ਅੰਮ੍ਰਿਤਸਰ : ਪਾਕਿਸਤਾਨ ‘ਚ ਮੁਫ਼ਤ ਆਟਾ ਲੈਣ ਨੂੰ ਲੈ ਕੇ ਮਚੀ ਭਾਜੜ ‘ਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਿੱਤਰ ਮਹੀਨੇ ਰਮਜ਼ਾਨ ਦੀ ਸ਼ੁਰੂਆਤ ਤੋਂ ਹੁਣ ਤੱਕ ਮੁਫ਼ਤ ਆਟਾ ਲੈਣ ਦੀ ਕੋਸ਼ਿਸ਼ ‘ਚ ਭੀੜ ਦੇ ਪੈਰਾਂ ਹੇਠ ਕੁਚਲੇ ਜਾਣ ਕਰਕੇ ਮਾਰੇ ਗਏ ਵਿਅਕਤੀਆਂ ‘ਚ ਦੋ ਔਰਤਾਂ ਵੀ ਸ਼ਾਮਿਲ ਹਨ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਲਹਿੰਦੇ ਪੰਜਾਬ ਸੂਬੇ ਦੇ ਸਿਰਫ਼ ਚਾਰ ਜ਼ਿਲ੍ਹਿਆਂ ਸਾਹੀਵਾਲ, ਬਹਾਵਲਪੁਰ, ਮੁਜ਼ੱਫਰਗੜ੍ਹ ਅਤੇ ਓਕਾੜਾ ਦਾ ਹੈ। ਇਨ੍ਹਾਂ ਉਕਤ ਜ਼ਿਲ੍ਹਿਆਂ ‘ਚ ਇਸੇ ਭਾਜੜ ‘ਚ 60 ਵਿਅਕਤੀ ਜ਼ਖ਼ਮੀ ਵੀ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ‘ਚ ਇਸ ਸਮੇਂ ਇਕ ਕਿੱਲੋ ਆਟਾ 185 ਰੁਪਏ ਤੋਂ 250 ਰੁਪਏ ਤੱਕ ਵਿਕ ਰਿਹਾ ਹੈ। ਦੇਸ਼ ਦੇ ਜ਼ਿਆਦਾਤਰ ਲੋਕ ਤੰਦੂਰ ਦੀਆਂ ਦੁਕਾਨਾਂ ਤੋਂ ਰੋਟੀਆਂ ਖ਼ਰੀਦਦੇ ਹਨ ਤੇ ਲਾਹਨਰ ‘ਚ ਇਕ ਰੋਟੀ 40 ਰੁਪਏ ‘ਚ ਮਿਲ ਰਹੀ ਹੈ। ਤੰਦੂਰ ਚਲਾਉਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗੀ ਬਿਜਲੀ ਅਤੇ ਰੱਖ-ਰਖਾਅ ਕਾਰਨ ਉਨ੍ਹਾਂ ਨੂੰ ਰੋਟੀਆਂ ਮਹਿੰਗੇ ਭਾਅ ਵੇਚਣੀਆਂ ਪੈਂਦੀਆਂ ਹਨ। ਹਾਲਾਂਕਿ, ਹਾਲਾਤ ਵਿਗੜਦੇ ਦੇਖ ਕੇ ਸਰਕਾਰ ਨੇ ਗਰੀਬਾਂ ਨੂੰ ਮੁਫ਼ਤ ਆਟਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ, ਪਰ ਇਸ ਦਾ ਲਾਭ ਗਰੀਬਾਂ ਅਤੇ ਲੋੜਵੰਦਾਂ ਨੂੰ ਨਹੀਂ ਮਿਲ ਰਿਹਾ। ਇਸ ਦਾ ਕਾਰਨ ਇਹ ਹੈ ਕਿ ਸਰਕਾਰੀ ਅਧਿਕਾਰੀ ਵੀ ਇਸ ਘਟੀਆ ਆਟੇ ਨੂੰ ਕਾਲੇ ਬਾਜ਼ਾਰ ‘ਚ ਵੇਚ ਰਹੇ ਹਨ।