Breaking News
Home / ਮੁੱਖ ਲੇਖ / ਕਿਸਾਨ ਅੰਦੋਲਨ ਦਾ ਜਲੌਅ ਅਤੇ ਜਮਹੂਰੀਅਤ

ਕਿਸਾਨ ਅੰਦੋਲਨ ਦਾ ਜਲੌਅ ਅਤੇ ਜਮਹੂਰੀਅਤ

ਸੁੱਚਾ ਸਿੰਘ ਗਿੱਲ
ਲਖੀਮਪੁਰ ਖੀਰੀ ਵਿਚ ਹਾਕਮ ਪਾਰਟੀ ਦੇ ਕਾਰਾਂ ਦੇ ਕਾਫ਼ਲੇ ਵੱਲੋਂ ਕਿਸਾਨ ਅੰਦੋਲਨਕਾਰੀਆਂ ਨੂੰ ਕੁਚਲਣ ਦੀ ਘਟਨਾ ਨੇ ਮੁਲਕ ਵਿਚ ਜਮਹੂਰੀਅਤ ਲਈ ਨਵੀਂ ਚੁਣੌਤੀ ਅਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਇਹ ਬਹਿਸ ਮੌਜੂਦਾ ਸਮੇਂ ਵਿਚ ਲੋਕਾਂ ਦੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰਨ ਅਤੇ ਸਰਕਾਰ ਨਾਲੋਂ ਵਖਰੇ ਖਿਆਲ ਜਾਂ ਮਤਭੇਦ ਰੱਖਣ ਦੇ ਹੱਕ ਬਾਰੇ ਹੈ। ਮੁਲਕ ਦਾ ਸੰਵਿਧਾਨ ਆਮ ਸ਼ਹਿਰੀਆਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਦਿੰਦਾ ਹੈ। ਇਹ ਸੰਵਿਧਾਨ ਸਰਕਾਰ ਨਾਲੋਂ ਲੋਕਾਂ ਨੂੰ ਵੱਖਰੇ ਖਿਆਲ ਰੱਖਣ ਅਤੇ ਉਨ੍ਹਾਂ ਨੂੰ ਪਰਗਟ ਦਾ ਅਧਿਕਾਰ ਵੀ ਦਿੰਦਾ ਹੈ। ਲਖੀਮਪੁਰ ਖੀਰੀ ਦੀ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨੇ ਆਮ ਸ਼ਹਿਰੀਆਂ, ਖਾਸ ਕਰਕੇ ਕਿਸਾਨਾਂ ਦੇ ਅਧਿਕਾਰ ਖਤਮ ਕਰਨ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਹੈ।
ਕਰਨਾਲ ਵਿਚ ਸ਼ਾਂਤਮਈ ਕਿਸਾਨ ਅੰਦੋਲਨ ਦੌਰਾਨ ਇੱਕ ਅਫਸਰ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰਾਂ ‘ਤੇ ਡਾਂਗਾਂ ਮਾਰਨ ਦਾ ਹੁਕਮ ਦੇਣਾ ਅਤੇ ਹਰਿਆਣਾ ਸਰਕਾਰ ਵਲੋਂ ਉਸ ਅਫਸਰ ਦੀ ਤਰਫਦਾਰੀ ਕਰਨਾ ਸੰਕੇਤ ਦਿੰਦਾ ਹੈ ਕਿ ਸਰਕਾਰ ਸ਼ਾਂਤਮਈ ਪ੍ਰਦਰਸ਼ਨ ਸਹਿਣ ਲਈ ਤਿਆਰ ਨਹੀਂ ਹੈ। ਇਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਕਹਿਣਾ ਕਿ ਹਰ ਪਿੰਡ ਵਿਚ ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਲੱਠਮਾਰਾਂ ਦੀਆਂ ਟੀਮਾਂ ਤਿਆਰ ਕੀਤੀਆਂ ਜਾਣ, ਇਸ ਨਾਲ ਉਨ੍ਹਾਂ ਵਰਕਰਾਂ ਦਾ ਸਿਆਸੀ ਵਕਾਰ ਵਧੇਗਾ ਅਤੇ ਉਹ ਲੀਡਰੀ ਦੀ ਇਕ ਹੋਰ ਪੌੜੀ ਵਿਚ ਉਪਰ ਜਾਣਗੇ, ਇਹ ਸ਼ਾਂਤਮਈ ਅੰਦੋਲਨਕਾਰੀਆਂ ਵਿਰੁਧ ਹਾਕਮ ਪਾਰਟੀ ਵੱਲੋਂ ਹਿੰਸਾ ਉਕਸਾਉਣ ਵਾਲਾ ਨਜ਼ਰੀਆ ਪੇਸ਼ ਕਰਦਾ ਹੈ। ਇਸ ਦੇ ਵਿਰੋਧ ਵਿਚ ਕਿਸਾਨਾਂ ਦੇ ਦਬਾਅ ਕਾਰਨ ਭਾਵੇਂ ਮੁੱਖ ਮੰਤਰੀ ਨੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਸੀ ਪਰ ਇਹ ਬਿਆਨ ਹਾਕਮ ਪਾਰਟੀ ਦੇ ਸ਼ਾਂਤਮਈ ਅੰਦੋਲਨਕਾਰੀਆਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦਾ ਹੈ।
ਇਸੇ ਤਰ੍ਹਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵਲੋਂ ਲਖੀਮਪੁਰ ਖੀਰੀ ਦੀ ਘਟਨਾ ਤੋਂ ਪਹਿਲਾਂ ਕਿਸਾਨ ਅੰਦੋਲਨ ਵਿਰੁੱਧ ਪਬਲਿਕ ਜਲਸੇ ਵਿਚ ਇਸ ਨੂੰ ਹਿੰਸਾ ਕਰਕੇ ਇੱਕਦਮ ਖਤਮ ਕਰਨ ਦੀ ਧਮਕੀ ਦਿੱਤੀ ਸੀ। ਲਖੀਮਪੁਰ ਖੀਰੀ ਦੀ ਬਹੁਤ ਭਿਆਨਕ ਅਤੇ ਦਿਲ ਕੰਬਾਊ ਘਟਨਾ ਵਿਚ ਸ਼ਾਮਲ ਅਜੈ ਮਿਸ਼ਰਾ ਦੇ ਪੁੱਤ ਦਾ ਨਾਮ ਸਾਹਮਣੇ ਆਇਆ ਹੈ ਅਤੇ ਇਸ ਕੇਸ ਵਿਚ ਉਸ ਦੀ ਗ੍ਰਿਫਤਾਰੀ ਵੀ ਹੋਈ ਹੈ। ਇਸ ਘਟਨਾ ਨੇ ਸਾਰੇ ਮੁਲਕ ਵਿਚ ਰੋਸ ਪੈਦਾ ਕੀਤਾ। ਯੂਪੀ ਸਰਕਾਰ ਦੇ ਵਤੀਰੇ ਤੋਂ ਦੁਖੀ ਹੋ ਕੇ ਸੁਪਰੀਮ ਕੋਰਟ ਨੇ ਇਸ ਕੇਸ ਵਿਚ ਦਖ਼ਲ ਦਿੱਤਾ ਅਤੇ ਸਰਕਾਰ ਦੇ ਢਿੱਲੇ ਰਵੱਈਏ ਤੇ ਖਿਚਾਈ ਵੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਦੇ ਕਤਲ ਦੀ ਜੋ ਕਹਾਣੀ ਸਾਹਮਣੇ ਆਈ ਹੈ, ਉਸ ਵਿਚ ਹਾਕਮ ਪਾਰਟੀ ਦੇ ਲੀਡਰਾਂ ਦੇ ਨਾਮ ਇਸ ਕਤਲ ਕੇਸ ਨਾਲ ਜੁੜੇ ਨਿਹੰਗਾਂ ਦੇ ਮੁਖੀ ਨਾਲ ਨੇੜਤਾ ਬਾਰੇ ਜੱਗ ਜ਼ਾਹਰ ਹੋ ਚੁੱਕੇ ਹਨ। ਇਸ ਰਾਹੀਂ ਬੀਜੇਪੀ ਲੀਡਰਾਂ ਨੇ ਕਿਸਾਨ ਅੰਦੋਲਨ ਨੂੰ ਹਿੰਸਕ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਪਾਰਟੀ ਦੇ ਲੀਡਰਾਂ ਅਤੇ ਕੇਂਦਰੀ ਖੇਤੀ ਮੰਤਰੀ ਦੀਆਂ ਫੋਟੋਆਂ ਨਿਹੰਗਾਂ ਦੇ ਗਰੁੱਪ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਤਾਂ ਉਹ ਬਿਲਕੁਲ ਚੁੱਪ ਧਾਰ ਗਏ।
ਸਿਰੇ ਦੀ ਗੱਲ ਇਹ ਕਿ ਜਦੋਂ ਹਾਕਮ ਕਿਸਾਨ ਅੰਦੋਲਨ ਦਾ ਅਕਸ ਵਿਗਾੜਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਅਤੇ ਇਸ ਨੂੰ ਖਦੇੜਨ ਵਾਸਤੇ ਧਮਕੀਆਂ ਦੇ ਰਹੇ ਹਨ, ਇਸ ਪਾਰਟੀ ਦੇ ਸੀਨੀਅਰ ਆਗੂ ਚੁੱਪ ਸਨ। ਜੇ ਵਿਰੋਧੀ ਪਾਰਟੀਆਂ ਕਿਸਾਨਾਂ ਦੀ ਹਮਾਇਤ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਮੁਲਕ ਵਿਰੋਧੀ ਹੋਣ ਦਾ ਬਿੱਲਾ ਲਗਾ ਦਿੱਤਾ ਜਾਂਦਾ ਹੈ ਅਤੇ ਵਾਰਦਾਤ ਵਾਲੀ ਜਗ੍ਹਾ ‘ਤੇ ਜਾਣ ਤੋਂ ਰੋਕਿਆ ਜਾਂਦਾ ਹੈ।
ਕੇਂਦਰੀ ਸਰਕਾਰ ਅਤੇ ਬੀਜੇਪੀ ਦਾ ਕਿਸਾਨਾਂ ਪ੍ਰਤੀ ਵਤੀਰਾ ਨਫ਼ਰਤ ਵਾਲਾ ਹੈ। ਕਿਸਾਨਾਂ ਖਿਲਾਫ ਹਿੰਸਾ ਭੜਕਾਉਣ ਅਤੇ ਅੰਦੋਲਨਕਾਰੀਆਂ ਤੇ ਕੀਤੀ ਗਈ ਹਿੰਸਾ ਬਾਰੇ ਸਰਕਾਰ ਜਾਂ ਹਾਕਮ ਪਾਰਟੀ ਵੱਲੋਂ ਪਛਤਾਵੇ ਦਾ ਪ੍ਰਗਟਾਵਾ ਤੱਕ ਨਹੀਂ ਕੀਤਾ ਜਾ ਰਿਹਾ। ਹਾਕਮ ਪਾਰਟੀ ਅਤੇ ਸਰਕਾਰ ਦਾ ਹੰਕਾਰ ਤੇ ਬੇਕਿਰਕੀ ਇਨ੍ਹਾਂ ਦੇ ਅੰਦੋਲਨਕਾਰੀਆਂ ਨਾਲ ਨਜਿੱਠਣ ਦੀ ਨੀਤੀ ਨੂੰ ਜ਼ਾਹਿਰ ਕਰਦੇ ਹਨ। ਇਸ ਦੇ ਤਿੰਨ ਪੱਖ ਹਨ। ਪਹਿਲਾ, ਅੰਦੋਲਨਕਾਰੀਆਂ ਪ੍ਰਤੀ ਸਰਕਾਰ ਅਤੇ ਹਾਕਮ ਪਾਰਟੀ ਦੀ ਸਮਝ ਹੈ ਕਿ ਹਿੰਸਾ ਦੇ ਸ਼ਿਕਾਰ ਅੰਦੋਲਨ ਵਿਚ ਸ਼ਾਮਲ ਵਿਅਕਤੀ ਉਪਰ ਹਿੰਸਾ ਜਾਇਜ਼ ਹੈ ਅਤੇ ਉਨ੍ਹਾਂ ਨਾਲ ਇਹੋ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਸਰਕਾਰ ਖ਼ਿਲਾਫ਼ ਲੰਮੇ ਸਮੇਂ ਤੱਕ ਚਲਾਇਆ ਅੰਦੋਲਨ ਗ਼ਲਤ ਹੈ ਅਤੇ ਐਸੇ ਸ਼ਾਂਤਮਈ ਅੰਦੋਲਨਕਾਰੀਆਂ ਖਿਲਾਫ ਹਿੰਸਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੂਜਾ, ਅੰਦੋਲਨਕਾਰੀਆਂ ਖਿਲਾਫ ਹਿੰਸਾ ਦਾ ਸੁਭਾਅ ਬਹੁਤ ਪ੍ਰਤੱਖ ਅਤੇ ਬੇਰਹਿਮੀ ਵਾਲਾ ਹੈ। ਇਸ ਦੀ ਨਿਸ਼ਾਨਦੇਹੀ ਪੁਰਾਤਨ ਜਗੀਰੂ ਮਾਨਸਿਕਤਾ ਤੋਂ ਲਗਾਈ ਜਾ ਸਕਦੀ ਹੈ ਜਿਸ ਅਨੁਸਾਰ ਕਿਸੇ ਵੀ ਵਿਰੋਧ ਨੂੰ ਬੇਰਹਿਮੀ ਨਾਲ ਕੁਚਲਿਆ ਜਾਂਦਾ ਹੈ। ਇਸ ਹਿੰਸਾ ਦਾ ਤੀਜਾ ਪਹਿਲੂ ਇਹ ਹੈ ਕਿ ਅੰਦੋਲਨਕਾਰੀਆਂ ਵਿਚ ਡਰ ਦੀ ਭਾਵਨਾ ਪੈਦਾ ਕਰਕੇ ਮਿਸਾਲ ਪੈਦਾ ਕਰਨਾ ਤਾਂ ਕਿ ਅੱਗੇ ਤੋਂ ਉਹ ਯਾਦ ਰਖਣ ਕਿ ਮੁੜ ਅੰਦੋਲਨ ਕਰਨ ‘ਤੇ ਇਹੀ ਹਸ਼ਰ ਹੋਵੇਗਾ।
ਇਹ ਵਰਤਾਰਾ ਦਰਸਾਉਂਦਾ ਹੈ ਕਿ ਹਾਕਮ ਪਾਰਟੀ ਦੇ ਮੈਂਬਰਾਂ ਅਤੇ ਕਾਰਕੁਨਾਂ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਨਿਰਾਸ਼ਾ, ਮਾਯੂਸੀ ਅਤੇ ਨਫ਼ਰਤ ਹਨ। ਇਹ ਕਿਸਾਨ ਅੰਦੋਲਨ ਖਿਲਾਫ ਨਫ਼ਰਤ ਫੈਲਾਉਣ ਤੋਂ ਲੈ ਕੇ ਅੰਦੋਲਨਕਾਰੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਨਾਵਾਂ ਨਾਲ ਸੰਬੋਧਿਤ ਹੋਣ (ਜਿਵੇਂ ਦੇਸ਼ ਵਿਰੋਧੀ, ਖਾਲਿਸਤਾਨੀ, ਪਰਜੀਵੀ, ਵੱਖਵਾਦੀ ਆਦਿ) ਤੋਂ ਜ਼ਾਹਿਰ ਹੈ। ਇਸ ਤੋਂ ਇਲਾਵਾ 26 ਜਨਵਰੀ ਦੀ ਘਟਨਾ ਤੋਂ ਬਾਅਦ ਗਾਜ਼ੀਪੁਰ ਬਾਰਡਰ ‘ਤੇ ਧਰਨਾ ਚੁਕਵਾਉਣ ਲਈ ਬੀਜੇਪੀ ਵਿਧਾਇਕ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵਲੋਂ ਧਾਵਾ ਬੋਲਣਾ, ਸਿੰਘੂ ਬਾਰਡਰ ਤੇ ਲੋਕਲ ਵਾਸੀਆਂ ਨੂੰ ਕਿਸਾਨਾਂ ਖਿਲਾਫ ਉਕਸਾ ਕੇ ਧਰਨਾਕਾਰੀਆਂ ਤੇ ਪਥਰਾਓ ਕਰਵਾਉਣਾ, ਕਰਨਾਲ ਵਿਚ ਸ਼ਾਂਤਮਈ ਅੰਦੋਲਨਕਾਰੀਆਂ ਤੇ ਲਾਠੀਚਾਰਜ ਕਰਕੇ ਇੱਕ ਕਿਸਾਨ ਨੂੰ ਜਾਨੋਂ ਮਾਰ ਦੇਣਾ ਅਤੇ ਲਖੀਮਪੁਰ ਖੀਰੀ ਵਿਚ ਅੰਦੋਲਨਕਾਰੀਆਂ ਨੂੰ ਕੁਚਲਣਾ ਆਦਿ ਸ਼ਾਮਿਲ ਹਨ। ਅੰਦੋਲਨਕਾਰੀਆਂ ਖਿਲਾਫ ਭੜਕਾਊ ਭਾਸ਼ਣ ਤੇ ਲਗਾਤਾਰ ਬਿਆਨਬਾਜ਼ੀ, ਸੋਸ਼ਲ ਮੀਡੀਆ ਤੇ ਟੈਲੀਵਿਜ਼ਨ ਵਿਚ ਭੰਡੀ ਪ੍ਰਚਾਰ, ਅੰਦੋਲਨਕਾਰੀਆਂ ਖਿਲਾਫ ਸਾਜ਼ਿਸ਼ਾਂ ਕਰਕੇ ਅੰਦੋਲਨ ਨੂੰ ਸ਼ਾਂਤਮਈ ਪ੍ਰਦਰਸ਼ਨ ਤੋਂ ਹਿੰਸਾ ਵਲ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੀ ਤਾਜ਼ੀ ਮਿਸਾਲ ਨਿਹੰਗਾਂ ਦੇ ਇਕ ਗਰੁੱਪ ਵਲੋਂ ਸਿੰਘੂ ਬਾਰਡਰ ‘ਤੇ ਹੋਏ ਕਤਲ ਨੂੰ ਗਲਤ ਰੰਗਤ ਦੇਣੀ ਅਤੇ ਸਾਜ਼ਿਸ਼ ਦੇ ਬੇਨਕਾਬ ਹੋਣ ‘ਤੇ ਚੁੱਪ ਧਾਰ ਲੈਣਾ ਹੈ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੰਦੋਲਨ ਦਾ ਗਿਆਰਾਂ ਮਹੀਨਿਆਂ ਤੋਂ ਜਾਰੀ ਰਹਿਣਾ ਅਤੇ ਅੰਦੋਲਨ ਨੂੰ ਆਮ ਲੋਕਾਂ ਦੀ ਵਧ ਰਹੀ ਹਮਾਇਤ ਤੇ ਹਮਦਰਦੀ ਹਾਕਮਾਂ ਨੂੰ ਅੰਦਰੋ-ਅੰਦਰ ਖਾ ਰਹੀ ਹੈ ਅਤੇ ਹਾਕਮ ਪਾਰਟੀ ਦੇ ਕਾਰਕੁਨਾਂ ਤੇ ਵਰਕਰਾਂ ਵਿਚ ਨਿਰਾਸ਼ਾ ਪੈਦਾ ਕਰ ਰਹੀ ਹੈ। ਇਸ ਦਾ ਪ੍ਰਗਟਾਵਾ ਇਨ੍ਹਾਂ ਦੀਆਂ ਕਰਤੂਤਾਂ ਰਾਹੀਂ ਹੋ ਰਿਹਾ ਹੈ।
ਉਪਰੋਕਤ ਘਟਨਾਵਾਂ ਸਰਕਾਰ ਅਤੇ ਹਾਕਮ ਪਾਰਟੀ ਦੀ ਜਮਹੂਰੀਅਤ ਬਾਰੇ ਵਚਨਬੱਧਤਾ ਦਾ ਪਰਦਾਫਾਸ਼ ਕਰਦੀਆਂ ਹਨ। ਮੁਲਕ ਵਿਚ ਇਸ ਸਮੇਂ ਵਧ ਰਹੀ ਬੇਰੁਜ਼ਗਾਰੀ ਅਤੇ ਕੀਮਤਾਂ ਵਿਚ ਬੇਹਿਸਾਬ ਵਾਧੇ ਨੇ ਵੀ ਹਾਕਮ ਪਾਰਟੀ ਦੇ ਜੁਮਲਿਆਂ ਨੂੰ ਬੇਅਸਰ ਤੇ ਬੇਨਕਾਬ ਕਰ ਦਿੱਤਾ ਹੈ। ਇਸ ਕਰਕੇ ਸਰਕਾਰ ਹਰ ਵਿਰੋਧ ਮਸਲਨ ਵੱਲ ਤੁਰੀ ਹੋਈ ਹੈ। ਇਸ ਵਰਤਾਰੇ ਨਾਲ ਮੁਲਕ ਵਿਚ ਜਮਹੂਰੀਅਤ ਨੂੰ ਖ਼ਤਰਾ ਵਧ ਗਿਆ ਹੈ। ਇਹ ਸਰਕਾਰ ਸ਼ਾਂਤਮਈ ਪ੍ਰਦਰਸ਼ਨਾਂ ਅਤੇ ਵਿਚਾਰਾਂ ਦੇ ਮਤਭੇਦ ਰੱਖਣ ਨੂੰ ਸਹਿਣ ਨਹੀਂ ਕਰ ਰਹੀ। ਵਿਰੋਧੀਆਂ ਖਿਲਾਫ਼ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਉਨ੍ਹਾਂ ਉਪਰ ਗੈਰ ਕਾਨੂੰਨੀ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਹਾਲਾਤ ਵਿਚ ਲੋਕਾਂ ਦੇ ਜਮਹੂਰੀ ਹੱਕਾਂ ਤੇ ਸ਼ਹਿਰੀ ਆਜ਼ਾਦੀਆਂ ਨੂੰ ਬਚਾਉਣਾ ਦੇਸ਼ ਹਿੱਤ ਹੈ।
ਸੋ, ਸਮਾਂ ਮੰਗ ਕਰਦਾ ਹੈ ਕਿ ਆਮ ਲੋਕ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਹੋਰ ਜ਼ੋਰ-ਸ਼ੋਰ ਨਾਲ ਅੱਗੇ ਆਉਣ ਅਤੇ ਇਸ ਦੀ ਕਾਮਯਾਬੀ ਵਿਚ ਹਿੱਸਾ ਪਾਉਣ। ਅਜਿਹੇ ਅੰਦੋਲਨਾਂ ਨਾਲ ਹੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਮੁਲਕ ਵਿਚ ਜਮਹੂਰੀਅਤ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨੂੰ ਨੱਥ ਪਾਈ ਜਾ ਸਕਦੀ ਹੈ। ਇਹ ਗੱਲ ਸੰਜੀਦਗੀ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਤੇ ਲੋੜਾਂ ਪੂਰਾ ਕਰਨ ਦੇ ਅਸਮਰਥ ਹੈ ਅਤੇ ਜਮਹੂਰੀਅਤ ਨੂੰ ਢਾਹ ਲਾਉਣ ਵਿਚ ਮਸਰੂਫ਼ ਹੈ। ਲੋਕਾਂ ਦੀ ਏਕਤਾ ਅਤੇ ਭਾਈਚਾਰਕ ਸਾਂਝ ਵਾਲਾ ਅੰਦੋਲਨ ਹੀ ਟਿਕਾਊ ਵਿਕਾਸ, ਖੁਸ਼ਹਾਲੀ ਅਤੇ ਜਮਹੂਰੀਅਤ ਨੂੰ ਮਜ਼ਬੂਤੀ ਵੱਲ ਲਿਜਾ ਸਕਦਾ ਹੈ। ਅੰਦੋਲਨ ਜਿੰਨਾ ਵਿਸ਼ਾਲ ਤੇ ਸ਼ਾਂਤਮਈ ਹੋਵੇਗਾ, ਇਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਨਿਸ਼ਚਿਤ ਕਰੇਗਾ। ਇਸ ਕਰਕੇ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਹਾਕਮਾਂ ਦੀ ਭੜਕਾਊ ਬਿਆਨਬਾਜ਼ੀ ਅਤੇ ਸਾਜ਼ਿਸ਼ਾਂ ਤੋਂ ਖ਼ਬਰਦਾਰ ਰਹਿੰਦਿਆਂ ਏਕਾ ਬਣਾਈ ਰੱਖਣ ਅਤੇ ਸ਼ਾਂਤਮਈ ਪ੍ਰਦਰਸ਼ਨ ਦੇ ਰਸਤੇ ‘ਤੇ ਪੂਰੀ ਤਰ੍ਹਾਂ ਕਾਇਮ ਰਹਿਣ। ਇਹ ਪਹੁੰਚ ਅੰਦੋਲਨ ਨੂੰ ਕਾਮਯਾਬੀ ਵੱਲ ਲਿਜਾਵੇਗੀ। ਇਸ ਤੋਂ ਬਾਅਦ ਕਿਸਾਨੀ ਸੰਕਟ ਨਾਲ ਨਜਿੱਠਣ ਅਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਲਈ ਰਾਹ ਪੱਧਰਾ ਹੋਵੇਗਾ।
ਸੰਪਰਕ: 98550-82857

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …