Breaking News
Home / ਪੰਜਾਬ / ‘ਆਪ’ ਵਿਚ ਅਹੁਦਿਆਂ ਦੀ ਲੱਗੇਗੀ ਝੜੀ

‘ਆਪ’ ਵਿਚ ਅਹੁਦਿਆਂ ਦੀ ਲੱਗੇਗੀ ਝੜੀ

ਪੰਜਾਬ ‘ਚ 30 ਹਜ਼ਾਰ ਅਹੁਦੇਦਾਰਾਂ ਦੀ ਹੋਵੇਗੀ ਨਿਯੁਕਤੀ
ਦਿੱਲੀ ਪੈਟਰਨ ਪੂਰੀ ਤਰ੍ਹਾਂ ਕੀਤਾ ਜਾਵੇਗ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚੋਂ ਮਿਲੀ ਅਣਕਿਆਸੀ ਹਾਰ ਤੋਂ ਬਾਅਦ 30 ਹਜ਼ਾਰ ‘ਸਿਪਾਹੀਆਂ’ ਦੀ ਫੌਜ ਤਿਆਰ ਕਰਨ ਦੀ ਰਣਨੀਤੀ ਬਣਾਈ ਹੈ। ਇਸ ਤਹਿਤ ਪੰਜਾਬ ਦੇ ਮੀਤ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦਾ ਦੌਰਾ ਕਰਕੇ ਬੂਥਾਂ ਦੇ ਪ੍ਰਧਾਨਾਂ ਤੋਂ ਲੈ ਕੇ ਸੂਬਾਈ ਪ੍ਰਧਾਨ ਤੱਕ ਪਾਰਟੀ ਦੇ 30 ਹਜ਼ਾਰ ਅਹੁਦੇਦਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਹੈ ਅਤੇ ਇੱਕ ਮਹੀਨੇ ਵਿੱਚ ਢਾਂਚਾ ਤਿਆਰ ਕਰ ਲਿਆ ਜਾਵੇਗਾ।
ਦਿੱਲੀ ਪੈਟਰਨ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਕਨਵੀਨਰ, ਜ਼ੋਨ ਇੰਚਾਰਜ, ਸਰਕਲ ਇੰਚਾਰਜ ਆਦਿ ਦਾ ਭੋਗ ਪਾ ਕੇ ਹਰੇਕ ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਹਜ਼ਾਰਾਂ ਆਗੂਆਂ ਨੂੰ ਪ੍ਰਧਾਨ ਦੀਆਂ ਫੀਤੀਆਂ ਲਾਈਆਂ ਜਾ ਰਹੀਆਂ ਹਨ। ਪੰਜਾਬ ਨੂੰ ਪੰਜ ਸਿਆਸੀ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਮਾਲਵਾ ਖੇਤਰ ਵਿਚਲੇ 69 ਵਿਧਾਨ ਸਭਾ ਹਲਕਿਆਂ ਨੂੰ ਤਿੰਨ ਜ਼ੋਨਾਂ ਵਿੱਚ ਵੰਡ ਕੇ ਹਰੇਕ ਜ਼ੋਨ ਲਈ ਇੱਕ-ਇੱਕ ਮੀਤ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਾਝਾ ਅਤੇ ਦੋਆਬਾ ਨੂੰ ਇੱਕ-ਇੱਕ ਜ਼ੋਨ ਵਜੋਂ ਉਸਾਰ ਕੇ ਦੋਵਾਂ ਜ਼ੋਨਾਂ ਲਈ ਇੱਕ-ਇੱਕ ਮੀਤ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹੇ ਵਿੱਚ ਦਿਹਾਤੀ ਅਤੇ ਸ਼ਹਿਰੀ ਪ੍ਰਧਾਨ ਨਿਯੁਕਤ ਕਰਕੇ 22 ਜ਼ਿਲ੍ਹਿਆਂ ਵਿੱਚ 44 ਪ੍ਰਧਾਨ ਲਾਏ ਜਾਣਗੇ। ਸਮੂਹ 117 ਵਿਧਾਨ ਸਭਾ ਹਲਕਿਆਂ ਲਈ 117 ਪ੍ਰਧਾਨ ਨਿਯੁਕਤ ਜਾ ਰਹੇ ਹਨ। ਹਰੇਕ ਵਿਧਾਨ ਸਭਾ ਹਲਕੇ ਨੂੰ ਤਿੰਨ ਬਲਾਕਾਂ ਵਿਚ ਵੰਡ ਕੇ ਕੁੱਲ 351 ਬਲਾਕਾਂ ਲਈ 351 ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ। ਬੂਥਾਂ ਦੇ ਆਧਾਰ ‘ਤੇ ਪੰਜ-ਛੇ ਪਿੰਡਾਂ ਦੀ ਇੱਕ ਇਕਾਈ ਬਣਾ ਕੇ ਸਰਕਲ ਪ੍ਰਧਾਨ ਨਿਯੁਕਤ ਕਰਨ ਦੀ ਯੋਜਨਾ ਹੈ। ਇਸ ਤੋਂ ਵੀ ਅੱਗੇ ਵੱਧਦਿਆਂ ਪੰਜਾਬ ਦੇ ਪਿੰਡਾਂ ਲਈ 13030 ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਪਿੰਡਾਂ ਦੇ ਪ੍ਰਧਾਨਾਂ ਦੀ ਗਿਣਤੀ ਇਸ ਤੋਂ ਵੀ ਵੱਧ ਸਕਦੀ ਹੈ ਕਿਉਂਕਿ ਜਿਸ ਪਿੰਡ ਵਿੱਚ ਇੱਕ ਤੋਂ ਵੱਧ ਪੰਚਾਇਤਾਂ ਹਨ, ਉਥੇ ਪੰਚਾਇਤ ਪੱਧਰ ‘ਤੇ ਪ੍ਰਧਾਨ ਨਿਯੁਕਤ ਕੀਤੇ ਜਾਣਗੇ।
ਪਾਰਟੀ ਨੇ ਸਿਆਸਤ ਦੇ ਧੁਰ ਹੇਠਾਂ ਤੱਕ ਪੈਰ ਜਮਾਉਣ ਲਈ ਹਰੇਕ ਚੋਣ ਬੂਥ ਲਈ ਵੀ ਪ੍ਰਧਾਨ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ, ਜਿਨ੍ਹਾਂ ਦੀ ਗਿਣਤੀ 15 ਹਜ਼ਾਰ ਦੇ ਕਰੀਬ ਬਣ ਸਕਦੀ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਉਹ ਅਹੁਦੇਦਾਰ ਨਿਯੁਕਤ ਕਰਨ ਵੇਲੇ ਪਾਰਟੀ ਨੂੰ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਣ ਦਾ ਯਤਨ ਕਰ ਰਹੇ ਹਨ ਅਤੇ ਨਿਯੁਕਤੀਆਂ ਕਰਨ ਵੇਲੇ ਜੁਗਾੜੂ, ਸਿਫਾਰਸ਼ੀ ਅਤੇ ਫੋਟੋ ਕਲਚਰ ਵਿੱਚ ਰੰਗ ਕੇ ਹੀਰੋ ਬਣਨ ਦਾ ਯਤਨ ਕਰਨ ਵਾਲੇ ਆਗੂਆਂ ਨੂੰ ਦੂਰ ਰੱਖਿਆ ਜਾਵੇਗਾ।
ਮਾਨ ਨੇ ਖੁਲਾਸਾ ਕੀਤਾ ਕਿ ਚੋਣਾਂ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਰੁੱਸ ਕੇ ਘਰੀਂ ਬੈਠੇ ਪਾਰਟੀ ਦੇ ਆਗੂਆਂ ਨੂੰ ਮੁੜ ਛਾਤੀ ਨਾਲ ਲਾਉਣ ਲਈ ਉਹ ਹਰੇਕ ਕੋਲ ਪਹੁੰਚ ਕਰਨਗੇ।
‘ਆਪ’ ਉਪਰ ਵੀ ਮਲਵਈ ਭਾਰੂ
ਅਕਾਲੀ ਦਲ ਅਤੇ ਕਾਂਗਰਸ ਵਾਂਗ ‘ਆਪ’ ਉਪਰ ਵੀ ਮਾਲਵੇ ਨਾਲ ਸਬੰਧਿਤ ਆਗੂ ਹੀ ਭਾਰੂ ਹਨ। ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਮੀਤ ਪ੍ਰਧਾਨ ਅਮਨ ਅਰੋੜਾ, ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਅਤੇ ਉਪ ਆਗੂ ਸਰਬਜੀਤ ਕੌਰ ਮਾਣੂਕੇ ਸਾਰੇ ਮਾਲਵੇ ਨਾਲ ਹੀ ਸਬੰਧਿਤ ਹਨ। ਜਿਵੇਂ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਦੇ ਦੌਰੇ ‘ਤੇ ਆਉਂਦੇ ਰਹੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮਾਂ ਦੇ ਸਟੇਜ ਸੰਚਾਲਕ ਮਾਝੇ ਦੇ ਕਿਸੇ ਲੀਡਰ ਦੀ ਥਾਂ ਮਾਲਵੇ ਨਾਲ ਸਬੰਧਿਤ ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ ਹੀ ਹੁੰਦੇ ਸਨ ਉਸੇ ਤਰ੍ਹਾਂ ਹੁਣ 29 ਮਈ ਨੂੰ ਅੰਮ੍ਰਿਤਸਰ ਵਿਖੇ ਕੇਜਰੀਵਾਲ ਦੇ ਪ੍ਰੋਗਰਾਮ ਦੇ ਸਟੇਜ ਦੀ ਕਾਰਵਾਈ ਮਾਲਵੇ ਨਾਲ ਸਬੰਧਿਤ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੇ ਹੱਥ ਹੀ ਸੀ। ਇਸ ਕਾਰਨ ਮਾਝੇ ਅਤੇ ਖਾਸ ਕਰਕੇ ਅੰਮ੍ਰਿਤਸਰ ਦੀ ਲੀਡਰਸ਼ਿਪ ਆਪਣੇ-ਆਪ ਨੂੰ ਨੁਕਰੇ ਲੱਗੀ ਮਹਿਸੂਸ ਕਰ ਰਹੀ ਹੈ।
ਦੋ ਦਲਿਤ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ
ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਿੰਡ ਵਾਪਰੀ ਘਟਨਾ
ਮੰਡੀ ਬਰੀਵਾਲਾ : ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਿੰਡ ਵੜਿੰਗ ਵਿਚ ਦੋ ਦਲਿਤ ਨੌਜਵਾਨਾਂ ਹਰਦੇਵ ਸਿੰਘ (26) ਅਤੇ ਜਸਕਰਨ ਸਿੰਘ ਜੱਸੀ (20) ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਦੇ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਖੋਖਰ ਰੋਡ ‘ਤੇ ਸਥਿਤ ਰਜਬਾਹੇ ਦੇ ਪੁੱਲ ਥੱਲੇ ਸੁੱਟ ਦਿੱਤੀਆਂ ਗਈਆਂ। ਘਟਨਾ ਦਾ ਪਤਾ ਮੰਗਲਵਾਰ ਸਵੇਰੇ ਲੱਗਾ। ਹੱਤਿਆਰਿਆਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਸਕਿਆ ਹੈ। ਥਾਣਾ ਬਰੀਵਾਲਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਅਨੁਸਾਰ ਹਰਦੇਵ ਅਤੇ ਜੱਸੀ ਦੋਵੇਂ ਪਿੰਡ ਦੀ ਵੜਿੰਗ ਪਾਈਪ ਫੈਕਟਰੀ ਵਿਚ ਕੰਮ ਕਰਦੇ ਸਨ। ਉਹ ਦੂਰ ਦੀ ਰਿਸ਼ਤੇਦਾਰੀ ਵਿਚ ਚਾਚੇ-ਤਾਏ ਦੇ ਬੇਟੇ ਸਨ। ਸੋਮਵਾਰ ਸ਼ਾਮ ਨੂੰ ਕੰਮ ਤੋਂ ਵਾਪਸ ਆਉਣ ਦੇ ਬਾਅਦ ਉਹ ਦੋਵੇਂ ਮੋਟਰਸਾਈਕਲ ‘ਤੇ ਪੀਣ ਵਾਲਾ ਪਾਣੀ ਲੈਣ ਲਈ ਖੇਤਾਂ ਵਿਚ ਸਥਿਤ ਹੈਂਡ ਪੰਪ ‘ਤੇ ਗਏ ਸਨ ਪਰ ਵਾਪਸ ਨਹੀਂ ਪਰਤੇ। ਦੇਰ ਰਾਤ ਤਕ ਵਾਪਸ ਨਾ ਆਉਣ ‘ਤੇ ਉਨ੍ਹਾਂ ਦੀ ਰਾਤ ਇਕ ਵਜੇ ਭਾਲ ਸ਼ੁਰੂ ਕੀਤੀ ਗਈ ਪਰ ਕੁਝ ਵੀ ਪਤਾ ਨਹੀਂ ਚੱਲ ਸਕਿਆ। ਮੰਗਲਵਾਰ ਸਵੇਰੇ ਖੋਖਰ ਰੋਡ ‘ਤੇ ਸਥਿਤ ਰਜਬਾਹੇ ਦੀ ਸਫ਼ਾਈ ਕਰਨ ਵਾਲੇ ਮੇਟ ਨੇ ਪੁਲੀਆਂ ਦੇ ਥੱਲੇ ਮੂਧੇ ਮੂੰਹ ਪਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਵੇਖੀਆਂ ਤਾਂ ਉਸ ਨੇ ਤੁਰੰਤ ਪਿੰਡ ਦੇ ਸਰਪੰਚ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਐੱਸਐੱਸਪੀ ਸੁਸ਼ੀਲ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੋਵਾਂ ਦੇ ਸਰੀਰ ‘ਤੇ ਸੋਟੀਆਂ ਦੇ ਨਿਸ਼ਾਨ ਸਨ। ਨੱਕ ਅਤੇ ਮੂੰਹ ਵਿਚੋਂ ਖ਼ੂਨ ਵੀ ਨਿਕਲਿਆ ਹੋਇਆ ਸੀ। ਮ੍ਰਿਤਕਾਂ ਦੇ ਸਕੇ ਸਬੰਧੀਆਂ ਨੇ ਦੱਸਿਆ ਕਿ ਹਰਦੇਵ ਦੀ ਕਰੀਬ ਛੇ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …