Breaking News
Home / Special Story / ਕਰਜ਼ਾ ਮਾਫੀ : ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਇੰਤਜ਼ਾਰ ਹੋਇਆ ਲੰਬਾ

ਕਰਜ਼ਾ ਮਾਫੀ : ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਇੰਤਜ਼ਾਰ ਹੋਇਆ ਲੰਬਾ

ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਕਰਜ਼ਾ ਅਦਾ ਕਰਨ ਜਾਂ ਕੁਰਕੀ ਲਈ ਤਿਆਰ ਰਹਿਣ ਦੇ ਪੱਤਰ ਮਿਲਣੇ ਸ਼ੁਰੂ
ਹਮੀਰ ਸਿੰਘ
ਚੰਡੀਗੜ੍ਹ : ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਨੂੰ ਬੈਂਕਾਂ ਵੱਲੋਂ ਕਰਜ਼ਾ ਅਦਾ ਕਰਨ ਜਾਂ ਕੁਰਕੀ ਲਈ ਤਿਆਰ ਰਹਿਣ ਦੇ ਪੱਤਰ ਮਿਲਣੇ ਸ਼ੁਰੂ ਹੋ ਚੁੱਕੇ ਹਨ। ਸਰਕਾਰੀ ਵਾਅਦੇ ਮੁਤਾਬਿਕ ਆਪਣਾ ਸਮੁੱਚਾ ਕਰਜ਼ਾ ਮੁਆਫ਼ ਹੋਣ ਦੀ ਉਮੀਦ ਲਗਾਈ ਬੈਠੇ ਪਰਿਵਾਰ ਇਨ੍ਹੀਂ ਦਿਨੀਂ ਬੈਂਕਾਂ ਦੇ ਚੱਕਰ ਕੱਢ ਰਹੇ ਹਨ। ਪੰਜਾਬ ਸਰਕਾਰ ਨੇ ਢਾਈ ਸਾਲਾਂ ਦੀਆਂ ਪ੍ਰਾਪਤੀਆਂ ਦੇ ਨਾਮ ‘ਤੇ ਕਈ ਦਾਅਵੇ ਕੀਤੇ ਹਨ ਪਰ ਇਸ ਵਿੱਚੋਂ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੇ ਕਰਜ਼ਾ ਮੁਆਫ਼ੀ ਦੀ ਵਾਰੀ ਨਹੀਂ ਆਈ। ਸਗੋਂ ਨਵੀਆਂ ਸ਼ਰਤਾਂ ਨਾਲ ਮਿਲਣ ਵਾਲੀ ਐਕਸਗ੍ਰੇਸ਼ੀਆ ਗ੍ਰਾਂਟ ਵੀ ਲਗਪਗ ਬੰਦ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਹਰ ਤਰ੍ਹਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਕਿਸਾਨਾਂ ਦਾ ਸੰਸਥਾਗਤ ਕਰਜ਼ਾ ਹੀ ਇੱਕ ਲੱਖ ਕਰੋੜ ਰੁਪਏ ਤੋਂ ਉੱਪਰ ਪੁੱਜ ਚੁੱਕਿਆ ਹੈ ਅਤੇ ਉਸ ਵਿੱਚੋਂ ਸਰਕਾਰ ਨੇ ਹੁਣੇ ਦਿੱਤੇ ਤੱਥਾਂ ਮੁਤਾਬਿਕ 4736 ਕਰੋੜ ਰੁਪਏ ਮੁਆਫ਼ ਕੀਤੇ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਸਾਲ ਆਪਣੇ ਬਜਟ ਭਾਸ਼ਣ ਵਿੱਚ ਖ਼ੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਲਈ 3000 ਕਰੋੜ ਰੁਪਏ ਰੱਖੇ ਸਨ ਪਰ ਛੇ ਮਹੀਨੇ ਤੋਂ ਵੱਧ ਬੀਤਣ ਦੇ ਬਾਵਜੂਦ ਸਰਕਾਰ ਨੇ ਕਰਜ਼ਾ ਮੁਆਫ਼ੀ ਬਾਰੇ ਖਾਮੋਸ਼ੀ ਧਾਰੀ ਹੋਈ ਹੈ।
ਪੰਜਾਬ ਵਿੱਚ ਆਏ ਦਿਨ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਨ੍ਹਾਂ ਪਰਿਵਾਰਾਂ ਅਤੇ ਮਜ਼ਦੂਰ ਪਰਿਵਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬਣਾਈ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਵੀ ਵਿਧਾਨ ਸਭਾ ਵਿੱਚ ਧੂੜ ਫੱਕ ਰਹੀ ਹੈ। ਵਿਧਾਨ ਸਭਾ ਦੇ 117 ਵਿਧਾਇਕਾਂ ਨੇ ਸਦਨ ਦੌਰਾਨ ਇਸ ਦੀ ਸਾਰ ਨਹੀਂ ਲਈ। ਪੰਜਾਬ ਸਰਕਾਰ ਨੇ 2015 ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਨੀਤੀ ਬਣਾਈ ਸੀ। ਲੋਕ ਹਿੱਤ ਦੇ ਬਾਕੀ ਕਾਨੂੰਨਾਂ ਵਾਂਗ ਇਸ ਨੀਤੀ ਦੇ ਵੀ ਖੰਭ ਕੱਟੇ ਜਾ ਰਹੇ ਹਨ। ਨੀਤੀ ਬਣਨ ਤੋਂ ਬਾਅਦ ਫੈਸਲਾ ਸ਼ਰਤ ਜੋੜ ਦਿੱਤੀ ਗਈ ਕਿ ਪੀੜਤ ਪਰਿਵਾਰ ਕਿਸਾਨ ਅਤੇ ਮਜ਼ਦੂਰ ਦੇ ਕਰਜ਼ੇ ਦੇ ਦਸਤਾਵੇਜ ਪੇਸ਼ ਕਰੇਗਾ। ਦੂਸਰੀ ਸ਼ਰਤ ਇਹ ਲਗਾ ਦਿੱਤੀ ਕਿ ਪਰਿਵਾਰ ਵਿੱਚ ਜਿਸ ਦੇ ਨਾਮ ਜ਼ਮੀਨ ਜਾਂ ਕਰਜ਼ਾ ਹੈ, ਜੇਕਰ ਉਹ ਖ਼ੁਦਕੁਸ਼ੀ ਕਰਦਾ ਹੈ ਤਾਂ ਪੰਜ ਲੱਖ ਦੀ ਸਹਾਇਤਾ ਮਿਲੇਗੀ ਜਦਕਿ ਨੀਤੀ ਪਰਿਵਾਰ ਲਈ ਹੈ ਨਾ ਕਿ ਵਿਅਕਤੀ ਲਈ। ਸੂਤਰਾਂ ਅਨੁਸਾਰ ਕਮੇਟੀਆਂ ਅੰਦਰ ਇੱਕ ਨਵੀਂ ਫਾਈਲ ਚੱਕਰ ਕੱਢ ਰਹੀ ਹੈ ਕਿ ਕਰਜ਼ੇ ਦੀ ਕਿਸਮ ਬਾਰੇ ਪ੍ਰੀਭਾਸ਼ਿਤ ਕੀਤਾ ਜਾਵੇ ਕਿ ਕਿਹੜਾ ਕਰਜ਼ਾ ਸਿਰ ਹੋਣ ਕਰਕੇ ਰਾਹਤ ਮਿਲੇਗੀ। ਵਧੀਕ ਮੁੱਖ ਸਕੱਤਰ (ਮਾਲ) ਦੀ ਅਗਵਾਈ ਵਾਲੀ ਕਮੇਟੀ ਦਾ ਮੁੱਖ ਕੰਮ ਇਸ ਨੀਤੀ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨਾ ਹੈ ਨਾ ਕਿ ਇਸ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰਨਾ। ਜ਼ਿਲ੍ਹਿਆਂ ਵਿੱਚ ਸੈਂਕੜੇ ਪੀੜਤ ਪਰਿਵਾਰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ। ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਕੇਸ ਪਾਸ ਹੈ ਪਰ ਉੱਪਰ ਭੇਜਿਆ ਹੋਇਆ ਹੈ। ਨੀਤੀ ਮੁਤਾਬਿਕ ਪਾਸ ਕੇਸ ਉੱਪਰ ਭੇਜਣ ਦੀ ਕੋਈ ਤੁਕ ਨਹੀਂ ਹੈ।
ਉਪਰੋਂ ਕੇਵਲ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਝੁਨੀਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਦੀ ਮੰਗ ਕੀਤੀ ਹੈ।
ਮੁੱਢਲੀ ਰਾਹਤ ਨੀਤੀ ਦੇ ਮੁੱਖ ਅੰਸ਼
ਵਿੱਤੀ ਸਹਾਇਤਾ: ਖ਼ੁਦਕੁਸ਼ੀ ਦੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ 5 ਲੱਖ ਰੁਪਏ ਦੀ ਰਕਮ ਉਸ ਪਰਿਵਾਰ ਦੇ ਵਾਰਸ ਨੂੰ ਦਿੱਤੀ ਜਾਵੇ, ਜਿਸ ਦੇ ਪਰਿਵਾਰ ਦਾ ਰੋਜ਼ੀ ਕਮਾਉਣ ਵਾਲਾ ਆਤਮਹੱਤਿਆ ਕਰ ਗਿਆ ਹੋਵੇ ਤਾਂ ਕਿ ਪਰਿਵਾਰ ਨੂੰ ਵਿੱਤੀ ਸੰਕਟ ਤੋਂ ਨਿਜਾਤ ਪ੍ਰਾਪਤ ਹੋ ਸਕੇ।
ੲ ਸਮੇਂ ਸਿਰ ਰਾਹਤ ਨੂੰ ਯਕੀਨੀ ਬਣਾਉਣ ਲਈ ਰਾਜ ਦੇ ਮਾਲ ਵਿਭਾਗ ਵਿੱਚ ਰਿਵਾਲਵਿੰਗ ਫੰਡ ਸਥਾਪਿਤ ਹੋਵੇ।
ੲ ