-4.7 C
Toronto
Wednesday, December 3, 2025
spot_img
Homeਦੁਨੀਆਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਤਰਾ ਵਧਿਆ

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਤਰਾ ਵਧਿਆ

ਕੀਵ/ਬਿਊਰੋ ਨਿਊਜ਼ : ਯੂਕਰੇਨ ਦੁਆਲੇ ਬਣੇ ਤਣਾਅ ਦੇ ਮੱਦੇਨਜ਼ਰ ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਨੇ ਮੁਲਕ ਦਾ ਦੌਰਾ ਕੀਤਾ ਹੈ। ਰੂਸ ਦੇ ਹੱਲੇ ਨੂੰ ਰੋਕਣ ਲਈ ਪੱਛਮ ਵੱਲੋਂ ਕੂਟਨੀਤਕ ਯਤਨਾਂ ਰਾਹੀਂ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ ਪਰ ਹੁਣ ਇਸ ਗੱਲ ਦਾ ਡਰ ਵੱਡਾ ਹੁੰਦਾ ਜਾ ਰਿਹਾ ਹੈ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ ਵਿਚ ਦਾਖਲ ਹੋ ਸਕਦਾ ਹੈ।
ਸ਼ੁਲਜ਼ ਮੁੜ ਮਾਸਕੋ ਜਾਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਇਸ ਹਫ਼ਤੇ ਹਮਲਾ ਕਰ ਸਕਦਾ ਹੈ। ਮਾਸਕੋ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਨਾਲ ਹੀ ਯੂਕਰੇਨ ਨੇੜੇ 1,30,000 ਤੋਂ ਵੱਧ ਫ਼ੌਜੀ ਜਮ੍ਹਾਂ ਕਰ ਦਿੱਤੇ ਹਨ। ਅਮਰੀਕਾ ਦਾ ਕਹਿਣਾ ਹੈ ਕਿ ਵਿਰੋਧੀ ਨੂੰ ਨੋਟਿਸ ਦਿੱਤੇ ਬਿਨਾਂ ਹਮਲਾ ਕਰਨ ਲਈ ਐਨੀ ਸੈਨਾ ਕਾਫ਼ੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਮਾਰੂ ਹਥਿਆਰ ਵੀ ਤਾਇਨਾਤ ਕੀਤੇ ਹੋਏ ਹਨ। ਜੰਗ ਦੇ ਖ਼ਤਰੇ ਦੇ ਮੱਦੇਨਜ਼ਰ ਕੁਝ ਏਅਰਲਾਈਨ ਕੰਪਨੀਆਂ ਨੇ ਕੀਵ ਲਈ ਉਡਾਣਾਂ ਬੰਦ ਕਰ ਦਿੱਤੀਆਂ ਹਨ। ‘ਨਾਟੋ’ ਗੱਠਜੋੜ ਦੇ ਮੈਂਬਰਾਂ ਨੇ ਵੀ ਯੂਕਰੇਨ ਵਿਚ ਹਥਿਆਰ ਲਿਆਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ, ਬਰਤਾਨੀਆ ਤੇ ਹੋਰ ਯੂਰੋਪੀਅਨ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ ਹੈ। ਅਮਰੀਕਾ ਆਪਣੇ ਦੂਤਾਵਾਸ ਦੇ ਜ਼ਿਆਦਾਤਰ ਸਟਾਫ਼ ਨੂੰ ਕੀਵ ਵਿਚੋਂ ਕੱਢ ਰਿਹਾ ਹੈ। ਹਾਲਾਂਕਿ ਇੱਥੇ ਸਥਿਤ ਚੀਨ ਦਾ ਦੂਤਾਵਾਸ ਆਮ ਵਾਂਗ ਕੰਮ ਕਰ ਰਿਹਾ ਹੈ। ਚੀਨ ਨੇ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਕੌਂਸਲਰ ਪਹੁੰਚ ਮੁਹੱਈਆ ਕਰਵਾਏਗਾ। ਉਨ੍ਹਾਂ ਨਾਗਰਿਕਾਂ ਨੂੰ ਜ਼ਮੀਨੀ ਸਥਿਤੀ ‘ਤੇ ਨਜ਼ਰ ਰੱਖਣ ਲਈ ਕਿਹਾ ਹੈ। ਯੂਕਰੇਨ ਦੀ ਏਅਰ ਟਰੈਫਿਕ ਸੁਰੱਖਿਆ ਏਜੰਸੀ ਨੇ ਕਾਲਾ ਸਾਗਰ ਉੱਪਰ ਦੀ ਏਅਰਸਪੇਸ ਨੂੰ ਉਡਾਣ ਭਰਨ ਲਈ ‘ਖ਼ਤਰਨਾਕ’ ਕਰਾਰ ਦਿੱਤਾ ਹੈ। ਰੂਸ ਦੀ ਜਲ ਸੈਨਾ ਉੱਥੇ ਗਸ਼ਤ ਤੇ ਜੰਗੀ ਅਭਿਆਸ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਸ ਦੇ ਨਾਟੋ ਵਿਚਲੇ ਸਾਥੀ ਰੂਸ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਜੇ ਉਹ ਯੂਕਰੇਨ ਵਿਚ ਵੜਿਆ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਬਾਇਡਨ ਨਾਲ ਰਾਬਤਾ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕੀਤੀ ਹੈ। ਯੂਕਰੇਨ ਨੇ ਰੂਸ ਦੇ ਹੱਲੇ ਖਿਲਾਫ ਅਮਰੀਕਾ ਵਿਚ ਭਰੋਸਾ ਜਤਾਇਆ ਹੈ। ਵਾਈਟ ਹਾਊਸ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਸਹਿਮਤੀ ਜਤਾਈ ਹੈ ਕਿ ਉਹ ਰੂਸ ਦੇ ਰੁਖ਼ ਦਾ ਵਿਰੋਧ ਜਾਰੀ ਰੱਖਣਗੇ ਤੇ ਨਾਲ ਹੀ ਕੂਟਨੀਤੀ ਦਾ ਰਾਹ ਵੀ ਅਖਤਿਆਰ ਕਰਨਗੇ।
ਰੂਸ ਨੇ ਸਰਹੱਦ ਤੋਂ ਹੋਰ ਫੌਜ ਹਟਾਉਣ ਦਾ ਕੀਤਾ ਦਾਅਵਾ
ਮਾਸਕੋ : ਰੂਸ ਨੇ ਕਿਹਾ ਹੈ ਕਿ ਉਸ ਨੇ ਯੂਕਰੇਨ ਸਰਹੱਦ ਤੋਂ ਹੋਰ ਫੌਜ ਅਤੇ ਹਥਿਆਰ ਹਟਾ ਲਏ ਹਨ। ਯੂਕਰੇਨ ‘ਤੇ ਹਮਲੇ ਦੀ ਯੋਜਨਾ ਕਾਰਨ ਪੈਦਾ ਹੋਏ ਤਣਾਅ ਦਰਮਿਆਨ ਇਸ ਖਬਰ ਨਾਲ ਮਾਹੌਲ ਕੁਝ ਸੁਖਾਵਾਂ ਬਣਿਆ ਹੈ। ਉਂਜ ਸਰਹੱਦ ਤੋਂ ਵੱਡੇ ਪੱਧਰ ‘ਤੇ ਫੌਜਾਂ ਦੀ ਬੈਰਕਾਂ ‘ਚ ਵਾਪਸੀ ਬਾਰੇ ਕੋਈ ਸੰਕੇਤ ਨਹੀਂ ਮਿਲੇ ਹਨ ਪਰ ਮਾਸਕੋ ਵੱਲੋਂ ਦਿਖਾਏ ਗਏ ਰਵੱਈਏ ਨਾਲ ਸ਼ਾਂਤੀ ਦੀ ਕੁਝ ਆਸ ਬੱਝੀ ਹੈ। ਬੁੱਧਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਨੇ ਬਖਤਰਬੰਦ ਵਾਹਨਾਂ ਦੇ ਕ੍ਰੀਮੀਆ ਤੋਂ ਪਿੱਛੇ ਹਟਣ ਦਾ ਵੀਡੀਓ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਮੰਤਰਾਲੇ ਨੇ ਕਿਹਾ ਸੀ ਕਿ ਯੂਕਰੇਨ ਨੇੜੇ ਫੌਜੀ ਮਸ਼ਕਾਂ ਮਗਰੋਂ ਜਵਾਨਾਂ ਦੀ ਬੈਰਕਾਂ ‘ਚ ਵਾਪਸੀ ਸ਼ੁਰੂ ਹੋ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਸੰਕਟ ਦੇ ਹੱਲ ਲਈ ਕੂਟਨੀਤਕ ਰਾਹ ਦੇ ਸੰਕੇਤ ਦਿੱਤੇ ਸਨ। ਉਂਜ ਪੂਤਿਨ ਨੇ ਕਿਹਾ ਹੈ ਕਿ ਫੌਜ ਦੀ ਪੂਰੀ ਤਰ੍ਹਾਂ ਨਾਲ ਵਾਪਸੀ ਆਉਂਦੇ ਦਿਨਾਂ ‘ਚ ਪੈਦਾ ਹੋਣ ਵਾਲੇ ਹਾਲਾਤ ‘ਤੇ ਨਿਰਭਰ ਕਰੇਗੀ।

 

RELATED ARTICLES
POPULAR POSTS