Breaking News
Home / Special Story / ਮੋਦੀ ਅਤੇ ਇਕਬਾਲ ਸਿਹੁੰ ਦੇ ਬਿਆਨ ਦਾ ਪ੍ਰਤੀਕਰਮ ਦੇਣ ਨਾਲ ਸ਼ਾਇਦ ਸਾਰੇ ਸਿੱਖ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਪ੍ਰਵਾਨ ਕਰ ਹੀ ਲੈਣ…

ਮੋਦੀ ਅਤੇ ਇਕਬਾਲ ਸਿਹੁੰ ਦੇ ਬਿਆਨ ਦਾ ਪ੍ਰਤੀਕਰਮ ਦੇਣ ਨਾਲ ਸ਼ਾਇਦ ਸਾਰੇ ਸਿੱਖ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਪ੍ਰਵਾਨ ਕਰ ਹੀ ਲੈਣ…

ਤਲਵਿੰਦਰ ਸਿੰਘ ਬੁੱਟਰ
ਗੱਲ 1999 ਦੀ ਹੈ ਜਦੋਂ ਖ਼ਾਲਸਾ ਸਾਜਨਾ ਤ੍ਰੈਸ਼ਤਾਬਦੀ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਲਗਪਗ ਤਿੰਨ ਸੌ ਕਰੋੜ ਰੁਪਏ ਸ੍ਰੀ ਅਨੰਦਪੁਰ ਸਾਹਿਬ ਦੇ ਚਹੁੰਪੱਖੀ ਵਿਕਾਸ ਤੇ ਕਾਇਆ-ਕਲਪ ‘ਤੇ ਖਰਚ ਕੀਤੇ ਜਾ ਰਹੇ ਸਨ। ਚਾਰੇ ਪਾਸੇ ਸੜਕਾਂ, ਗਲੀਆਂ, ਮੁਹੱਲਿਆਂ, ਪਾਰਕਾਂ ਤੇ ਬਾਜ਼ਾਰਾਂ ‘ਚ ਜਗ-ਮਗ, ਜਗ-ਮਗ ਕਰਦੀਆਂ ਰੌਸ਼ਨੀਆਂ ਲੱਗ ਰਹੀਆਂ ਸਨ। ਇਕ ਦਿਨ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੱਤਰਕਾਰਾਂ ਨਾਲ ਮੁਲਾਕਾਤ ਕਰ ਰਹੇ ਸਨ। ਇਕ ਪੱਤਰਕਾਰ ਨੇ ਉੱਠ ਕੇ ਸਵਾਲ ਕਰ ਦਿੱਤਾ, ‘ਬਾਦਲ ਸਾਬ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰ ਰਹੇ ਹੋ ਪਰ ਫਲਾਣੇ ਮਹੱਲੇ ਦੀ ਗਲੀ ਵਿਚ ਟਿਊਬ ਲਾਈਟਾਂ ਨਾ ਹੋਣ ਕਾਰਨ ਲੋਕਾਂ ਨੂੰ ਰਾਤ ਵੇਲੇ ਬੜੀਆਂ ਮੁਸ਼ਕਿਲਾਂ ਆ ਰਹੀਆਂ ਨੇ।’
ਮੁੱਖ ਮੰਤਰੀ ਬਾਦਲ ਉਸ ਪੱਤਰਕਾਰ ਵੱਲ ਗਹੁ ਨਾਲ ਵੇਖਦਿਆਂ ਬੜੇ ਤਹੱਮਲ ਨਾਲ ਕਹਿਣ ਲੱਗੇ, ‘ਸਰਦਾਰ ਜੀ, ਕੀ ਤੁਸੀਂ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਹੀ ਵਾਸੀ ਹੋ?’
‘ਹਾਂਜੀ’
‘ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਕੀ ਤੁਹਾਡਾ ਵੀ ਓਨਾ ਹੀ ਸ਼ਰਧਾ ਤੇ ਸਤਿਕਾਰ ਵਾਲਾ ਰਿਸ਼ਤਾ ਹੈ ਜਿੰਨਾ ਮੇਰਾ ਹੈ?’
