ਏਸ਼ੀਅਨ ਅਮਰੀਕਨਾਂ ਵੱਲੋਂ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿਚ ਸਮਾਗਮ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਕਮਲਾ ਹੈਰਿਸ ਦੇ ਉੱਪ ਰਾਸ਼ਟਰਪਤੀ ਬਣਨ ਦੀ ਖੁਸ਼ੀ ਵਿਚ ਏਸ਼ੀਅਨ ਅਮਰੀਕਨਾਂ ਵੱਲੋਂ ਨਿਊਯਾਰਕ ਵਿਚ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਹੈਰਿਸ ਨੇ ਕਿਹਾ ਕਿ ਉਹ ਭਾਈਚਾਰੇ ਲਈ ਸੰਭਾਵਨਾਵਾਂ ਨੂੰ ਯਕੀਨੀ ਬਣਾਉਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਮਾਜ ਲਈ ਕੰਮ ਕਰਨ ਦੀ ਸਿੱਖਿਆ ਮੈਂ ਆਪਣੀ ਮਾਂ ਕੋਲੋਂ ਲਈ ਹੈ। ਏਸ਼ੀਅਨ ਅਮੈਰੀਕਨ ਆਈਸਲੈਂਡਰ ਬਾਲ ਵੱਲੋਂ ਕਰਵਾਇਆ ਇਹ ਸਮਾਗਮ ਕੋਵਿਡ-19 ਕਾਰਨ ਵਰਚੂਅਲ ਹੋਇਆ। ਹੈਰਿਸ ਨੇ ਕਿਹਾ ਕਿ ਮੇਰੀ ਮਾਂ ਸ਼ਿਆਮਾਲਾ ਗੋਪਾਲਨ ਭਾਰਤ ਤੋਂ ਅਮਰੀਕਾ ਆਈ ਸੀ ਜਿਸ ਨੇ ਮੇਰੀ ਭੈਣ ਮਾਇਆ ਤੇ ਮੈਨੂੰ ਪਾਲਿਆ ਪੋਸਿਆ।
ਮੇਰੀ ਮਾਂ ਜਾਣਦੀ ਸੀ ਕਿ ਅਸੀਂ ਪਹਿਲੀਆਂ ਤਾਂ ਹੋ ਸਕਦੀਆਂ ਹਾਂ ਪਰ ਆਖਰੀ ਨਹੀਂ। ਇਹ ਸਬਕ ਮੈਂ ਜੀਵਨ ਭਰ ਲਈ ਪੱਲੇ ਬੰਨ ਲਿਆ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਮੇਰੇ ‘ਚ ਰੱਖੇ ਗਏ ਨਿਰੰਤਰ ਵਿਸ਼ਵਾਸ਼ ਸਦਕਾ ਹੀ ਉਹ ਇਸ ਮੁਕਾਮ ਉਪਰ ਪਹੁੰਚੀ ਹੈ। ਜਦੋਂ ਮੈਂ ਉੱਪ ਰਾਸ਼ਟਰਪਤੀ ਵਜੋਂ ਨਾਮਜ਼ਦ ਹੋਣ ਲਈ ਸਹਿਮਤ ਹੋਈ ਸੀ ਤਾਂ ਮੈ ਇਸ ਗੱਲ ਲਈ ਪੂਰੀ ਤਰ੍ਹਾਂ ਦ੍ਰਿੜ ਸੰਕਲਪ ਸੀ ਕਿ ਮਜਬੂਤ ਤੇ ਇਕਜੁੱਟ ਅਮਰੀਕਾ ਹੀ ਸਾਰਿਆਂ ਲਈ ਅਵਸਰ ਪ੍ਰਦਾਨ ਕਰ ਸਕਦਾ ਹੈ। ਅਸੀਂ ਹਮੇਸ਼ਾਂ ਅਮਰੀਕੀਆਂ ਦੀ ਇਕਜੁੱਟਤਾ ਲਈ ਕੰਮ ਕੀਤਾ ਹੈ ਤੇ ਕਰਦੇ ਰਹਾਂਗੇ। ਇੰਪੈਕਟ ਦੇ ਸਹਿ ਸੰਸਥਾਪਕ ਰਾਜ ਗੋਇਲ ਨੇ ਕਿਹਾ ਕਿ ਉਹ ਖੁਸ਼ ਹਨ ਕਿ ਭਾਰਤੀੇ ਤੇਜ਼ੀ ਨਾਲ ਅੱਗੇ ਵਧੇ ਹਨ ਤੇ ਹੁਣ ਸਾਡੀ ਵਿਰਾਸਤ ਵਿਚੋਂ ਉੱਪ ਰਾਸ਼ਟਰਪਤੀ ਬਣੀ ਹੈ। ਉਨ੍ਹਾਂ ਆਪਣੇ ਅੰਦਾਜ਼ ਵਿਚ ਕਿਹਾ ਅਸੀਂ ਨਹੀਂ ਸੀ ਜਾਣਦੇ ਕਿ ਅਸੀਂ ‘ਦੇਸੀ’ ਲੋਕ ਏਨੀ ਤੇਜ਼ੀ ਨਾਲ ਰਾਸ਼ਟਰ ਪੱਧਰ ਉਪਰ ਪਹੁੰਚ ਜਾਵਾਂਗੇ। ਉਨ੍ਹਾਂ ਕਿਹਾ ਜਦੋਂ ਮੈ 2006 ਵਿਚ ਕਨਸਾਸ ਵਿਧਾਨ ਸਭਾ ਲਈ ਚੁਣਿਆ ਗਿਆ ਸੀ ਤਾਂ ਇਹ ਮੇਰੇ ਲਈ ਕਲਪਨਾ ਤੋਂ ਬਾਹਰ ਦੀ ਗੱਲ ਸੀ। ਅਸੀਂ ਬਹੁਤ ਥੋੜ੍ਹੇ ਸਮੇ ਵਿਚ ਇਸ ਮੁਕਾਮ ਉਪਰ ਪੁੱਜੇ ਹਾਂ। ਇਸ ਮੌਕੇ ਬੰਗਲਾਦੇਸ਼ੀ ਮੂਲ ਦੇ ਅਮਰੀਕੀ ਗਾਇਕ ਐਰੀ ਆਸਫ ਨੇ ਇਕ ਗੀਤ ਗਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਸਮਾਗਮ ਨਾਲ ਜੁੜੇ ਲੋਕਾਂ ਨੇ ਹੈਰਿਸ ਦੀ ਜਿੱਤ ਲਈ ਇਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਤੇ ਖੁਸ਼ੀ ਦਾ ਇਜਹਾਰ ਕੀਤਾ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …