Breaking News
Home / Special Story / ਸਿੱਖ ਦਸਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ

ਸਿੱਖ ਦਸਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ

ਤਲਵਿੰਦਰ ਸਿੰਘ ਬੁੱਟਰ
‘ਅਕਾਲੀ’ ਸ਼ਬਦ ਦੀ ਤੁਆਰਫ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ, ”ਅਕਾਲੀ : ਵਿ- ਅਕਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ૪ਾ- ਅਕਾਲ ਉਪਾਸਕ. ਵਾਹਗੁਰੂ ਜੀ ਕਾ ਖ਼ਾਲਸਾ.
ਕਮਲ ਜ૪ੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ,
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ
ਭਾਣੇ ਵਿੱਚ ਵਿਪਦਾ ਨੂੰ ਮੰਨੇ ਖ਼ੁਸ਼ਹਾਲੀ ਹੈ,
ਸ੍ਵਾਰਥ ਤੋਂ ਬਿਨਾ ਗੁਰੁਦ੍ਵਾਰਿਆਂ ਦਾ ਚੌਂਕੀਦਾਰ
ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ,
ਪੂਜੇ ਨਾ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ
ਸਿੱਖ ਦਸਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ।
੩. ਖ਼ਾਸ ਕਰਕੇ ਇਹ ਸ਼ਬਦ ਨਿਹੰਗ ਸਿੰਘਾਂ ਲਈ ਭੀ ਵਰਤਿਆ ਜਾਂਦਾ ਹੈ.”
ਅਕਾਲੀ ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ, ਸਰਬੱਤ ਦੇ ਭਲੇ ਲਈ ਤਤਪਰ ਰਹਿਣ ਵਾਲਾ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਉੱਤੇ ਪਹਿਰਾ ਦੇਣ ਵਾਲਾ ਹੈ, ਜਿਸ ਨੇ ਗੁਰੂ ਦੇ ਦਿੱਤੇ ਉਪਦੇਸ਼ ਨੂੰ ਕਮਾਉਣਾ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਵਿਚ ਹੀ ਜ਼ਿੰਦਗੀ ਗੁਜ਼ਾਰੀ ਅਤੇ ਗੁਜ਼ਾਰ ਰਿਹਾ ਹੈ ਅਤੇ ਆਪਣੇ ਆਪ ਵਿਚ ਵਾਹਿਗੁਰੂ ਜੀ ਕਾ ਖ਼ਾਲਸਾ ਹੈ।
‘ਅਕਾਲੀ’ ਸ਼ਬਦ ਨੂੰ ਯਾਦ ਕਰਦਿਆਂ ਅਕਸਰ ਅਕਾਲੀ ਫ਼ੂਲਾ ਸਿੰਘ ਵਰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ ਗੁਰਧਾਮਾਂ ਦੀ ਰੱਖਿਆ ਲਈ ਜਿਊਂਦੇ ਜੰਡਾਂ ਨਾਲ ਸੜ ਜਾਣ ਵਾਲੇ ਪਰਵਾਨਿਆਂ ਨੂੰ ਯਾਦ ਕੀਤਾ ਜਾਂਦਾ ਹੈ। ਅਕਾਲੀ ਫ਼ੂਲਾ ਸਿੰਘ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਦੀਵਾਨ ਵਿਚ ਬਿਰਾਜਦੇ ਸਨ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਸੀ ਹੁੰਦੀ ਕਿ ਕੋਈ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਭੰਗ ਕਰ ਸਕੇ।ਸਰਲ ਵਿਆਖਿਆ ਅਨੁਸਾਰ ‘ਅਕਾਲ’ (ਕਾਲ ਰਹਿਤ ਸਰਬ ਵਿਆਪਕ, ਸਰਬ ਸ਼ਕਤੀਮਾਨ ਰੱਬੀ ਸੱਤਾ) ਦੇ ਉਪਾਸ਼ਕ ਨੂੰ ‘ਅਕਾਲੀ’ ਆਖਿਆ ਜਾਂਦਾ ਹੈ। ਭਾਵੇਂਕਿ ਸਾਰੇ ਗੁਰਸਿੱਖ ਅਕਾਲ ਉਪਾਸ਼ਕ ਅਕਾਲੀ ਹਨ, ਪਰ ਅਠ੍ਹਾਰਵੀਂ ਸਦੀ ‘ਚ ‘ਅਕਾਲੀ’ ਸ਼ਬਦ ਵਿਸ਼ੇਸ਼ ਕਰਕੇ ਅੰਮ੍ਰਿਤਧਾਰੀ ਨਿਹੰਗ ਸਿੰਘਾਂ ਲਈ ਵਰਤਿਆ ਜਾਂਦਾ ਰਿਹਾ ਹੈ। ਅਠ੍ਹਾਰਵੀਂ ਸਦੀ ‘ਚ ਸ਼ਹੀਦਾਂ ਦੀ ਮਿਸਲ ਦੇ ‘ਰਤਨ’ ਬਾਬਾ ਨੈਣਾ ਸਿੰਘ ‘ਅਕਾਲੀ’ ਬੜੇ ਬੀਰ, ਤਪੱਸਵੀ ਤੇ ਕਰਨੀ ਵਾਲੇ ਹੋਏ ਹਨ। ਨਿਹੰਗ ਸਿੰਘਾਂ ਦੇ ਸੀਸ ‘ਤੇ ਫ਼ਰਹੇ ਵਾਲਾ ਦੁਮਾਲਾ ਸਜਾਉਣ ਦੀ ਪਰੰਪਰਾ ਇਨ੍ਹਾਂ ਵਲੋਂ ਹੀ ਆਰੰਭ ਕੀਤੀ ਦੱਸੀ ਜਾਂਦੀ ਹੈ। ਅਕਾਲੀ ਫ਼ੂਲਾ ਸਿੰਘ ਇਨ੍ਹਾਂ ਦੇ ਹੀ ਸ਼ਾਗਿਰਦ ਸਨ। ‘ਗੁਰਮਤਿ ਮਾਰਤੰਡ’ ਦੇ ਕਰਤਾ ਅਨੁਸਾਰ, ਅਕਾਲੀ ਸਿੰਘ ਰਹਿਤ ਦੇ ਪੱਕੇ, ਹਠੀ, ਤਪੀ, ਗੁਰਬਾਣੀ ਦੇ ਪ੍ਰੇਮੀ, ਸੰਤੋਖੀ, ਨਿਰਭੈ ਅਤੇ ਵੱਡੇ ਉਦਾਰਤਮਾ ਹਨ। ਇਨ੍ਹਾਂ ਨੇ ਬਾਰਾਂ ਮਿਸਲਾਂ ਅਤੇ ਸਿੰਘ ਸਾਹਿਬ (ਮਹਾਰਾਜਾ ਰਣਜੀਤ ਸਿੰਘ) ਦੀ ਬਾਦਸ਼ਾਹਤ ਵੇਲੇ ਪੰਥ ਦੀ ਰਾਖੀ ਅਤੇ ਰਹਿਨੁਮਾਈ ਸ਼ਲਾਘਾਯੋਗ ਕੀਤੀ ਹੈ।
ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦ ਅਕਾਲੀ ਸਿੰਘਾਂ ਦੇ ਸਸਕਾਰ ਸਮੇਂ ਸਿੱਖਾਂ ਵਲੋਂ ਇਹ ਪ੍ਰਣ ਕੀਤਾ ਗਿਆ ਸੀ ਕਿ ਗੁਰਧਾਮਾਂ ਦੀ ਪਵਿੱਤਰਤਾ ਲਈ ਅੱਗੇ ਵਾਸਤੇ ਪ੍ਰਬੰਧਕ ਸੇਵਾਦਾਰ, ਸਰਕਾਰੀ ਹੱਥ ਠੋਕੇ ਨਹੀਂ, ਸਗੋਂ ‘ਅਕਾਲੀ’ ਸਿੱਖ ਹੋਣਗੇ। ਕੁਝ ਸਮੇਂ ਬਾਅਦ ਸ਼ਹੀਦਾਂ ਦੇ ਡੁੱਲ੍ਹੇ ਖੂਨ ਨੇ ਰੰਗ ਦਿਖਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੰਥਪ੍ਰਸਤ ਸਰਬੱਤ ਖ਼ਾਲਸਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫ਼ਿਰ ਮਹੀਨਾ ਕੁ ਬਾਅਦ ਹੀ ਅਕਾਲੀ ਦਲ ਦਾ ਗਠਨ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਗੁਰਧਾਮਾਂ ਨੂੰ ਗੁਰਮਤੀ ਪ੍ਰਬੰਧਾਂ ਅਧੀਨ ਲਿਆਉਣ ਲਈ ਹੋਇਆ ਅਤੇ ਅਕਾਲੀ ਦਲ ਦਾ ਗਠਨ ਮਸੰਦਾਂ ਕੋਲੋਂ ਗੁਰਧਾਮਾਂ ਦੇ ਪ੍ਰਬੰਧ ਹਾਸਲ ਕਰਨ ਲਈ ਸਿੱਖ-ਸੇਵਕਾਂ ਦੇ ਜਥੇ ਤਿਆਰ ਕਰਨ ਲਈ ਹੋਇਆ। 29 ਮਾਰਚ 1922 ਨੂੰ ਇਕ ਮਤਾ ਪਾਸ ਕਰਕੇ ਅਕਾਲੀ ਦਲ ਦੇ ਨਾਲ ‘ਸ਼੍ਰੋਮਣੀ’ ਸ਼ਬਦ ਜੋੜ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਢਲੇ ਵਿਧਾਨ ਦੀ ਭੂਮਿਕਾ ਵਿਚ ਲਿਖਿਆ ਹੋਇਆ ਹੈ, ”ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਮੁੱਚੀ ਮਰਜ਼ੀ ਦਾ ਇਕੋ-ਇਕ ਪ੍ਰਗਟਾਉ ਹੈ ਅਤੇ ਖ਼ਾਲਸਾ ਪੰਥ ਦੀ ਪ੍ਰਤੀਨਿੱਧਤਾ ਕਰਨ ਦਾ ਪੂਰਾ ਅਧਿਕਾਰ ਰੱਖਦਾ ਹੈ। ਹੇਠ ਲਿਖੇ ਅਨੁਸਾਰ ਇਸ ਜਥੇਬੰਦੀ ਦੀ ਭਰਤੀ ਹੋਇਆ ਕਰੇਗੀ-
ਹਰ ਇਕ ਬਾਲਗ ਸਿੰਘ ਸਿੰਘਣੀ ਦੋ-ਸਾਲਾ ਚੰਦਾ ਪੇਸ਼ਗੀ ਦੇ ਕੇ ਮੈਂਬਰ ਬਣ ਸਕਦਾ ਹੈ, ਬਸ਼ਰਤੇ ਕਿ:-(ੳ) ਉਹ ਪਤਿਤ ਨਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਤੇ ਪਾਲਿਸੀ ਦਾ ਸਮਰਥਕ ਹੋਵੇ। (ਅ) ਜ਼ਾਤ-ਪਾਤ ਤੇ ਇਲਾਕੇ ਬੰਦ ਦੀ ਬਿਨਾ ‘ਤੇ ਭਿੰਨ-ਭੇਦ ਜਾਂ ਛੂਤ-ਛਾਤ ਨਾ ਮੰਨਦਾ ਹੋਵੇ। (ੲ) ਸ਼ਰਾਬ ਨਾ ਪੀਂਦਾ ਹੋਵੇ। (ਸ) ਕੋਈ ਅਜਿਹਾ ਸੱਜਣ ਅਕਾਲੀ ਦਲ ਦੀ ਜਥੇਬੰਦੀ ਦਾ ਮੈਂਬਰ ਨਹੀਂ ਬਣ ਸਕੇਗਾ ਜੋ ਕਿਸੇ ਅਜਿਹੀ ਧਾਰਮਿਕ ਜਾਂ ਸਿਆਸੀ ਜਥੇਬੰਦੀ ਦਾ ਮੈਂਬਰ ਹੋਵੇ, ਜਿਸ ਦਾ ਸਿਧਾਂਤ ਸਿੱਖ ਧਰਮ ਦੇ ਵਿਰੁੱਧ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਹੋਵੇ ਜਾਂ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪੰਥ-ਵਿਰੋਧੀ ਜਮਾਤ ਕਰਾਰ ਦਿੱਤਾ ਹੋਵੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਮੈਂਬਰ ਵਰਕਿੰਗ ਕਮੇਟੀ ਦੀ ਆਗਿਆ ਬਿਨਾਂ ਕਿਸੇ ਹੋਰ ਸਿਆਸੀ ਜਥੇਬੰਦੀ ਦਾ ਮੈਂਬਰ ਨਹੀਂ ਬਣ ਸਕੇਗਾ। (ਹ) ਜੋ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਉਦੇਸ਼, ਨੀਤੀ ਤੇ ਸਿਧਾਂਤ ਦਾ ਸਮਰਥਕ ਹੋਵੇ, ਅਕਾਲੀ ਦਲ ਉਨ੍ਹਾਂ ਵਿਚੋਂ ਵੀ ਵਰਕਿੰਗ ਕਮੇਟੀ ਦੀ ਆਗਿਆ ਨਾਲ ਸਮੇਂ-ਸਮੇਂ ਐਸੋਸੀਏਟ ਮੈਂਬਰ ਭਰਤੀ ਕਰ ਸਕੇਗਾ ਤਾਂ ਜੋ ਅਕਾਲੀ ਦਲ ਸਮੁੱਚੇ ਸਮਾਜ ਦੀ ਸੇਵਾ ਦੇ ਲਕਸ਼ ਦਾ ਰਾਹ ਪੱਧਰਾ ਕਰ ਸਕੇ।
ਇਸ ਤਰ੍ਹਾਂ ‘ਅਕਾਲੀ’ ਇਕ ਬੇਰੋਕ ਲਹਿਰ ਬਣ ਕੇ ਸਿੱਖ ਪੰਥ ਦੀ ਰਾਜਨੀਤਕ ਫਰੰਟ ‘ਤੇ ਪ੍ਰਤੀਨਿੱਧਤਾ ਕਰਨ ਲੱਗੇ। ਅਜੋਕੇ ‘ਅਕਾਲੀ’ ਕਿਰਦਾਰ ਅਤੇ ਪੁਰਾਤਨ ਅਕਾਲੀ ਜੀਵਨ ਵਿਚ ਵੱਡਾ ਅੰਤਰ ਆ ਚੁੱਕਾ ਹੈ। ਪੁਰਾਣੇ ਅਕਾਲੀ ਪੰਥ ਨੂੰ ਪਰਿਵਾਰ ਤੋਂ ਉਪਰ ਰੱਖਦੇ ਸਨ। ਧਰਮ ਲਈ ਸਭ ਕੁਝ ਨਿਛਾਵਰ ਕਰਨ ਦੀ ਤਤਪਰਤਾ ਰੱਖਦੇ ਸਨ। ਗੁਰਦੁਆਰਿਆਂ ‘ਚ ਜਾਣਾ ਤਾਂ ਘਰੋਂ ਹੀ ਲੰਗਰ ਛਕ ਕੇ ਜਾਂਦੇ, ਸਰਾਵਾਂ ਵਿਚ ਰਹਿਣ ਦੀ ਥਾਂ ਪਰਕਰਮਾ ਵਿਚ ਹੀ ਸੌਂ ਜਾਣਾ, ਕਿਉਂਕਿ ਉਨ੍ਹਾਂ ਦੀ ਇਹ ਸੋਚ ਸੀ ਕਿ ਗੁਰੂ ਕਾ ਲੰਗਰ ਅਤੇ ਸਰਾਵਾਂ ਦੂਰ-ਦੁਰਾਡੇ ਤੋਂ ਆਏ ਸਿੱਖ ਸ਼ਰਧਾਲੂਆਂ ਲਈ ਹਨ। ਗੁਰੂ ਕੀ ਗੋਲਕ ਦੇ ਧਨ ਨੂੰ ਆਪਣੇ ਹਿੱਤਾਂ ਲਈ ਵਰਤਣ ਨੂੰ ‘ਜ਼ਹਿਰ’ ਖਾਣ ਸਮਾਨ ਸਮਝਣਾ ਅਤੇ ਸੰਗਤ ਤੇ ਲੋੜਵੰਦਾਂ ਦੇ ਹਿੱਤਾਂ ਲਈ ਵਰਤਣ ਲਈ ਦ੍ਰਿੜ੍ਹਤਾ ਹੋਣੀ। ਆਪਣੇ ਨਿੱਜੀ ਜੀਵਨ ਦੀਆਂ ਲੋੜਾਂ ਲਈ ‘ਪੰਥਕ ਸਰਮਾਏ’ ਦੀ ਵਰਤੋਂ ਨਾ ਕਰਨ ਸਬੰਧੀ ‘ਅਕਾਲੀ’ ਕਿੰਨੇ ਸੁਦ੍ਰਿੜ੍ਹ ਹੁੰਦੇ ਸਨ, ਇਸ ਸਬੰਧੀ ਮਾਸਟਰ ਤਾਰਾ ਸਿੰਘ ਦੇ ਜੀਵਨ ਨਾਲ ਜੁੜੀ ਇਕ ਘਟਨਾ ਮਿਸਾਲੀ ਹੈ। ਇਕ ਵਾਰ ਮਾਸਟਰ ਤਾਰਾ ਸਿੰਘ ਆਪਣੇ ਘਰ ਆਏ ‘ਅਕਾਲੀ ਕਾਰਕੁੰਨਾਂ’ ਨੂੰ ਮਿਲ ਰਹੇ ਸਨ। ਉਨ੍ਹਾਂ ਦੀ ਧੀ ਉਨ੍ਹਾਂ ਕੋਲ ਆਈ ਅਤੇ ਕਿਸੇ ਕੰਮ ਲਈ ਰੁਪਏ ਮੰਗਣ ਲੱਗੀ। ਮਾਸਟਰ ਜੀ ਆਪਣੇ ਕੁੜਤੇ ਦੇ ਸੱਜੇ ਪਾਸੇ ਵਾਲੇ ਖੀਸੇ ਨੂੰ ਹੱਥ ਨਾਲ ਬਾਹਰ ਕੱਢ ਕੇ ਦਿਖਾਉਂਦਿਆਂ ਆਖਣ ਲੱਗੇ, ”ਮੇਰੇ ਬੋਝੇ ਵਿਚ ਤਾਂ ਅੱਜ ਇਕ ਰੁਪਇਆ ਵੀ ਨਹੀਂ ਹੈ।” ਧੀ ਨਿਰਾਸ਼ ਹੋ ਕੇ ਚਲੀ ਗਈ। ਮਾਸਟਰ ਜੀ ਅਕਾਲੀ ਕਾਰਕੁੰਨਾਂ ਦੇ ਦੁੱਖ-ਸੁੱਖ ਸੁਣ ਕੇ ਉਨ੍ਹਾਂ ਵਿਚੋਂ ਕਿਸੇ ਲੋੜਵੰਦ ਨੂੰ ਆਪਣੇ ਕੁੜਤੇ ਦੇ ਖੱਬੇ ਹੱਥ ਵਾਲੇ ਖੀਸੇ ਵਿਚੋਂ ਰੁਪਈਆਂ ਦਾ ਰੁਗ ਭਰ ਕੇ ਦੇਣ ਲੱਗੇ ਤਾਂ ਵਿਚੋਂ ਇਕ ਅਕਾਲੀ ਕਾਰਕੁੰਨ ਆਖਣ ਲੱਗਾ, ”ਮਾਸਟਰ ਜੀ ਤੁਸੀਂ ਆਪਣੀ ਧੀ ਨਾਲ ਰੁਪਏ ਨਾ ਹੋਣ ਦਾ ਝੂਠ ਕਿਉਂ ਬੋਲਿਆ।” ਅੱਗੋਂ ਮਾਸਟਰ ਤਾਰਾ ਸਿੰਘ ਬੋਲੇ, ”ਮੈਂ ਧੀ ਨਾਲ ਬਿਲਕੁਲ ਝੂਠ ਨਹੀਂ ਬੋਲਿਆ, ਮੇਰੇ ਕੁੜਤੇ ਦੇ ਸੱਜੇ ਹੱਥ ਵਾਲਾ ਬੋਝਾ ਮੇਰੇ ਪਰਿਵਾਰ ਦਾ ਹੈ, ਜੋ ਅੱਜ ਖਾਲੀ ਹੈ ਅਤੇ ਖੱਬੇ ਹੱਥ ਵਾਲਾ ਪੰਥ ਦੀ ਮਾਇਆ ਵਾਸਤੇ। ਸੋ ਮੈਂ ਪੰਥ ਦਾ ਸਰਮਾਇਆ ਆਪਣੇ ਪਰਿਵਾਰ ‘ਤੇ ਨਹੀਂ ਲੁਟਾ ਸਕਦਾ।”
‘ਅਕਾਲੀ’ ਗੁਰਧਾਮਾਂ ਲਈ ਕੁਰਬਾਨੀਆਂ ਦੇਣ ਨੂੰ ਆਪਣਾ ਪਰਮ-ਧਰਮ ਸਮਝਦੇ ਸਨ। ਗੁਰੂ ਸਿਧਾਂਤਾਂ ਦੇ ਪੱਕੇ ਪਹਿਰੇਦਾਰ ਸਨ ਅਤੇ ਗੁਰੂ ਸਿਧਾਂਤਾਂ ਦੀ ਜਿੱਥੇ ਆਪ ਦ੍ਰਿੜ੍ਹਤਾ ਨਾਲ ਪਹਿਰੇਦਾਰੀ ਕਰਦੇ, ਉਥੇ ਹਰ ਅਕਾਲੀ ਸਿੱਖ ਕਿਸੇ ਦੂਜੇ ਨੂੰ ਸਿੱਖ ਸਿਧਾਂਤਾਂ ਦੀ ਅਵੱਗਿਆ ਨਹੀਂ ਕਰਨ ਦਿੰਦਾ ਸੀ, ਭਾਵੇਂ ਕੋਈ ਸਿਆਸੀ ਰੁਤਬੇ ਪੱਖੋਂ ਉਸ ਨਾਲੋਂ ਕਿੰਨਾ ਵੀ ਵੱਡਾ ਕਿਉਂ ਨਾ ਹੁੰਦਾ। ਸੱਤਰਵਿਆਂ ਦੇ ਦਹਾਕੇ ਦੀ ਗੱਲ ਹੈ; ਸਿੱਖ ਨੈਸ਼ਨਲ ਕਾਲਜ ਕਾਦੀਆਂ ‘ਚ ਸਾਲਾਨਾ ਕਾਨਫ਼ਰੰਸ ਦੌਰਾਨ ਅਕਾਲੀ ਮੰਤਰੀ ਸ. ਸਤਨਾਮ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਦੌਰਾਨ ਮਜ਼ਾਹੀਆ ਲਹਿਜ਼ੇ ਵਿਚ ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ‘ਤੇ ਤਨਜ਼ ਕਰਦਿਆਂ ਕਹਿ ਦਿੱਤਾ, ”ਦਸਵੇਂ ਪਾਤਿਸ਼ਾਹ ਨੇ ਸਿੱਖਾਂ ਨੂੰ ਪੰਜ ਕਕਾਰ ਦਿੱਤੇ ਸਨ, ਪਰ ਅੱਜ ਦੇ ਨੌਜਵਾਨਾਂ ਨੇ ਛੇਵਾਂ ਕਕਾਰ ਕੈਂਚੀ ਬਣਾ ਲਈ ਹੈ” ਤਾਂ ਮੰਚ ‘ਤੇ ਬੈਠੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰ ਸਿੰਘ ਬੁੱਟਰ ਤੁਰੰਤ ਖੜ੍ਹੇ ਹੋ ਗਏ ਅਤੇ ਰੋਹ ‘ਚ ਆਉਂਦਿਆਂ ਸ. ਬਾਜਵਾ ਦੇ ਹੱਥੋਂ ਮਾਈਕ ਖੋਹ ਕੇ ਆਖਣ ਲੱਗੇ, ‘ਬਾਜਵਾ ਤੇਰੀ ਹਿੰਮਤ ਕਿਵੇਂ ਪਈ ਦਸਮ ਪਾਤਸ਼ਾਹ ਦੇ ਕਕਾਰਾਂ ਨਾਲ ਮਜ਼ਾਕ ਕਰਨ ਦੀ।’ ਸ. ਸਤਨਾਮ ਸਿੰਘ ਬਾਜਵਾ ਇਲਾਕੇ ਦੇ ਪਤਵੰਤਿਆਂ ਨੂੰ ਲੈ ਕੇ ਜਥੇਦਾਰ ਬੁੱਟਰ ਕੋਲੋਂ ਮੁਆਫ਼ੀ ਮੰਗਣ ਵੀ ਪਹੁੰਚੇ, ਪਰ ਜਥੇਦਾਰ ਬੁੱਟਰ ਆਖਣ ਲੱਗੇ ਮੁਆਫ਼ੀ ਮੇਰੇ ਕੋਲੋਂ ਨਹੀਂ ਸਗੋਂ ਸੰਗਤ ਕੋਲੋਂ ਮੰਗੋ। ਸ. ਸਤਨਾਮ ਸਿੰਘ ਬਾਜਵਾ ਨੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਬੁਲਾਇਆ ਅਤੇ ਆਪਣੀ ਗਲਤੀ ਲਈ ਮੁਆਫ਼ੀ ਮੰਗੀ।
ਅੱਜ ‘ਅਕਾਲੀ’ ਲਫ਼ਜ਼ ਸਿੱਖ ਦੀ ਆਤਮਿਕ ਤੇ ਇਖਲਾਕੀ ਬੁਲੰਦੀ ਦੀ ਥਾਂ ਮਹਿਜ ਰਾਜਨੀਤਕ ਧੜ੍ਹੇ ਦਾ ਲਖਾਇਕ ਬਣ ਕੇ ਰਹਿ ਗਿਆ ਹੈ। ਰਾਜਨੀਤਕ ਸ਼ਿਰਾਜੇ ਸਿਰਜਣ ਦੇ ਮਰਹੱਲੇ ਦੌਰਾਨ ਅਜੋਕੇ ਅਕਾਲੀ ਕਿਰਦਾਰ ਦੀ ‘ਇਕ ਅਕਾਲ ਪੁਰਖ ‘ਤੇ ਟੇਕ’ ਵੀ ਡੋਲੀ ਹੈ। ਸਿਆਸੀ ਗਰਜ਼ਾਂ ਨੇ ਅੱਜ ਦੇ ‘ਅਕਾਲੀਆਂ’ ਨੂੰ ਸਿਧਾਂਤਕ ਤੌਰ ‘ਤੇ ਕਮਜ਼ੋਰ ਕਰ ਦਿੱਤਾ ਹੈ। ਗੁਰਦੁਆਰਾ ਸੰਸਥਾ ਨੂੰ ਵੀ ਸਿਆਸਤ ਦੇ ਜਾਵੀਏ ਤੋਂ ਦੇਖਿਆ ਜਾਣ ਲੱਗਾ ਹੈ। ਸ਼੍ਰੋਮਣੀ ਕਮੇਟੀ ਸੇਵਾ ਨਹੀਂ, ਸਿਆਸਤ ਦਾ ਮੰਚ ਨਜ਼ਰ ਆਉਣ ਲੱਗੀ ਹੈ। ਸ਼੍ਰੋਮਣੀ ਕਮੇਟੀ ਦੇ ਬਹੁਤਾਤ ਮੈਂਬਰਾਂ ਨੂੰ ਨਿੱਤਨੇਮ ਦੀਆਂ ਪੰਜ ਬਾਣੀਆਂ ਵੀ ਕੰਠ ਨਹੀਂ ਹਨ। ਕਈ ਮੈਂਬਰਾਂ ਦੇ ਆਪਣੇ ਬੱਚੇ ਪਤਿਤ ਅਤੇ ਨਸ਼ਈ ਵੀ ਹਨ। ਹੁਣ ਕਦੇ ਸਮਾਜ ‘ਚ ਨਿਥਾਵੇਂ-ਨਿਰਬਲ ਲੋਕਾਂ ‘ਤੇ ਬਾਹੂਬਲੀ ਦਿਖਾਉਣ, ਔਰਤਾਂ-ਅਬਲਾਵਾਂ ‘ਤੇ ਜ਼ੋਰ-ਜਬਰ ਕਰਨ ਦੇ ਦੋਸ਼ੀ ਕਿਸੇ ਪਹੁੰਚ ਵਾਲੇ ਵਿਅਕਤੀ ਦੀ ਪਛਾਣ ਜਦੋਂ ‘ਅਕਾਲੀ’ ਵਿਸ਼ੇਸ਼ਣ ਨਾਲ ਕੀਤੀ ਜਾਂਦੀ ਹੈ ਤਾਂ ਪੁਰਾਣੇ ‘ਅਕਾਲੀਆਂ’ ਦੇ ਉੱਚ ਇਖਲਾਕ ਦਾ ਧਿਆਨ ਆਉਂਦਿਆਂ ਵਰਤਮਾਨ ਪੰਥਕ ਹਾਲਾਤਾਂ ‘ਤੇ ਬੇਵੱਸੀ ਦਾ ਅਹਿਸਾਸ ਹੁੰਦਾ ਹੈ। ਸਿਰਫ਼ ਕੁੜਤਿਆਂ ‘ਤੇ ‘ਸਾਨੂੰ ਮਾਣ ਅਕਾਲੀ ਹੋਣ ‘ਤੇ’ ਦੇ ਬਿੱਲੇ ਲਗਾਉਣ ਨਾਲ ਹੀ ‘ਅਕਾਲੀ’ ਹੋਣ ਦਾ ਜਜ਼ਬਾ ਸੀਨੇ ਵਿਚੋਂ ਨਹੀਂ ਫ਼ੁੱਟ ਪੈਂਦਾ, ‘ਅਕਾਲੀ’ ਬੜਾ ਰੂਹਾਨੀ ਤੇ ਪਵਿੱਤਰ ਜਜ਼ਬਾ ਹੈ। ‘ਅਕਾਲੀ’ ਹੋਣਾ ਕਿੰਨਾ ਵਿਆਪਕ, ਉੱਚਾ, ਪਵਿੱਤਰ ਅਤੇ ਅਬਦੀ ਮਰਤਬਾ ਹੈ, ਇਹ ਗੱਲ ਪ੍ਰੋ. ਪੂਰਨ ਸਿੰਘ ਨੂੰ ਪੁੱਛ ਕੇ ਦੇਖੋ, ਜੋ ਕਹਿੰਦੇ ਹਨ, ”ਇਹ ‘ਅਕਾਲੀ’ ਲਹਿਰ ਦੀ ਫ਼ਤਿਹ ਤਦ ਹੀ ਹੋਵੇਗੀ ਤੇ ਜਗਤ ਕਲਗ਼ੀਆਂ ਵਾਲੇ ਗੁਰੂ ਦੇ ਝੰਡੇ ਹੇਠ ਤਦ ਹੀ ਆਵੇਗਾ, ਜਦ ਆਪ ਜ਼ਬਾਨੀ ਗੱਲਾਂ ਨਾਲ ਨਹੀਂ ਬਲਕਿ ਦਿਲ ਦੇ ਵਿੱਚੋਂ ਸਿੱਖੀ ਦੇ ਦਰਸ਼ਨ ਕਰਾਉਗੇ ਤੇ ਕਹਿ ਸਕੋਗੇ ਕਿ ਸਾਡੀ ਛਾਤੀ ਚੀਰ ਕੇ ਦੇਖ ਲਉ, ਅਸੀਂ ਸਿੱਖ ਹਾਂ।” ੲੲੲ

Check Also

ਪੰਜਾਬ ਦੇ ਬੱਚੇ ਮਿਡ-ਡੇਅ ਮੀਲ ਤੇ ਕੁੱਕ ਮਿਹਨਤਾਨੇ ਤੋਂ ਵਾਂਝੇ

15 ਅਪਰੈਲ ਮਗਰੋਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਰਾਸ਼ਨ ਹਮੀਰ ਸਿੰਘ ਚੰਡੀਗੜ : ਸੁਪਰੀਮ ਕੋਰਟ …