9.4 C
Toronto
Friday, November 7, 2025
spot_img
Homeਦੁਨੀਆਪਾਕਿਸਤਾਨ ਵਿਚ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਬਣੇ ਪੀ ਐਚ ਡੀ ਕਰਨ...

ਪਾਕਿਸਤਾਨ ਵਿਚ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਬਣੇ ਪੀ ਐਚ ਡੀ ਕਰਨ ਵਾਲੇ ਪਹਿਲੇ ਸਿੱਖ

ਅੰਮ੍ਰਿਤਸਰ : ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੀ ਖੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਪਾਕਿਸਤਾਨ ਵਿਚ ਵਸਦੇ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ਆਪਣੀ ਪੀ ਐਚ ਡੀ ਦੀ ਪੜ੍ਹਾਈ ਪੂਰੀ ਕਰ ਲਈ ਹੈ। ਉਨ੍ਹਾਂ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋ ਆਪਣੀ ਪੀ ਐਚ ਡੀ ਦੀ ਡਿਗਰੀ ਮੁਕੰਮਲ ਕੀਤੀ ਹੈ।
ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਮੌਜੂਦਾ ਸਮੇ ਵਿਚ ਗੋਰਮਿੰਟ ਕਾਲਜ ਲਾਹੌਰ ਵਿਚ ਗੁਰਮੁਖੀ ਦੇ ਪ੍ਰੋਫੈਸਰ ਹਨ ਤੇ ਹੁਣ ਤੱਕ ਉਨ੍ਹਾਂ ਇਕ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਗੁਰਮੁਖੀ ਦੀ ਪੜ੍ਹਾਈ ਕਰਵਾਈ ਹੈ।
ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਵੀ ਪੰਜਾਹ ਦੇ ਕਰੀਬ ਵਿਦਿਆਰਥੀ ਉਨ੍ਹਾਂ ਪਾਸੋਂ ਗੁਰਮੁਖੀ ਪੜ੍ਹ ਰਹੇ ਹਨ। ਇਹ ਸਾਰੇ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਤੇ ਇਨ੍ਹਾਂ ਵਿਦਿਆਰਥੀਆਂ ਵਿਚ ਗੁਰਮੁਖੀ ਪੜ੍ਹਨ ਦਾ ਸ਼ੌਕ ਹੈ। ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਪਹਿਲੇ ਅਜਿਹੇ ਸਿੱਖ ਵਿਅਕਤੀ ਹਨ ਜਿਨ੍ਹਾਂ ਪਾਕਿਸਤਾਨ ਵਿਚ ਐਮ ਏ ਤੇ ਪੀ ਐਚ ਡੀ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਅਗੇ ਦਸਿਆ ਕਿ ਉਨ੍ਹਾਂ ਗੁਰੂ ਨਾਨਕ ਬਾਣੀ ਵਿਚ ਇਨਸਾਨੀ ਦੋਸਤੀ ਵਿਸੇ ‘ਤੇ ਪੀ ਐਚ ਡੀ ਕੀਤੀ ਹੈ। ਉਨ੍ਹਾਂ ਅੱਗੇ ਦਸਿਆ ਕਿ ਉਨ੍ਹਾਂ ਦੀ ਛੋਟੀ ਭੈਣ ਬੀਬਾ ਸਤਵੰਤ ਕੌਰ ਵੀ ਗੁਰੂ ਨਾਨਕ ਬਾਣੀ ਸਮਕਾਲੀ ਸਮਾਜ ਦਾ ਚਿਤਰ ਵਿਸੇ ‘ਤੇ ਐਮ ਫਿਲ ਕਰ ਰਹੀ ਹੈ, ਤੇ ਅੱਗੇ ਪੀ ਐਚ ਡੀ ਦੀ ਪੜ੍ਹਾਈ ਕਰਨ ਦਾ ਮਨ ਬਣਾਈ ਬੈਠੀ ਹੈ। ਉਨ੍ਹਾਂ ਦਸਿਆ ਕਿ ਪਾਕਿਸਤਾਨ ਵਿਚ ਰਹਿੰਦੇ ਸਿੱਖ ਪਰਿਵਾਰਾਂ ਵਿਚੋ ਜ਼ਿਆਦਾਤਰ ਸਿੱਖ ਆਪਣੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਵਾਉਣ ਤੇ ਉਨ੍ਹਾਂ ਬੱਚਿਆਂ ਨੂੰ ਸਰਕਾਰੀ ਨੌਕਰੀ ‘ਤੇ ਲਗਵਾ ਕੇ ਖੁਸ਼ ਹੁੰਦੇ ਹਨ।
ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਦੀ ਪੀ ਐਚ ਡੀ ਦੀ ਪੜ੍ਹਾਈ ਪੂਰੀ ਕਰਨ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ਸਿੱਖ ਭਾਈਚਾਰੇ ਦਾ ਨਾਮ ਰੋਸ਼ਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕਤੱਰ ਡਾਕਟਰ ਰੂਪ ਸਿੰਘ, ਬੁੱਢਾ ਦਲ ਦੇ ਸਕਤੱਰ ਦਲਜੀਤ ਸਿੰਘ ਬੇਦੀ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਮਸਤਾਨ ਸਿੰਘ, ਬਿਸ਼ਨ ਸਿੰਘ, ਤਾਰੂ ਸਿੰਘ, ਸਤਵੰਤ ਸਿੰਘ, ਐਮ ਐਨ ਏ ਰਾਮੇਸ਼ ਸਿੰਘ ਅਰੋੜਾ, ਮੁਹਿੰਦਰਪਾਲ ਸਿੰਘ, ਪਾਕਿਸਤਾਨ ਸਿੱਖ ਕੌਸਲ ਦੇ ਪ੍ਰਧਾਨ ਰਮੇਸ਼ ਸਿੰਘ ਖ਼ਾਲਸਾ ਸਮੇਤ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੂੰ ਵਧਾਈ ਦਿੱਤੀ ਹੈ।

RELATED ARTICLES
POPULAR POSTS