‘ਜੀ ਬਿਲਕੁਲ..।’
ਮੁੱਖ ਮੰਤਰੀ ਬਾਦਲ ਕਹਿਣ ਲੱਗੇ, ‘ਤਾਂ ਫਿਰ ਦਸ ਰੁਪਏ ਦਾ ਇਕ ਬਲਬ ਲੈ ਕੇ ਕੀ ਤੁਸੀਂ ਨਹੀਂ ਇਕ ਗਲੀ ਵਿਚ ਜਗਾ ਸਕਦੇ? ਖ਼ਾਲਸਾ ਪੰਥ ਦੀ ਤ੍ਰੈਸ਼ਤਾਬਦੀ ਦੀ ਤੁਹਾਨੂੰ ਵੀ ਤੇ ਓਨੀ ਹੀ ਖ਼ੁਸ਼ੀ ਹੋਣੀ ਚਾਹੀਦੀ ਹੈ, ਜਿੰਨੀ ਸਰਕਾਰ ਨੂੰ ਏ। ਨਿੱਕੀ-ਨਿੱਕੀ ਗੱਲ ਸਰਕਾਰ ਤੋਂ ਹੀ ਕਿਉਂ ਭਾਲਦੇ ਹੋ, ਤੁਸੀਂ ਵੀ ਇਸ ਇਤਿਹਾਸਕ ਜ਼ਸ਼ਨ ‘ਚ ਆਪਣਾ ਕੋਈ ਯੋਗਦਾਨ ਪਾ ਲਓ।’ ਸਵਾਲ ਕਰਨ ਵਾਲੇ ਪੱਤਰਕਾਰ ਦੇ ਇਹ ਸੁਣ ਕੇ ਮੂੰਹ ਸੀਤਾ ਗਿਆ।
ਉਪਰੋਕਤ ਵਾਰਤਾ ਮੈਨੂੰ ਅੱਜ ਇਸ ਕਰਕੇ ਯਾਦ ਆ ਗਈ ਕਿ ਅੱਜ-ਕੱਲ ਫੇਸਬੁਕ ‘ਤੇ ਸਿੱਖਾਂ ਵਿਚ ਇਕ ਬੜੀ ਚਰਚਾ ਚੱਲ ਰਹੀ ਹੈ। ਚਰਚਾ ਵੀ ਕਾਹਦੀ ਸਗੋਂ ਹਾਹਾਕਾਰ ਮਚੀ ਹੋਈ ਹੈ ਕਿ ਮੋਦੀ ਕਹਿ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਾਮਾਇਣ ਲਿਖੀ ਸੀ, ਅਕਾਲ ਤਖ਼ਤ ਦਾ ਜਥੇਦਾਰ ਕਿਉਂ ਨਹੀਂ ਕੁਝ ਬੋਲਿਆ? ਜਥੇਦਾਰ ਇਕਬਾਲ ਸਿਹੁੰ ਕਹਿ ਗਿਆ ਸਿੱਖ ਲਵ-ਕੁਸ਼ ਦੀ ਔਲਾਦ ਨੇ, ਗਿਆਨੀ ਹਰਪ੍ਰੀਤ ਸਿੰਘ ਕਿਉਂ ਚੁੱਪ ਹੈ?
ਡਾਢੀ ਹੈਰਾਨੀ ਹੁੰਦੀ ਹੈ ਕਿ ਜਿਹੜੀ ਸਿੱਖੀ ਨੂੰ ਔਰੰਗਜ਼ੇਬ, ਜ਼ਕਰੀਆ ਖਾਨ, ਮੀਰ ਮੰਨੂੰ, ਨਾਦਰ ਸ਼ਾਹ ਅਬਦਾਲੀ ਵਰਗਿਆਂ ਵਲੋਂ ਸਿੱਖਾਂ ਦਾ ਘਾਣ-ਬੱਚਾ ਪੀੜ ਦੇਣ ਤੋਂ ਬਾਅਦ ਉਨਾਂ ਦੇ ਘਰਾਂ ਵਿਚ ਬਿੱਲੀਆਂ ਤੱਕ ਮਾਰ ਕੇ ਟੰਗ ਦੇਣ ਵੇਲੇ ਵੀ ਕੋਈ ਖਤਰਾ ਪੈਦਾ ਨਹੀਂ ਹੋਇਆ। ਅੱਜ ਉਹ ਸਿੱਖੀ ਏਨੀ ਕਮਜ਼ੋਰ ਕਿਵੇਂ ਹੋ ਗਈ ਕਿ ਕੋਈ ਕਮਅਕਲਾ ਉੱਠ ਕੇ ਕਹਿ ਦੇਵੇ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ ਤੇ ਕੋਈ ਘੱਟ ਜਾਣਕਾਰੀ ਵਾਲਾ ਲੀਡਰ ਸ਼ੋਸ਼ਾ ਛੱਡ ਦੇਵੇ ਕਿ ਸਿੱਖਾਂ ਦੇ ਗੁਰੂ ਨੇ ਵੀ ਰਾਮਾਇਣ ਲਿਖੀ ਸੀ, ਤਾਂ ਇਸ ਨਾਲ ਸਿੱਖ ਧਰਮ ਨੂੰ ਖ਼ਤਰਾ ਪੈਦਾ ਹੋ ਗਿਆ। ਉਤੋਂ ਜੇਕਰ ਜਥੇਦਾਰ ਅਕਾਲ ਤਖ਼ਤ ਇਸ ‘ਤੇ ਕੋਈ ਬਿਆਨ ਨਹੀਂ ਦਿੰਦਾ ਤਾਂ ਅਸਮਾਨ ਸਿੱਖਾਂ ਦੇ ਸਿਰ ‘ਤੇ ਆਣ ਡਿੱਗੇਗਾ।
ਗੁਰੂ ਸਾਹਿਬਾਨ ਚਾਰ ਵਰਣਾਂ ਨੂੰ ਤੋੜ ਕੇ ਜਿਹੜਾ ਸਰਬਸਾਂਝਾ ਇਕ ਨਵਾਂ ਵਰਣ ਬਣਾ ਕੇ ਸਾਨੂੰ ਨਿਰਾਲੀ ਤੇ ਨਿਆਰੀ ਹੋਂਦ-ਹਸਤੀ ਦੇ ਗਏ ਹਨ, ਉਸ ‘ਤੇ ਪ੍ਰਤੀਤ-ਭਰੋਸਾ ਨਹੀਂ ਰਿਹਾ? ਕੀ ਸਿੱਖਾਂ ਦਾ ਬੌਧਿਕ ਪੱਧਰ ਏਨਾ ਨੀਵਾਂ ਹੋ ਗਿਆ ਕਿ ਸਾਡੇ ਕੋਲ ਗਿਆਨੀ-ਵਿਦਵਾਨ ਜਾਂ ਧਾਰਮਿਕ ਵੇਤਾ ਖ਼ਤਮ ਹੋ ਗਏ ਨੇ ਕਿ ਬੱਸ ਹਰ ਗੱਲ ‘ਤੇ ਬੋਲੇ ਤਾਂ ਜਥੇਦਾਰ ਅਕਾਲ ਤਖ਼ਤ ਸਾਹਿਬ ਬੋਲੇ। ਜਾਂ ਅਸੀਂ ਏਨੇ ਭੁਲੱਕੜ ਹੋ ਗਏ ਹਾਂ ਕਿ ਜਦੋਂ ਵੀ ਕੋਈ ਮੂਰਖ ਝਖ ਮਾਰਦਾ ਹੈ ਤਾਂ ਅਸੀਂ ਉਸ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਹੋਂਦ-ਹਸਤੀ ਨੂੰ ਭੁੱਲ ਜਾਂਦੇ ਹਾਂ ਤੇ ਵਾਰ-ਵਾਰ ਸਾਨੂੰ ਚੇਤਾ ਕਰਵਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਅਸੀਂ ਹਿੰਦੂ ਨਹੀਂ, ਸਿੱਖ ਹਾਂ। ਕੀ ਸਾਡੇ ਸ਼ਖ਼ਸੀ ਤੇ ਪੰਥਕ ਸੰਸਕਾਰ, ਰਹੁ-ਰੀਤਾਂ ਤੇ ਸਿਧਾਂਤ ਏਨੇ ਕਮਜ਼ੋਰ ਹਨ ਕਿ ਕਿਸੇ ਦੇ ਸੌ ਵਾਰ ਝੂਠ ਬੋਲ ਕੇ ਕਹਿਣ ਨਾਲ ਸਾਨੂੰ ਉਸ ਦਾ ਝੂਠ ਹੀ ਸੱਚ ਲੱਗਣ ਲੱਗ ਪੈਂਦਾ ਹੈ? ਗੁਰੂ ਸਾਹਿਬਾਨ ਤਾਂ ਸਾਨੂੰ ‘ਮੂਰਖੈ ਨਾਲਿ ਨ ਲੁਝੀਐ॥’ ਦਾ ਹੁਕਮ ਕਰ ਗਏ ਹਨ ਪਰ ਅਸੀਂ ਇਕ ਅਖਰ ਤੇ ਕਦੇ ਹਿਰਦੇ ‘ਚ ਵਸਾਇਆ ਨਹੀਂ ਤੇ ਮੂਰਖਾਂ ਨਾਲ ਹੁਭ-ਹੁਭ ਬਹਿਸਾਂ ਕਰਨ ‘ਚ ਬੜਾ ਸਵਾਦ ਮਾਣਦੇ ਹਾਂ।
ਅਸੀਂ ਇਹ ਤੇ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਪਰ ਅਕਾਲੀ ਫੂਲਾ ਸਿੰਘ ਦੀ ਪਿੱਠ ‘ਤੇ ਪੂਰਾ ਪੰਥ ਖੜਾ ਸੀ, ਇਹ ਕਿਉਂ ਨਹੀਂ ਵੇਖਦੇ। ਅਕਾਲੀ ਫੂਲਾ ਸਿੰਘ ਦੇ ਨਾਲ ਹਰ ਵੇਲੇ 500 ਸ਼ਸਤਰਧਾਰੀ ਸਿੱਖਾਂ ਦਾ ਦਲ ਰਹਿੰਦਾ ਸੀ। ਉਸ ਦਾ ਇਕ ਆਪਣਾ ਥਿੰਕ ਟੈਂਕ ਸੀ।
ਅੱਜ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੀ ਜ਼ੁਰਅਤ ਦਿਖਾ ਦੇਵੇ ਤਾਂ ਕਿੰਨੇ ਕੁ ਸਿੱਖ ਉਸ ਦੇ ਪਿੱਛੇ ਖੜਣਗੇ? ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਬਰੀ ਜਥੇਦਾਰੀ ਤੋਂ ਲਾਹਿਆ ਸੀ ਤਾਂ ਸਿੱਖਾਂ ਕਿਹੜੀ ਪਰਲੋ ਲਿਆ ਦਿੱਤੀ? ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਆਰ.ਐਸ.ਐਸ. ਖ਼ਿਲਾਫ਼ ਬਿਆਨ ਦੇਣ ਕਾਰਨ ਜਥੇਦਾਰੀ ਤੋਂ ਲਾਹ ਦਿੱਤਾ ਗਿਆ ਤਾਂ ਸਿੱਖਾਂ ਨੇ ਡਾਢਿਆਂ ਦੇ ਕਿੰਨਾ ਕੁ ਨੱਕ ‘ਚ ਦਮ ਕੀਤਾ?
ਨਿਰਸੰਦੇਹ ਗਿਆਨੀ ਹਰਪ੍ਰੀਤ ਸਿੰਘ ਨੂੰ ਉਸੇ ਸਿਸਟਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੁਣਿਆ ਹੈ, ਜਿਹੜਾ ਗੁਰਮਤਿ ਦੀ ਗੁਣਵੱਤਾ ਤੇ ਪੰਚ ਪ੍ਰਧਾਨੀ ਪ੍ਰਣਾਲੀ ਦੇ ਉਲਟ ਬਹੁਗਿਣਤੀ ‘ਤੇ ਆਧਾਰਤ ਹੈ। ਇਹ ਸਿਸਟਮ ਸਦੀ ਪਹਿਲਾਂ ਸਾਡੇ ਗਲ ਅੰਗਰੇਜ਼ ਜਾਂਦੇ-ਜਾਂਦੇ ਪਾ ਗਏ ਸਨ, ਜਦੋਂ ਉਨਾਂ ਦੇ ਨੱਕ ‘ਚ ਦਮ ਕਰਕੇ ਸਿੱਖਾਂ ਨੇ ਗੁਰਦੁਆਰੇ ਤਾਂ ਆਜ਼ਾਦ ਕਰਵਾ ਲਏ ਪਰ ਅੰਗਰੇਜ਼ ਬੜੀ ਚਲਾਕੀ ਨਾਲ ਸਿੱਖਾਂ ਦਾ ਜੂੜਾ ਸਟੇਟ ਦੇ ਹੱਥ ਫੜਾ ਗਏ। ਉਨਾਂ ਨੇ ਸਿੱਖਾਂ ਦੀ ਸੱਚੀ ਪਾਤਸ਼ਾਹੀ ਦੇ ਜੁੱਗੋ-ਜੁਗ ਅਟੱਲ ਅਨਾਹਦ ਨਾਦ ਦੇ ਸਰੋਤ ਤੇ ਭਗਤੀ-ਸ਼ਕਤੀ ਦੇ ਸੁਮੇਲ ਸ੍ਰੀ ਹਰਿਮੰਦਰ ਸਾਹਿਬ-ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਟੇਟ ਦੀ ਪ੍ਰਭੂਸੱਤਾ ਅਧੀਨ ਕਰਨ ਲਈ ਸਿੱਖ ਗੁਰਦੁਆਰਾ ਐਕਟ ਦੀ ਖੇਡ ਖੇਡੀ। ਬੱਸ ਇਥੋਂ ਹੀ ਸ਼ੁਰੂ ਹੋਇਆ ਸਾਡੀਆਂ ਖੁਆਰੀਆਂ ਦਾ ਸਿਲਸਿਲਾ। ਖੈਰ! ਇਹ ਇਕ ਵੱਖਰਾ ਵਿਸ਼ਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੀ ਇਹ ਸਫਲਤਾ ਹੈ ਕਿ ਉਹ ਸ਼ੱਕੀ ਤੇ ਗੈਰ-ਭਰੋਸੇਯੋਗ ਸਿਸਟਮ ਦੀ ਚੋਣ ਹੁੰਦਾ ਹੋਇਆ ਵੀ, ਭਾਈ ਰਣਜੀਤ ਸਿੰਘ ਤੋਂ ਬਾਅਦ ਦੂਜਾ ਜਥੇਦਾਰ ਹੈ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਸੁਤੰਤਰ ਪਹੁੰਚ ਵੱਲ ਲਿਜਾਉਣ ਅਤੇ ਜਥੇਦਾਰ ਦੀ ਇਤਿਹਾਸਕ ਭੂਮਿਕਾ ਨੂੰ ਜਲਵੇ ‘ਚ ਲਿਆਉਣ ਦੇ ਯਤਨ ਕਰ ਰਿਹਾ ਹੈ। ਉਸ ਨੂੰ ਪਤਾ ਵੀ ਹੈ ਕਿ ਜਿਹੜੇ ਸਿਸਟਮ ਨੇ ਉਸ ਨੂੰ ਚੁਣਿਆ ਹੈ ਉਹ ਉਸ ਨੂੰ ਅਕਾਲੀ ਫੂਲਾ ਸਿੰਘ ਵਰਗੀ ਸ਼ਕਤੀਸ਼ਾਲੀ ਭੂਮਿਕਾ ਵਿਚ ਆਉਣ ਨਹੀਂ ਦੇਵੇਗਾ। ਇਹ ਸਿਸਟਮ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਵਾਂਗ ਰਾਜੇ ਨੂੰ ਕਾਣਾ ਕਹਿਣ ਦੀ ਤਾਕਤ ਨਹੀਂ ਦਿੰਦਾ। ਪਰ ਇਸ ਦੇ ਬਾਵਜੂਦ ਗਿਆਨੀ ਹਰਪ੍ਰੀਤ ਸਿੰਘ ਵਲੋਂ ਮੁਸਲਮਾਨਾਂ ਸਮੇਤ ਭਾਰਤ ਵਿਚ ਘੱਟਗਿਣਤੀਆਂ ‘ਤੇ ਹੋ ਰਹੇ ਹਮਲਿਆਂ ਵਿਰੁੱਧ ਆਵਾਜ਼ ਉਠਾਉਣ, ਜੰਮੂ-ਕਸ਼ਮੀਰ ‘ਚ ਧਾਰਾ 370 ਰੱਦ ਕਰਨ ਵੇਲੇ ਪੈਦਾ ਹੋਏ ਹਾਲਾਤਾਂ ‘ਚ ਸਿੱਖਾਂ ਨੂੰ ਰਵਾਇਤਾਂ ਤੋਂ ਸੇਧ ਲੈ ਕੇ ਮੁਸਲਮਾਨਾਂ ਦੀਆਂ ਧੀਆਂ ਦੀ ਰੱਖਿਆ ਕਰਨ ਦੇ ਆਦੇਸ਼ ਦੇਣ, ਸਮੇਂ-ਸਮੇਂ ਆਪਣੇ ਭਾਸ਼ਨਾਂ ਵਿਚ ਅਯੋਗ ਤੇ ਸਵਾਰਥੀ ਸਿੱਖ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਣ, ਸਿੱਖ ਸੰਸਥਾਵਾਂ ‘ਤੇ ਸਾਜ਼ਸ਼ੀ ਹਮਲਿਆਂ ਪ੍ਰਤੀ ਕੌਮ ਨੂੰ ਸੁਚੇਤ ਕਰਨ, ਸਮੇਂ-ਸਮੇਂ ਸਿੱਖ ਧਰਮ ਦੇ ਉਲਟ ਕਰਮ ਕਰਨ ਵਾਲੇ ਅਕਾਲੀ ਆਗੂਆਂ ਖ਼ਿਲਾਫ਼ ਬਿਨਾਂ ਕਿਸੇ ਲਿਹਾਜ਼ ਤੋਂ ਕਾਰਵਾਈ ਕਰਨ ਅਤੇ ਰਾਮ ਮੰਦਰ ਦੀ ਉਸਾਰੀ ਦਾ ਆਧਾਰ ਬਣੇ ਅਦਾਲਤੀ ਫੈਸਲੇ ਨੂੰ ਸਬੂਤਾਂ ਤੇ ਤੱਥਾਂ ਦੀ ਬਜਾਇ ਬਹੁਗਿਣਤੀ ਦੇ ਜਜ਼ਬਾਤਾਂ ਅਨੁਸਾਰ ਹੋਇਆ ਫੈਸਲਾ ਕਰਾਰ ਦੇਣ ਵਰਗੇ ਵੱਡੇ ਬਿਆਨਾਤ ਦੇਣ ਨਾਲ ਵੀ ਜੇਕਰ ਸਾਡੇ ਸਿੱਖਾਂ ਦਾ ਇਕ ਧੜਾ ਗਿਆਨੀ ਹਰਪ੍ਰੀਤ ਸਿੰਘ ਤੋਂ ਖੁਸ਼ ਨਹੀਂ ਹੋ ਸਕਿਆ ਤਾਂ ਸ਼ਾਇਦ ਮੋਦੀ ਤੇ ਇਕਬਾਲ ਸਿਹੁੰ ਦੇ ਬਿਆਨਾਂ ਦੇ ਪ੍ਰਤੀਕਰਮ ‘ਚ ਗਿਆਨੀ ਹਰਪ੍ਰੀਤ ਸਿੰਘ ਵਲੋੰ ਦੋ ਲਫ਼ਜ਼ ਬੋਲਣ ਨਾਲ ਉਹ ਧੜਾ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪ੍ਰਵਾਨ ਕਰ ਲਵੇ। ਸੋ, ਗਿਆਨੀ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਕਿ ਉਹ ਦੋ ਲਫ਼ਜ਼ ਬੋਲ ਹੀ ਦੇਣ ਕਿਉਂਕਿ ਅੱਜ ਸਾਡੇ ਸਿੱਖਾਂ ਦੀ ਹਾਲਤ ਖ਼ਾਲਸਾ ਤ੍ਰੈਸ਼ਤਾਬਦੀ ਵੇਲੇ ਦਸ ਰੁਪਏ ਦਾ ਬਲਬ ਆਪਣੀ ਗਲੀ ‘ਚ ਜਗਾਉਣ ਤੋਂ ਵੀ ਅਸਮਰੱਥ ਪੱਤਰਕਾਰ ਵਰਗੀ ਲਾਚਾਰ ਬਣੀ ਹੋਈ ਹੈ।
ੲੲੲ

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …