ਧਾਰਾ 370: ਵਾਹਗਾ ਸਰਹੱਦ ਰਾਹੀਂ ਵਪਾਰ ਹੋਇਆ ਪੂਰੀ ਤਰ੍ਹਾਂ ਠੱਪ, ਸਮਝੌਤਾ ਐਕਸਪ੍ਰੈਸ ਤੇ ਦੋਵੇਂ ਬੱਸਾਂ ਵੀ ਹੋਈਆਂ ਬੰਦ
ਹਮੀਰ ਸਿੰਘ
ਜੰਮੂ ਕਸ਼ਮੀਰ ਵਿਚੋਂ ਧਾਰਾ 370 ਮਨਸੂਖ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕਰਨ ਦਾ ਸੰਤਾਪ ਕਸ਼ਮੀਰੀ ਤਾਂ ਭੋਗ ਹੀ ਰਹੇ ਹਨ ਪਰ ਇਸ ਦਾ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਅਸਰ ਪੰਜਾਬ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਸ ਵਾਰ 14 ਅਤੇ 15 ਅਗਸਤ ਦੀ ਰਾਤ ਨੂੰ ਪਾਕਿਸਤਾਨ ਵਾਲੇ ਪਾਸਿਓਂ ਕਿਸੇ ਨੇ ਦੋਸਤੀ ਦੀ ਮੋਮਬੱਤੀ ਜਗਾਉਣ ਦੀ ਹਿੰਮਤ ਨਹੀਂ ਕੀਤੀ। ਵਾਹਗਾ ਸਰਹੱਦ ਰਾਹੀਂ ਵਪਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਦੋਵੇਂ ਦੇਸ਼ਾਂ ਦਰਮਿਆਨ ਚੱਲ ਰਹੀ ਸਮਝੌਤਾ ਐਕਸਪ੍ਰੈੱਸ ਅਤੇ ਦੋਵੇਂ ਬੱਸਾਂ ਬੰਦ ਹੋ ਚੁੱਕੀਆਂ ਹਨ ਅਤੇ ਅੱਗੋਂ ਲੋਕਾਂ ਦੇ ਆਪਸੀ ਸੰਪਰਕ ਉੱਤੇ ਵੀ ਬੁਰਾ ਪ੍ਰਭਾਵ ਪੈਣਾ ਸੁਭਾਵਿਕ ਹੈ।
ਭਾਰਤ-ਪਾਕਿਸਤਾਨ ਦਰਮਿਆਨ ਭਾਈਚਾਰਕ ਸਾਂਝ ਬਣਾਉਣ ਲਈ ਕੁਝ ਗਰੁੱਪ ਦੇਸ਼ ਦੀ ਵੰਡ ਸਮੇਂ ਦੇ ਜਿਉਂਦੇ ਬਜ਼ੁਰਗਾਂ ਨੂੰ ਇੱਕ ਦੂਸਰੇ ਨਾਲ ਮਿਲਾਉਣ ਦਾ ਤਰੱਦਦ ਕਰ ਰਹੇ ਹਨ। ਇਨ੍ਹਾਂ ਬਜ਼ੁਰਗਾਂ ਦਾ ਆਪਣੀ ਜਨਮ ਭੂਮੀ ਬਾਰੇ ਮੋਹ ਅੱਖਾਂ ਨਮ ਕਰਵਾ ਦਿੰਦਾ ਹੈ।
ਪਰ ਸਿਆਸਤ ਵਿੱਚ ਮੋਹ ਮੁਹੱਬਤ ਲਈ ਥਾਂ ਨਹੀਂ ਹੁੰਦੀ। ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਆਗਾਜ਼-ਏ-ਦੋਸਤੀ ਸੰਸਥਾ ਵਾਲੇ ਦੋਵੇਂ ਪਾਸਿਆਂ ਦੇ ਵਿੱਛੜਿਆਂ ਨੂੰ ਮਿਲਾਉਣ ਲਈ ਚੰਗਾ ਕੰਮ ਕਰ ਰਹੇ ਹਨ। ਉਹ ਦੇਸ਼ ਦੇ ਕਈ ਹਿੱਸਿਆਂ ਵਿਚੋਂ ਚੱਲ ਕੇ ਅਮਨ ਦਾ ਪੈਗ਼ਾਮ ਲੈ ਕੇ ਵਾਹਗਾ ਸਰਹੱਦ ਉੱਤੇ ਵੀ ਆਉਂਦੇ ਹਨ। ਲੋਕਾਂ ਦੀਆਂ ਸਾਂਝੀਆਂ ਰਵਾਇਤਾਂ, ਬੋਲੀ, ਸੱਭਿਆਚਾਰ ਅਤੇ ਹੋਰ ਸਾਂਝਾਂ ਨੂੰ ਉਭਾਰੇ ਜਾਣ ਦੀ ਲੋੜ ਹੈ। ਜਦੋਂ ਸਾਂਝ ਉੱਤੇ ਨਫ਼ਰਤ ਭਾਰੂ ਹੋ ਜਾਂਦੀ ਹੈ ਤਾਂ ਅਜਿਹੇ ਹਾਲਾਤ ਵਿਚੋਂ ਤਾਕਤ ਹਾਸਲ ਕਰਨ ਦੀ ਕੋਸ਼ਿਸ ਵਾਲੇ ਕਾਮਯਾਬ ਹੋ ਜਾਂਦੇ ਹਨ। ਦੋਵੇਂ ਪੰਜਾਬਾਂ ਦੇ ਲੋਕਾਂ ਦਰਮਿਆਨ ਕਦੇ ਕੋਈ ਨਫ਼ਰਤ ਨਹੀਂ ਦੇਖੀ ਗਈ। ਆਉਣ-ਜਾਣ ਉੱਤੇ ਪਾਬੰਦੀ ਵੀ ਇਸੇ ਕਰਕੇ ਲਾਈ ਜਾਂਦੀ ਹੈ ਤਾਂ ਕਿ ਲੋਕ ਇੱਕ ਦੂਸਰੇ ਨੂੰ ਸਮਝ ਨਾ ਸਕਣ ਅਤੇ ਉਨ੍ਹਾਂ ਦੀ ਨੇੜਤਾ ਨਾ ਬਣ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਪਾਰੀ 2002-2007 ਦੌਰਾਨ ਦੋਵੇਂ ਦੇਸ਼ਾਂ ਦਰਮਿਆਨ ਖੇਡਾਂ ਕਰਵਾ ਕੇ ਰਿਸ਼ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਸਨ। ਪਟਿਆਲੇ ਵਿਚ 5 ਤੋਂ 11 ਦਸੰਬਰ 2004 ਨੂੰ ਦੋਵੇਂ ਪੰਜਾਬਾਂ ਦੇ ਲਗਪਗ 700 ਖਿਡਾਰੀਆਂ ਨੇ ਜੌਹਰ ਦਿਖਾਏ ਸਨ। ਪੱਛਮੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਵੀ ਇੱਧਰ ਮਹਿਮਾਨ ਬਣ ਕੇ ਆਏ ਸਨ। ਲੱਗਦਾ ਸੀ ਕਿ ਸ਼ਾਇਦ ਹੁਣ ਰਿਸ਼ਤੇ ਸੁਧਰਨ ਵਾਲੇ ਹਨ। ਲਾਹੌਰ ਵਿਖੇ 2005 ਵਿੱਚ ਦੂਸਰੀਆਂ ਖੇਡਾਂ ਕਸ਼ਮੀਰ ਵਿੱਚ ਆਏ ਭਿਆਨਕ ਭੂਚਾਲ ਕਾਰਨ ਰੱਦ ਕਰਨੀਆਂ ਪਈਆਂ ਅਤੇ 2006 ਵਿੱਚ ਜਲੰਧਰ ਦੀ ਤਜਵੀਜ਼ ਵੀ ਅਮਲ ਵਿੱਚ ਨਹੀਂ ਆ ਸਕੀ।
ਪੰਜਾਬ ਦੇ ਸਾਬਕਾ ਐਡਵੋਕੇਟ ਜਰਨਲ ਆਰਐੱਸ ਚੀਮਾ ਭਾਰਤ-ਪਾਕਿਸਤਾਨ ਖਾਸ ਤੌਰ ਉੱਤੇ ਦੋਵੇਂ ਪੰਜਾਬਾਂ ਦੀਆਂ ਬਾਰ ਕੌਂਸਲਾਂ ਦਰਮਿਆਨ ਤਾਲਮੇਲ ਲਈ ਚੰਗੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਲੰਬੇ ਸਮੇਂ ਤੱਕ ਦੋਵੇਂ ਦੇਸ਼ਾਂ ਦੇ ਸਬੰਧ ਸੁਧਰਨਾ ਮੁਸ਼ਕਿਲ ਲਗਦਾ ਹੈ। ਸੱਤਾਧਾਰੀ ਧਿਰ ਨਾ ਹੁਣ ਵਿਕਾਸ ਅਤੇ ਨਾ ਹੀ ਸਮਾਜਿਕ ਨਿਆਂ ਉੱਤੇ ਚੋਣ ਜਿੱਤ ਸਕਦੀ ਹੈ। ਇਸ ਲਈ ਪਾਕਿਸਤਾਨ ਦੀ ਖ਼ਿਲਾਫ਼ਤ ਵਾਲਾ ਰੁਖ਼ ਉਸ ਨੂੰ ਸੱਤਾ ਉੱਤੇ ਪਹੁੰਚਣ ਵਿੱਚ ਸਹਾਈ ਹੁੰਦਾ ਹੈ। ਨੋਟਬੰਦੀ ਅਤੇ ਗ਼ਲਤ ਤਰੀਕੇ ਨਾਲ ਜੀਐੱਸਟੀ ਲਾਗੂ ਕਰਨ ਦੇ ਬਾਵਜੂਦ ਉਨ੍ਹਾਂ ਦੇਸ਼ ਦੇ ਉੱਤਰੀ ਅਤੇ ਪੱਛਮੀ ਰਾਜਾਂ ਦੇ ਬਹੁਤੇ ਲੋਕਾਂ ਨੂੰ ਕਾਮਯਾਬੀ ਨਾਲ ਪਾਕਿਸਤਾਨ ਖ਼ਿਲਾਫ਼ ਸਖ਼ਤੀ ਕਰਨ ਦੇ ਮੁੱਦੇ ਉੱਤੇ ਆਪਣੇ ਨਾਲ ਸਹਿਮਤ ਕਰ ਲਿਆ।
ਅਰਥਸ਼ਾਸਤਰੀ ਪ੍ਰੋ. ਰਣਜੀਤ ਸਿੰਘ ਘੁੰਮਣ ਇਸ ਵਾਰ ਮੋਮਬੱਤੀਆਂ ਜਗਾਉਣ ਵਾਹਗਾ ਸਰਹੱਦ ਉੱਤੇ ਵੀ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਵਪਾਰ ਬੰਦ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੁੰਦਾ ਹੈ। 1947 ਵਿੱਚ ਵੀ ਸਭ ਤੋਂ ਵੱਧ ਸੰਤਾਪ ਪੰਜਾਬ ਨੇ ਹੀ ਭੋਗਿਆ ਸੀ ਅਤੇ ਇਹ ਲਗਾਤਾਰ ਜਾਰੀ ਹੈ। ਉਨ੍ਹਾਂ ਦੋਵੇਂ ਦੇਸ਼ਾਂ ਦੇ ਵਪਾਰ ਉੱਤੇ ਪੀਐਚਡੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ 1965 ਤੋਂ 1974 ਤੱਕ ਵਪਾਰ ਬੰਦ ਰਿਹਾ ਸੀ।
ਦੁਨੀਆ ਵਿੱਚ ਹੋਰ ਕਿਤੇ ਇਸ ਤਰ੍ਹਾਂ ਵਪਾਰ ਬੰਦ ਨਹੀਂ ਕੀਤਾ ਜਾਂਦਾ। ਪੰਜਾਬ ਦੇ ਵਿਕਾਸ ਦਾ ਰਾਹ ਹੀ ਸਰਹੱਦਾਂ ਨਰਮ ਕਰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ-ਪਾਕਿਸਤਾਨ ਸਬੰਧ ਲੁੱਡੋ ਦੀ ਸੱਪ-ਸੀੜ੍ਹੀ ਖੇਡ ਵਾਂਗ ਹਨ, ਜਿਵੇਂ 99ਵੇਂ ਪਾਏਦਾਨ ਉੱਤੇ ਜਾ ਕੇ ਮੁੜ ਹੇਠਾਂ ਡਿੱਗਣਾ ਪੈਂਦਾ ਹੈ।
ਸੁਸਾਇਟੀ ਫਾਰ ਪ੍ਰਮੋਸ਼ਨ ਆਫ ਪੀਸ ਨਾਲ ਜੁੜੇ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਸਿੰਘ ਕਈ ਸਾਲਾਂ ਤੋਂ ਪਾਕਿਸਤਾਨ ਲਗਾਤਾਰ ਜਾਣ ਵਾਲਿਆਂ ਵਿੱਚੋਂ ਹਨ। ਦੇਸ਼ ਦੀ ਪਾਰਲੀਮੈਂਟ ਵਿੱਚ ਜਦੋਂ ਜੰਮੂ ਕਸ਼ਮੀਰ ਵਿਚਲੀ ਧਾਰਾ 370 ਅਤੇ 35ਏ ਨੂੰ ਖ਼ਤਮ ਕਰਕੇ ਜੰਮੂ ਕਸ਼ਮੀਰ ਨੂੰ ਵਿਧਾਨ ਪਾਲਿਕਾ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਲੱਦਾਖ ਨੂੰ ਕੇਂਦਰ ਸ਼ਾਸਤ ਐਲਾਨਿਆ ਜਾ ਰਿਹਾ ਸੀ ਤਾਂ ਉਸ ਵਕਤ ਵੀ ਚੰਚਲ ਮਨੋਹਰ ਸਿੰਘ ਪਾਕਿਸਤਾਨ ਵਿੱਚ ਸਨ। ਉਨ੍ਹਾਂ ਕਿਹਾ ਕਿ ਉਹ 5 ਅਗਸਤ ਤੋਂ ਬਾਅਦ ਵੀ ਉਥੇ ਪੰਜ ਦਿਨ ਰਹੇ। ਪਾਕਿਸਤਾਨ ਘੁੰਮਦਿਆਂ ਕਸ਼ਮੀਰ ਬਾਰੇ ਫੈਸਲੇ ਦੇ ਬਾਵਜੂਦ ਕਿਸੇ ਨੇ ਨਹੀਂ ਟੋਕਿਆ। ਸਭ ਲੋਕ ਆਪਸੀ ਪ੍ਰੇਮ ਪਿਆਰ ਨਾਲ ਹੀ ਪੇਸ਼ ਆਏ। ਪੰਜਾਬੀਆਂ ਵਿਚ ਇੱਕ ਦੂਸਰੇ ਨੂੰ ਮਿਲਣ ਦੀ ਤਾਂਘ ਹੈ। ਭਾਜਪਾ ਦੀ ਆਪਣੀ ਵੋਟ ਬੈਂਕ ਦੀ ਨੀਤੀ ਕਰ ਕੇ ਉਹ ਦਰਾੜ ਪਾਈਂ ਰੱਖਣਾ ਚਾਹੁੰਦੇ ਹਨ।
ਇਸ ਪੂਰੇ ਮਾਮਲੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਅਜੇ ਵੀ ਉਮੀਦ ਦੀ ਕਿਰਨ ਬਣਿਆ ਹੋਇਆ ਹੈ। ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਉਦੇਸ਼ ਸਰਬੱਤ ਦੇ ਭਲੇ ਦਾ ਹੈ। ਅਜ਼ਾਦੀ ਅਸੀਂ ਇਸ ਲਈ ਤਾਂ ਨਹੀਂ ਲਈ ਸੀ ਕਿ ਦੋ ਦੇਸ਼ ਬਣ ਜਾਣ ਅਤੇ ਫਿਰ ਆਪਸ ਵਿੱਚ ਲੜਦੇ ਰਹਿਣ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਉਤੇ ਜੇਕਰ ਦੋਵੇਂ ਦੇਸ਼ ਕਰਤਾਰਪੁਰ ਲਾਂਘਾ ਬਣਾ ਦਿੰਦੇ ਹਨ ਤਾਂ ਲੋਕਾਂ ਦਾ ਆਪਸ ਵਿੱਚ ਸੰਪਰਕ ਬਣਿਆ ਰਹੇਗਾ। ਲਾਂਘਾ ਕੇਵਲ ਪਾਕਿਸਤਾਨ ਤੱਕ ਹੀ ਨਹੀਂ ਅੱਗੋਂ ਦਾ ਰਾਹ ਵੀ ਖੋਲ੍ਹਣ ਵਿੱਚ ਸਹਾਈ ਹੋਵੇਗਾ।
ਟਰਾਂਸਪੋਰਟ ਟਰੱਕ ਵੇਚਣ ਲਈ ਹੋ ਰਹੇ ਹਨ ਮਜਬੂਰ
ਅਟਾਰੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਪਿੱਛੋਂ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਨਾਲ ਦੁਵੱਲਾ ਵਪਾਰ ਬੰਦ ਹੋਣ ਨਾਲ ਇੱਥੇ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ਵਿੱਚ ਢੋਆ-ਢੁਆਈ ਦਾ ਕੰਮ ਕਰਦੇ ਕੁਲੀ ਅਤੇ ਟਰਾਂਸਪੋਰਟਰ ਬਹੁਤ ਪ੍ਰਭਾਵਿਤ ਹੋਏ ਹਨ। ਭਾਰਤ-ਪਾਕਿਸਤਾਨ ਵਪਾਰ ਬੰਦ ਹੋਣ ਨਾਲ ਇੱਥੇ ਕੰਮ ਕਰਨ ਵਾਲੇ 3300 ਕੁਲੀ ਤੇ ਹੈਲਪਰ ਇਨ੍ਹੀਂ ਦਿਨੀਂ ਬੇਰੁਜ਼ਗਾਰ ਹੋ ਚੁੱਕੇ ਹਨ। ਭਾਰਤ-ਪਾਕਿਸਤਾਨ ਵਪਾਰ ਵਾਸਤੇ ਟਰਾਂਸਪੋਰਟਰਾਂ ਨੇ ਕਰਜ਼ਾ ਲੈ ਕੇ ਟਰੱਕ ਖਰੀਦੇ ਸਨ ਜੋ ਹੁਣ ਵੇਚੇ ਜਾ ਚੁੱਕੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕੁਲੀ ਯੂਨੀਅਨ ਅਟਾਰੀ ਦੇ ਪ੍ਰਧਾਨ ਬਾਬਾ ਭਜਨ ਸਿੰਘ ਨੇ ਦੱਸਿਆ ਕਿ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ਵਿੱਚ 1433 ਕੁਲੀ ਅਤੇ ਏਨੇ ਹੀ ਹੈਲਪਰ ਕੰਮ ਕਰਦੇ ਹਨ। ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਬੰਦ ਹੋਣ ਨਾਲ ਕੁਲੀ, ਢਾਬਾ ਮਾਲਕ, ਰੇਹੜੀ, ਰਿਕਸ਼ੇ ਅਤੇ ਟਰਾਂਸਪੋਰਟਰ ਪ੍ਰਭਾਵਿਤ ਹੋਏ ਹਨ। ਬੇਰੁਜ਼ਗਾਰ ਹੋਏ ਕੁਲੀ ਪਰਿਵਾਰ ਦਾ ਪੇਟ ਪਾਲਣ ਲਈ ਦਿਹਾੜੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 1972 ਤੋਂ ਲੈ ਕੇ ਭਾਰਤ-ਪਾਕਿਸਤਾਨ ਦੀ ਵਾਹਗਾ-ਅਟਾਰੀ ਸਰਹੱਦ ਰਸਤੇ ਵਪਾਰ ਚੱਲ ਰਿਹਾ ਹੈ। ਇੱਥੇ ਕੁਲੀਆਂ ਦੀ ਚੌਥੀ ਪੀੜ੍ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ 200 ਫੀਸਦੀ ਕਸਟਮ ਡਿਊਟੀ ਲਾਉਣ ਮਗਰੋਂ ਪਾਕਿਸਤਾਨ ਨਾਲ ਵਪਾਰ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਵਪਾਰ ਬੰਦ ਹੋਣ ਨਾਲ 10 ਹਜ਼ਾਰ ਪਰਿਵਾਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਕੋਈ ਸਹੂਲਤ ਨਹੀਂ ਮਿਲੀ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਸਟਮ ਡਿਊਟੀ ਘਟਾ ਕੇ ਅਟਾਰੀ ਸਰਹੱਦ ਰਸਤੇ ਭਾਰਤ-ਪਾਕਿ ਵਿਚਕਾਰ ਵਪਾਰ ਮੁੜ ਸ਼ੁਰੂ ਕੀਤਾ ਜਾਵੇ, ਜਿਵੇਂ ਕਿ ਰੇਲਵੇ ਵਿਭਾਗ ਵਿੱਚ ਕੁਲੀਆਂ ਨੂੰ ਭਰਤੀ ਕੀਤਾ ਜਾਂਦਾ ਹੈ ਉਵੇਂ ਹੀ ਅਟਾਰੀ ਸਰਹੱਦ ‘ਤੇ ਕੰਮ ਕਰਨ ਵਾਲੇ ਕੁਲੀਆਂ ਨੂੰ ਭਰਤੀ ਕੀਤਾ ਜਾਵੇ। ਅਟਾਰੀ ਬਾਰਡਰ ਟਰੱਕ ਆਪਰੇਟਰ ਐਸੋਸੀਏਸ਼ਨ ਦੇ ਬੁਲਾਰੇ ਅਮਰਜੀਤ ਸਿੰਘ ਸ਼ਿੰਦਾ ਨੇ ਦੱਸਿਆ ਕਿ ਪੁਲਵਾਮਾ ਹਮਲੇ ਮਗਰੋਂ ਭਾਰਤ ਸਰਕਾਰ ਨੇ ਪਾਕਿਸਤਾਨ ਖ਼ਿਲਾਫ਼ ਸਖਤ ਰੁਖ ਅਖਤਿਆਰ ਕਰਦਿਆਂ ਅਟਾਰੀ-ਵਾਹਗਾ ਸਰਹੱਦ ਰਸਤੇ ਹੁੰਦੇ ਦੁਵੱਲੇ ਵਪਾਰ ਤੇ ਕਸਟਮ ਡਿਊਟੀ ਵਿੱਚ ਦੋ ਸੌ ਫੀਸਦੀ ਵਾਧਾ ਕਰ ਦਿੱਤਾ ਸੀ ਜਿਸ ਕਾਰਨ ਵਪਾਰ ਬੰਦ ਹੋਣ ਕੰਢੇ ਪਹੁੰਚ ਗਿਆ ਸੀ। ਕੇਵਲ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਡਰਾਈ ਫਰੂਟ ਹੀ ਭਾਰਤ ਪਹੁੰਚ ਰਿਹਾ ਸੀ ਜੋ ਅੱਜ ਵੀ ਆਉਣਾ ਜਾਰੀ ਹੈ। ਹੁਣ ਭਾਰਤ ਵੱਲੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕਰਨ ਪਿੱਛੋਂ ਵਧੇ ਤਣਾਅ ਕਰਕੇ ਪਾਕਿਸਤਾਨ ਸਰਕਾਰ ਵੱਲੋਂ ਵਪਾਰਕ ਆਦਾਨ-ਪ੍ਰਦਾਨ, ਰੇਲ ਤੇ ਬੱਸ ਸੇਵਾ ਬੰਦ ਕਰਨ ਤੇ ਕੂਟਨੀਤਿਕ ਸਬੰਧ ਖਤਮ ਕੀਤੇ ਗਏ ਹਨ। ਕੁਲੀਆਂ ਅਤੇ ਟਰਾਂਸਪੋਰਟਰਾਂ ਨੂੰ ਕੇਂਦਰ ਵਿੱਚ ਨਵੀਂ ਸਰਕਾਰ ਬਣਨ ਪਿੱਛੋਂ ਦੋਵਾਂ ਮੁਲਕਾਂ ਵਿੱਚ ਵਪਾਰ ਪਹਿਲਾਂ ਦੀ ਤਰ੍ਹਾਂ ਮੁੜ ਸ਼ੁਰੂ ਹੋਣ ਦੀ ਆਸ ਸੀ ਪਰ ਉਨ੍ਹਾਂ ਦੀ ਆਸ ਨੂੰ ਬੂਰ ਨਹੀਂ ਪਿਆ। ਟਰੱਕ ਡਰਾਈਵਰ ਹਿਜਰਤ ਕਰਕੇ ਭਾਰਤ ਦੇ ਹੋਰ ਰਾਜਾਂ ਵਿੱਚ ਆਪਣੇ ਰੁਜ਼ਗਾਰ ਲਈ ਇੱਥੋਂ ਚਲੇ ਗਏ ਹਨ। ਉਨ੍ਹਾਂ ਦੱਸਿਆ ਕਿ ਅਟਾਰੀ ਸਰਹੱਦ ਵਿੱਚ ਵਪਾਰਕ ਮਾਲ ਦੀ ਢੋਆ-ਢੁਆਈ ਲਈ 1500 ਟਰੱਕ ਰੋਜ਼ਾਨਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇੱਥੇ ਟਰਾਂਸਪੋਰਟਰ, ਕੁਲੀ, ਸੀਐੱਚਏ, ਦੁਕਾਨਦਾਰ ਅਤੇ ਢਾਬਿਆਂ ਵਾਲੇ ਆਈਸੀਪੀ ਦੇ ਸਹਾਰੇ ਰੋਜ਼ੀ-ਰੋਟੀ ਕਮਾ ਰਹੇ ਸਨ ਜੋ ਵਪਾਰ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਵਪਾਰ ਦੇ ਚੱਲਦਿਆਂ ਪਾਕਿਸਤਾਨ ਤੋਂ ਰੋਜ਼ਾਨਾ 300 ਟਰੱਕ ਭਾਰਤ ਆਉਂਦੇ ਸਨ ਤੇ ਉਸ ਮਾਲ ਦੀ ਚੁਕਾਈ ਲਈ 450 ਟਰੱਕ ਲਗਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸੇ ਸਾਲ 16 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ ਸੰਗਠਿਤ ਚੈੱਕ ਪੋਸਟ ਵਿੱਚ ਪਾਕਿਸਤਾਨ ਤੋਂ ਆਉਣ ਵਾਲੇ ਮਾਲ ਤੇ 200 ਫੀਸਦੀ ਕਸਟਮ ਡਿਊਟੀ ਲਾਉਣ ਨਾਲ ਵਪਾਰ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ 1500 ਟਰੱਕ ਡਰਾਈਵਰ, ਹੈਲਪਰਾਂ ਸਮੇਤ 3300 ਕੁਲੀ, 400 ਦੇ ਲਗਭਗ ਸੀਐੱਚਏ ਇੱਥੇ ਕੰਮ ਕਰਦੇ ਸਨ, ਵਪਾਰ ਬੰਦ ਹੋਣ ਨਾਲ ਇਹ ਹੁਣ ਰੋਜ਼ੀ-ਰੋਟੀ ਤੋਂ ਵੀ ਆਤੁਰ ਹਨ। ਬੁਲਾਰੇ ਨੇ ਦੱਸਿਆ ਕਿ ਅਟਾਰੀ ਟਰੱਕ ਯੂਨੀਅਨ ਦੇ 517 ਟਰੱਕ ਸਨ ਜੋ ਬਹੁਤੇ ਫਾਇਨਾਂਸਰਾਂ ਅਤੇ ਬੈਂਕਾਂ ਜ਼ਰੀਏ ਖਰੀਦੇ ਸਨ, ਕਿਸ਼ਤਾਂ ਨਾ ਦੇਣ ਕਾਰਨ ਫਾਇਨਾਂਸਰ ਇਹ ਫੜ ਕੇ ਲਿਜਾ ਚੁੱਕੇ ਹਨ। ਉਨ੍ਹਾਂ ਕਿਹਾ 225 ਟਰੱਕਾਂ ਵਿੱਚੋਂ 100 ਟਰੱਕ ਹੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਦੇ ਚਿਹਰੇ ‘ਤੇ ਪਿਲੱਤਣ ਛਾਈ ਹੋਈ ਹੈ ਤੇ ਵਪਾਰ ਦੇ ਮੁੜ ਸ਼ੁਰੂ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਨੇ ਸਰਹੱਦ ਰਸਤੇ ਹੁੰਦਾ ਵਪਾਰ ਕੀਤਾ ਬੰਦ
ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦ ਰਸਤੇ ਹੁੰਦਾ ਦੁਵੱਲਾ ਵਪਾਰ ਹਮੇਸ਼ਾ ਹੀ ਦੋਵਾਂ ਮੁਲਕਾਂ ਦੇ ਵਿਗੜਦੇ-ਸੁਧਰਦੇ ਆਪਸੀ ਰਿਸ਼ਤਿਆਂ ‘ਤੇ ਨਿਰਭਰ ਰਿਹਾ ਹੈ, ਜਿਸ ਕਾਰਨ ਇਹ ਆਪਸੀ ਵਪਾਰ ਕਈ ਵਾਰ ਪ੍ਰਭਾਵਿਤ ਹੋਇਆ ਹੈ। ਇਸ ਵਾਰ ਫਰਵਰੀ ਵਿੱਚ ਹੋਏ ਪੁਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਦਰਾਮਦ ਉੱਤੇ ਟੈਕਸ 200 ਫੀਸਦ ਵਧਾ ਦਿੱਤੇ ਜਾਣ ਤੋਂ ਬਾਅਦ ਇਹ ਦੁਵੱਲਾ ਵਪਾਰ ਉਸ ਵੇਲੇ ਤੋਂ ਹੀ ਲਗਭਗ ਬੰਦ ਪਿਆ ਹੈ ਅਤੇ ਹੁਣ ਜੰਮੂ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਵੀ ਸਰਹੱਦ ਰਸਤੇ ਹੁੰਦਾ ਇਹ ਦੁਵੱਲਾ ਵਪਾਰ ਬੰਦ ਕਰ ਦਿੱਤਾ ਹੈ।ਭਾਰਤ ਵੱਲੋਂ ਪਾਕਿਸਤਾਨ ਨੂੰ 1996 ਵਿੱਚ ਤਰਜੀਹੀ ਮੁਲਕ ਐੱਮਐੱਫਐੱਨ ਦਾ ਦਰਜਾ ਦਿੱਤਾ ਗਿਆ ਸੀ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਖੁੱਲ੍ਹਾ ਵਪਾਰ ਹੋ ਸਕੇ ਪਰ ਉਸ ਵੇਲੇ ਵੀ ਪਾਕਿਸਤਾਨ ਨੇ ਭਾਰਤ ਨੂੰ ਇਹ ਦਰਜਾ ਨਹੀਂ ਦਿੱਤਾ ਸੀ ਅਤੇ ਸਿਰਫ 138 ਵਸਤਾਂ ਦੇ ਵਪਾਰ ਦੀ ਪ੍ਰਵਾਨਗੀ ਦਿੱਤੀ ਸੀ। ਭਾਰਤ ਵੱਲੋਂ ਦੁਵੱਲੇ ਵਪਾਰ ਅਤੇ ਆਵਾਜਾਈ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਹੀ ਅਟਾਰੀ ਸਰਹੱਦ ਵਿੱਚ 2012 ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਈਸੀਪੀ (ਸਗੰਠਿਤ ਚੈੱਕ ਪੋਸਟ) ਦਾ ਨਿਰਮਾਣ ਕੀਤਾ ਸੀ। ਲਗਭਗ 118 ਏਕੜ ਰਕਬੇ ਵਿੱਚ ਬਣੀ ਇਸ ਚੈੱਕ ਪੋਸਟ ‘ਤੇ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਆਈਸੀਪੀ ਦੀ ਸਥਾਪਨਾ ਮਗਰੋਂ ਇਥੋਂ ਹੋਣ ਵਾਲਾ ਵਪਾਰ ਵਧਿਆ ਸੀ ਪਰ ਭਾਜਪਾ ਦੀ ਕੇਂਦਰ ਵਿੱਚ ਸਥਾਪਤ ਹੋਈ ਸਰਕਾਰ ਦੇ ਹੁੰਦਿਆਂ ਆਪਸੀ ਦੁਵੱਲੇ ਰਿਸ਼ਤਿਆਂ ਵਿੱਚ ਨਿਰੰਤਰ ਉਤਾਰ-ਚੜ੍ਹਾਅ ਆਉਂਦਾ ਰਿਹਾ ਹੈ ਅਤੇ ਇਸ ਨੇ ਵਪਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। 2012-13 ਵਿੱਚ ਇਹ ਦੁਵੱਲਾ ਵਪਾਰ ਲਗਪਗ 4800 ਕਰੋੜ ਰੁਪਏ ਦਾ ਹੋਇਆ ਸੀ, ਜੋ 2013-14 ਵਿੱਚ ਵਧ ਕੇ 5443 ਕਰੋੜ ਰੁਪਏ ਦਾ ਹੋ ਗਿਆ। 2014 ਵਿੱਚ ਭਾਜਪਾ ਦੀ ਸਰਕਾਰ ਸਥਾਪਤ ਹੋਣ ਮਗਰੋਂ ਇਸ ਰਸਤੇ ਕੁੱਲ 4485 ਕਰੋੜ ਰੁਪਏ ਦਾ ਦੁਵੱਲਾ ਵਪਾਰ ਹੋਇਆ। 2015-16 ਵਿੱਚ ਦੁਵੱਲਾ ਵਪਾਰ ਕੁਝ ਘਟਿਆ ਅਤੇ ਕੁੱਲ ਵਪਾਰ 3748 ਕਰੋੜ ਰੁਪਏ ਦਾ ਹੋਇਆ। ਇਸੇ ਤਰ੍ਹਾਂ 2016-17 ਵਿੱਚ 3971 ਕਰੋੜ ਅਤੇ 2017-18 ਵਿੱਚ 4148 ਕਰੋੜ ਦਾ ਵਪਾਰ ਹੋਇਆ ਹੈ। 2018-19 ਵਿੱਚ ਇਹ ਵਪਾਰ 4354 ਕਰੋੜ ਰੁਪਏ ਦਾ ਸੀ ਪਰ 2019-20 ਵਿੱਚ ਇਹ ਵਪਾਰ ਹੁਣ ਤਕ ਸਿਰਫ 531 ਕਰੋੜ ਰੁਪਏ ਦਾ ਹੀ ਹੋਇਆ ਹੈ। ਪੁਲਵਾਮਾ ਹਮਲੇ ਮਗਰੋਂ ਦਰਾਮਦ ਉਤੇ ਵਾਧੂ ਟੈਕਸ ਲਾਉਣ ਕਾਰਨ ਦਰਾਮਦ ਸਿਰਫ਼ 369 ਕਰੋੜ ਰੁਪਏ ਦੀ ਹੋਈ ਹੈ ਜਦੋਂ ਕਿ ਪਿਛਲੇ ਵਰ੍ਹੇ ਇਹ ਦਰਾਮਦ 3627 ਕਰੋੜ ਰੁਪਏ ਦੀ ਸੀ। ਇਸੇ ਤਰ੍ਹਾਂ ਬਰਾਮਦ ਪਿਛਲੇ ਤਿੰਨ ਸਾਲਾਂ ਤੋਂ ਨਿਰੰਤਰ ਘੱਟ ਰਹੀ ਸੀ ਜੋ ਕਿ ਇਸ ਵਰ੍ਹੇ ਹੁਣ ਤਕ ਸਿਰਫ 162 ਕਰੋੜ ਰੁਪਏ ਦੀ ਹੀ ਹੋਈ ਹੈ, ਜਦੋਂ ਕਿ ਪਿਛਲੇ ਵਰ੍ਹੇ ਇਹ ਬਰਾਮਦ 726 ਕਰੋੜ ਰੁਪਏ ਦੀ ਸੀ। ਭਾਰਤ ਵੱਲੋਂ ਪਾਕਿਸਤਾਨ ਵਿੱਚ ਸੋਇਆਬੀਨ, ਸਬਜ਼ੀਆਂ, ਕਾਟਨ, ਚਿਕਨ ਫੀਡ, ਲਾਲ ਮਿਰਚ, ਆਟੋ-ਮੋਬਾਈਲ ਦੇ ਸਪੇਅਰ ਪਾਰਟ, ਪਲਾਸਟਿਕ ਦਾ ਦਾਣਾ ਤੇ ਹੋਰ ਵਸਤਾਂ ਭੇਜੀਆਂ ਜਾਂਦੀਆਂ ਸਨ ਜਦੋਂ ਕਿ ਪਾਕਿਸਤਾਨ ਵਾਲੇ ਪਾਸਿਉਂ ਸੀਮਿੰਟ, ਜਿਪਸਮ, ਛੁਹਾਰੇ, ਚੱਟਾਨੀ ਨਮਕ ਤੇ ਹੋਰ ਵਸਤਾਂ ਆ ਰਹੀਆਂ ਸਨ। ਇਸ ਵਾਰ ਤਾਂ ਕਸ਼ਮੀਰ ਤੇ ਮਕਬੂਜਾ ਕਸ਼ਮੀਰ ਰਸਤੇ ਹੁੰਦਾ ਵਪਾਰ ਵੀ ਬੰਦ ਹੋ ਗਿਆ ਹੈ। ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਚਲਦੀ ਸਮਝੌਤਾ ਐਕਸਪ੍ਰੈੱਸ ਰੇਲਗੱਡੀ, ਦਿੱਲੀ-ਲਾਹੌਰ ਵਿਚਾਲੇ ਚੱਲਦੀ ਦੋਸਤੀ ਬੱਸ ਅਤੇ ਅੰਮ੍ਰਿਤਸਰ-ਲਾਹੌਰ ਤੇ ਨਨਕਾਣਾ ਸਾਹਿਬ ਵਿਚਾਲੇ ਚਲਦੀ ਪੰਜ-ਆਬ ਬੱਸ ਵੀ ਬੰਦ ਹੋ ਗਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੀ ਆਵਾਜਾਈ ਵੀ ਬੰਦ ਹੋ ਗਈ ਹੈ। ਇਸ ਵਰ੍ਹੇ ਹੁਣ ਤਕ ਆਈਸੀਪੀ ਰਸਤੇ ਸਿਰਫ 13 ਹਜ਼ਾਰ ਲੋਕ ਹੀ ਦੋਵੇਂ ਪਾਸੇ ਆਏ ਤੇ ਗਏ ਹਨ, ਜਦੋਂ ਕਿ ਪਿਛਲੇ ਵਰ੍ਹੇ ਇਹ ਗਿਣਤੀ 77 ਹਜ਼ਾਰ ਸੀ। ਦੋਵਾਂ ਮੁਲਕਾਂ ਵਿੱਚ ਵਧ ਰਹੀ ਆਪਸੀ ਕੁੜੱਤਣ ਕਾਰਨ ਭਾਰਤ ਦਾ ਪਾਕਿਸਤਾਨ ਰਸਤੇ ਅਫਗਾਨਿਸਤਾਨ ਨਾਲ ਹੁੰਦਾ ਵਪਾਰ ਵੀ ਪ੍ਰਭਾਵਿਤ ਹੋਣ ਦੇ ਆਸਾਰ ਹਨ।
ਵਪਾਰੀ ਜੰਗ ਨਹੀਂ ਚਾਹੁੰਦੇ : ਡਰਾਈ ਫਰੂਟ ਵਪਾਰੀਆਂ ਦੀ ਜਥੇਬੰਦੀ ਦੇ ਆਗੂ ਅਨਿਲ ਮਹਿਰਾ ਨੇ ਦਸਿਆ ਕਿ ਉਹ ਪਾਕਿਸਤਾਨ ਤੋਂ ਛੁਹਾਰੇ, ਜਿਪਸਮ ਅਤੇ ਹੋਰ ਵਸਤਾਂ ਮੰਗਵਾ ਰਹੇ ਸਨ ਪਰ ਹੁਣ ਸਭ ਕੁਝ ਹੀ ਬੰਦ ਹੋ ਗਿਆ ਜਦੋਂ ਕਿ ਅਫਗਾਨਿਸਤਾਨ ਤੋਂ ਡਰਾਈ ਫਰੂਟ ਦਾ ਵਪਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਦੁਵੱਲੇ ਵਪਾਰ ਦੇ ਬੰਦ ਹੋਣ ਨਾਲ ਦੋਵੇਂ ਪਾਸੇ ਵਪਾਰੀ ਵਰਗ ਪ੍ਰਭਾਵਿਤ ਹੋ ਰਿਹਾ ਹੈ। ਪੀਐੱਚਡੀ ਚੈਂਬਰ ਆਫ਼ ਕਾਮਰਸ ਦੇ ਆਗੂ ਆਰਐੱਸ ਸਚਦੇਵਾ ਨੇ ਆਖਿਆ ਕਿ ਵਪਾਰੀ ਵਰਗ ਕਦੇ ਵੀ ਜੰਗ ਨਹੀਂ ਚਾਹੁੰਦਾ ਹੈ ਪਰ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ ਕਾਰਨ ਸਮੁੱਚਾ ਵਪਾਰੀ ਵਰਗ ਚਿੰਤਾ ਵਿੱਚ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਬਦਲਦੇ ਰਿਸ਼ਤਿਆਂ ਦਾ ਵਪਾਰ ‘ਤੇ ਅਸਰ ਨਹੀਂ ਪੈਣਾ ਚਾਹੀਦਾ ਕਿਉਂਕਿ ਹੁਣ ਵਪਾਰ ਨਾਲ ਹੀ ਪਿਆਰ ਵਧ ਸਕਦਾ ਹੈ। ਉਂਜ ਤਾਂ ਦੋਵੇਂ ਪਾਸੇ ਵੱਡੇ ਪੱਧਰ ‘ਤੇ ਜ਼ਹਿਰ ਘੁਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਵਧੇਰੇ ਪੰਜਾਬ ਦਾ ਵਪਾਰੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਦੀ ਤਰੱਕੀ ਲਈ ਦੁਵੱਲਾ ਵਪਾਰ ਚੱਲਦਾ ਰਹਿਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਪਾਰੀਆਂ ਕੋਲ ਆਪਣੇ ਮਾਲ ਦੀ ਨਿਕਾਸੀ ਲਈ ਹੋਰ ਕੋਈ ਰਸਤਾ ਨਹੀਂ ਹੈ। ਦੁਵੱਲੇ ਵਪਾਰ ਨਾਲ ਪੰਜਾਬ ਦੇ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …