Breaking News
Home / Special Story / ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖਿਲਾਫ ਕੇਸ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖਿਲਾਫ ਕੇਸ

ਦਿੱਲੀ ਪੁਲਿਸ ਨੇ ਜੰਤਰ ਮੰਤਰ ‘ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਨੇ ਨਵੇਂ ਸੰਸਦ ਭਵਨ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਜੰਤਰ-ਮੰਤਰ ‘ਤੇ ਧਰਨਾ ਲਾਉਣ ਵਾਲੇ ਪ੍ਰਬੰਧਕਾਂ ਤੇ ਪਹਿਲਵਾਨਾਂ ਦੇ ਹਮਾਇਤੀਆਂ ਖਿਲਾਫ਼ ਦੰਗਿਆਂ ਤੇ ਸਰਕਾਰੀ ਮੁਲਾਜ਼ਮ ਦੀ ਡਿਊਟੀ ‘ਚ ਵਿਘਨ ਪਾਉਣ ਦੇ ਦੋਸ਼ ਤਹਿਤ ਸੰਸਦ ਮਾਰਗ ਥਾਣੇ ‘ਚ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਜੰਤਰ ਮੰਤਰ ‘ਤੇ ਧਰਨਾ ਦੇਣ ਵਾਲੇ 109 ਪ੍ਰਦਰਸ਼ਨਕਾਰੀਆਂ ਸਣੇ ਪੂਰੀ ਦਿੱਲੀ ‘ਚੋਂ 700 ਲੋਕਾਂ ਨੂੰ ਹਿਰਾਸਤ ‘ਚ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮਗਰੋਂ ਮਹਿਲਾ ਤੇ ਪੁਰਸ਼ ਪਹਿਲਵਾਨਾਂ ਨੂੰ ਛੱਡ ਵੀ ਦਿੱਤਾ।
ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਐੱਫਆਈਆਰ ਆਈਪੀਸੀ ਦੀਆਂ ਧਾਰਾਵਾਂ 188, 186, 353 ਤੇ 332 ਤਹਿਤ ਦਰਜ ਕੀਤੀ ਗਈ ਹੈ। ਐੱਫਆਈਆਰ ਵਿੱਚ ਧਾਰਾ 352, 147(ਦੰਗੇ) ਤੇ 149(ਗੈਰਕਾਨੂੰਨੀ ਇਕੱਤਰਤਾ) ਵੀ ਆਇਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ ‘ਤੇ ਲਾਏ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੇ ਪਹਿਲਵਾਨਾਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਸਣੇ ਹੋਰਨਾਂ ਨੂੰ ਪੁਲਿਸ ਨੇ ਅਮਨ-ਕਾਨੂੰਨ ਦੀ ਉਲੰਘਣਾ ਦੇ ਦੋਸ਼ ‘ਚ ਹਿਰਾਸਤ ਵਿੱਚ ਲੈ ਲਿਆ ਸੀ। ਪੁਲਿਸ ਅਧਿਕਾਰੀਆਂ ਨੇ ਜੰਤਰ-ਮੰਤਰ ‘ਤੇ ਧਰਨੇ ਵਾਲੀ ਥਾਂ ਲੱਗੇ ਤੰਬੂ ਪੁੱਟ ਦਿੱਤੇ ਅਤੇ ਉਥੇ ਪਏ ਗੱਦੇ, ਕੂਲਰ, ਪੱਖੇ, ਤਰਪਾਲ ਤੇ ਪਹਿਲਵਾਨਾਂ ਦਾ ਹੋਰ ਸਮਾਨ ਉਥੋਂ ਹਟਾ ਦਿੱਤਾ। ਪਹਿਲਵਾਨ ਬਜਰੰਗ ਪੂਨੀਆ ਨੂੰ ਮਯੂਰ ਵਿਹਾਰ ਨੇੜਲੇ ਪੁਲਿਸ ਥਾਣੇ, ਸਾਕਸ਼ੀ ਨੂੰ ਬੁਰਾੜੀ ਅਤੇ ਵਿਨੇਸ਼ ਤੇ ਸੰਗੀਤਾ ਨੂੰ ਕਾਲਕਾਜੀ ਥਾਣੇ ਵਿੱਚ ਰੱਖਿਆ ਗਿਆ।ਮਹਿਲਾ ਪਹਿਲਵਾਨਾਂ ਨਾਲ ਧੱਕੇਸ਼ਾਹੀ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਲੋਂ ਨੋਟਿਸ
ਅੰਮ੍ਰਿਤਸਰ : ਦਿੱਲੀ ਦੇ ਜੰਤਰ ਮੰਤਰ ‘ਤੇ ਇਨਸਾਫ ਲਈ ਧਰਨੇ ‘ਤੇ ਬੈਠੀਆਂ ਓਲੰਪੀਅਨ ਮਹਿਲਾ ਪਹਿਲਵਾਨਾਂ ਨਾਲ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਵਿਚ ਇਸ ਧੱਕੇਸ਼ਾਹੀ ਖਿਲਾਫ ਰੋਸ ਦਰਜ ਕਰਦਿਆਂ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਭਾਰਤ ਵਾਸਤੇ ਸੋਨ ਤਗਮੇ ਜਿੱਤਣ ਵਾਲੀਆਂ ਕੁੜੀਆਂ ਨੂੰ ਡਾਂਗਾਂ ਨਾਲ ਕੁੱਟਣਾ ਤੇ ਬੇਵੱਸ ਕੁੜੀਆਂ ਦੀਆਂ ਹੂਕਾਂ ਨਵੀਂ ਸੰਸਦ ਦੇ ਇਤਿਹਾਸ ਦਾ ਪਹਿਲਾ ਕਾਲਾ ਵਰਕਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਸਰਕਾਰੀ ਤੰਤਰ ਵੱਲੋਂ ਮਨੁੱਖੀ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨਾਲ ਜ਼ਬਰਦਸਤੀ ਕਰਨਾ ਲੋਕਤੰਤਰ ‘ਤੇ ਦਾਗ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਲਈ ਨਵੀਂ ਬਣੀ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਤੇ ਦੂਜੇ ਪਾਸੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀਆਂ ਮਹਿਲਾ ਪਹਿਲਵਾਨਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਜਿਸ ਨਾਲ ਪੂਰਾ ਦੇਸ਼ ਸ਼ਰਮਸ਼ਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਹੱਕਾਂ ਲਈ ਲੜਾਈ ਲੜ ਰਹੀਆਂ ਇਨ੍ਹਾਂ ਮਹਿਲਾ ਪਹਿਲਵਾਨਾਂ ਨਾਲ ਡੱਟ ਕੇ ਖੜ੍ਹੀ ਹੈ ਅਤੇ ਇਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਪਹਿਲਵਾਨਾਂ ਨੂੰ ਜੰਤਰ-ਮੰਤਰ ‘ਤੇ ਮੁੜ ਧਰਨੇ ਦੀ ਆਗਿਆ ਨਹੀਂ
ਸ਼ਹਿਰ ‘ਚ ਰੋਸ ਮੁਜ਼ਾਹਰੇ ਲਈ ਦਿੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ : ਦਿੱਲੀ ਪੁਲਿਸ
ਨਵੀਂ ਦਿੱਲੀ : ਪਹਿਲਵਾਨਾਂ ਤੋਂ ਧਰਨੇ ਵਾਲੀ ਥਾਂ ਖਾਲੀ ਕਰਵਾਉਣ ਤੋਂ ਇਕ ਦਿਨ ਮਗਰੋਂ ਦਿੱਲੀ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਜੰਤਰ ਮੰਤਰ ਦੀ ਥਾਂ ਸ਼ਹਿਰ ਵਿੱਚ ਕੋਈ ਹੋਰ ਢੁੱਕਵੀਂ ਥਾਂ ਰੋਸ ਮੁਜ਼ਾਹਰੇ ਲਈ ਮੁਹੱਈਆ ਕਰਵਾਈ ਜਾਵੇਗੀ।
ਪੁਲਿਸ ਨੇ ਕਿਹਾ ਕਿ ਪਹਿਲਵਾਨਾਂ ਦੇ ਪਿਛਲੇ ਰਿਕਾਰਡ ਤੇ ਐਤਵਾਰ ਦੇ ਵਤੀਰੇ ਨੂੰ ਵੇਖਦੇ ਹੋਏ, ਉਨ੍ਹਾਂ ਨੂੰ ਜੰਤਰ-ਮੰਤਰ ‘ਤੇ ਮੁੜ ਧਰਨਾ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਨਵੀਂ ਦਿੱਲੀ ਦੇ ਡੀਸੀਪੀ ਨੇ ਹਿੰਦੀ ਵਿੱਚ ਕੀਤੇ ਟਵੀਟ ‘ਚ ਕਿਹਾ, ”ਪਹਿਲਵਾਨਾਂ ਵੱਲੋਂ ਜੰਤਰ ਮੰਤਰ ‘ਤੇ ਲਾਇਆ ਧਰਨਾ ਬੜੇ ਆਰਾਮ ਨਾਲ ਚੱਲ ਰਿਹਾ ਸੀ। ਐਤਵਾਰ ਨੂੰ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਕਾਨੂੰਨ ਤੋੜਿਆ ਤੇ ਲਗਾਤਾਰ ਕੀਤੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕੀਤਾ। ਲਿਹਾਜ਼ਾ ਅਸੀਂ ਧਰਨੇ ਵਾਲੀ ਥਾਂ ਖਾਲੀ ਕਰਵਾ ਕੇ ਉਥੇ ਲੱਗਿਆ ਧਰਨਾ ਖ਼ਤਮ ਕਰਵਾ ਦਿੱਤਾ।”
ਪੁਲਿਸ ਅਧਿਕਾਰੀ ਨੇ ਕਿਹਾ, ”ਪਹਿਲਵਾਨ ਜੇਕਰ ਭਵਿੱਖ ਵਿਚ ਮੁੜ ਧਰਨਾ ਲਾਉਣ ਲਈ ਅਰਜ਼ੀ ਦਿੰਦੇ ਹਨ, ਤਾਂ ਉਨ੍ਹਾਂ ਨੂੰ ਜੰਤਰ ਮੰਤਰ ਦੀ ਥਾਂ ਕਿਸੇ ਹੋਰ ਢੁੱਕਵੀਂ ਥਾਂ ‘ਤੇ ਰੋਸ ਮੁਜ਼ਾਹਰਾ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ।”
ਪਹਿਲਵਾਨਾਂ ਦੇ ਹੱਕ ਵਿੱਚ ਪੰਜਾਬ ਭਰ ‘ਚ ਰੋਸ ਮੁਜ਼ਾਹਰੇ
ਮੋਦੀ ਸਰਕਾਰ ਦੀ ਹੋ ਰਹੀ ਹੈ ਜੰਮ ਕੇ ਆਲੋਚਨਾ
ਚੰਡੀਗੜ੍ਹ : ਨਵੇਂ ਸੰਸਦ ਭਵਨ ਅੱਗੇ ਰੋਸ ਜਤਾ ਰਹੇ ਪਹਿਲਵਾਨਾਂ ਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਖਿਲਾਫ ਨੌਜਵਾਨ ਭਾਰਤ ਸਭਾ ਨੇ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਕੀਤੇ।
ਸਭਾ ਦੇ ਆਗੂਆਂ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਭਾਜਪਾ ਆਗੂ ਬ੍ਰਿਜ ਭੂਸ਼ਣ ਨਵੇਂ ਸੰਸਦ ਭਵਨ ਵਿੱਚ ਬੈਠਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਵਿੱਚ ਜਮਹੂਰੀਅਤ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸਨ, ਉਸ ਵੇਲੇ ਕੌਮਾਂਤਰੀ ਪੱਧਰ ‘ਤੇ ਸੋਨ ਤਗਮੇ ਜਿੱਤਣ ਵਾਲੇ ਪਹਿਲਵਾਨ ਸੜਕ ‘ਤੇ ਖਿੱਚ-ਧੂਹ ਕੇ ਲਤਾੜੇ ਜਾ ਰਹੇ ਸਨ। ਇਹ ਘਟਨਾਕ੍ਰਮ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਅਜਿਹੇ ਵਿਅਕਤੀ ਨੂੰ ਬਚਾ ਰਹੀ ਹੈ ਜਿਸ ਖਿਲਾਫ 38 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਜਲਦੀ ਤੋਂ ਜਲਦੀ ਸਾਰੇ ਅਹੁਦਿਆਂ ਤੋਂ ਹਟਾ ਕੇ ਜੇਲ੍ਹ ਭੇਜਣਾ ਚਾਹੀਦਾ ਹੈ।
ਗੁੰਡਾ ਸੰਸਦ ‘ਚ ਬੈਠਾ ਹੈ ਤੇ ਸਾਨੂੰ ਸੜਕਾਂ ‘ਤੇ ਧੂਹਿਆ ਜਾ ਰਿਹੈ : ਸਾਕਸ਼ੀ
ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਾਣ ਮਗਰੋਂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, ”ਅਸੀਂ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੀ ਪਰ ਉਨ੍ਹਾਂ ਨੇ ਜ਼ਬਰਦਸਤੀ ਸਾਨੂੰ ਖਿੱਚਿਆ ਤੇ ਹਿਰਾਸਤ ‘ਚ ਲੈ ਲਿਆ। ਸਾਡੇ ਚੈਂਪੀਅਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ। ਦੁਨੀਆ ਸਾਨੂੰ ਦੇਖ ਰਹੀ ਹੈ!” ਸਾਕਸ਼ੀ ਨੇ ਟਵਿੱਟਰ ‘ਤੇ ਸਰਕਾਰ ਤੇ ਦਿੱਲੀ ਪੁਲਿਸ ਖਿਲਾਫ਼ ਭੜਾਸ ਕੱਢਦਿਆਂ ਕਿਹਾ, ”ਸਾਡੇ 2000 ਤੋਂ ਵੱਧ ਸਮਰਥਕਾਂ ਨੂੰ ਹਿਰਾਸਤ ‘ਚ ਲੈ ਗਿਆ ਹੈ। ਹਰ ਪਾਸੇ ਤਾਨਾਸ਼ਾਹੀ ਚੱਲ ਰਹੀ ਹੈ।” ਇਕ ਹੋਰ ਟਵੀਟ ‘ਚ ਮਹਿਲਾ ਪਹਿਲਵਾਨ ਨੇ ਕਿਹਾ, ”ਕੀ ਕੋਈ ਸਰਕਾਰ ਦੇਸ਼ ਦੇ ਚੈਂਪੀਅਨਾਂ ਨਾਲ ਇੰਜ ਸਲੂਕ ਕਰਦੀ ਹੈ? ਅਸੀਂ ਕਿਹੜਾ ਜੁਰਮ ਕੀਤਾ ਹੈ? ਜਿਨਸੀ ਸ਼ੋਸ਼ਣ ਕਰਨ ਵਾਲਾ ਗੁੰਡਾ ਬ੍ਰਿਜ ਭੂਸ਼ਣ ਸੰਸਦ ‘ਚ ਬੈਠਾ ਹੈ ਤੇ ਸਾਨੂੰ ਸੜਕਾਂ ‘ਤੇ ਧੂਹਿਆ ਜਾ ਰਿਹੈ। ਭਾਰਤੀ ਖੇਡਾਂ ਲਈ ਬਹੁਤ ਬੁਰਾ ਦਿਨ।”
ਧੀਆਂ ‘ਤੇ ਹੋਏ ਜ਼ੁਲਮ ਦਾ ਬਦਲਾ ਲਵਾਂਗੇ: ਖਾਪਾਂ
ਚਰਖੀ ਦਾਦਰੀ : ਦਿੱਲੀ ਵਿੱਚ ਐਤਵਾਰ ਨੂੰ ਪੁਲਿਸ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਕੀਤੀ ਵਧੀਕੀ ਤੋਂ ਦੁਖੀ ਖਾਪਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਧੀਆਂ ਨਾਲ ਹੋਏ ਜ਼ੁਲਮ ਦਾ ਬਦਲਾ ਲੈਣਗੇ ਤੇ ਇਸ ਲਈ ਖਾਪਾਂ ਕੁਝ ਵੀ ਕਰਨ ਲਈ ਤਿਆਰ ਹਨ। ਖਾਪਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕੇਂਦਰ ਸਰਕਾਰ ਦੀ ਸ਼ਹਿ ‘ਤੇ ਧਰਨਾਕਾਰੀ ਪਹਿਲਵਾਨਾਂ ਦੇ ਤੰਬੂ ਪੁੱਟ ਕੇ ਗ਼ਲਤ ਕੀਤਾ ਤੇ ਹੁਣ ਖਾਪ ਪੰਚਾਇਤਾਂ ਪਿੰਡ ਪਿੰਡ ਜਾ ਕੇ ਅੰਦੋਲਨ ਨੂੰ ਵੱਡਾ ਰੂਪ ਦੇਣਗੀਆਂ। ਪਿੰਡ ਪੱਧਰ ‘ਤੇ ਕਮੇਟੀਆਂ ਬਣਾ ਕੇ ਖਿਡਾਰੀਆਂ ਦੀ ਹਮਾਇਤ ਵਿੱਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਖਾਪ ਪ੍ਰਤੀਨਿਧਾਂ ਨੇ ਚੇਤਾਵਨੀ ਦਿੱਤੀ ਕਿ ਉਹ ਲੋੜ ਪੈਣ ‘ਤੇ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹਨ। ਚਰਖੀ ਦਾਦਰੀ ਦੇ ਰੋਜ਼ ਗਾਰਡਨ ਵਿਚ ਸਰਵਜਾਤੀ ਸਰਵਖਾਪ ਮਹਾਪੰਚਾਇਤ ਵਿੱਚ ਫੋਗਾਟ, ਸ਼ਿਓਰਾਣ, ਸਾਂਗਵਾਨ, ਸਤਗਾਮਾ, ਪੰਵਾਰ ਸਣੇ ਦਰਜਨ ਦੇ ਕਰੀਬ ਖਾਪਾਂ ਤੋਂ ਇਲਾਵਾ ਕਿਸਾਨ ਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਪਹਿਲਵਾਨਾਂ ਦੇ ਹੱਕ ‘ਚ ਬੀਬੀਆਂ ਵੱਲੋਂ ਰਾਜ ਭਵਨ ਵੱਲ ਮਾਰਚ
ਮੁਹਾਲੀ : ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਪੰਜਾਬ ਦੀਆਂ ਔਰਤਾਂ ਆਪਣੇ ਘਰਾਂ ਦਾ ਚੁੱਲ੍ਹਾ-ਚੌਂਕਾ ਛੱਡ ਕੇ ਸੜਕਾਂ ‘ਤੇ ਉਤਰ ਆਈਆਂ ਹਨ। ਉਨ੍ਹਾਂ ਨੇ ਈਡੀ ਵੱਲੋਂ ਡਾ. ਨਵਸ਼ਰਨ ਕੌਰ ਨੂੰ ਪ੍ਰੇਸ਼ਾਨ ਕਰਨ ਦਾ ਮੁੱਦਾ ਵੀ ਚੁੱਕਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਪੰਜਾਬ ਭਰ ‘ਚੋਂ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੇ ਬਾਹਰ ਇਕੱਠੀਆਂ ਹੋਈਆਂ ਹਜ਼ਾਰਾਂ ਮਹਿਲਾਵਾਂ ਨੇ ਐਤਵਾਰ ਨੂੰ ਰਾਜ ਭਵਨ ਵੱਲ ਕੂਚ ਕੀਤਾ ਪਰ ਮੁਹਾਲੀ ਪੁਲਿਸ ਨੇ ਜਬਰਦਸਤ ਬੈਰੀਕੇਡਿੰਗ ਕਰ ਕੇ ਪ੍ਰਦਰਸ਼ਨਕਾਰੀ ਮਹਿਲਾਵਾਂ ਦਾ ਰਾਹ ਡੱਕ ਲਿਆ।
ਪਹਿਲਵਾਨਾਂ ਦੀ ਤਗਮੇ ਜਲ ਪ੍ਰਵਾਹ ਕਰਨ ਦੀ ਯੋਜਨਾ ਮੁਲਤਵੀ
ਕੇਂਦਰ ਸਰਕਾਰ ਨੂੰ ਪੰਜ ਦਿਨਾਂ ਦਾ ਅਲਟੀਮੇਟਮ
ਹਰਿਦੁਆਰ (ਉੱਤਰਾਖੰਡ)/ਬਿਊਰੋ ਨਿਊਜ਼ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ਤੇ ਐਤਵਾਰ ਨੂੰ ਨਵੇਂ ਸੰਸਦ ਭਵਨ ਵੱਲ ਮਾਰਚ ਦੌਰਾਨ ਪੁਲਿਸ ਵੱਲੋਂ ਕੀਤੀ ਵਧੀਕੀ ਦੇ ਰੋਸ ਵਜੋਂ ਆਪਣੇ ਤਗ਼ਮੇ ਗੰਗਾ ਵਿੱਚ ਜਲਪ੍ਰਵਾਹ ਕਰਨ ਲਈ ਹਰਿ ਕੀ ਪੌੜੀ ਪੁੱਜੇ ਪਹਿਲਵਾਨਾਂ ਨੇ ਖਾਪ ਤੇ ਨਰੇਸ਼ ਟਿਕੈਤ ਸਣੇ ਹੋਰਨਾਂ ਕਿਸਾਨ ਆਗੂਆਂ ਦੇ ਦਖਲ ਮਗਰੋਂ ਐਨ ਆਖਰੀ ਮੌਕੇ ਆਪਣੀ ਇਹ ਯੋਜਨਾ ਮੁਲਤਵੀ ਕਰ ਦਿੱਤੀ। ਕਿਸਾਨ ਆਗੂ ਨੇ ਪਹਿਲਵਾਨਾਂ ਤੋਂ ਤਗ਼ਮੇ ਲੈ ਕੇ ਆਪਣੇ ਕੋਲ ਰੱਖ ਲਏ।
ਟਿਕੈਤ ਤੇ ਪਹਿਲਵਾਨਾਂ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਪੰਜ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨਾਕਾਮ ਰਹੀ ਤਾਂ ਉਹ ਗੰਗਾ ਵਿੱਚ ਤਗ਼ਮੇ ਜਲਪ੍ਰਵਾਹ ਕਰ ਦੇਣਗੇ।
ਜੰਤਰ ਮੰਤਰ ‘ਤੇ ਲੱਗੇ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰਨ ਵਾਲੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਰੋਸ ਵਜੋਂ ਓਲੰਪਿਕ ਤਗ਼ਮਿਆਂ ਸਣੇ ਆਪਣੇ ਸਾਰੇ ਮੈਡਲ ਗੰਗਾ ਵਿੱਚ ਜਲਪ੍ਰਵਾਹ ਕਰਨ ਲਈ ਉੱਤਰਾਖੰਡ ਦੇ ਹਰਿਦੁਆਰ ਪੁੱਜੇ ਸਨ। ਇਸ ਮੌਕੇ ਪਹਿਲਵਾਨਾਂ ਨਾਲ ਵੱਡੀ ਗਿਣਤੀ ਲੋਕ ਮੌਜੂਦ ਸਨ।
ਸਾਕਸ਼ੀ, ਵਿਨੇਸ਼ ਤੇ ਸੰਗੀਤਾ ਦੇ ਪਤੀ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਪੂੰਝਦੇ ਨਜ਼ਰ ਆਏ। ਹਰਿ ਕੀ ਪੌੜੀ ਪੁੱਜਣ ‘ਤੇ ਪਹਿਲਵਾਨਾਂ ਨੇ ਖੜ੍ਹ ਕੇ 20 ਮਿੰਟ ਦੇ ਕਰੀਬ ਮੌਨ ਧਾਰਨ ਕੀਤਾ। ਮਗਰੋਂ ਉਹ ਸਾਰੇ ਗੰਗਾ ਦੇ ਕੰਢੇ ਬੈਠ ਗਏ। ਜ਼ਮੀਨ ‘ਤੇ ਬੈਠੀਆਂ ਮਹਿਲਾ ਪਹਿਲਵਾਨਾਂ ਬਹੁਤ ਭਾਵੁਕ ਨਜ਼ਰ ਆਈਆਂ।
ਪਹਿਲਵਾਨਾਂ ਵੱਲੋਂ ਤਗ਼ਮੇ ਜਲ ਪ੍ਰਵਾਹ ਕਰਨ ਦੀ ਨੌਬਤ ਆਉਣਾ ਦੇਸ਼ ਲਈ ਸ਼ਰਮਨਾਕ: ਮਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਅੱਕੇ ਪਹਿਲਵਾਨਾਂ ਵੱਲੋਂ ਤਗਮੇ ਜਲਪ੍ਰਵਾਹ ਕਰਨ ਦੀ ਯੋਜਨਾ ਬਣਾਉਣ ਦੀ ਨੌਬਤ ਆਉਣਾ ਦੇਸ਼ ਲਈ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਵਾਨਾਂ ਨੇ ਦੇਸ਼ ਲਈ ਤਗ਼ਮੇ ਲਿਆਉਣ ਲਈ ਆਪਣਾ ਪਸੀਨਾ ਵਹਾਇਆ ਹੈ। ਇਹ ਮੰਦਭਾਗੀ ਗੱਲ ਹੈ ਕਿ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਪਹਿਲਵਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸਮੁੱਚਾ ਦੇਸ਼ ਮੋਦੀ ਸਰਕਾਰ ਦੇ ਨਾਪਾਕ ਮਨਸੂਬਿਆਂ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਲੋਕਤੰਤਰ ਦੀ ਰਾਖ ਨੂੰ ਨਦੀ ਵਿੱਚ ਜਲਪ੍ਰਵਾਹ ਕਰਨਾ ਪਵੇਗਾ। ਉਨ੍ਹਾਂ ਨੇ ਦੇਸ਼ ਨੂੰ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਇਕਜੁੱਟ ਹੋ ਕੇ ਖਿਡਾਰੀਆਂ ਨਾਲ ਖੜ੍ਹਨ ਦਾ ਸੱਦਾ ਦਿੱਤਾ।

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …