ਪਤੀ-ਪਤਨੀ ਮਿਲ ਕੇ ਪੀ ਗਏ 1 ਕਰੋੜ ਦਾ ਨਸ਼ਾ
ਗਰਭ ਕਾਲ ਦੀ ਪੀੜ ਖਤਮ ਕਰਨ ਲਈ ਪਤੀ ਨੇ ਦਿੱਤਾ ਸੀ ਨਸ਼ਾ
ਗੁਰਦਾਸਪੁਰ : ਪੰਜਾਬ ਵਿੱਚ ਵਧ ਰਹੇ ਨਸ਼ੇ ਨੇ ਹੁਣ ਤੱਕ ਕਈ ਘਰ ਤਬਾਹ ਕਰ ਦਿੱਤੇ ਹਨ ਪਰ ਕਈ ਅਜਿਹੇ ਲੋਕ ਹਨ ਜੋ ਸਮੇਂ ਸਿਰ ਨਸ਼ਾ ਛੱਡ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਨ ਤੋਂ ਬਚਾਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਜੋੜਾ ਪਿਛਲੇ 10 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ ਅਤੇ ਇਹ ਦੋਵੇਂ ਹੁਣ ਤੱਕ ਕਰੀਬ ਇੱਕ ਕਰੋੜ ਰੁਪਏ ਦੇ ਨਸ਼ੇ ਦਾ ਸੇਵਨ ਕਰ ਚੁੱਕੇ ਹਨ ਪਰ ਹੁਣ ਆਪਣੇ ਬੱਚਿਆਂ ਦੀ ਖ਼ਾਤਰ ਉਹ ਨਸ਼ਾ ਛੱਡਣ ਲਈ ਸਥਾਨਕ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਹੋਏ ਹਨ। ਆਪਣੀ ਜੀਵਨ ਕਹਾਣੀ ਸੁਣਾਉਂਦੇ ਹੋਏ ਇਸ ਜੋੜੇ ਨੇ ਕਿਹਾ ਕਿ ਸਭ ਕੁਝ ਬਰਬਾਦ ਕਰਨ ਤੋਂ ਬਾਅਦ ਹੁਣ ਉਹ ਹੋਸ਼ ਵਿਚ ਆ ਗਏ ਹਨ ਅਤੇ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਹੋਏ ਹਨ।
ਜਾਣਕਾਰੀ ਦਿੰਦਿਆਂ ਲੜਕੇ ਨੇ ਦੱਸਿਆ ਕਿ ਜਦੋਂ ਉਹ 28 ਸਾਲ ਦਾ ਸੀ ਤਾਂ ਉਹ ਕੁਸ਼ਤੀ ਕਰਨ ਜਾਂਦਾ ਸੀ, ਉਸਦੀ ਸਿਹਤ ਠੀਕ ਹੋਣ ਕਾਰਨ ਉਸਦੇ ਦੋਸਤ ਉਸਨੂੰ ਆਪਣੀ ਚੌਧਰ ਦਿਖਾਉਣ ਲਈ ਲੜਾਈਆਂ ਵਿੱਚ ਲੈ ਜਾਂਦੇ ਸਨ ਅਤੇ ਲੜਾਈ ਝਗੜੇ ਤੋਂ ਬਾਅਦ ਪਾਸਾ ਭਾਰਾ ਹੋਣ ਤੇ ਪਾਰਟੀ ਵੀ ਕਰਦੇ। ਲੜਾਈ-ਝਗੜੇ ‘ਚ ਉਹ ਕਈ ਵਾਰ ਜ਼ਖਮੀ ਹੋ ਗਿਆ ਅਤੇ ਫਿਰ 2013 ‘ਚ ਉਸ ਨੇ ਪਹਿਲੀ ਵਾਰ ਨਸ਼ੇ ਦਾ ਸੇਵਨ ਕੀਤਾ। ਇਹ ਨਸ਼ਾ ਉਸ ਨੂੰ ਉਸ ਦੇ ਦੋਸਤਾਂ ਨੇ ਦਿੱਤਾ ਸੀ ਤਾਂ ਜੋ ਲੜਾਈ-ਝਗੜੇ ‘ਚ ਜ਼ਖਮੀ ਹੋਣ ‘ਤੇ ਵੀ ਉਸ ਨੂੰ ਕੋਈ ਦਰਦ ਮਹਿਸੂਸ ਨਾ ਹੋਵੇ। ਇਸ ਤੋਂ ਬਾਅਦ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੂੰ ਸਰਕਾਰੀ ਨੌਕਰੀ ਮਿਲ ਗਈ। ਉਸ ਤੋਂ ਪੈਸੇ ਲੈ ਕੇ ਉਸਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ।
ਕਦੇ ਉਹ ਅੰਮ੍ਰਿਤਸਰ ਤੇ ਕਦੇ ਬਟਾਲਾ ਜਾ ਕੇ ਨਸ਼ਾ ਕਰਦਾ ਸੀ। ਇਸ ਦੌਰਾਨ ਉਸ ਦੀ ਇਕ ਲੜਕੀ ਨਾਲ ਦੋਸਤੀ ਹੋ ਗਈ, ਜਿਸ ਤੋਂ ਬਾਅਦ ਉਸ ਨੇ ਉਸ ਨਾਲ ਪ੍ਰੇਮ ਵਿਆਹ ਕਰਵਾ ਲਿਆ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਪਤਨੀ ਨੂੰ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਆਪਣੀ ਪਤਨੀ ਦੀ ਗੱਲ ਨਾ ਮੰਨੀ ਅਤੇ ਨਸ਼ਾ ਕਰਨਾ ਜਾਰੀ ਰੱਖਿਆ ਅਤੇ 2 ਸਾਲ ਬਾਅਦ ਉਨ੍ਹਾਂ ਦੇ ਘਰ ਬੱਚੀ ਨੇ ਜਨਮ ਲਿਆ ਪਰ ਫਿਰ ਵੀ ਉਹ ਆਪਣੀ ਪਤਨੀ ਦੇ ਸਾਹਮਣੇ ਹੀ ਨਸ਼ੇ ਕਰਦਾ ਰਿਹਾ। ਫਿਰ 2017 ਵਿੱਚ ਜਦੋਂ ਉਸਦੀ ਪਤਨੀ ਦੁਬਾਰਾ ਗਰਭਵਤੀ ਹੋ ਗਈ ਤਾਂ ਇੱਕ ਦਿਨ ਉਸਦੀ ਪਤਨੀ ਨੇ ਕਿਹਾ ਕਿ ਉਸਨੂੰ ਸਰਵਾਈਕਲ ਦਰਦ ਹੋ ਰਿਹਾ ਹੈ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ ਉਸਨੇ ਆਪਣੇ ਪਤੀ ਨੂੰ ਪਹਿਲੀ ਵਾਰ ਨਸ਼ਾ ਦਿੱਤਾ।
ਇਸ ਤੋਂ ਬਾਅਦ ਉਹ ਵੀ ਨਸ਼ੇ ਦੀ ਦਲਦਲ ‘ਚ ਫਸ ਗਈ ਅਤੇ ਦੋਵੇਂ ਇਕੱਠੇ ਨਸ਼ਾ ਕਰਨ ਲੱਗ ਪਏ। ਲੜਕੀ ਨੇ ਦੱਸਿਆ ਕਿ ਉਹ ਦਿਨ ‘ਚ ਤਿੰਨ ਵਾਰ ਸਵੇਰੇ, ਸ਼ਾਮ ਅਤੇ ਰਾਤ ਨੂੰ ਨਸ਼ੇ ਦਾ ਸੇਵਨ ਕਰਦੀ ਸੀ ਅਤੇ ਨਸ਼ੇ ਕਾਰਨ ਉਨ੍ਹਾਂ ਨੇ ਘਰ ‘ਚ ਰੱਖੇ ਕਰੀਬ 22 ਤੋਲੇ ਸੋਨੇ ਦੇ ਗਹਿਣੇ ਵੀ ਵੇਚ ਦਿੱਤੇ ਸਨ। ਨਸ਼ੇ ਦਾ ਸੇਵਨ ਕਰਨ ਲਈ ਉਨ੍ਹਾਂ ਨੇ ਕਈ ਲੋਕਾਂ ਤੋਂ ਪੈਸੇ ਵੀ ਉਧਾਰ ਲਏ ਅਤੇ ਬਾਅਦ ਵਿੱਚ ਉਨ੍ਹਾਂ ਤੋਂ ਦੂਰੀ ਬਣਾ ਲਈ। ਹੁਣ ਤੱਕ ਇਹ ਦੋਵੇਂ ਨਸ਼ੇ ‘ਤੇ ਕਰੀਬ ਇੱਕ ਕਰੋੜ ਰੁਪਏ ਬਰਬਾਦ ਕਰ ਚੁੱਕੇ ਹਨ।
ਲੜਕੀ ਨੇ ਦੱਸਿਆ ਕਿ ਜਦੋਂ ਉਸ ਦੀ ਡਿਲੀਵਰੀ ਹੋਣੀ ਸੀ ਤਾਂ ਵੀ ਉਸ ਨੇ ਭਾਰੀ ਨਸ਼ਾ ਕੀਤਾ ਹੋਇਆ ਸੀ ਅਤੇ ਬੇਟਾ ਹੋਣ ਤੋਂ ਬਾਅਦ ਵੀ ਉਹ ਨਸ਼ੇ ਕਰਦੀ ਰਹੀ। ਹੁਣ ਉਨ੍ਹਾਂ ਦਾ ਪੁੱਤਰ 3 ਸਾਲ ਦੀ ਉਮਰ ਦਾ ਅਤੇ ਲੜਕੀ ਵੀ ਵੱਡੀ ਹੋ ਰਹੀ ਹੈ। ਹੁਣ ਦੋਵੇਂ ਆਪਣੇ ਬੱਚਿਆਂ ਲਈ ਨਸ਼ਾ ਛੱਡਣਾ ਚਾਹੁੰਦੇ ਹਨ। ਇਸ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਹੋਏ ਹਨ ਜਿੱਥੇ ਉਹ ਪਿਛਲੇ 20 ਦਿਨਾਂ ਤੋਂ ਜ਼ੇਰੇ ਇਲਾਜ ਹਨ। ਉਹਨਾਂ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਉਹਨਾਂ ਨੇ ਕੋਈ ਨਸ਼ਾ ਨਹੀਂ ਕੀਤਾ ਹੈ। ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜਿਵੇਂ ਉਹ ਨਸ਼ੇ ਲਈ ਸਭ ਕੁਝ ਬਰਬਾਦ ਕਰਨ ਤੋਂ ਬਾਅਦ ਹੋਸ਼ ਵਿੱਚ ਆਏ ਹਨ ਉਹੋ ਜਿਹੀ ਹਾਲਤ ਆਉਣ ਤੋਂ ਪਹਿਲਾਂ ਹੀ ਨਸ਼ੇ ਤੋਂ ਤੌਬਾ ਕਰ ਲੈਣ।