ਰੂਸ ਨੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਖਿਲਾਫ ਪੱਛਮ ਨੂੰ ਮੁੜ ਚਿਤਾਵਨੀ ਦਿੱਤੀ
ਕੀਵ/ਬਿਊਰੋ ਨਿਊਜ਼ : ਬਰਤਾਨੀਆ ਸਰਕਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਯੂਕਰੇਨ ਨੂੰ ਅਤਿ-ਆਧੁਨਿਕ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਰਾਕੇਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਨਾਲ ਰੂਸ ਖਿਲਾਫ ਯੂਕਰੇਨ ਦੀ ਸਮਰੱਥਾ ਵਧੇਗੀ। ਯੂਕੇ ਦੇ ਰੱਖਿਆ ਮੰਤਰੀ ਬੈੱਨ ਵਾਲੈੱਸ ਨੇ ਕਿਹਾ ਕਿ ਜੇ ਕੌਮਾਂਤਰੀ ਭਾਈਚਾਰਾ ਯੂਕਰੇਨ ਨੂੰ ਮਦਦ ਦਿੰਦਾ ਰਹੇ ਤਾਂ ਉਹ ਜਿੱਤ ਸਕਦੇ ਹਨ।
ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪੱਛਮੀ ਮੁਲਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਯੂਕਰੇਨ ਨੂੰ ਅਜਿਹੇ ਹਥਿਆਰ ਨਾ ਦੇਣ। ਬਰਤਾਨਵੀ ਸਰਕਾਰ ਯੂਕਰੇਨ ਨੂੰ ਐਮ270 ਰਾਕੇਟ ਦੇ ਰਹੀ ਹੈ ਜੋ ਕਿ 80 ਕਿਲੋਮੀਟਰ ਤੱਕ ਸਟੀਕ ਨਿਸ਼ਾਨਾ ਲਾ ਸਕਦੇ ਹਨ। ਅਮਰੀਕਾ ਪਹਿਲਾਂ ਹੀ ਯੂਕਰੇਨ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ। ਇਸੇ ਦੌਰਾਨ ਰੂਸ ਲਗਾਤਾਰ ਯੂਕਰੇਨ ਨੂੰ ਕਰੂਜ਼ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾ ਰਿਹਾ ਹੈ। ਖਾਰਕੀਵ ਖੇਤਰ ਵਿਚ ਇਕ ਪਲਾਂਟ ਉਤੇ ਰੂਸ ਨੇ ਮਿਜ਼ਾਈਲਾਂ ਦਾਗੀਆਂ ਹਨ। ਇਸ ਪਲਾਂਟ ਵਿਚ ਹਥਿਆਰਬੰਦ ਵਾਹਨਾਂ ਦੀ ਮੁਰੰਮਤ ਕੀਤੀ ਜਾ ਰਹੀ ਸੀ। ਰੂਸੀ ਸੈਨਾ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਜਹਾਜ਼ਾਂ ਨੇ ਯੂਕਰੇਨੀ ਸੈਨਾ ਦੇ ਟਿਕਾਣਿਆਂ ਅਤੇ ਫੌਜੀ ਉਪਕਰਨਾਂ ਨੂੰ ਨਿਸ਼ਾਨਾ ਬਣਾਇਆ ਹੈ।
ਯੂਕਰੇਨ ‘ਚ ਫਸਿਆ ਅਨਾਜ ਬਰਾਮਦ ਕਰਨ ਲਈ ਜ਼ੇਲੈਂਸਕੀ ਵੱਲੋਂ ਕੋਸ਼ਿਸ਼ਾਂ
ਕੀਵ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਜੰਗ ਕਾਰਨ ਯੂਕਰੇਨ ‘ਚ 7.5 ਕਰੋੜ ਟਨ ਅਨਾਜ ਫਸਿਆ ਹੋਇਆ ਹੈ ਤੇ ਇਸ ਦੀ ਸੁਰੱਖਿਅਤ ਦੇਸ਼ ਤੋਂ ਬਾਹਰ ਸਪਲਾਈ ਲਈ ਸਮੁੰਦਰੀ ਜਹਾਜ਼ਾਂ ‘ਤੇ ਮਾਰ ਕਰਨ ਵਾਲੇ ਹਥਿਆਰਾਂ ਦੀ ਲੋੜ ਪਵੇਗੀ। ਜ਼ੇਲੈਂਸਕੀ ਨੇ ਕਿਹਾ ਕਿ ਅਨਾਜ ਬਾਹਰ ਭੇਜਣ ਲਈ ਉਹ ਤੁਰਕੀ ਤੇ ਬਰਤਾਨੀਆ ਨਾਲ ਗੱਲ ਕਰ ਰਹੇ ਹਨ। ਇਸ ਲਈ ਕਿਸੇ ਤੀਜੇ ਮੁਲਕ ਦੀ ਜਲ ਸੈਨਾ ਦੀ ਗਾਰੰਟੀ ਦੀ ਲੋੜ ਪਵੇਗੀ।