Breaking News
Home / Special Story / ਪੰਜਾਬ ‘ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣੇਗੀ : ਨਰਿੰਦਰ ਮੋਦੀ

ਪੰਜਾਬ ‘ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣੇਗੀ : ਨਰਿੰਦਰ ਮੋਦੀ

ਜਲੰਧਰ ਰੈਲੀ ਵਿਚ ਪ੍ਰਧਾਨ ਮੰਤਰੀ ਵੱਲੋਂ ਮਾਫ਼ੀਆ ਤੇ ਨਸ਼ਿਆਂ ਨੂੰ ਨੱਥ ਪਾਉਣ ਦਾ ਵੀ ਵਾਅਦਾ
ਜਲੰਧਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਪਹਿਲੀ ਚੋਣ ਰੈਲੀ ਨੂੰ ਜਲੰਧਰ ਵਿਚ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਦਿੱਤੇ ਗਏ ਨਾਅਰੇ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨੂੰ ਪੂਰੇ ਜ਼ੋਰ ਨਾਲ ਉਭਾਰਿਆ। ਉਨ੍ਹਾਂ ਪੀਏਪੀ ਗਰਾਊਂਡ ਵਿਚ ਕੀਤੀ ਚੋਣ ਰੈਲੀ ‘ਚ ਕਿਹਾ ਕਿ ਨਵਾਂ ਪੰਜਾਬ ਕਰਜ਼ੇ, ਮਾਫੀਆ ਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ, ਸਾਰਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਬਣੇਗੀ। ਨਰਿੰਦਰ ਮੋਦੀ ਨੇ ਆਪਣੇ ਸਾਰੇ ਭਾਸ਼ਣ ਵਿਚ ਹਮਲਾਵਰ ਰੁਖ਼ ਅਪਣਾਉਂਦਿਆਂ ਵਿਰੋਧੀਆਂ ‘ਤੇ ਨਿਸ਼ਾਨੇ ਲਾਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਐੱਨਡੀਏ ਦੀ ਸਰਕਾਰ ਬਣਨ ਨਾਲ ਸੂਬੇ ਦੇ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਪੰਜਾਬ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਜਾਵੇਗਾ ਤੇ ਇਸ ਨੂੰ ਤਰੱਕੀ ਦੀਆਂ ਲੀਹਾਂ ‘ਤੇ ਤੋਰਿਆ ਜਾਵੇਗਾ। ਉਨ੍ਹਾਂ ਆਪਣੇ ਭਾਸ਼ਣ ਵਿਚ ਵਾਰ-ਵਾਰ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨਾਅਰੇ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿਚ ਪੂਰੀ ਤਰ੍ਹਾਂ ਨਾਲ ਕਾਨੂੰਨ ਦਾ ਰਾਜ ਹੋਵੇਗਾ। ਇੱਥੇ ਮਾਫੀਆ ਤੇ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਥੇ ਵੀ ‘ਡਬਲ ਇੰਜਣ’ ਵਾਲੀ ਸਰਕਾਰ ਬਣਾਉਣ ਤਾਂ ਜੋ ਕੇਂਦਰ ਤੇ ਸੂਬਾ ਸਰਕਾਰਾਂ ਰਲ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਸਕਣ।
ਇਸ ਮੌਕੇ ਮੰਚ ‘ਤੇ ਮੋਦੀ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਹਰਦੀਪ ਸਿੰਘ ਪੁਰੀ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੇਵਾਮੁਕਤ ਡੀਜੀਪੀ ਐੱਸਐੱਸ ਵਿਰਕ ਤੇ ਪਰਮਦੀਪ ਸਿੰਘ ਗਿੱਲ, ਸਰਬਜੀਤ ਸਿੰਘ ਮੱਕੜ, ਮਨੋਰੰਜਨ ਕਾਲੀਆ, ਕੇਡੀ ਭੰਡਾਰੀ ਅਤੇ ਤਰੁਣ ਚੁੱਘ ਤੇ ਹੋਰ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਕੰਮ ਨਹੀਂ ਕੀਤਾ ਸਗੋਂ ਹਮੇਸ਼ਾ ਅੜਿੱਕੇ ਡਾਹੇ ਹਨ। ਪ੍ਰਿਯੰਕਾ ਗਾਂਧੀ ਦਾ ਨਾਂ ਲਏ ਬਿਨਾਂ ਨਰਿੰਦਰ ਮੋਦੀ ਨੇ ਕਿਹਾ ਕਿ ਭੈਣ-ਭਰਾਵਾਂ ਸਮੇਤ ਚੋਟੀ ਦੇ ਕਾਂਗਰਸੀ ਆਗੂ ਇਹ ਬਿਆਨਬਾਜ਼ੀ ਕਰ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਇਸ਼ਾਰਿਆਂ ‘ਤੇ ਚੱਲਦਾ ਸੀ ਇਸ ਕਰਕੇ ਉਸ ਨੂੰ ਹਟਾਉਣਾ ਪਿਆ। ਪ੍ਰਧਾਨ ਮੰਤਰੀ ਨੇ ਦਲੀਲ ਦਿੱਤੀ ਕਿ ਇਸ ਦਾ ਮਤਲਬ ਇਹ ਹੋਇਆ ਕਿ ਸਾਰੀਆਂ ਕਾਂਗਰਸ ਸਰਕਾਰਾਂ ਰਿਮੋਟ ਕੰਟਰੋਲ ਨਾਲ ਚੱਲਦੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫੈਡਰਲ ਢਾਂਚੇ ਮੁਤਾਬਕ ਕੰਮ ਕੀਤਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਕਾਂਗਰਸ ਟੁੱਟ ਰਹੀ ਹੈ ਤਾਂ ਉਹ ਇਸ ਦੀ ਜ਼ਿੰਮੇਵਾਰੀ ਕਿਸੇ ਹੋਰ ‘ਤੇ ਪਾ ਰਹੇ ਹਨ ਜਦਕਿ ਉਨ੍ਹਾਂ ਦੇ ਆਪਣੇ ਆਗੂ ਹੀ ਕਾਂਗਰਸ ਨੂੰ ਬੇਨਕਾਬ ਕਰ ਰਹੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਇਨ੍ਹਾਂ ਆਪਸ ਵਿਚ ਲੜਨ ਵਾਲੇ ਕਾਂਗਰਸੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਪੰਜਾਬ ਨੂੰ ਸਥਿਰ ਸਰਕਾਰ ਦੇ ਸਕਣਗੇ? ਮੋਦੀ ਨੇ ਆਪਣੇ ਭਾਸ਼ਣ ਵਿਚ ਸਿੱਖ ਗੁਰੂਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਤੇ ਗੁਰੂਆਂ ਦੀਆਂ ਸ਼ਤਾਬਦੀਆਂ ਮਨਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਯਤਨਾਂ ਦਾ ਜ਼ਿਕਰ ਕੀਤਾ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਾਧਿਆ ਸਿਆਸੀ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿਚ ਜਦੋਂ ਅਕਾਲੀ ਦਲ ਨਾਲ ਗੱਠਜੋੜ ਸੀ ਤਾਂ ਭਾਜਪਾ ਨੇ ਹਮੇਸ਼ਾ ਹੀ ਛੋਟੇ ਭਰਾ ਵਾਲੀ ਭੂਮਿਕਾ ਨਿਭਾਈ ਸੀ। ਇਕ ਵਾਰ ਅਜਿਹਾ ਮੌਕਾ ਵੀ ਆਇਆ ਜਦੋਂ ਭਾਜਪਾ ਤੋਂ ਬਿਨਾਂ ਪੰਜਾਬ ਵਿਚ ਸਰਕਾਰ ਨਹੀਂ ਸੀ ਬਣ ਸਕਦੀ, ਉਦੋਂ ਭਾਜਪਾ ਦਾ ਉਪ ਮੁੱਖ ਮੰਤਰੀ ਬਣਨਾ ਚਾਹੀਦਾ ਸੀ ਪਰ ਭਾਜਪਾ ਨਾਲ ਅਨਿਆਂ ਹੋਇਆ। ਮੋਦੀ ਨੇ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਦਕਿ ਭਾਜਪਾ ਦੇ ਮਨੋਰੰਜਨ ਕਾਲੀਆ ਦਾ ਪੂਰਾ ਹੱਕ ਬਣਦਾ ਸੀ ਕਿ ਉਨ੍ਹਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾਂਦਾ। ਪਰ ਭਾਜਪਾ ਨੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਅਜਿਹਾ ਨਹੀਂ ਕੀਤਾ ਕਿ ਉਹ ਸਰਕਾਰ ਤੋੜ ਦੇਵੇ ਕਿਉਂਕਿ ਭਾਜਪਾ ਪੰਜਾਬ ਦਾ ਭਲਾ ਚਾਹੁੰਦੀ ਸੀ।
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਕਾਂਗਰਸ ‘ਤੇ ਲਗਾਏ ਆਰੋਪ
ਕਿਹਾ : ਪੰਜਾਬ ‘ਚ ਕਾਂਗਰਸ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਵਧਿਆ
ਬਰਨਾਲਾ/ਬਿਊਰੋ ਨਿਊਜ਼ : ਬਰਨਾਲਾ ਵਿਖੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ‘ਚ ਸੂਬੇ ਅੰਦਰ ਭ੍ਰਿਸ਼ਟਾਚਾਰ ਸਿਖ਼ਰ ‘ਤੇ ਪਹੁੰਚ ਗਿਆ ਹੈ, ਜਿਸ ਦਾ ਸਬੂਤ ਮੁੱਖ ਮੰਤਰੀ ਚੰਨੀ ਦੇ ਭਾਣਜੇ ਘਰੋਂ ਮਿਲੀ ਕਰੋੜਾਂ ਰੁਪਏ ਦੀ ਨਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਕੱਖ ਨਹੀਂ ਸੰਵਾਰਿਆ ਅਤੇ ਹੁਣ ਵੀ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ‘ਕਮਲ’ ਦਾ ਬਟਨ ਦਬਾ ਕੇ ਕਾਂਗਰਸ ਨੂੰ ਪੁੱਠੇ ਪੈਰੀਂ ਮੋੜਨਾ ਹੁਣ ਪੰਜਾਬੀਆਂ ਦੇ ਹੱਥ ਵਿੱਚ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਵਾਲੀ ਭਾਜਪਾ ਇਸ ਵਾਰ ਪੰਜਾਬ ਦੀਆਂ 70 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਿਸ ਦੀਆਂ ਸਹਿਯੋਗੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀਆਂ ਵੀ ਆਪਣੇ ਉਮੀਦਵਾਰ ਉਤਾਰ ਚੁੱਕੀਆਂ ਹਨ। ਪਿਊਸ਼ ਗੋਇਲ ਨੇ ਕਿਹਾ ਕਿ ਪੰਜਾਬ ਅੰਦਰ ਸੁਰੱਖਿਆ ਦੀ ਹਾਲਤ ਬੇਹੱਦ ਮਾੜੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਲੋਕ ਵੀ ਬਦਲਾਅ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ, ਜੋ ਉੱਥੇ ਕੁਝ ਨਹੀਂ ਸੰਵਾਰ ਸਕੇ।
ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਮੁਲਾਜ਼ਮਾਂ ਸਮੇਤ ਸਮੁੱਚੇ ਵਰਗਾਂ ਲਈ ਕੰਮ ਕਰੇਗੀ ਤੇ ਪੰਜਾਬ ਅੰਦਰ ਰੁਜ਼ਗਾਰ, ਸੁਰੱਖਿਆ ਤੇ ਸਭ ਨੂੰ ਨਾਲ ਲਿਜਾਣ ਦੇ ਮੌਕੇ ਪੈਦਾ ਕਰੇਗੀ।
ਪਿਊਸ਼ ਗੋਇਲ ਦਾ ਕਿਸਾਨਾਂ ਨੇ ਕੀਤਾ ਵਿਰੋਧ
ਬਰਨਾਲਾ : ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਬਰਨਾਲਾ ਹਲਕੇ ਤੋਂ ਭਾਜਪਾ ਉਮੀਦਵਾਰ ਧੀਰਜ ਦੱਦਾਹੂਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਹਿੱਤ ਬਰਨਾਲਾ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਭਰਵੀਂ ਗਿਣਤੀ ‘ਚ ਇਕੱਤਰ ਹੋਏ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕਿਸਾਨ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜੈ ਕਿਸਾਨ ਅੰਦੋਲਨ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਸਥਾਨਕ ਆਈਟੀਆਈ ਚੌਕ ਵਿੱਚ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਤੇ ‘ਕੇਂਦਰੀ ਮੰਤਰੀ ਪਿਯੂਸ਼ ਗੋ ਬੈਕ’ ਦੇ ਨਾਅਰੇ ਲਾਏ ਗਏ। ਕਿਸਾਨ ਆਗੂਆਂ ਨੇ ਕਿਹਾ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ 378 ਦਿਨ ਲਗਾਤਾਰ ਚੱਲੇ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 750 ਕਿਸਾਨਾਂ ਦੀ ਮੌਤ ਦੀ ਜ਼ਿੰਮੇਵਾਰ ਮੋਦੀ ਹਕੂਮਤ ਸਿੱਖ ਆਗੂਆਂ ਰਾਹੀਂ ਪੰਜਾਬ ਅੰਦਰ ਘੁਸਪੈਠ ਕਰ ਰਹੀ ਹੈ। ਅਜਿਹਾ ਕਰ ਕੇ ਮੋਦੀ ਹਕੂਮਤ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੀ ਹੈ।
‘ਕਾਂਗਰਸ ਦੇ ਯੁਵਰਾਜ ਕਾਰਨ ਮੇਰਾ ਹੈਲੀਕਾਪਟਰ ਰੋਕਿਆ ਗਿਆ ਸੀ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਰੋਕੇ ਜਾਣ ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ 2014 ਵਿਚ ਪ੍ਰਚਾਰ ਵਾਸਤੇ ਉਨ੍ਹਾਂ ਪਠਾਨਕੋਟ ਤੇ ਉੱਥੋਂ ਹਿਮਾਚਲ ਜਾਣਾ ਸੀ ਤਾਂ ਕਾਂਗਰਸ ਦਾ ‘ਯੁਵਰਾਜ’ ਸਿਰਫ ਸੰਸਦ ਮੈਂਬਰ ਸੀ ਤੇ ਉਹ ਪੰਜਾਬ ਦੇ ਦੌਰੇ ‘ਤੇ ਸੀ। ਇਸੇ ਵਜ੍ਹਾ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਨਹੀਂ ਉਡਣ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਆਪਣੇ ਹਿਮਾਚਲ ਵਾਲੇ ਪ੍ਰੋਗਰਾਮ ਰੱਦ ਕਰਨੇ ਪਏ ਸਨ।
ਪ੍ਰਧਾਨ ਮੰਤਰੀ ਮੋਦੀ ਨਾਲ ਮੇਰਾ ਬਹੁਤ ਪਿਆਰ : ਕੈਪਟਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਪਿਆਰ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਪਹਿਲਾ ਕੰਮ ਇਹ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰੀਏ। ਦੂਜੀ ਗੱਲ ਕਿ ਪੰਜਾਬ ਦੇ ਸਿਰ ਚੜ੍ਹੇ ਪੰਜ ਲੱਖ ਕਰੋੜ ਦੇ ਕਰਜ਼ੇ ਦਾ ਨਿਬੇੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਅਗਲੇ ਸਾਲ ਜੀਐੱਸਟੀ ਦਾ ਫੰਡ ਵੀ ਮੁੱਕ ਜਾਵੇਗਾ ਤਾਂ ਫਿਰ ਪੈਸਾ ਕਿੱਥੋਂ ਆਵੇਗਾ? ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਮਿਲ ਕੇ ਚੱਲੇਗੀ ਤਾਂ ਹੀ ਪੰਜਾਬ ਦਾ ਭਵਿੱਖ ਬਣੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਜਜ਼ਬੇ ਨਾਲ ਉਹ ਪ੍ਰਧਾਨ ਮੰਤਰੀ ਦੀ ਰੈਲੀ ਵਿਚ ਆਏ ਹਨ ਉਸੇ ਤਰ੍ਹਾਂ ਹੀ ਉਹ ਉਮੀਦਵਾਰਾਂ ਨੂੰ ਜਿਤਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਾਲ ਬੜਾ ਪਿਆਰ ਹੈ। ਜਿਵੇਂ ਕਾਂਗਰਸ ਵੀ ਕਹਿੰਦੀ ਹੈ ਕਿ ਮੇਰਾ ਭਾਜਪਾ ਨਾਲ ਪਿਆਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ, ਉਨ੍ਹਾਂ ਦਾ ਪਿਆਰ ਤਾਂ ਮੋਦੀ ਨਾਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਵੀ ਯਾਦ ਕਰਵਾਈ ਕਿ ਉਹ ਪਹਿਲੀ ਵਾਰ ਉਨ੍ਹਾਂ ਨੂੰ 30 ਸਾਲ ਪਹਿਲਾਂ ਜਲੰਧਰ ਵਿਚ ਹੀ ਇਕ ਸਮਾਗਮ ਦੌਰਾਨ ਮਿਲੇ ਸਨ ਤੇ ਹੁਣ ਵੀ ਉਹ ਜਲੰਧਰ ਵਿਚ ਇਕ ਮੰਚ ‘ਤੇ ਇਕੱਠੇ ਹੋਏ ਹਨ।
ਮੋਦੀ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਨੇ: ਸੁਖਦੇਵ ਢੀਂਡਸਾ
ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਕਰਕੇ ਕਿਉਂਕਿ ਉਹ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬੁਰੇ ਹਾਲਾਤ ‘ਚੋਂ ਲੰਘ ਰਿਹਾ ਹੈ, ਇਥੋਂ ਦੀ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਸੂਬੇ ਸਿਰ 5 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ।
ਪੰਜਾਬ ਨੂੰ ਕਰਜ਼ੇ ਅਤੇ ਨਸ਼ਿਆਂ ਦੇ ਜਾਲ ‘ਚੋਂ ਕੱਢਣ ਲਈ ਮੋਦੀ ਵਰਗੇ ਆਗੂ ਦੀ ਲੋੜ : ਜੇਪੀ ਨੱਢਾ
ਮੌੜ ਮੰਡੀ/ਬਿਊਰੋ ਨਿਊਜ਼ : ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਪੰਜਾਬ ਨੂੰ ਕਰਜ਼ੇ ਅਤੇ ਨਸ਼ੇ ਦੇ ਜਾਲ ‘ਚੋਂ ਕੱਢਣ ਲਈ ਨਰਿੰਦਰ ਮੋਦੀ ਵਰਗੇ ਆਗੂ ਦੀ ਲੋੜ ਹੈ। ਉਹ ਮੌੜ ਮੰਡੀ ਤੋਂ ਉਮੀਦਵਾਰ ਦਿਆਲ ਸਿੰਘ ਸੋਢੀ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਨੱਢਾ ਨੇ ਕਿਹਾ ਕਿ ਭਾਜਪਾ ਇੱਕੋ-ਇੱਕ ਅਜਿਹੀ ਪਾਰਟੀ ਹੈ, ਜੋ ਪਰਿਵਾਰਵਾਦ ਤੋਂ ਮੁਕਤ ਹੈ।
ਪਰਿਵਾਰਵਾਦ ਵਿਚ ਗਲਤਾਨ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਨੂੰ ਕਰਜ਼ੇ ਅਤੇ ਨਸ਼ੇ ਦੇ ਮੱਕੜਜਾਲ ‘ਚੋਂ ਕੱਢਣ ਲਈ ਨਰਿੰਦਰ ਮੋਦੀ ਵਰਗੇ ਆਗੂ ਦੀ ਲੋੜ ਹੈ। ਉਹ ਸੂਬੇ ‘ਚੋਂ ਹਰ ਤਰ੍ਹਾਂ ਦਾ ਮਾਫੀਆ ਖ਼ਤਮ ਕਰ ਕੇ ਦੁਬਾਰਾ ਇਸ ਨੂੰ ਖੁਸ਼ਹਾਲੀ ਦੇ ਰਸਤੇ ‘ਤੇ ਤੋਰ ਸਕਦੇ ਹਨ।
ਨੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬੀਆਂ ਖਾਸ ਕਰ ਸਿੱਖ ਭਾਈਚਾਰੇ ਦੇ ਹਿੱਤਾਂ ਵਿੱਚ ਲਏ ਫੈਸਲਿਆਂ, ਜਿਵੇਂ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਲੰਗਰ ਟੈਕਸ ਮੁਕਤ ਕਰਨਾ, 316 ਵਿਅਕਤੀਆਂ ਦੇ ਨਾਂ ਬਲੈਕ ਸੂਚੀ ‘ਚੋਂ ਹਟਾ ਕੇ ਮੁੱਖ ਧਾਰਾ ਵਿੱਚ ਸ਼ਾਮਲ ਕਰਨੇ, 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਐੱਸਆਈਟੀ ਦਾ ਗਠਨ ਕਰਕੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਵਿਚ ਆ ਕੇ ਭਾਜਪਾ ਦਾ ਵਿਰੋਧ ਨਾ ਕਰਨ ਸਗੋਂ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਭਾਜਪਾ ਦਾ ਸਾਥ ਦੇਣ। ਇਸ ਮੌਕੇ ਜਗਦੀਪ ਸਿੰਘ ਨਕੱਈ, ਸੂਰਜ ਛਾਬੜਾ, ਦਰਸ਼ਨ ਸਿੰਘ, ਭਾਰਤ ਭੂਸ਼ਨ ਹਾਜ਼ਰ ਸਨ।
ਕਿਸਾਨਾਂ ਨੇ ਜੇਪੀ ਨੱਢਾ ਦਾ ਕੀਤਾ ਵਿਰੋਧ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਮੌੜ ਮੰਡੀ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦਾ ਵਿਰੋਧ ਕੀਤਾ, ਜਿਸ ਕਾਰਨ ਉਹ ਰੈਲੀ ਵਾਲੇ ਸਥਾਨ ‘ਤੇ ਲਗਪਗ ਦੋ ਘੰਟੇ ਲੇਟ ਪਹੁੰਚੇ। ਇਸ ਮੌਕੇ ਪੁਲਿਸ ਜਦੋਂ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਲਖਵੀਰ ਸਿੰਘ ਖੋਖਰ ਨੂੰ ਜਬਰਦਸਤੀ ਬੱਸ ਵਿਚ ਚੜ੍ਹਾਉਣ ਲੱਗੀ ਤਾਂ ਕਿਸਾਨਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਡਰਾਮਾ ਕਰ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਿਸ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਅਣਦੱਸੀ ਜਗ੍ਹਾ ‘ਤੇ ਲੈ ਗਈ ਪਰ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਮੋਦੀ ਨੇ ਪਠਾਨਕੋਟ ‘ਚ ਸੁਰੱਖਿਆ ਦੇ ਨਾਮ ‘ਤੇ ਮੰਗੀਆਂ ਵੋਟਾਂ
ਕਿਹਾ : ਕਾਂਗਰਸ ਦੀ ਫੋਟੋ ਕਾਪੀ ਹੈ ਆਮ ਆਦਮੀ ਪਾਰਟੀ
ਪਠਾਨਕੋਟ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪਠਾਨਕੋਟ ਵਿਚ ਭਾਰਤੀ ਜਨਤਾ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਝਾ ਖੇਤਰ ਵਿਚ ਕੋਈ ਉਦਯੋਗਿਕ ਪ੍ਰਗਤੀ ਨਹੀਂ ਹੈ ਅਤੇ ਕੇਵਲ ਨਜਾਇਜ਼ ਰੇਤ ਖਨਨ ਵਿਚ ਲੁੱਟ ਦਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਲ ਕਰਮਚਾਰੀਆਂ ਨੂੰ ਡਾਂਡੇ ਮਾਰਨ ਲਈ ਪੁਲਿਸ ਹੈ, ਪਰ ਖਨਨ ਮਾਫੀਆ ਮਹਿਲਾਂ ਵਿਚ ਮੌਜ ਕਰਦਾ ਹੈ। ਮੋਦੀ ਨੇ ਕਿਹਾ ਕਿ ਪੰਜਾਬ ਵਿਚ ਐਨਡੀਏ ਦੀ ਸਰਕਾਰ ਬਣੀ ਤਾਂ ਮਾਫੀਆ ਪੰਜਾਬ ਵਿਚੋਂ ਭੱਜ ਜਾਵੇਗਾ ਅਤੇ ਨੌਜਵਾਨ ਬਾਹਰ ਨਹੀਂ ਜਾਵੇਗਾ। ਉਨ੍ਹਾਂ ਪੰਜਾਬ ਵਿਚ ਕਿਸਾਨੀ ਅਤੇ ਵਪਾਰ ਨੂੰ ਲਾਹੇਵੰਦ ਬਣਾਉਣ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਨੂੰ ਪੰਜ ਸਾਲ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿਓ ਅਤੇ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਵੋਟ ਦਿਓ। ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇੱਕੋ ਥਾਲੀ ਦੇ ਚੱਟੇ ਵੱਟੇ ਦੱਸਿਆ ਅਤੇ ਕਿਹਾ ਕਿ ਇਹ ਦੋਵੇਂ ਮਿਲ ਕੇ ਪੰਜਾਬ ‘ਚ ਨੂਰਾ ਕੁਸ਼ਤੀ ਕਰ ਰਹੀਆਂ ਹਨ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਨੂੰ ਕਾਂਗਰਸ ਦੀ ‘ਫੋਟੋਕਾਪੀ’ ਦੱਸਦੇ ਹੋਏ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਕ ਦੂਜੇ ਖਿਲਾਫ਼ ਲੜਨ ਦਾ ਢੌਂਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਜਦੋਂ ਦਿੱਲੀ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤਾਂ ਕਾਂਗਰਸ ਨੇ ਉਸ ਨੂੰ ਸਮਰਥਨ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਸੁਰੱਖਿਆ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਅਕਤੀ ਸਨ, ਜੋ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਦੇ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸ ਵਿਚ ਨਹੀਂ ਹਨ।
ਮੋਦੀ ਨੇ ਕਿਹਾ ਕਿ ਭਾਜਪਾ ਅਤੇ ਉਨ੍ਹਾਂ ਨੂੰ ਹਿੰਦੁਸਤਾਨ ਦੇ ਹੋਰਨਾਂ ਰਾਜਾਂ ਦੀ ਨਿਸਬਤ ਪੰਜਾਬ ਅੰਦਰ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਪੰਜਾਬ ਦੇ ਲੋਕਾਂ ਤੋਂ 5 ਸਾਲ ਲਈ ਸੇਵਾ ਕਰਨ ਦਾ ਮੌਕਾ ਮੰਗਿਆ। ਮੋਦੀ ਨੇ ਪੰਜਾਬ ‘ਚ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਪਹਿਲਾਂ ਉਹ ਇਥੇ ਇੱਕ ਛੋਟੇ ਦਲ ਦੇ ਰੂਪ ਵਿੱਚ ਸਰਕਾਰ ਨਾਲ ਹਾਸ਼ੀਏ ‘ਤੇ ਚੱਲ ਰਹੇ ਸਨ, ਪਰ ਉਦੋਂ ਸੂਬੇ ਦੇ ਭਲੇ, ਸ਼ਾਂਤੀ ਅਤੇ ਉਜਵਲ ਭਵਿੱਖ ਲਈ ਆਪਣੀ ਪਾਰਟੀ (ਭਾਜਪਾ) ਦਾ ਨੁਕਸਾਨ ਕਰ ਕੇ ਪੰਜਾਬ ਨੂੰ ਤਰਜੀਹ ਦਿੱਤੀ। ਉਨ੍ਹਾਂ ਪੰਜਾਬ ਅੰਦਰ ਕਿਸਾਨੀ, ਵਪਾਰ ਅਤੇ ਇੰਡਸਟਰੀ ਨੂੰ ਲਾਹੇਵੰਦ ਬਣਾਉਣ ਤੇ ਸੂਬੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਜਬੂਰ ਨਹੀਂ ਮਜ਼ਬੂਤ ਬਣਾਇਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਅੰਦਰ ਸੈਂਕੜਿਆਂ ਦੀ ਸੰਖਿਆ ਵਿੱਚ ਆਰਮੀ ਸਕੂਲ ਖੋਲ੍ਹਣ ਦਾ ਦਾਅਵਾ ਕੀਤਾ, ਜਿਨ੍ਹਾਂ ਵਿੱਚ ਲੜਕੀਆਂ ਵੀ ਦਾਖਲਾ ਲੈ ਸਕਣਗੀਆਂ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਵਿਭਾਗ ਦਾ ਗਠਨ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਨੂੰ ਮਾਫੀਆ ਮੁਕਤ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਅਤੇ ਗੱਠਜੋੜ ਵਿੱਚ ਸ਼ਾਮਲ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਪੁੱਜੇ ਹੋਏ ਸਨ।
ਰੈਲੀ ‘ਚੋਂ ਗੈਰਹਾਜ਼ਰ ਰਹੇ ਸਨੀ ਦਿਓਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਰੈਲੀ ਵਿੱਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਫਿਲਮ ਅਦਾਕਾਰ ਸਨੀ ਦਿਓਲ ਦੀ ਗੈਰਹਾਜ਼ਰੀ ਰੜਕਦੀ ਰਹੀ। ਰੈਲੀ ਵਾਲੀ ਸਟੇਜ ਤੇ ਪੰਡਾਲ ਵਿੱਚ ਸਨੀ ਦਿਓਲ ਦਾ ਇੱਕ ਵੀ ਕੱਟਆਊਟ ਤੇ ਬੈਨਰ ਨਜ਼ਰ ਨਹੀਂ ਆਇਆ। ਨਾ ਪ੍ਰਧਾਨ ਮੰਤਰੀ ਤੇ ਨਾ ਹੀ ਕਿਸੇ ਹੋਰ ਬੁਲਾਰੇ ਨੇ ਸਨੀ ਦਿਓਲ ਦਾ ਨਾਂ ਲਿਆ। ਚੇਤੇ ਰਹੇ ਕਿ ਹਲਕੇ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਵੀ ਸਨੀ ਨਜ਼ਰ ਨਹੀਂ ਆਏ। ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਹਲਕੇ ਵਿੱਚੋਂ ਗੈਰਹਾਜ਼ਰੀ ਨੂੰ ਲੈ ਕੇ ਲੋਕ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਅਮਿਤ ਸ਼ਾਹ ਨੇ ਸਰਹੱਦੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਕੀਤਾ ਵਾਅਦਾ
ਕਾਂਗਰਸ ‘ਤੇ ਮੋਦੀ ਦੀ ਫਿਰੋਜ਼ਪੁਰ ਫੇਰੀ ਰੋਕਣ ਲਈ ਹਰ ਹੀਲਾ ਵਰਤਣ ਦੇ ਲਗਾਏ ਆਰੋਪ
ਫਿਰੋਜ਼ਪੁਰ/ਬਿਊਰੋ ਨਿਊਜ਼ : ਫਿਰੋਜ਼ਪੁਰ ਵਿੱਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਇਸ ਵਿਸਾਖੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫ਼ਿਰੋਜ਼ਪੁਰ ਵਿੱਚ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਗੁਰਪਰਵੇਜ਼ ਸਿੰਘ ਸੰਧੂ ਦੇ ਹੱਕ ਵਿੱਚ ਕੀਤੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸਰਹੱਦੀ ਕਿਸਾਨਾਂ ਦੀਆਂ ਮੰਗਾਂ ਵੀ ਪਹਿਲ ਦੇ ਆਧਾਰ ‘ਤੇ ਪੂਰੀਆਂ ਕਰਨ ਦਾ ਵਾਅਦਾ ਕੀਤਾ।
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਾਰੀਆਂ ਸੀਟਾਂ ‘ਤੇ ਚੋਣ ਲੜ ਰਹੀ ਹੈ। ਉਨ੍ਹਾਂ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨੇ ਪਾਰਟੀ ਉਮੀਦਵਾਰਾਂ ਦਾ ਪ੍ਰਚਾਰ ਫ਼ਿਰੋਜ਼ਪੁਰ ਤੋਂ ਸ਼ੁਰੂ ਕਰਨਾ ਸੀ ਪਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਰੈਲੀ ਨੂੰ ਰੋਕਣ ਲਈ ਹਰ ਹੀਲਾ ਵਰਤਿਆ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕੀ ਉਹ ਆਪਣੇ ਲੋਕਾਂ ਨੂੰ ਕੀ ਸੁਰੱਖਿਆ ਦੇਵੇਗੀ। ਪੰਜਾਬ ਕਾਂਗਰਸ ਤੇ ‘ਆਪ’ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਸਹਿਯੋਗੀ ਪਾਰਟੀ ਰਹਿ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸ਼ਾਹ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਮਾਫ਼ੀਆ ਮੁਕਤ, ਨਸ਼ਾ ਮੁਕਤ ਪੰਜਾਬ, ਹਰ ਘਰ ਨੂੰ ਰੁਜ਼ਗਾਰ, ਨਿਰੋਗੀ ਪੰਜਾਬ, ਵਿਕਸਿਤ ਪੰਜਾਬ ਵਰਗੇ ਗਿਆਰਾਂ ਮੁੱਦੇ ਲੈ ਕੇ ਆਈ ਹੈ ਤੇ ਇਹ ਸਾਰੇ ਪੂਰੇ ਕੀਤੇ ਜਾਣਗੇ। ਕੇਂਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਘਰ-ਘਰ ਬਿਜਲੀ, ਗੈਸ, ਪਖਾਨੇ, ਮੁਫ਼ਤ ਵੈਕਸੀਨੇਸ਼ਨ ਆਦਿ ਜਿਹੇ ਕਾਰਜ ਮੋਦੀ ਸਰਕਾਰ ਨੇ ਕੀਤੇ ਹਨ।
ਮੋਦੀ ਸਰਕਾਰ ਨੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਕਰੋੜਾਂ ਰੁਪਏ ਖਰਚ ਕੇ ਗੁਰੂਆਂ ਦਾ ਸੰਦੇਸ਼ ਘਰ-ਘਰ ਪਹੁੰਚਾਇਆ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਡੱਕਿਆ ਤੇ ਪੀੜਤਾਂ ਨੂੰ ਰਾਹਤ ਦਿੱਤੀ ਹੈ।
ਅਮਿਤ ਸ਼ਾਹ ਵੱਲੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਵੋਟਰਾਂ ਦੇ ਵੱਡੇ ਵਰਗ ਤੱਕ ਸੁਖਾਲੀ ਪਹੁੰਚ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਿਆਸ ਡੇਰੇ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਅਮਿਤ ਸ਼ਾਹ ਨੇ ਇਸ ਮੁਲਾਕਾਤ ਦੀ ਜਾਣਕਾਰੀ ਟਵਿੱਟਰ ਰਾਹੀਂ ਸਾਂਝੀ ਕਰਦਿਆਂ ਲਿਖਿਆ, ‘ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਭੇਟ ਕੀਤੀ।’ ਉਨਾਂ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਲਗਾਤਾਰ ਦਹਾਕਿਆਂ ਤੋਂ ਸਮਾਜ ਵਿੱਚ ਅਧਿਆਤਮਕ ਚੇਤਨਾ ਜਗਾ ਕੇ ਮਨੁੱਖਤਾ ਅਤੇ ਸਮਾਜ ਸੇਵਾ ਦਾ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਆਪਣੇ ਆਪ ਵਿੱਚ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਵਿਰੁੱਧ ਕਿਸਾਨਾਂ ਨੇ ਪੁਤਲੇ ਫੂਕੇ
ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਠਾਨਕੋਟ ਫੇਰੀ ਵਿਰੁੱਧ ਕਿਸਾਨਾਂ ਨੇ ਪੰਜਾਬ ਭਰ ਵਿਚ ਜ਼ਿਲ੍ਹਾ ਤੇ ਤਹਿਸੀਲ ਪੱਧਰ ‘ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਅਤੇ ਨਰਿੰਦਰ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। 23 ਕਿਸਾਨ ਜਥੇਬੰਦੀਆਂ ਦੇ ਸੂਬਾਈ, ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਆਗੂਆਂ ਨੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ-ਮਜ਼ਦੂਰਾਂ ਨਾਲ ਕੀਤੇ ਗਏ ਵਿਸ਼ਵਾਸਘਾਤ ਦੇ ਰੋਸ ਵਜੋਂ ਸਾਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਫਸਲਾਂ ‘ਤੇ ਐੱਮਐੱਸਪੀ ਦੀ ਗਾਰੰਟੀ, ਲਖੀਮਪੁਰ ਖੀਰੀ ਕਤਲ ਕਾਂਡ, ਦਿੱਲੀ ਮੋਰਚੇ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ੇ ਤੇ ਨੌਕਰੀਆਂ, ਦੇਸ਼ ਭਰ ਵਿਚ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸਾਂ ਅਤੇ ਬਿਜਲੀ ਬਿੱਲ 2020 ਦੀ ਵਾਪਸੀ ਆਦਿ ਸਬੰਧੀ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਭੱਜਣ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਗੱਠਜੋੜ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ।ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ, ਡਾ. ਦਰਸ਼ਨ ਪਾਲ, ਜਗਮੋਹਨ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਖਿਲਾਫ਼ ਹੋਏ ਰੋਸ ਪ੍ਰਦਰਸ਼ਨਾਂ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਕੁੱਲ ਹਿੰਦ ਕਿਸਾਨ ਸਭਾ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ 13 ਜ਼ਿਲ੍ਹਿਆਂ ਵਿਚ ਰੋਸ ਮਾਰਚ ਕੀਤੇ ਗਏ।
ਇਸੇ ਦੌਰਾਨ ਕਿਸਾਨ-ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਨੇ ਪ੍ਰਧਾਨ ਮੰਤਰੀ ਮੋਦੀ ਦੀ ਪਠਾਨਕੋਟ ਰੈਲੀ ਵਿਚ ਜਾ ਰਹੇ ਭਾਜਪਾ ਵਰਕਰਾਂ ਨੂੰ ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਸਥਿਤ ਕਸਬਾ ਭੰਗਾਲਾ ਵਿਚ ਕਾਲੀਆਂ ਝੰਡੀਆਂ ਦਿਖਾਈਆਂ। ਉਨ੍ਹਾਂ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …