ ਅਤੇ ਲਕਸ਼ਦੀਪ ਸ਼ਾਮਿਲ ਹਨ। ਹੁਣ ਇਹ ਯੋਜਨਾ ਪੂਰੇ ਦੇਸ਼ ਲਈ ਸ਼ੁਰੂ ਕੀਤੀ ਗਈ ਹੈ। ਮੋਦੀ ਨੇ ਭਾਰਤ ‘ਚ ਡਿਜੀਟਲ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ 130 ਕਰੋੜ ਆਧਾਰ ਨੰਬਰ, 118 ਕਰੋੜ ਮੋਬਾਈਲ ਫ਼ੋਨ, ਤਕਰੀਬਨ 80 ਕਰੋੜ ਇੰਟਰਨੈੱਟ ਵਰਤਣ ਵਾਲੇ, ਤਕਰੀਬਨ 43 ਕਰੋੜ ਜਨ ਧਨ ਖਾਤੇ ਹਨ। ਉਨ੍ਹਾਂ ਕਿਹਾ ਕਿ ਐਨਾ ਵੱਡਾ ਜੁੜਿਆ ਹੋਇਆ ਬੁਨਿਆਦੀ ਢਾਂਚਾ ਦੁਨੀਆ ‘ਚ ਕਿਤੇ ਨਹੀਂ ਹੈ। ਇਹ ਡਿਜੀਟਲ ਬੁਨਿਆਦੀ ਢਾਂਚਾ ਗਠਨ ਤੋਂ ਲੈ ਕੇ ਪ੍ਰਸ਼ਾਸਨ ਤੱਕ ਨੂੰ ਤੇਜ਼ ਪਾਰਦਰਸ਼ੀ ਢੰਗ ਨਾਲ ਆਮ ਭਾਰਤੀ ਤੱਕ ਪਹੁੰਚ ਰਿਹਾ ਹੈ।