Breaking News
Home / ਨਜ਼ਰੀਆ / ਬਚਪਨ ਤੋਂ ਆਖਰੀ ਸਾਹਾਂ ਤੱਕ ਰੰਗਮੰਚੀ ਅਦਾਕਾਰੀ ਨਾਲ ਜੁੜਿਆ ਰਿਹਾ ਪਰਵੇਸ਼ ਸੇਠੀ

ਬਚਪਨ ਤੋਂ ਆਖਰੀ ਸਾਹਾਂ ਤੱਕ ਰੰਗਮੰਚੀ ਅਦਾਕਾਰੀ ਨਾਲ ਜੁੜਿਆ ਰਿਹਾ ਪਰਵੇਸ਼ ਸੇਠੀ

ਨਾਹਰ ਸਿੰਘ ਔਜਲਾ
29 ਜੂਨ ਦਾ ਦਿਨ ਸੀ ਜਦੋਂ ਇਹ ਖਬਰ ਰੰਗ ਕਰਮੀਆਂ ‘ਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਪਰਵੇਸ਼ ਸੇਠੀ ਜੀ ਇਸ ਦੁਨੀਆਂ ‘ਚ ਨਹੀਂ ਰਹੇ। ਜਿਹੜੇ ਲੋਕ ਉਹਨਾਂ ਨੂੰ ਨੇੜਿਓਂ ਜਾਣਦੇ ਸਨ ਉਹਨਾਂ ਲਈ ਬੜੀ ਦੁਖਦਾਈ ਖਬਰ ਸੀ ਤੇ ਖਾਸ ਤੌਰ ‘ਤੇ ਨਾਟਕੀ ਕਲਾ ਨਾਲ ਜੁੜੇ ਰੰਗਕਰਮੀਆਂ ਲਈ। ਸੇਠੀ ਜੀ ਦਾ ਜਨਮ 1943 ਨੂੰ ਅੱਜ ਦੇ ਪਾਕਿਸਤਾਨ ਦੀ ਧਰਤੀ ਤੇ ਹੋਇਆ ਸੀ ਤੇ ਸੰਨ ਸਨਤਾਲੀ ਦੀ ਦੁੱਖਦਾਈ ਵੰਡ ਸਮੇਂ ਉਸਦਾ ਪਰਿਵਾਰ ਆ ਕੇ ਰੋਹਤਕ ‘ਚ ਰਹਿਣ ਲੱਗ ਪਿਆ ਸੀ। ਇਹ ਉਦੋਂ ਅਜੇ ਮਸਾਂ ਸੱਤ ਕੁ ਸਾਲ ਦੇ ਸਨ ਜਦੋਂ ਇਹਨਾਂ ਨੂੰ ਇਕ ਰੰਗਮੰਚੀ ਪ੍ਰੋਗਰਾਮ ‘ਚ ਹਿੱਸਾ ਲੈਣ ਦਾ ਮੌਕਾ ਮਿਲਿਆ ਬੱਸ ਉਸ ਤੋਂ ਬਾਅਦ ਇਹਨਾਂ ਦਾ ਅਦਾਕਾਰੀ ਦੀ ਦੁਨੀਆਂ ਨਾਲ ਇਹੋ ਜਿਹਾ ਨਾਤਾ ਬਣਿਆ ਕਿ ਆਖਰੀ ਸਾਹਾਂ ਤੱਕ ਨਾਲ ਹੀ ਨਿਭਿਆ। ਸੇਠੀ ਜੀ ਨੂੰ ਜਿੱਥੇ ਪੰਜਾਬ ਤੇ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ‘ਚ ਨਾਟਕ ਕਰਨ ਦਾ ਮੌਕਾ ਮਿਲਿਆ ਉੱਥੇ ਬਾਹਰਲੇ ਦੇਸ਼ਾਂ ‘ਚ ਵੀ ਇਹਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਸੇਠੀ ਜੀ ਹੋਰਾਂ ਦਾ ਬੇਟਾ ਕੈਨੇਡਾ ਦੇ ਸ਼ਹਿਰ ਬਰੈਪਟਨ ‘ਚ ਹੀ ਰਹਿੰਦਾ ਹੈ ਜਿਸ ਦੀ ਬਦੋਲਤ ਉਹ ਸਾਲ, ਦੋ-ਸਾਲ ਬਾਅਦ ਇੱਥੇ ਆਉਂਦੇ ਹੀੇ ਰਹਿੰਦੇ ਸਨ। ਕਈ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਨਾਟਕਾਂ ‘ਚ ਹਿੱਸਾ ਲੈਣਾਂ ਜਾਂ ਮੇਕਅੱਪ ਲਈ ਉਹਨਾਂ ਦੀ ਹਾਜ਼ਰੀ ਜ਼ਰੂਰੀ ਹੁੰਦੀ ਸੀ। ਕੁਝ ਨਾਟਕ ਤਾਂ ਉਹਨਾਂ ਦੀ ਨਿਰਦੇਸ਼ਨਾ ਹੇਠ ਕੈਨੇਡਾ ਦੇ ਕਈ ਵੱਡੇ ਸ਼ਹਿਰਾਂ ‘ਚ ਖੇਡੇ ਵੀ ਗਏ।
ਮੈਂ ਸੇਠੀ ਜੀ ਨੂੰ ਕਾਫੀ ਪ੍ਰੋਗਰਾਮਾਂ ਤੇ ਮਿਲ ਚੁਕਿਆ ਸੀ ਪਰ ਉਹਨਾਂ ਨੂੰ ਨੇੜਿਉ ਜਾਨਣ ਦਾ ਸਬੱਬ ਉਦੋਂ ਹੀ ਬਣਿਆ ਜਦੋਂ ਸੇਠੀ ਹੋਰਾਂ ਨੇ ਮੇਰੇ ਨਾਟਕ ਸੁਪਰ-ਵੀਜ਼ਾ ‘ਚ ਕੰਮ ਕਰਨ ਲਈ ਹਾਮੀ ਭਰੀ। ਹਰ ਹਫਤੇ ‘ਚ ਦੋ ਤਿੰਨ ਵਾਰ ਮਿਲਣ ਗਿਲਣ ਨਾਲ ਰਿਸ਼ਤਾ ਪਰਿਵਾਰਕ ਦੋਸਤੀ ਵਾਲਾ ਹੀ ਬਣ ਗਿਆ। ਨਾਟਕ ਸੁਪਰ-ਵੀਜ਼ਾ ਕੈਨੇਡਾ ‘ਚ ਵਸਦੀ ਪੰਜਾਬੀ ਕਮਿਊਨਿਟੀ ਦੇ ਪਰਿਵਾਰਾਂ ਨਾਲ ਨੇੜਿਓਂ ਜੁੜਿਆ ਹੋਇਆ ਸੀ ਤੇ ਉਪਰੋਂ ਸੇਠੀ ਵਰਗੇ ਘੈਂਟ ਕਲਾਕਾਰ ਦਾ ਨਾਲ ਜੁੜ ਜਾਣਾ ਸਾਡੀ ਟੀਮ ਲਈ ਬੜੀ ਮਾਣ ਵਾਲੀ ਗੱਲ ਬਣ ਗਈ। ਸੇਠੀ ਜੀ ਹੋਰਾਂ ਦੇ ਦੱਸਣ ਮੁਤਾਬਕ ਕਿਸੇ ਨੁੱਕੜ ਨਾਟਕ ‘ਚ ਹਿੱਸਾ ਲੈਣਾ ਇਹ ਉਹਨਾਂ ਲਈ ਪਹਿਲਾ ਮੌਕਾ ਸੀ, ਜਿਸ ਨੂੰ ਉਹਨਾਂ ਨੇ ਬੜਾ ਪਸੰਦ ਕੀਤਾ। 2014 ਵਾਲੇ ਸਾਲ ‘ਚ ਅਸੀਂ ਇਸ ਨਾਟਕ ਦੇ 14 ਸ਼ੋਅ ਕੀਤੇ ਜੋ ਕੈਨੇਡਾ ‘ਚ ਕੰਮ ਕਰਦੀ ਕਿਸੇ ਵੀ ਰੰਗਮੰਚ ਦੀ ਟੀਮ ਲਈ ਕਾਫੀ ਔਖਾ ਕਾਰਜ ਹੁੰਦਾ ਹੈ।
ਉਹ ਸਮੇਂ ਦੇ ਬੜੇ ਪੱਕੇ ਸਨ ਜੋ ਸਮਾਂ ਕਿਸੇ ਨਾਲ ਤਹਿ ਕਰ ਲਿਆ ਉਸ ਤੋਂ ਦਸ ਮਿੰਟ ਪਹਿਲਾ ਹੀ ਉਹ ਤਿਆਰ ਹੋ ਕੇ ਦਰਾਂ ਤੋਂ ਬਾਹਰ ਤੁਹਾਡੀ ਉਡੀਕ ਕਰਦੇ ਹੋਣਗੇ। ਇੱਕ ਵਾਰ ਜੋ ਨਾਟਕ ਦੀ ਸਕਰਿਪਟ ੳਹਨਾਂ ਨੂੰ ਮਿਲ ਗਈ ਉਹ ਉਦੋਂ ਤੱਕ ਉਹਨਾਂ ਦੇ ਹੱਥ ‘ਚ ਮਿਲੇਗੀ ਜਦੋਂ ਤੱਕ ਉਹ ਪੂਰੇ ਨਾਟਕ ਨੂੰ ਯਾਦ ਨਹੀਂ ਕਰ ਲੈਂਦੇ। ਖਾਣ ਪੀਣ ਦਾ ਬੜਾ ਪ੍ਰਹੇਜ ਰੱਖਦੇ ਸਨ, ਕਈ ਦਾਲਾਂ ਸਬਜੀਆਂ ਉਹਨਾਂ ਨੂੰ ਮੁਆਫਕ ਨਹੀਂ ਸਨ। ਹਾਰਡ ਡਰਿੰਕ ਤੋਂ ਤਾਂ ਬਿੱਲਕੁਲ ਦੂਰ ਰਹਿੰਦੇ ਸਨ। ਕਦੀ ਨਾਟਕ ਦਾ ਸ਼ੋਅ ਵਧੀਆ ਹੋ ਜਾਣਾ ਫਿਰ ਕਦੀ ਕਦਾਈ ਜ਼ਰੂਰ ਇੱਕ ਗਲਾਸ ਰੈੱਡ ਵਾਈਨ ਦਾ ਲੈ ਲੈਂਦੇ ਸਨ। ਹੋਰ ਕੋਈ ਬਰੈਂਡ ਨਹੀਂ ਸੀ ਪੀਂਦੇ। ਕਦੀ ਕਦਾਈ ਕਿਸੇ ਕਲਾਕਾਰ ਦੀ ਸੇਹਤ ਠੀਕ ਨਾ ਹੋਣੀ ਤਾਂ ਉਹ ਹਰ ਬਿਮਾਰੀ ਦਾ ਇਲਾਜ ਹੱਥਾਂ ਦੇ ਪੁਆਇੰਟ ਦੱਬ ਕੇ ਦੱਸਦੇ। ਉਹ ਆਪ ਵੀ ਐਲੋਪੈਥੀ ਦਵਾਈ ਬਹੁਤ ਘੱਟ ਵਰਤਦੇ ਸਨ। ਆਪ ਭਾਵੇਂ ਉਹ ਧਰਮ ‘ਚ ਪੱਕਾ ਵਿਸ਼ਵਾਸ ਰੱਖਦੇ ਸਨ ਤੇ ਸਾਰੇ ਰੀਤੀ ਰਿਵਾਜਾਂ ਨੂੰ ਸਰਧਾ ਨਾਲ ਨੇਪਰੇ ਚਾੜ੍ਹਦੇ ਸਨ ਪਰ ਜਦੋਂ ਗੱਲ ਨਾਟਕ ਦੇ ਰੋਲ ਦੀ ਆਉਂਦੀ ਫੇਰ ਉਸ ਨੂੰ ਪੂਰੀ ਤਰਾ੍ਹਂ ਨਾਲ ਖੁੱਭ ਕੇ ਕਰਦੇ ਭਾਵੇਂ ਉਹ ਰੋਲ ਨਾਸਤਿਕ ਬੰਦੇ ਵਾਲਾ ਹੀ ਕਿਉਂ ਨਾ ਹੋਵੇ। ਉਹ ਮੋਦੀ ਜੀ ਦੇ ਕਾਫੀ ਪ੍ਰਸੰਸਕ ਸਨ ਕਦੀ ਕਦਾਈ ਤਾਂ ਮੋਦੀ ਜੈਕਟ ਵੀ ਬੜੇ ਮਾਣ ਨਾਲ ਪਹਿਨਦੇ ਪਰ ਜਦੋਂ ਕਦੀ ਨਾਟਕ ‘ਚ ਰੋਲ ਮੋਦੀ ਸਰਕਾਰ ਦੇ ਖਿਲਾਫ ਵੀ ਹੁੰਦਾ ਤਾਂ ਉਹ ਵੀ ਪੂਰਾ ਨਿੱਠ ਕੇ ਕਰਦੇ।
ਪਿਛਲੇ ਸਾਲ ਅਕਤੂਬਰ ‘ਚ ਅਸੀਂ ਚੇਤਨਾਂ ਕਲਚਰਲ ਮੰਚ ਵਲੋਂ ਨਾਟਕ ਸੁਪਰ-ਵੀਜ਼ਾ ਨੂੰ ਪੰਜਾਬ ‘ਚ ਖੇਡਣ ਦਾ ਪ੍ਰੋਗਰਾਮ ਬਣਾਇਆ, ਸੇਠੀ ਜੀ ਦੀ ਵੀ ਤਮੰਨਾਂ ਸੀ ਕਿ ਇਹ ਨਾਟਕ ਪੰਜਾਬ ‘ਚ ਖੇਡਿਆ ਜਾਵੇ ਤੇ ਇਸ ਨਾਲ ਲੋਕਾਂ ਨੂੰ ਕੈਨੇਡਾ ਬਾਰੇ ਵੀ ਹੋਰ ਜਾਣਕਾਰੀ ਮਿਲੇਗੀ। ਇਸ ਨਾਟਕ ‘ਚ ਕੰਮ ਕਰਨ ਲਈ ਸੇਠੀ ਨੇ ਵੀ ਹਾਮੀ ਭਰ ਦਿੱਤੀ ਤੇ ਉਹ ਪ੍ਰੈਕਟਿਸ ਕਰਨ ਲਈ ਚੰਡੀਗੜ੍ਹ ਤੋਂ ਸਮਰਾਲੇ ਆਉਂਦੇ ਰਹੇ ਤੇ ਸਾਰੇ ਸ਼ੋਆਂ ‘ਚ ਸਾਡੇ ਨਾਲ ਰਹੇ, ਦਿੱਤੇ ਸਮੇਂ ਤੋਂ ਹਮੇਸਾਂ ਹੀ ਪਹਿਲਾਂ ਪਹੁੰਚਦੇ। ਇਸ ਪੱਧਰ ਦੇ ਕਲਾਕਾਰ ਵਲੋਂ ਬਿਨਾਂ ਕੋਈ ਪੈਸਾ ਲਿਆ ਇੰਨਾਂ ਸਮਾਂ ਦੇਣਾ ਉਨ੍ਹਾਂ ਦੀ ਮਹੁੱਬਤ ਹੀ ਸੀ। ਰੋਲ ਸਮੇਂ ਪੱਗ ਬੰਨ ਕੇ ਸਰਦਾਰ ਲੱਗਣਾ ਵੀ ਉਹਨਾਂ ਨੂੰ ਚੰਗਾਂ ਲੱਗਦਾ ਸੀ, ਸੁਪਰ-ਵੀਜ਼ਾ ਨਾਟਕ ਸਮੇਂ ਕਦੀ ਕਦਾਈ ਤਾਂ ਉਹਨਾਂ ਨੇ ਕਈ ਰੰਗਾਂ ਵਾਲੀ ਰਾਜਸਥਾਨੀ ਸਟਾਇਲ ਪੱਗ ਬੰਨ ਲੈਣੀ ਜਿਹੜੀ ਦਰਸ਼ਕਾਂ ਲਈ ਇੱਕ ਖਾਸ ਹੀ ਖਿੱਚ ਦਾ ਕਾਰਨ ਬਣਦੀ। ਇਹ ਪੱਗ ਉਹਨਾਂ ਨੂੰ ਕਿਸੇ ਦੋਸਤ ਨੇ ਗਿਫਟ ਦੇ ਤੌਰ ਤੇ ਦਿੱਤੀ ਸੀ। ਰੰਗਮੰਚ ਤਾਂ ਉਹਨਾਂ ਦੇ ਰੂਹ ਦੀ ਖੁਰਾਕ ਸੀ। ਜਦੋਂ ਵੀ ਕਦੀ ਨਾਟਕਾਂ ਬਾਰੇ ਗੱਲ ਚਲਦੀ ਤਾਂ ਉਹ ਹਮੇਸ਼ਾ ਹੀ ਕੋਰਟ ਮਾਰਸਲ ਨਾਟਕ ਦੀ ਚਰਚਾ ਜ਼ਰੂਰ ਕਰਦੇ ਇਸ ਨਾਟਕ ‘ਚ ੳਹਨਾਂ ਨੇ ਕਰਨਲ ਸੂਰਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਸ ਨਾਟਕ ਦੇ ਵੱਖਰੋ ਵੱਖਰੇ ਸ਼ਹਿਰਾਂ ‘ਚ ਚਾਰ ਸੌ ਤੋਂ ਵੱਧ ਸ਼ੋਅ ਹੋਏ ਸਨ। ਸੇਠੀ ਜੀ ਨੇ ਜਿੱਥੇ ਸੈਂਕੜੇ ਹੀ ਨਾਟਕਾਂ ‘ਚ ਕੰਮ ਕੀਤਾ ਉੱਥੇ ਹੀ ਉਹਨਾਂ ਨੇ ਦਰਜਨਾਂ ਹੀ ਫਿਲਮਾਂ ‘ਚ ਵੀ ਵੱਖਰੋ ਵੱਖਰੇ ਕਿਰਦਾਰ ਨਿਭਾਏ। ਮੇਕਅੱਪ ਕਰਨ ਦੀ ਤਾਂ ਉਹਨਾਂ ਕੋਲ ਖਾਸ ਹੀ ਮੁਹਾਰਤ ਸੀ। ਕੈਨੇਡਾ ‘ਚ ਟੋਰਾਂਟੋ, ਵੈਨਕੂਵਰ ਤੇ ਇੰਡੀਆ ਦੀਆਂ ਕਈ ਸੰਸਥਾਵਾਂ ਵਲੋਂ ਉਹਨਾਂ ਨੂੰ ਮਾਨ ਸਨਮਾਨ ਵੀ ਦਿੱਤੇ ਗਏ। ਸੰਨ 2013 ‘ਚ ਉਹਨਾਂ ਨੂੰ ਵਧੀਆ ਅਦਾਕਾਰੀ ਲਈ ਰਾਸ਼ਟਰਪਤੀ ਐਵਾਰਡ ਵੀ ਮਿਲਿਆ। ਇਹੋ ਜਿਹੇ ਮੰਝੇ ਹੋਏ ਰੰਗਕਰਮੀ ਦਾ ਅਚਾਨਕ ਹੀ ਵਿੱਛੜ ਜਾਣਾ ਰੰਗਮੰਚ ਲਈ ਇੱਕ ਵੱਡਾ ਘਾਟਾ ਹੈ। ਪ੍ਰਵੇਸ਼ ਸੇਠੀ ਦੀ ਅਦਾਕਾਰੀ ਹਮੇਸਾਂ ਹੀ ਸਾਡੇ ਚੇਤਿਆਂ ‘ਚ ਵਸਦੀ ਰਹੇਗੀ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …