Breaking News
Home / ਪੰਜਾਬ / ਸੂਰਤ-ਏ-ਹਾਲ : ਮੈਡੀਕਲ ਕਾਲਜ ਅੰਮ੍ਰਿਤਸਰ ‘ਚ ਸਰੀਰ ਦਾਨੀਆਂ ਦੇ ਸਰੀਰ ਹੋ ਰਹੇ ਹਨ ਖਰਾਬ

ਸੂਰਤ-ਏ-ਹਾਲ : ਮੈਡੀਕਲ ਕਾਲਜ ਅੰਮ੍ਰਿਤਸਰ ‘ਚ ਸਰੀਰ ਦਾਨੀਆਂ ਦੇ ਸਰੀਰ ਹੋ ਰਹੇ ਹਨ ਖਰਾਬ

ਦਾਨ ਕੀਤੀਆਂ ਦੇਹਾਂ ਦੀਆਂ ਅੱਖਾਂ ਖਾ ਗਏ ਚੂਹੇ
ਅੰਮ੍ਰਿਤਸਰ : ਸਰੀਰ ਦਾਨ ਕਰਨ ਵਾਲੇ ਲੋਕਾਂ ਦੀਆਂ ਦੇਹਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਚੂਹਿਆਂ ਦਾ ਖਾਣਾ ਬਣ ਰਹੀਆਂ ਹਨ। ਚੂਹੇ ਕਈ ਸਰੀਰਾਂ ਦੀਆਂ ਅੱਖਾਂ ਤੱਕ ਖਾ ਗਏ ਹਨ।
ਕਾਕਰੋਚ ਤੇ ਅਣਗਿਣਤ ਕੀੜੇ ਵੀ ਸਰੀਰਾਂ ਨੂੰ ਭੋਜਨ ਬਣਾ ਰਹੇ ਹਨ। ਪਿਛਲੇ ਤਿੰਨ ਸਾਲਾਂ ਤੋਂ ਮੁਰਦਾ ਘਰ ਦਾ ਏਅਰ ਕੰਡੀਸ਼ਨਰ ਪਲਾਂਟ ਖਰਾਬ ਹੈ। ਅਤਿ ਦੀ ਗਰਮੀ ਕਾਰਨ ਮੁਰਦਾ ਘਰ ‘ਚ ਰੱਖੇ ਗਏ ਸਰੀਰ ਗਰਮੀ ਨਾਲ ਪਿਘਲ ਰਹੇ ਹਨ। ਸਰੀਰਾਂ ਤੋਂ ਬਦਬੂ ਆ ਰਹੀ ਹੈ। ਕੁਝ ਸਮਾਂ ਪਹਿਲਾਂ ਮੁਰਦਾ ਘਰ ਤੋਂ ਕੰਢੇ ਗਏ ਦੋ ਮ੍ਰਿਤਕ ਸਰੀਰਾਂ ਦੀਆਂ ਅੱਖਾਂ ਗਾਇਬ ਸਨ।
ਅਟਾਨਮੀ ਵਿਭਾਗ ਦੇ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਚੂਹਿਆਂ ਨੇ ਅੱਖਾਂ ਖਾ ਲਈਆਂ ਹਨ। ਦਾਨ ਦਿੱਤੇ ਗਏ ਇਨ੍ਹਾਂ ਸਰੀਰਾਂ ਦੀ ਵਰਤੋਂ ਕਾਲਜ ਵਿਚ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੇ ਬਾਹਰੀ ਤੇ ਅੰਦਰੂਨੀ ਢਾਂਚੇ ਦਾ ਅਧਿਐਨ ਕਰਵਾਉਣ ‘ਚ ਕੀਤਾ ਗਿਆ ਹੈ। ਇਨ੍ਹਾਂ ਸਰੀਰਾਂ ਨੂੰ ਮੁਰਦਾ ਘਰ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਉਨ੍ਹਾਂ ‘ਤੇ ਕੀੜੇ ਤੁਰਦੇ-ਫਿਰਦੇ ਮਿਲਦੇ ਹਨ। ਵਿਭਾਗ ਦੇ ਮੁਲਾਜ਼ਮ ਸਰੀਰਾਂ ਨੂੰ ਵਿਸ਼ੇਸ਼ ਰਸਾਇਣ ਨਾਲ ਸਾਫ ਕਰਕੇ ਵਿਦਿਆਰਥੀਆਂ ਅੱਗੇ ਪੇਸ਼ ਕਰ ਦਿੰਦੇ ਪਰ ਇਨ੍ਹਾਂ ਦੀ ਹਾਲਤ ਦੇਖ ਕੇ ਵਿਦਿਆਰਥੀ ਵੀ ਸਹਿਮ ਜਾਂਦੇ ਹਨ। ਖਾਸ ਥਾਂ-ਥਾਂ ਤੋਂ ਗਾਇਬ ਹੈ ਤੇ ਹੱਡੀਆਂ ਦਿਖਾਈ ਦਿੰਦੀਆਂ ਹਨ। ਇਸੇ ਹਫਤੇ ਤਰਨਤਾਰਨ ਨਿਵਾਸੀ ਅਧਿਆਪਕ ਸਰਦੂਲ ਸਿੰਘ ਦਾ ਸਰੀਰ ਮੈਡੀਕਲ ਕਾਲਜ ਵਿਚ ਲਿਆਂਦਾ ਗਿਆ ਸੀ। ਇਥੋਂ ਮਾੜੇ ਪ੍ਰਬੰਧ ਵੇਖਦਿਆਂ ਪਰਿਵਾਰ ਵਾਲਿਆਂ ਨੇ ਸਰੀਰ ਦੇਣੋਂ ਨਾਂਹ ਕਰ ਦਿੱਤੀ ਸੀ। ਹਾਲਾਂਕਿ ਵਿਭਾਗ ਵਲੋਂ ਇਹ ਕਿਹਾ ਗਿਆ ਕਿ ਸਰੀਰ ਨੂੰ ਵਿਸ਼ੇਸ਼ ਰਸਾਇਣ ਲਗਾ ਕੇ ਸੁਰੱਖਿਅਤ ਰੱਖਿਆ ਜਾਵੇਗਾ। ਇਸ ਲਈ ਪਰਿਵਾਰ ਨੇ ਮ੍ਰਿਤਕ ਸਰੀਰ ਉਨ੍ਹਾਂ ਨੂੰ ਸੌਂਪ ਦਿੱਤਾ ਸੀ।
ਮਨੁੱਖੀ ਭਾਵਨਾਵਾਂ ਨਾਲ ਖਿਲਵਾੜ ਕਰ ਰਿਹੈ ਵਿਭਾਗ
ਆਰਟੀਆਈ ਕਾਰਕੁੰਨ ਰਾਜਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੂੰ ਦਰਜਨਾਂ ਚਿੱਠੀਆਂ ਲਿਖ ਕੇ ਏਸੀ ਪਲਾਂਟ ਠੀਕ ਕਰਵਾਉਣ ਦੀ ਅਪੀਲ ਕੀਤੀ। ਵਿਭਾਗ ਨੇ ਗਰਾਂਟ ਤਾਂ ਜਾਰੀ ਕੀਤੀ ਪਰ ਅੱਜ ਤੱਕ ਏਸੀ ਪਲਾਂਟ ਦੀਆਂ ਮਸ਼ੀਨਾਂ ਇੰਸਟਾਲ ਨਹੀਂ ਕੀਤੀਆਂ ਗਈਆਂ। ਇਸ ਮੁੱਦੇ ‘ਤੇ ਕਾਲਜ ਪ੍ਰਸ਼ਾਸਨ ਤੇ ਸਰਕਾਰ ਦਾ ਨਾਂਹ ਪੱਖੀ ਵਤੀਰਾ ਵੇਖ ਕੇ ਰੋਣਾ ਆਉਂਦਾ ਹੈ।
ਏਸੀ ਪਲਾਂਟ ਲਈ 22 ਲੱਖ ਜਾਰੀ ; ਰਵੀਕਾਂਤ
ਅਟਾਨਮੀ ਵਿਭਾਗ ਦੇ ਇੰਚਾਰਜ ਡਾ. ਰਵੀਕਾਂਤ ਦਾ ਕਹਿਣਾ ਹੈ ਕਿ ਵਿਭਾਗ ਨੇ ਏਸੀ ਪਲਾਂਟ ਲਈ 22 ਲੱਖ ਰੁਪਏ ਜਾਰੀ ਕੀਤੇ ਸੀ, ਜਿਸ ਇਮਾਰਤ ਵਿਚ ਮੁਰਦਾ ਘਰ ਸਥਾਪਿਤ ਹੈ, ਉਹ ਕਾਫੀ ਪੁਰਾਣੀ ਹੈ ਪੀਡਬਲਿਊਡੀ ਵਿਭਾਗ ਨੂੰ ਇਮਾਰਤ ਦਾ ਲੈਂਟਰ ਪਾਉਣ ਲਈ ਕਿਹਾ ਗਿਆ ਹੈ। ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮਸ਼ੀਨਾਂ ਇੰਸਟਾਲ ਕੀਤੀਆਂ ਜਾਣਗੀਆਂ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …