ਪਟਨਾ ਤੋਂ ਅੰਮਿ੍ਰਤਸਰ ਆ ਰਹੀ ਸਪਾਈਸ ਜੈਟ ਦੀ ਫਲਾਈਟ
ਅੰਮਿ੍ਰਤਸਰ/ਬਿਊਰੋ ਨਿਊਜ਼ : ਪਟਨਾ ਤੋਂ ਅੰਮਿ੍ਰਤਸਰ ਆ ਰਹੀ ਸਪਾਈਸ ਜੈਟ ਦੀ ਫਲਾਈਟ ’ਚ ਲੰਘੇ ਦਿਨੀਂ ਤਰਨਤਾਰਨ ਦੀ ਇਕ ਮਹਿਲਾ ਯਾਤਰੀ ਦੀ ਮੌਤ ਹੋ ਗਈ। ਟੇਕਆਫ਼ ਤੋਂ ਬਾਅਦ ਮਹਿਲਾ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਅਤੇ ਇਸੇ ਦੌਰਾਨ ਮਹਿਲਾ ਨੇ ਦਮ ਤੋੜ ਦਿੱਤਾ। ਕਾਗਜ਼ੀ ਕਾਰਵਾਈ ਤੋਂ ਬਾਅਦ ਮਿ੍ਰਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਟਨਾ ਤੋਂ ਦੁਪਹਿਰੇ ਸਪਾਈਸ ਜੈਟ ਦੀ ਫਲਾਈਟ ਨੇ ਅੰਮਿ੍ਰਤਸਰ ਦੇ ਲਈ ਉਡਾਣ ਭਰੀ ਅਤੇ ਕੁੱਝ ਸਮੇਂ ਬਾਅਦ ਹੀ ਜਹਾਜ਼ ’ਚ ਸਵਾਰ ਮਹਿਲਾ ਤਰਨਤਾਰਨ ਨਿਵਾਸੀ ਸਰਬਜੀਤ ਕੌਰ ਦੀ ਸਿਹਤ ਖਰਾਬ ਹੋ ਗਈ। ਕਰੂ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਪਹਿਲਾਂ ਕਰੂ ਮੈਂਬਰ ਕੁਝ ਕਰ ਪਾਉਂਦੇ ਮਹਿਲਾ ਦੀ ਮੌਤ ਹੋ ਗਈ। ਕਰੂ ਮੈਂਬਰਾਂ ਨੇ ਗਰਾਊਂਡ ਸਟਾਫ਼ ਨੂੰ ਜਾਣਕਾਰੀ ਦਿੱਤੀ ਕਿ ਮਹਿਲਾ ਨੂੰ ਸਾਹ ਲੈਣ ’ਚ ਤਕਲੀਫ਼, ਬੇਚੈਨੀ ਅਤੇ ਚੱਕਰ ਆ ਰਹੇ ਸਨ। ਕਰੂ ਮੈਂਬਰਾਂ ਨੇ ਫਸਟਏਡ ਵੀ ਦਿੱਤੀ ਪ੍ਰੰਤੂ ਕੋਈ ਰਾਹਤ ਨਾ ਮਿਲੀ।