Breaking News
Home / Special Story / ਲਿਖੇ ‘ਚ ਅਣਲਿਖੇ ਦਾ ਅਹਿਸਾਸ ਕਰਵਾਉਂਦਾ ਲੇਖਕ

ਲਿਖੇ ‘ਚ ਅਣਲਿਖੇ ਦਾ ਅਹਿਸਾਸ ਕਰਵਾਉਂਦਾ ਲੇਖਕ

Gurdyal Singh copy copyਗੁਰਦਿਆਲ ਸਿੰਘ ਨਹੀਂ ਰਹੇ, ਯਕੀਨ ਨਹੀਂ ਆ ਰਿਹਾ ਪਰ ਸੱਚ ਸਵੀਕਾਰਨਾ ਪੈਂਦਾ ਹੈ। ਉਹ ਉਨ੍ਹਾਂ ਮਨੁੱਖਾਂ ਵਿਚੋਂ ਸਨ, ਜਿਹੜੇ ਧਰਤੀ ‘ਤੇ ਕੋਈ ਨਾ ਕੋਈ ਵਿਸ਼ੇਸ਼ ਕੰਮ ਕਰਨ ਆਉਂਦੇ ਹਨ ਅਤੇ ਜਦੋਂ ਜਾਂਦੇ ਹਨ ਤਾਂ ਉਸ ਖੇਤਰ ਨਾਲ ਸਬੰਧ ਰੱਖਣ ਵਾਲੇ ਸਮੂਹ ਦੇ ਹਿਰਦੇ ਵਿਚੋਂ ਆਵਾਜ਼ ਆਉਂਦੀ ਹੈ ਕਿ ਇਹ ਆਦਮੀ ਧਰਤੀ ‘ਤੇ ਕਰਨ ਹੀ ਇਹੋ ਕੰਮ ਆਇਆ ਸੀ…
ਲਿਖੇ ‘ਚ ਅਣਲਿਖੇ ਦਾ ਅਹਿਸਾਸ ਕਰਵਾਉਂਦਾ ਲੇਖਕ
ਪ੍ਰੋ. ਗੁਰਦਿਆਲ ਸਿੰਘ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਜਨੂੰਨ ਦੀ ਹੱਦ ਤੱਕ ਪ੍ਰਣਾਏ ਗੁਰਦਿਆਲ ਸਿੰਘ ਨਿਤਾਣਿਆਂ ਦੇ ਹੱਕ ਵਿਚ ਖੜ੍ਹਨ ਵਾਲੇ ਲੇਖਕ ਸਨ। ਕਿਰਤ ਦਾ ਪੂਰਾ ਮੁੱਲ ਨਾ ਪੈਣਾ ਉਨ੍ਹਾਂ ਲਈ ਸੁਰਤ ਸੰਭਾਲਣ ਤੋਂ ਲੈ ਕੇ ਅਖੀਰਲੇ ਦਿਨਾਂ ਤੱਕ ਅਸਹਿ ਰਿਹਾ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਵੀ ਅਖੀਰਲੇ ਦਿਨਾਂ ਤੱਕ ਕੋਈ ਤਬਦੀਲੀ ਨਹੀਂ ਆਈ। ਉਹ ਇਸੇ ਗੱਲ ‘ਤੇ ਪਹਿਰਾ ਦੇ ਕੇ ਇਸ ਧਰਤੀ ਨੂੰ ਅਲਵਿਦਾ ਕਹਿ ਗਏ ਕਿ ਕਿਰਤੀ ਲੋਕਾਂ ਵਾਸਤੇ ਅਜੇ ਬਹੁਤ ਕੁਝ ਹੋਣਾ ਜਾਂ ਕਰਨਾ ਬਾਕੀ ਹੈ।
ਗੁਰਦਿਆਲ ਸਿੰਘ ਦੇ ਸਾਢੇ ਪੰਜ ਸਦੀਆਂ ‘ਚ ਲਿਖੇ ਗਏ ਛੇ ਹਜ਼ਾਰ ਸਫੇ ਕਿਰਤ ਕਰਨ ਵਾਲੇ ਲੋਕਾਂ ਦੇ ਹੱਕ ਵਿਚ ਦਿੱਤੀ ਹੋਈ ਲੰਬੀ ਗਵਾਹੀ ਕਹੇ ਜਾ ਸਕਦੇ ਹਨ। ਪੰਜਾਬੀ ਵਿਚ ਉਹ ਪਹਿਲੇ ਨਾਵਲਕਾਰ ਸਨ, ਜਿਨ੍ਹਾਂ ਨੇ ਜ਼ਿੰਦਗੀ ਨੂੰ ਸ਼ਬਦਾਂ ਵਿਚ ਬਹੁਤ ਘੱਟ ਲਿਖਿਆ ਤੇ ਅਸਿੱਧੇ ਤੌਰ ‘ਤੇ ਅਣਲਿਖੇ ਦਾ ਅਹਿਸਾਸ ਬਹੁਤਾ ਕਰਵਾਇਆ। ਉਹਨਾਂ ਦੀ ਸੋਚ ਕੁੱਲ ਆਲਮ ਦੇ ਮੇਚ ‘ਚ ਸੀ। ਜਦੋਂ ਉਹ ਲਿਖਣ ਲੱਗੇ, ਉਨ੍ਹਾਂ ਦਾ ਮੁਕਾਬਲਾ ਬਹੁਤ ਘੱਟ ਅਧਿਐਨ ਕਰਨ ਵਾਲੇ ਨਾਵਲਕਾਰਾਂ ਨਾਲ ਸੀ ਪਰ ਸੱਚ ਇਹ ਹੈ ਕਿ ਉਹ ਰਚਨਾਤਮਿਕ ਪੱਧਰ ‘ਤੇ ਸੱਤਵੇਂ ਦਹਾਕੇ ਵਿਚ ਉਨ੍ਹਾਂ ਨਾਲੋਂ ਕੱਦ ਕੱਢ ਗਏ ਸਨ। ਭਾਰਤੀ ਭਾਸ਼ਾਵਾਂ ਵਿਚ ਸਾਡੇ ਕੋਲ ਇਕੱਲੇ ਗੁਰਦਿਆਲ ਸਿੰਘ ਹੀ ਸਨ, ਜਿਨ੍ਹਾਂ ਦਾ ਨੋਟਿਸ ਡਾ. ਨਾਮਵਰ ਸਿੰਘ ਵਰਗੇ ਆਲੋਚਕ ਸਮਰਪਿਤ ਸੋਚ ਨਾਲ ਲੈਂਦੇ ਸਨ।
ਗੁਰਦਿਆਲ ਸਿੰਘ ਆਪਣੇ ਆਪ ‘ਚ ਇਕ ਸੋਚ ਸੀ। ਪੰਜਾਬ ‘ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੱਜੇ ਤੇ ਖੱਬੇ ਪੱਖੀ ਧਿਰਾਂ ਦਾ ਕਾਫੀ ਬੋਲਬਾਲਾ ਰਿਹਾ ਹੈ। ਨਕਸਲੀ ਵੀ ਆਏ। ਉਨ੍ਹਾਂ ਦੇ ਨਾਵਲ ‘ਪਰਸਾ’ ਵਿਚ ਥੋੜ੍ਹਾ ਜਿਹਾ ਪ੍ਰਭਾਵ ਨਕਸਲੀ ਸੋਚ ਦਾ ਆਇਆ ਹੈ, ਜਿਸ ਬਾਰੇ ਮੈਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਹ ਜੇ ਮੈਂ ਨਾ ਵੀ ਕਰਦਾ, ਸਰ ਕਰਦਾ ਸੀ। ਉਹ ਸੋਨੇ ਵਿਚ ਬਹੁਤ ਖੋਟ ਨਹੀਂ ਸੀ ਪਾਉਂਦੇ। ਜੀਵਨ ਦੀ ਮੌਲਿਕਤਾ ਨੂੰ ਰਚਨਾ ‘ਚ ਕਾਇਮ ਰੱਖਦੇ ਸਨ। ਜਿਹੜੇ ਪਾਤਰ ਨੂੰ ਸਿਰਜਣਾ ਹੁੰਦਾ, ਉਸਦੇ ਸੁਭਾਅ ਦੀ ਵਿਸ਼ੇਸ਼ਤਾ ਦਾ ਉਨ੍ਹਾਂ ਨੂੰ ਪਤਾ ਹੁੰਦਾ ਸੀ। ਉਨ੍ਹਾਂ ਦੀ ਇਕ ਕਹਾਣੀ ਵਿਚ ਇਕ ਮਾਸਟਰ ਹੈ, ਜਿਹੜਾ ਸਸਤੀ ਮਿਲਣ ਕਾਰਨ ਪੋਣੇ ਦੋ ਗਜ਼ ਦੀ ਚਾਦਰ ਲੈ ਆਉਂਦਾ ਹੈ ਪਰ ਸਾਰੀ ਰਾਤ ਉਹ ਕਦੇ ਸਿਰ ਢੱਕਦਾ ਹੈ, ਕਦੇ ਪੈਰ ਢੱਕਦਾ ਹੈ। ਉਹ ਚਾਦਰ ਉਸ ਲਈ ਪੂਰੀ ਨਹੀਂ ਹੈ। ਕਹਾਣੀ ਖਤਮ ਹੋਣ ਪਿੱਛੋਂ ਪਤਾ ਲੱਗਾ ਹੈ ਕਿ ਉਸਦੀ ਤਨਖਾਹ ਉਸਦੇ ਪਰਿਵਾਰ ਤੋਰਨ ਦੇ ਸਮਰੱਥ ਨਹੀਂ ਹੈ। ਮਲਵਈ ਰੰਗ ਵਿਚ ਉਹ ਜਨੂੰਨ ਦੀ ਹੱਦ ਤੱਕ ਰੰਗੇ ਹੋਏ ਸਨ। ਸ਼ਬਦਾਂ ਨੂੰ ਵੀ ਆਪਣੇ ਅਨੁਸਾਰ ਲਿਖਦੇ ਸਨ। ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਪਾਤਰਾਂ ਦੀ ਭਾਸ਼ਾ ਵਿਚ ਕੀ ਕੋਈ ਬਹੁਤਾ ਅੰਤਰ ਨਹੀਂ ਸੀ ਹੁੰਦਾ। ਉਨ੍ਹਾਂ ਦੇ ਇਸ ਪੱਖ ਦੀ ਆਲੋਚਨਾ ਵੀ ਉਨ੍ਹਾਂ ਦੇ ਹੱਕ ਵਿਚ ਹੁੰਦੀ ਵਾਹਵਾ ਦੇ ਨਾਲ ਹੁੰਦੀ ਰਹੀ ਪਰ ਉਹ ਪਰਵਾਹ ਕਰਨ ਵਾਲੇ ਨਹੀਂ ਸਨ।
ਮਾਲਵੇ ਦੇ ਲੋਕ ਇਸੇ ਖੂਬੀ ਕਾਰਨ ਜਨੂੰਨ ਦੀ ਹੱਦ ਤੱਕ ਉਨ੍ਹਾਂ ਦੇ ਸ਼ੈਦਾਈ ਸਨ। ਜਦੋਂ ਉਨ੍ਹਾਂ ਦਾ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਵਾਂਗ ਦਸ ਵੱਡੀਆਂ ਸੈਂਚੀਆਂ ‘ਚ ਸਾਹਿਤ ਛਪਿਆ ਤਾਂ ਉਨ੍ਹਾਂ ਲੋਕਾਂ ਨੇ ਵੀ ਉਸ ਨੂੰ ਖਰੀਦਿਆ, ਜਿਨ੍ਹਾਂ ਕੋਲ ਉਨ੍ਹਾਂ ਦੀਆਂ ਟੁੱਟਵੀਆਂ ਕਿਤਾਬਾਂ ਮੌਜੂਦ ਸਨ।
ਉਨ੍ਹਾਂ ਨੂੰ ਗਿਲਾ ਸੀ ਕਿ ਪੰਜਾਬੀ ‘ਚੋਂ ਅੰਗਰੇਜ਼ੀ ਵਿਚ ਅਨੁਵਾਦ ਕਰਨ ਵਾਲਿਆਂ ਦੀ ਸਾਡੇ ਦੇਸ਼ ਵਿਚ ਬੜੀ ਕਮੀ ਹੈ। ਇਸ ਕਮੀ ਨੂੰ ਸਾਡੇ ਲੇਖਕਾਂ ਨੇ ਸੰਸਾਰ ਪੱਧਰ ਤੱਕ ਨਹੀਂ ਪਹੁੰਚਾਇਆ। ਗੱਲਾਂ-ਗੱਲਾਂ ਵਿਚ ਉਨ੍ਹਾਂ ਨੇ ਕਿਹਾ ਕਿ ਨਾਨਕ ਸਿੰਘ ਦੇ ‘ਪਵਿੱਤਰ ਪਾਪੀ’ ਵਿਚ ਭਾਵੇਂ ਕੁਝ ਕਮੀਆਂ ਸਨ, ਪਰ ਜਿਨ੍ਹਾਂ ਦਿਨਾਂ ਵਿਚ ਇਹ ਲਿਖਿਆ ਗਿਆ ਸੀ, ਉਦੋਂ ਜੇਕਰ ਅੰਗਰੇਜ਼ੀ ਵਿਚ ਅਨੁਵਾਦ ਹੋ ਜਾਂਦਾ, ਦੁਨੀਆ ਪੱਧਰ ‘ਤੇ ਇਸ ਨਾਵਲ ਨੂੰ ਪੜ੍ਹਿਆ ਜਾਣਾ ਸੀ। ਉਨ੍ਹਾਂ ਦਾ ਕਹਿਣਾ ਸੀ ਇਸ ਨਾਵਲ ਵਰਗਾ ਪੰਜਾਬੀ ਦੇ ਹੋਰ ਕਿਸੇ ਵੀ ਨਾਵਲ ਨਾਲ ਤਣਾਅ ਨਹੀਂ ਸਿਰਜਿਆ ਗਿਆ। ਦੁਬਿਧਾ ਦੀ ਸਿਖਰ ਇਸੇ ਨਾਵਲ ਵਿਚ ਹੈ। ਗੁਰਦਿਆਲ ਸਿੰਘ ਕਿਰਤੀ ਲੇਖਕ ਸੀ। ਉਹ ਸਪੱਸ਼ਟ ਤੌਰ ‘ਤੇ ਕਹਿੰਦਾ ਸੀ ਕਿ ਲੇਖਕ ਨੂੰ ਉਸਦੀ ਰਚਨਾ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹ ਫਿਰ ਵੀ ਨਿਰੰਤਰ ਲਿਖ ਸਕਦਾ ਹੈ। ਉਸਦੇ ਪਰਿਵਾਰ ਵਾਲੇ ਫਿਰ ਹੀ ਉਸ ਨੂੰ ਖਿੜ੍ਹੇ ਮੱਥੇ ਰੋਟੀ-ਟੁੱਕ ਦੇ ਸਕਦੇ ਹਨ। ਉਨ੍ਹਾਂ ਦੀ ਇਸ ਧਾਰਨਾ ਨੂੰ ਨਾ-ਪ੍ਰਵਾਨ ਕਰਦਿਆਂ ਇਕ ਵਾਰ ਇਕ ਆਲੋਚਕ ਨੇ ਕਿਹਾ, ‘ਗੁਰਦਿਆਲ ਸਿੰਘ ਜੀ, ਰਚਨਾ ਦਾ ਮੁਆਵਜ਼ਾ ਹੀ ਵੱਡੀ ਗੱਲ ਨਹੀਂ ਹੁੰਦਾ। ਜਦੋਂ ਲੇਖਕ ਨਹੀਂ ਰਹਿੰਦਾ, ਉਸਦਾ ਨਾਮ ਤਾਂ ਰਹਿੰਦਾ ਹੈ।’ ਉਨ੍ਹਾਂ ਦਾ ਜਵਾਬ ਸੀ, ‘ਜਦੋਂ ਮੈਂ ਹੀ ਨਾ ਰਿਹਾ, ਮੈਨੂੰ ਕੀ, ਮੇਰਾ ਨਾਮ ਰਹੇ ਜਾਂ ਨਾ ਰਹੇ।’
-ਬੂਟਾ ਸਿੰਘ ਚੌਹਾਨ
ਪ੍ਰੋ. ਗੁਰਦਿਆਲ ਸਿੰਘ ਦਾ ਰਚਨਾ ਸੰਸਾਰ
ਨਾਵਲ
ਮੜ੍ਹੀ ਦਾ ਦੀਵਾ (1964)
ਅਣਹੋਏ
ਰੇਤੇ ਦੀ ਇੱਕ ਮੁੱਠੀ
ਕੁਵੇਲਾ
ਅੱਧ ਚਾਨਣੀ ਰਾਤ
ਆਥਣ ਉਗਣ
ਅੰਨ੍ਹੇ ਘੋੜੇ ਦਾ ਦਾਨ
ਪਹੁ ਫੁਟਾਲੇ ਤੋਂ ਪਹਿਲਾਂ
ਪਰਸਾ (1992)
ਆਹਣ (2009)
ਨਾਟਕ
ਫਰੀਦਾ ਰਾਤੀਂ ਵੱਡੀਆਂ
ਵਿਦਾਇਗੀ ਤੋਂ ਪਿੱਛੋਂ
ਨਿੱਕੀ ਮੋਟੀ ਗੱਲ
ਕਹਾਣੀ ਸੰਗ੍ਰਹਿ
ਸੱਗੀ ਫੁੱਲ
ਚੰਨ ਦਾ ਬੂਟਾ
ਓਪਰਾ ਘਰ
ਕੁੱਤਾ ਤੇ ਆਦਮੀ
ਮਸਤੀ ਬੋਤਾ
ਰੁੱਖੇ ਮਿੱਸੇ ਬੰਦੇ
ਬੇਗਾਨਾ ਪਿੰਡ
ਚੋਣਵੀਆਂ ਕਹਾਣੀਆਂ
ਪੱਕਾ ਟਿਕਾਣਾ
ਕਰੀਰ ਦੀ ਢਿੰਗਰੀ
ਮੇਰੀ ਪ੍ਰਤੀਨਿਧ ਰਚਨਾ (ਪੰਜਾਬੀ ਯੂਨੀਵਰਸਿਟੀ)
ਵਾਰਤਕ
ਪੰਜਾਬ ਦੇ ਮੇਲੇ ਤੇ ਤਿਉਹਾਰ
ਦੁਖੀਆ ਦਾਸ ਕਬੀਰ ਹੈ
ਨਿਆਣ ਮੱਤੀਆਂ (ਆਤਮ ਕਥਾ-1)
ਦੂਜੀ ਦੇਹੀ (ਆਤਮ ਕਥਾ-2)
ਸਤਜੁਗ ਦੇ ਆਉਣ ਤੱਕ
ਡਗਮਗ ਛਾਡ ਰੇ ਮਨ ਬਉਰਾ
ਬੱਚਿਆਂ ਲਈ
ਬਕਲਮ ਖੁਦ
ਟੁੱਕ ਖੋਹ ਲਏ ਕਾਵਾਂ
ਲਿਖਤਮ ਬਾਬਾ ਖੇਮਾ
ਗੱਪੀਆਂ ਦਾ ਪਿਓ
ਮਹਾਂਭਾਰਤ
ਧਰਤ ਸੁਹਾਵੀ
ਤਿੰਨ ਕਦਮ ਧਰਤੀ
ਖੱਟੇ ਮਿੱਠੇ ਲੋਕ
ਜੀਵਨ ਦਾਸੀ ਗੰਗਾ
ਕਾਲੂ ਕੌਤਕੀ
ਸਨਮਾਨ
ਪਦਮਸ੍ਰੀ
ਗਿਆਨਪੀਠ ਐਵਾਰਡ
ਭਾਰਤੀ ਸਾਹਿਤ ਅਕਾਦਮੀ ਐਵਾਰਡ
ਨਾਨਕ ਸਿੰਘ ਨਾਵਲਿਸਟ ਐਵਾਰਡ
ਸੋਵੀਅਤ ਨਹਿਰੂ ਐਵਾਰਡ
ਬਗੈਰ ਨਾਂ ਦੇ ਪਛਾਣੀ ਜਾਂਦੀ ਹੈ ਲਿਖਤ
ਉਨ੍ਹਾਂ ਦਾ ਮੌਲਿਕ ਪੱਖ ਇਸ ਪੱਧਰ ‘ਤੇ ਪਹੁੰਚ ਗਿਆ ਸੀ ਕਿ ਭਾਵੇਂ ਉਨ੍ਹਾਂ ਦੀ ਕਿਸੇ ਰਚਨਾ ਉਤੇ ਜਾਂ ਕਿਤਾਬ ਉਤੇ ਨਾਮ ਵੀ ਜੇਕਰ ਨਾ ਛਾਪਿਆ ਜਾਂਦਾ ਤਾਂ ਪਾਠਕ ਵਰਗ ਨੂੰ ਦੱਸਣ ਦੀ ਲੋੜ ਨਹੀਂ ਸੀ ਪੈਣੀ ਕਿ ਇਹ ਕਿਸਦੀ ਰਚਨਾ ਹੈ।
ਮੈਨੂੰ ਨਾਟਕ ਦੀ ਪ੍ਰੇਰਨਾ ਉਨ੍ਹਾਂ ਤੋਂ ਮਿਲੀ
ਗੁਰਦਿਆਲ ਸਿੰਘ ਦੀ ਮੌਤ ਪੰਜਾਬੀ ਸਾਹਿਤ ਲਈ ਸਭ ਤੋਂ ਵੱਡਾ ਘਾਟਾ ਹੈ। ਪੰਜਾਬੀ ਨਾਵਲ ਨੂੰ ਅੰਤਰ ਰਾਸ਼ਟਰੀ ਦਿੱਖ ਪ੍ਰਦਾਨ ਕਰਨ ਵਿਚ ਪ੍ਰੋ. ਗੁਰਦਿਆਲ ਸਿੰਘ ਦੀ ਵੱਡੀ ਭੂਮਿਕਾ ਹੈ। ਮੈਨੂੰ ਪ੍ਰੋ. ਗੁਰਦਿਆਲ ਸਿੰਘ ਨੇ ਹੀ ਨਾਟਕ ਲਿਖਣ ਲਈ ਪ੍ਰੇਰਿਤ ਕੀਤਾ। ਪ੍ਰੋ. ਗੁਰਦਿਆਲ ਸਿੰਘ ਦੇ 1981 ਵਿਚ ਆਏ ਨਾਵਲ ‘ਅੱਧ ਚਾਨਣੀ ਰਾਤ’ ਤੋਂ ਪਹਿਲਾਂ ਉਨ੍ਹਾਂ ਨੇ ਇਕ ਨਾਟਕ ਤਿਆਰ ਕੀਤਾ। ਨਾਟਕਾਂ ਨੂੰ ਸਾਹਿਤਕ ਦਿੱਖ ਦੇਣ ਦਾ ਗੁਰ ਮੈਨੂੰ ਪ੍ਰੋ. ਗੁਰਦਿਆਲ ਸਿੰਘ ਹੋਰਾਂ ਨੇ ਹੀ ਦਿੱਤਾ ਤੇ ਮੇਰੀ ਸਭ ਤੋਂ ਪਹਿਲਾਂ ਆਈ ਕਿਤਾਬ ‘ਅਰਬਦ ਨਰਬਦ ਧੰਦੂਕਾਰਾ’ ਦਾ ਮੁੱਖ ਬੰਦ ਵੀ ਪ੍ਰੋ. ਗੁਰਦਿਆਲ ਸਿੰਘ ਨੇ ਹੀ ਲਿਖਿਆ ਸੀ। ਉਨ੍ਹਾਂ ਤੋਂ ਹਮੇਸ਼ਾ ਨਾਟਕਾਂ ਲਈ ਪ੍ਰੇਰਨਾ ਲਈ ਹੈ। ਪ੍ਰੋ. ਗੁਰਦਿਆਲ ਸਿੰਘ ਦਾ ਦਿਹਾਂਤ ਸਮੁੱਚੇ ਪੰਜਾਬੀ ਸਾਹਿਤ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਹ ਇਕ ਯੁੱਗ ਦਾ ਅੰਤ ਹੈ।
-ਅਜਮੇਰ ਸਿੰਘ ਔਲਖ, ਨਾਟਕਰਮੀ
ਤਜਰਬੇਕਾਰ ਨਾਵਲਕਾਰ
ਗੁਰਦਿਆਲ ਸਿੰਘ ਨੇ ਆਪਣੇ ਨਾਵਲਾਂ ‘ਚ ਤਕਨੀਕੀ ਤੌਰ ‘ਤੇ ਬੜੇ ਤਜਰਬੇ ਵੀ ਕੀਤੇ। ਉਨ੍ਹਾਂ ਦਾ ਨਾਵਲ ਹੈ ‘ਰੇਤੇ ਦੀ ਇਕ ਮੁੱਠੀ’। ਇਹ ਸਿਰਫ ਇਕ ਦਿਨ ਦੀ ਕਹਾਣੀ ਹੈ। ‘ਅੱਧ ਚਾਨਣੀ ਰਾਤ’ ਵਿਚ 40-40 ਸਫਿਆਂ ਦੇ ਕਾਂਡ ਹਨ। ‘ਪਰਸਾ’ ਨਾਵਲ ਲਿਖਿਆ ਹੀ ਅੰਦਰੂਨੀ ਬੰਦੇ ਪੇਸ਼ ਕਰਨ ਲਈ ਹੈ। ‘ਅਣਹੋਏ’ ਮਿਸਤਰੀ ਬਰਾਦਰੀ ਬਾਰੇ ਅਜੇ ਵੀ ਪੰਜਾਬੀ ਸਾਹਿਤ ਵਿਚ ਪਹਿਲਾ ਤੇ ਆਖਰੀ ਨਾਵਲ ਮੰਨਿਆ ਜਾਂਦਾ ਹੈ। ਇਸ ਪਿੱਛੋਂ ਬਹੁਤ ਵਾਰ ਮੇਰੀਆਂ ਗੱਲਾਂ ਹੋਈਆਂ। ਇਕ ਵਾਰ ਮੈਂ ਫਿਰ ਜੈਤੋ ਗਿਆ। ਉਨ੍ਹਾਂ ਦੀ ਸਿਹਤ ਕਾਫੀ ਹਾਰ ਚੁੱਕੀ ਸੀ। ਦਾੜ੍ਹੀ ਦੇ ਵਾਲ ਬਹੁਤ ਵਿਰਲੇ ਹੋ ਚੁੱਕੇ ਸਨ ਪਰ ਆਵਾਜ਼ ਵਿਚ ਕਮਜ਼ੋਰੀ ਨਹੀਂ ਸੀ ਆਈ। ਪਹਿਲਾਂ ਬੋਲਣਾ ਹੌਲੀ-ਹੌਲੀ ਸ਼ੁਰੂ ਕਰਦੇ ਤੇ ਫਿਰ ਗੱਲਾਂ ਦੇ ਵਹਿਣ ਵਿਚ ਇਉਂ ਹੀ ਨਾ ਪਤਾ ਲੱਗਦਾ ਕਿ ਉਹ ਬਿਮਾਰ ਵੀ ਹਨ ਪਿੱਛੋਂ ਆਵਾਜ਼ ‘ਤੇ ਵੀ ਕਮਜ਼ੋਰੀ ਭਾਰੂ ਹੋ ਗਈ ਸੀ। ਇਕ ਦਿਨ ਫੋਨ ਕੀਤਾ, ਘਰ ਵਿਚੋਂ ਸ਼ਾਇਦ ਉਨ੍ਹਾਂ ਦੀ ਨੂੰਹ ਨੇ ਚੁੱਕਿਆ ਸੀ। ਫਿਰ ਸੋਚਿਆ, ਉਹ ਬਿਮਾਰ ਹੋਣਗੇ। ਨਹੀਂ, ਉਨ੍ਹਾਂ ਦੀ ਤੰਦਰੁਸਤੀ ਵੇਲੇ ਛੇਤੀ-ਛੇਤੀ ਕੋਈ ਹੋਰ ਫੋਨ ਨਹੀਂ ਸੀ ਚੁੱਕਦਾ, ਪਰ ਅੱਜ ਦੇ ਦਿਨ ਨੇ ਸਾਰੇ ਦੁਨਿਆਵੀ ਸੱਚਾਂ ਨੂੰ ਅਤੀਤ ਦੀ ਮੁੱਠੀ ਵਿਚ ਬੰਦ ਕਰ ਦਿੱਤਾ ਹੈ। ਹੁਣ ਜਦੋਂ ਵੀ ਉਨ੍ਹਾਂ ਨੂੰ ਕੋਈ ਬੁਲਾਉਣਾ ਚਾਹੇਗਾ, ਉਨ੍ਹਾਂ ਨਾਲ ਗੱਲਾਂ ਕਰਨਾ ਚਾਹੇਗਾ, ਉਨ੍ਹਾਂ ਦਾ ਕੋਈ ਨਾ ਕੋਈ ਨਾਵਲ ਪੜ੍ਹਨਾ ਪਵੇਗਾ। ਉਨ੍ਹਾਂ ਬਾਰੇ ਨਿਰਸੰਕੋਚ ਹੋ ਕੇ ਆਖਿਆ ਜਾ ਸਕਦਾ ਹੈ ਕਿ ਉਹ ਪੰਜਾਬੀ ਦੇ ਸਭ ਤੋਂ ਵੱਡੇ ਕੱਦਾਵਾਰ ਨਾਵਲਕਾਰ ਸਨ।
ਪ੍ਰੋ. ਗੁਰਦਿਆਲ ਸਿੰਘ ਦੇ ਸਦੀਵੀ ਵਿਛੋੜਾ ਦੇਣ ਦੀ ਖਬਰ ਸੁਣੀ ਤਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਕਹਾਣੀ ‘ਇਕ ਯੋਧੇ ਦਾ ਚਲਾਣਾ’ ਯਾਦ ਆਈ। ਉਹ ਭਾਰਤੀ ਸਾਹਿਤਕਾਰਾਂ ਦੀ ਪਰੰਪਰਾ ਦੇ ਇਕ ਮਹਾਂਰਥੀ ਸਨ। ਉਨ੍ਹਾਂ ਨੂੰ ਹਿੰਦੀ ਦੇ ਨਾਮਵਰ ਚਿੰਤਕ ਪ੍ਰੋ. ਨਾਮਵਰ ਸਿੰਘ ਨੇ ਪੰਜਾਬੀ ‘ਚ ਲਿਖਣ ਵਾਲਾ ਭਾਰਤੀ ਨਾਵਲਕਾਰ ਕਿਹਾ। ਉਨ੍ਹਾਂ ਕਿਰਤੀ ਵਰਗ ਦੀ ਆਤਮਾ ਦੀ ਚੀਕ ਸੁਣੀ ਤੇ ਇਸ ਨੂੰ ਕਲਾਤਮਕ ਜ਼ੁਬਾਨ ਦਿੱਤੀ।
-ਡਾ. ਸੁਖਦੇਵ ਸਿੰਘ ਸਿਰਸਾ
ਪ੍ਰੋ. ਗੁਰਦਿਆਲ ਸਿੰਘ ਦਾ ਚਲਾਣਾ ਇਕ ਸਮਰੱਥ ਕਲਮ ਦੀ ਵਿਦਾਈ ਹੈ। ‘ਹਾਰ ਗਿਐ ਰਤਨਿਆ’ ਦੇ ਸਿਰਜਕ ਦੇ ਚਲੇ ਜਾਣ ਨਾਲ ਸਾਹਿਤ ਜਗਤ ‘ਚ ਉਦਾਸੀ ਦਾ ਆਲਮ ਹੈ।
-ਪ੍ਰੋ. ਗੁਰਭਜਨ ਗਿੱਲ
ਜਦੋਂ ਪੰਜਾਬੀ ਸਾਹਿਤ ਜਗਤ ‘ਚ ਮਾਝੇ ਦੀ ਬੋਲੀ ਨੂੰ ਹੀ ਟਕਸਾਲੀ ਭਾਸ਼ਾ ਮੰਨਿਆ ਜਾਂਦਾ ਸੀ, ਉਸ ਸਮੇਂ ਪ੍ਰੋ. ਗੁਰਦਿਆਲ ਸਿੰਘ ਨੇ ਸ਼ੁੱਧ ਮਲਵਈ ਭਾਸ਼ਾ ‘ਚ ਗਲਪ ਦੀ ਰਚਨਾ ਕਰਕੇ ਇਸ ਧਾਰਨਾ ਨੂੰ ਤੋੜਿਆ। ਉਨ੍ਹਾਂ ਤੋਂ ਸੇਧ ਲੈ ਕੇ ਕਈ ਸਾਹਿਤਕਾਰਾਂ ਨੇ ਗਲਤ ਰਚਨਾ ਲਈ ਮਲਵਈ ਬੋਲੀ ਨੂੰ ਅਪਣਾਇਆ।
-ਡਾ. ਲਾਭ ਸਿੰਘ ਖੀਵਾ

Check Also

ਸ਼ਰਾਬ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਵਾਂਗੇ: ਭਗਵੰਤ ਮਾਨ

ਮੁੱਖ ਮੰਤਰੀ ਨੇ ਪਿੰਡ ਗੁੱਜਰਾਂ ਤੇ ਢੰਡੋਲੀ ਖੁਰਦ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ …