ਕਿਹਾ : ਨਵਜੋਤ ਸਿੱਧੂ ਨੇ ਸਾਡੀ ਪਾਰਟੀ ਨੂੰ ਤਹਿਸ-ਨਹਿਸ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਵੱਡਾ ਕਲੇਸ਼ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਫਿਰੰਗੀ ਤੱਕ ਕਹਿ ਦਿੱਤਾ ਹੈ, ਕਿਉਂਕਿ ਸਿੱਧੂ ਪਾਰਟੀ ਬਦਲ ਕੇ ਕਾਂਗਰਸ ਵਿਚ ਆਏ ਸਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਿੱਧੂ ਭਾਰਤੀ ਜਨਤਾ ਪਾਰਟੀ ਵਿਚ ਰਹੇ ਹਨ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਰੰਧਾਵਾ ਨੇ ਕਿਹਾ ਕਿ ਫਿਰੰਗੀ ਨੇ ਸਾਡੀ ਪੂਰੀ ਪਾਰਟੀ ਨੂੰ ਤਹਿਸ-ਨਹਿਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਕਾਂਗਰਸ ਪਾਰਟੀ ਲਈ ਬਹੁਤ ਕੁਝ ਕੀਤਾ, ਪਰ ਬਾਹਰ ਤੋਂ ਆਉਣ ਵਾਲੇ ਫਿਰੰਗੀਆਂ ਨੇ ਸਭ ਬਰਬਾਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਚੰਡੀਗੜ੍ਹ ਵਿਚ ਕਾਂਗਰਸੀਆਂ ਨੇ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਇਸੇ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ ਅਤੇ ਰੋਸ ਪ੍ਰਦਰਸ਼ਨ ਵੀ ਵਿਚਾਲੇ ਹੀ ਰਹਿ ਗਿਆ ਸੀ। ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੀ ਮੁੜ ਪ੍ਰਧਾਨਗੀ ਲੈਣ ਲਈ ਤਰਲੋਮੱਛੀ ਹੋ ਰਹੇ ਹਨ ਅਤੇ ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਨਾਲ ਹੋਈ ਮੀਟਿੰਗ ਨੇ ਸਿੱਧੂ ਦੀ ਟੈਨਸ਼ਨ ਹੋਰ ਵਧਾ ਦਿੱਤੀ ਹੈ।