Breaking News
Home / Special Story / ਪੰਜਾਬ ਵਿਧਾਨ ਸਭਾ ਵਿੱਚ ਭਰੋਸਗੀ ਮਤਾ ‘ਸਰਬਸੰਮਤੀ’ ਨਾਲ ਪਾਸ

ਪੰਜਾਬ ਵਿਧਾਨ ਸਭਾ ਵਿੱਚ ਭਰੋਸਗੀ ਮਤਾ ‘ਸਰਬਸੰਮਤੀ’ ਨਾਲ ਪਾਸ

ਅਕਾਲੀ ਦਲ ਤੇ ਬਸਪਾ ਦੇ ਇਕ-ਇਕ ਵਿਧਾਇਕ ਦੇ ਮਤੇ ਦੇ ਹੱਕ ਵਿੱਚ ਭੁਗਤਣ ਦਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ‘ਭਰੋਸਗੀ ਮਤੇ’ ਸੋਮਵਾਰ 3 ਅਕਤੂਬਰ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਮਤੇ ‘ਤੇ ਹੋਈ ਵੋਟਿੰਗ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਵਾਕਆਊਟ ਕੀਤਾ। ਹਾਕਮ ਪਾਰਟੀ ‘ਆਪ’ ਦੇ 91 ਵਿਧਾਇਕਾਂ ਨੇ ਮਤੇ ਦੇ ਹੱਕ ਵਿੱਚ ਹੱਥ ਖੜ੍ਹੇ ਕੀਤੇ ਜਦੋਂਕਿ ਸਦਨ ਵਿੱਚ ਉਸ ਵੇਲੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਇਕ-ਇਕ ਵਿਧਾਇਕ ਨੇ ਮਤੇ ਦਾ ਵਿਰੋਧ ਨਹੀਂ ਕੀਤਾ। ਭਾਜਪਾ ਵਿਧਾਇਕ ਇਜਲਾਸ ਦੇ ਬਾਈਕਾਟ ਕਰਕੇ ਪਹਿਲਾਂ ਹੀ ਸਦਨ ‘ਚੋਂ ਗ਼ੈਰਹਾਜ਼ਰ ਸਨ। ‘ਆਪ’ ਦੇ ਅਸੈਂਬਲੀ ਵਿੱਚ ਸਪੀਕਰ ਸਣੇ ਕੁੱਲ 92 ਵਿਧਾਇਕ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਰੋਸਗੀ ਮਤੇ ਨੂੰ 93 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ। ਇਸ ਤੋਂ ਪਹਿਲਾਂ ਸਦਨ ਵਿੱਚ ਭਰੋਸਗੀ ਮਤੇ ‘ਤੇ ਹੋਈ ਬਹਿਸ ਨੂੰ ਮੁੱਖ ਮੰਤਰੀ ਵੱਲੋਂ ਹੀ ਸਮੇਟਿਆ ਗਿਆ। ਉਨ੍ਹਾਂ ਕਾਂਗਰਸ ਅਤੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਜਿੱਤ ਹੋਈ ਹੈ ਅਤੇ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਖਰੀਦਣ ਦੀਆਂ ਕੋਝੀਆਂ ਚਾਲਾਂ ਚੱਲਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਭਰੋਸਗੀ ਮਤਾ ਇਹ ਦੱਸਣ ਲਈ ਲਿਆਂਦਾ ਗਿਆ ਸੀ ਕਿ ਸਰਕਾਰ ਵਿਚ ਲੋਕਾਂ ਦਾ ਪੂਰਨ ਵਿਸ਼ਵਾਸ ਹੈ।
ਉਨ੍ਹਾਂ ਕਿਹਾ ਕਿ ਮਤੇ ਦੇ ਪਾਸ ਹੋਣ ਨਾਲ ਸਾਬਤ ਹੋ ਗਿਆ ਹੈ ਕਿ ਦੇਸ਼ ਦੀ ਜਮਹੂਰੀਅਤ ਨੂੰ ਪੈਸੇ ਜਾਂ ਧੌਂਸ ਨਾਲ ਨਹੀਂ ਖਰੀਦਿਆ ਜਾ ਸਕਦਾ। ਇਸ ਇਤਿਹਾਸਕ ਫਤਵੇ ਨਾਲ ਸੂਬਾ ਸਰਕਾਰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਹੋਰ ਵੀ ਤਨਦੇਹੀ ਨਾਲ ਉਪਰਾਲੇ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਵਿੱਚ ਜਮਹੂਰੀਅਤ ਦੇ ਕਤਲ ਲਈ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਦੇਸ਼ ਲਈ ਵੱਡਾ ਖਤਰਾ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਸੱਤਾ ਹਥਿਆ ਕੇ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਰਮਾਏਦਾਰਾਂ ਤੇ ਤਾਕਤਵਰ ਲੋਕਾਂ ਨੇ ਜਮਹੂਰੀਅਤ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਭਾਜਪਾ ਮੁਲਕ ਵਿੱਚ ਪਿਛਲੇ ਦਰਵਾਜ਼ੇ ਰਾਹੀਂ ਸੂਬਿਆਂ ਵਿੱਚ ਸਰਕਾਰਾਂ ਬਣਾਉਣ ਦੀ ਕਲਾ ਵਿੱਚ ਮੁਹਾਰਤ ਹਾਸਲ ਕਰ ਰਹੀ ਹੈ ਅਤੇ ਬਦਕਿਸਮਤੀ ਨਾਲ ਕਾਂਗਰਸ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋਣ ਦੇ ਬਾਵਜੂਦ ਸਮਰਥਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸ ਦੇਸ਼ ਭਰ ਵਿੱਚ ‘ਵਿਧਾਇਕ ਵਿਕਾਊ ਹਨ’ ਦੇ ਮਾਰਕੇ ਨਾਲ ਦਫ਼ਤਰ ਖੋਲ੍ਹੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀਅਤ ਵਿੱਚ ਲੋਕ ਸੁਪਰੀਮ ਹਨ ਅਤੇ ਉਹ ਇਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਉਹ ਭਗਵਾਂ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਨੂੰ ਹੁਣ ਪ੍ਰਤਾਪ ਸਿੰਘ ‘ਭਾਜਪਾ’ ਵਜੋਂ ਜਾਣਿਆ ਜਾਵੇਗਾ ਕਿਉਂਕਿ ਸੂਬੇ ਵਿੱਚ ਲੋਕਤੰਤਰ ਦਾ ਘਾਣ ਕਰਨ ਵਿੱਚ ਉਨ੍ਹਾਂ ਦੀ ਸ਼ੱਕੀ ਭੂਮਿਕਾ ਦਾ ਪਰਦਾਫਾਸ਼ ਹੋ ਗਿਆ ਹੈ।
ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਸਾਬਕਾ ਮੁੱਖ ਮੰਤਰੀ ਆਪਣੇ ਸਾਥੀਆਂ ਨਾਲ ਭਾਜਪਾ ‘ਚ ਸਾਮਲ ਹੋਏ ਹਨ।
ਸ਼ੋਮਣੀ ਅਕਾਲੀ ਦਲ ਅਤੇ ਬਸਪਾ ਦੀ ਦੁਚਿੱਤੀ
ਵਿਧਾਨ ਸਭਾ ਵਿੱਚ ਸਰਕਾਰ ਵੱਲੋਂ ਲਿਆਂਦੇ ਭਰੋਸੇ ਦੇ ਵੋਟ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਜਦੋਂ ਕਿ ਬਹੁਜਨ ਸਮਾਜ ਪਾਰਟੀ ਨੇ ਹਮਾਇਤ ਕੀਤੀ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ, ”ਮੈਂ ਜਾਤੀ ਤੌਰ ‘ਤੇ ਭਾਜਪਾ ਵੱਲੋਂ ਖੇਡੀ ਜਾਂਦੀ ਰਾਜਨੀਤੀ ਦੇ ਖਿਲਾਫ ਹਾਂ, ਪਰ ਮਤੇ ਦੀ ਹਮਾਇਤ ਇਸ ਕਰਕੇ ਨਹੀਂ ਕਰਦਾ ਕਿਉਂਕਿ 92 ਵਿਧਾਇਕਾਂ ਦੀ ਹਮਾਇਤ ਵਾਲੀ ਸਰਕਾਰ, ਜੋ ਕਿ 6 ਮਹੀਨੇ ਪਹਿਲਾਂ ਹੋਂਦ ‘ਚ ਆਈ ਹੈ, ਨੂੰ ਕਿਸੇ ਨੇ ਵੀ ਬਹੁਮਤ ਸਾਬਤ ਕਰਨ ਲਈ ਨਹੀਂ ਕਿਹਾ।” ਉਨ੍ਹਾਂ ਕਿਹਾ ਕਿ ਮਤਾ ਲਿਆਂਦੇ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ ਤੇ ਇਹ ਮਾਮਲਾ ਸਦਨ ਦੀ ਕਾਰਜ ਸਲਾਹਕਾਰ ਕਮੇਟੀ ਦੀ ਮੀਟਿੰਗ ‘ਚ ਵੀ ਨਹੀਂ ਸੀ ਵਿਚਾਰਿਆ ਗਿਆ। ਇਯਾਲੀ ਮਗਰੋਂ ਸਪੀਕਰ ਕੁਲਤਾਰ ਸੰਧਵਾਂ ਨੂੰ ਲਿਖੀ ਚਿੱਠੀ ਰਾਹੀਂ ਮਤੇ ਦੀ ਮੁਖਾਲਫਤ ਕਰਨ ਦਾ ਦਾਅਵਾ ਕਰਦਿਆਂ ਰਿਕਾਰਡ ਦਰੁਸਤ ਕਰਨ ਦੀ ਬੇਨਤੀ ਕੀਤੀ ਹੈ। ਬਸਪਾ ਦੇ ਇਕਲੌਤੇ ਵਿਧਾਇਕ ਨੇ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਤੇ ਭਾਜਪਾ ਨੇ ਬਸਪਾ ਨੂੰ ਹਰੇਕ ਸੂਬੇ ‘ਚ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਹਨ।
ਗੰਨੇ ਦਾ ਭਾਅ 20 ਰੁਪਏ ਵਧਾ ਕੇ 380 ਰੁਪਏ ਕੁਇੰਟਲ ਕਰਨ ਦਾ ਐਲਾਨ
ਭਗਵੰਤ ਮਾਨ ਨੇ ਬਕਾਏ ਦਾ ਭੁਗਤਾਨ ਨਾ ਕਰਨ ਵਾਲੀਆਂ ਮਿੱਲਾਂ ਖਿਲਾਫ ਕਾਰਵਾਈ ਕੀਤੇ ਜਾਣ ਦਾ ਕੀਤਾ ਦਾਅਵਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦਾ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਦਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਪਿੜਾਈ ਸੀਜ਼ਨ ਤੋਂ ਕਿਸਾਨਾਂ ਨੂੰ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ (ਐੱਸਏਪੀ) ਪ੍ਰਤੀ ਕੁਇੰਟਲ 20 ਰੁਪਏ ਵੱਧ ਮਿਲੇਗਾ, ਜਿਸ ਨਾਲ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ ‘ਤੇ ਸਾਲਾਨਾ 200 ਕਰੋੜ ਰੁਪਏ ਦਾ ਵਾਧੂ ਬੋਝ ਪਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਿਸਾਨ ਗੰਨੇ ਦੀ ਖੇਤੀ ਤਾਂ ਕਰਨੀ ਚਾਹੁੰਦੇ ਹਨ, ਪਰ ਪਿਛਲੇ ਸਮੇਂ ਵਿਚ ਢੁਕਵਾਂ ਮੁੱਲ ਨਾ ਮਿਲਣ ਅਤੇ ਫਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ। ਇਸ ਵੇਲੇ ਪੰਜਾਬ ਵਿਚ 1.25 ਲੱਖ ਹੈਕਟੇਅਰ ਰਕਬੇ ਵਿਚ ਹੀ ਗੰਨੇ ਦੀ ਕਾਸ਼ਤ ਹੁੰਦੀ ਹੈ ਜਦਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬੇ ਦੇ ਗੰਨੇ ਦੀ ਪਿੜਾਈ ਕਰਨ ਦੀ ਹੈ। ਲਿਹਾਜ਼ਾ ਗੰਨਾ ਉਤਪਾਦਕਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਗੰਨੇ ਦਾ ਭਾਅ ਵਧਾਉਣ ਦਾ ਐਲਾਨ ਕਰਦਾ ਹਾਂ।
ਮੁੱਖ ਮੰਤਰੀ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦਾ ਸਮੁੱਚਾ ਬਕਾਇਆ ਅਦਾ ਕਰ ਦਿੱਤਾ ਹੈ ਅਤੇ ਇਕ-ਦੋ ਪ੍ਰਾਈਵੇਟ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੀ ਅਦਾਇਗੀ ਦਾ ਭੁਗਤਾਨ ਨਹੀਂ ਕੀਤਾ। ਇਨ੍ਹਾਂ ਮਿੱਲਾਂ ਦੇ ਮਾਲਕ ਕਿਸਾਨਾਂ ਦੇ ਹਿੱਤਾਂ ਦੀ ਸਾਰ ਲੈਣ ਦੀ ਬਜਾਏ ਵਿਦੇਸ਼ ਭੱਜ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਕਰਨ ਦੀ ਕਾਰਵਾਈ ਪਹਿਲਾਂ ਹੀ ਆਰੰਭੀ ਹੋਈ ਹੈ।
ਸੁਖਪਾਲ ਖਹਿਰਾ ਨੇ ਵਿਧਾਨ ਸਭਾ ਸਪੀਕਰ ਦੀ ਗ੍ਰਿਫਤਾਰੀ ਮੰਗੀ
ਡੀਜੀਪੀ ਨੂੰ ਸ਼ਿਕਾਇਤ ਕਰਕੇ ਗੈਰ ਜ਼ਮਾਨਤੀ ਵਾਰੰਟਾਂ ‘ਤੇ ਕਾਰਵਾਈ ਕਰਨ ਦੀ ਅਪੀਲ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਖਹਿਰਾ ਨੇ ਕਿਹਾ ਕਿ ਸੰਧਵਾਂ ਖ਼ਿਲਾਫ਼ ਤਰਨਤਾਰਨ ਦੀ ਅਦਾਲਤ ਨੇ 17 ਸਤੰਬਰ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ।
ਪੰਜਾਬ ਪੁਲਿਸ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਗ੍ਰਿਫਤਾਰ ਨਹੀਂ ਕਰ ਰਹੀ। ਖਹਿਰਾ ਨੇ ਡੀਜੀਪੀ ਨੂੰ ਮੰਗ ਪੱਤਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਾਲ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਤਰਨਤਾਰਨ ਵਿਚ ਧਰਨਾ ਦਿੱਤਾ ਸੀ, ਜਿਸ ਸਬੰਧੀ ਤਰਨਤਾਰਨ ਪੁਲਿਸ ਨੇ 26 ਅਗਸਤ 2020 ਨੂੰ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ, ਜਿੱਥੇ ਸੰਧਵਾਂ ਪੇਸ਼ ਨਹੀਂ ਹੋਏ। ਸੰਧਵਾਂ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਅਰਜ਼ੀ ਲਾਈ ਸੀ, ਜਿਸ ਨੂੰ ਅਦਾਲਤ ਨੇ 29 ਸਤੰਬਰ 2022 ਨੂੰ ਰੱਦ ਕਰ ਕਰਦਿਆਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ ਜਿਸ ਕਰ ਕੇ ਸੰਧਵਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸੁਖਪਾਲ ਖਹਿਰਾ ਨੇ ਕਿਹਾ ਕਿ ‘ਆਪ’ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ, ਜਿਸ ਵੱਲੋਂ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਲੱਖਾ ਸਿਧਾਣਾ ਖ਼ਿਲਾਫ਼ ਕੇਸ ਦਰਜ ਕਰਕੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖਹਿਰਾ ਨੇ ਕਿਹਾ ਕਿ ‘ਆਪ’ ਦੀ ਹਾਈਕਮਾਂਡ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾ ਰਹੀ ਹੈ। ਉਨ੍ਹਾਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ‘ਆਪ’ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਸਪੀਕਰ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ, ਉਨ੍ਹਾਂ ਨੂੰ ਸੈਸ਼ਨ ਦੀ ਅਗਵਾਈ ਦਾ ਕੋਈ ਅਧਿਕਾਰ ਨਹੀਂ ਹੈ।
ਅਮਿਤ ਸ਼ਾਹ ਤੇ ਅਨੁਰਾਗ ਠਾਕੁਰ ਖ਼ਿਲਾਫ਼ ਕੇਸ ਦਰਜ ਕਰੇ ‘ਆਪ’
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਮਾਮਲੇ ਵਿੱਚ ਦੋ ਵਕੀਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਨੁਰਾਗ ਠਾਕੁਰ ਦੇ ਬਿਆਨ ਵਿਜੀਲੈਂਸ ਕੋਲ ਦਰਜ ਕਰਵਾਏ ਹਨ। ਇਸ ਕਰਕੇ ਪੰਜਾਬ ਸਰਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਨੁਰਾਗ ਠਾਕੁਰ ਖ਼ਿਲਾਫ਼ ਕੇਸ ਦਰਜ ਕਰੇ। ਇਹ ਪ੍ਰਗਟਾਵਾ ਖਹਿਰਾ ਨੇ ਟਵੀਟ ਕਰਕੇ ਕੀਤਾ ਹੈ।

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …