ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦਾ ਮਤਾ ਸਰਬਸੰਮਤੀ ਨਾਲ ਪ੍ਰਵਾਨ
ਸਰੀ/ ਡਾ ਗੁਰਵਿੰਦਰ ਸਿੰਘ : ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਮੇਲਾ ਗਦਰੀ ਬਾਬਿਆਂ ਦੇ ਪੱਚੀਵੇਂ ਵਰ੍ਹੇ ‘ਤੇ ਬੇਅਰ ਕਰੀਕ ਪਾਰਕ ਵਿੱਚ ਇਕੱਤਰਤਾ ਹੋਈ। ਜਿਸ ਵਿੱਚ ਸਿਵਿਕ, ਪ੍ਰੋਵਿਨਸ਼ੀਅਲ ਅਤੇ ਫੈਡਰਲ ਪੱਧਰ ਦੇ ਨੁਮਾਇੰਦਿਆਂ ਤੋਂ ਇਲਾਵਾ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਮੀਡੀਆਕਰਮੀ ਸ਼ਾਮਲ ਹੋਏ। ਮੇਲਾ ਗ਼ਦਰੀ ਬਾਬਿਆਂ ਦੇ ਮੁੱਖ ਪ੍ਰਬੰਧਕ ਸਾਹਿਬ ਸਿੰਘ ਥਿੰਦ ਨੇ ਹਾਜ਼ਰ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ। ਬੁਲਾਰਿਆਂ ਵਿਚ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਮੰਤਰੀ ਬਰੂਸ ਰਾਲਸਟਨ, ਹਰਕੰਵਲ ਸਿੰਘ ਹੈਰੀ ਬੈਂਸ, ਕਾਕਸ ਆਗੂ ਗੈਰੀ ਬੈਗ, ਵਿਧਾਇਕ ਜਗਰੂਪ ਸਿੰਘ ਬਰਾੜ ਅਤੇ ਅਮਨ ਸਿੰਘ ਤੋਂ ਇਲਾਵਾ ਨਿਊਵੈਸਟ ਮਨਿਸਟਰ ਸਿਟੀ ਕੌਂਸਲਰ ਚਕਪਕਮਾਇਰ ਸ਼ਾਮਿਲ ਹੋਏ ਜਦਕਿ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁਖਮੰਦਰ ਸਿੰਘ ਸੁੱਖ ਧਾਲੀਵਾਲ ਅਤੇ ਸਰੀ ਸੈਂਟਰਲ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਨੇ ਵਿਚਾਰ ਸਾਂਝੇ ਕੀਤੇ। ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਅਤੇ ਵੈਨਕੂਵਰ ਦੱਖਣੀ ਤੋਂ ਲਿਬਰਲ ਉਮੀਦਵਾਰ ਹਰਜੀਤ ਸਿੰਘ ਸੱਜਣ ਅਤੇ ਸਰੀ ਗਰੀਨ ਟਿੰਬਰ ਤੋਂ ਵਿਧਾਇਕਾ ਰਚਨਾ ਸਿੰਘ ਦੇ ਸੰਦੇਸ਼ ਪੜ੍ਹ ਕੇ ਸੁਣਾਏ ਗਏ। 25ਵੇਂ ਮੇਲਾ ਗਦਰੀ ਬਾਬਿਆਂ ਦੀ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਕੀਤੇ ਉਪਰਾਲਿਆਂ ਨਾਲ ਡਾ. ਗੁਰਵਿੰਦਰ ਸਿੰਘ ਧਾਲੀਵਾਲ ਵਲੋਂ ਪੰਜ ਮਤੇ ਪੇਸ਼ ਕਰਨ ਮਗਰੋਂ, ਸਰਬਸੰਮਤੀ ਨਾਲ ਪਾਸ ਕੀਤੇ ਗਏ। ਮਤਿਆਂ ਵਿੱਚ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਮੰਗ, ਮੂਲ-ਵਾਸੀਆਂ ਦੇ ਬੱਚਿਆਂ ‘ਤੇ ਕੈਨੇਡਾ ਵਿੱਚ ਹੋਏ ਤਸ਼ੱਦਦ ਦੇ ਸਬੰਧ ਵਿੱਚ ਹਾਅ ਦਾ ਨਾਅਰਾ, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਸੰਬੰਧ ਵਿਚ ਇਤਿਹਾਸਕ ਤੌਰ ‘ਤੇ ਗਲਤ ਰਿਕਾਰਡ ਨੂੰ ਦਰੁਸਤ ਕਰਨ ਦੀ ਮੰਗ, ਗਦਰੀ ਬਾਬਿਆਂ ਦੇ ਇਤਿਹਾਸ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣਾ ਅਤੇ ਵੈਨਕੂਵਰ ਪੋਰਟ , ਜਿੱਥੋਂ ਕਾਮਾਗਾਟਾ ਮਾਰੂ ਜਹਾਜ਼ ਵਾਪਸ ਮੁੜਿਆ ਗਿਆ ਸੀ, ਉਸ ਦਾ ਨਾਂ, ਬੇਅਰ ਕਰੀਕ ਪਾਰਕ ਸਰੀ ‘ਚ ਬਣਨ ਵਾਲੇ ਨਵੇਂ ਸਟੇਡੀਅਮ ਦਾ ਨਾਂ ਅਤੇ ਵਾਟਰਫਰੰਟ ਸਟਰੀਟ ਵੈਨਕੂਵਰ ਦਾ ਨਾਂ ਕਾਮਾਗਾਟਾਮਾਰੂ ਦੇ ਨਾਂ ‘ਤੇ ਰੱਖਣਾ ਸ਼ਾਮਿਲ ਹਨ।
ਬੁਲਾਰਿਆਂ ਵਿੱਚ ਸ਼ਾਮਲ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜ਼ੋਰਦਾਰ ਨਾਅਰੇ (ਕਾਲੇ ਕਾਨੂੰਨ ਰੱਦ ਕਰੋ, ਕਿਸਾਨ- ਮਜ਼ਦੂਰ ਏਕਤਾ ਜ਼ਿੰਦਾਬਾਦ, ਸਾਡੇ ਹੱਕ ਇੱਥੇ ਰੱਖ ਆਦਿ) ਲਾਏ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ‘ਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਮੁਖੀ ਅਵਤਾਰ ਸਿੰਘ ਗਿੱਲ, ਜਸਟਿਨ ਥਿੰਦ, ਜਰਨੈਲ ਸਿੰਘ ਆਰਟਿਸਟ, ਪਾਕਿਸਤਾਨੀ ਭਾਈਚਾਰੇ ਦੇ ਆਗੂ ਨਦੀਬ ਵੜੈਚ ਅਤੇ ਸਰੀ ਨਿਊਟਨ ਤੋਂ ਕੰਸਰਵੇਟਿਵ ਉਮੀਦਵਾਰ ਮੋਹਸਿਨ ਸਮੇਤ ਕਈ ਸ਼ਖ਼ਸੀਅਤਾਂ ਨੇ ਵਿਚਾਰ ਸਾਂਝੇ ਕੀਤੇ। ਅਖੀਰ ‘ਚ ਅਮਰਪ੍ਰੀਤ ਸਿੰਘ ਗਿੱਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਪ੍ਰੋ. ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪਾ ਚੁੱਕੇ ਕਿਸਾਨਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਗ਼ਦਰੀ ਬਾਬਿਆਂ ਨੂੰ ਯਾਦ ਕੀਤਾ ਗਿਆ। ਮੇਲੇ ਦੇ ਪ੍ਰਬੰਧਕਾਂ ਵਿੱਚ ਸ਼ਾਮਲ ਕਿਰਨਪਾਲ ਸਿੰਘ ਗਰੇਵਾਲ, ਤਰਨਜੀਤ ਸਿੰਘ ਬੈਂਸ, ਰਾਜ ਸਿੰਘ ਪੱਡਾ, ਜਸਪਾਲ ਸਿੰਘ ਥਿੰਦ, ਮਨਜਿੰਦਰ ਸਿੰਘ ਪੰਨੂ, ਬਲਬੀਰ ਸਿੰਘ ਬੈਂਸ ਅਤੇ ਜੋਤੀ ਸਹੋਤਾ ਵੱਲੋਂ ਭਰਪੂਰ ਸਹਿਯੋਗ ਮਿਲਿਆ। ਇਸ ਦੌਰਾਨ ਮੀਡੀਏ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਕੋਵਿਡ 19 ਦੀਆਂ ਸ਼ਰਤਾਂ ਕਾਰਨ ਬੇਸ਼ੱਕ ਇਸ ਮੌਕੇ ‘ਤੇ ਪਹਿਲੇ ਮੇਲਿਆਂ ਵਾਂਗ ਵੱਡੀ ਇਕੱਤਰਤਾ ਨਾ ਹੋ ਸਕੀ, ਪਰ ਵਿਚਾਰਾਂ ਦੇ ਆਧਾਰ ‘ਤੇ ਅਤੇ ਮਤਿਆਂ ਦੇ ਰੂਪ ਵਿੱਚ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹੋ ਨਿੱਬੜੇ।
ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਕ ਪਾਸੇ ‘ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ’ ਦੇ ਨਾਂ ‘ਤੇ ਵਿਰਾਸਤੀ ਪਹਿਲੂ ਮਿਟਾਉਣ ਅਤੇ ਦੂਜੇ ਪਾਸੇ ਕਿਸਾਨਾਂ-ਮਜ਼ਦੂਰਾਂ ‘ਤੇ ਕੀਤੇ ਗਏ ਭਿਆਨਕ ਲਾਠੀਚਾਰਜ ਲਈ ਸਰਕਾਰ ਨੂੰ ਲਾਹਨਤਾਂ ਪਾਈਆਂ ਗਈਆਂ ਤੇ ਕਰਨਾਲ ਦੇ ਪ੍ਰਸ਼ਾਸਨਕ ਅਧਿਕਾਰੀ ਆਯੂਸ਼ ਸਿਨਹਾ ਦੀ ਜਨਰਲ ਡਾਇਰ ਨਾਲ ਤੁਲਨਾ ਕੀਤੀ ਗਈ।
”ਦੁਹਰਾਇਆ ਇਤਿਹਾਸ ਨੂੰ, ਅੱਜ ਦੇਸੀ ਓਡਵਾਇਰ।
ਕਿਰਸਾਨਾਂ ‘ਤੇ ਢਾਹਿਆ, ਜਲ੍ਹਿਆਂਵਾਲਾ ਕਹਿਰ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …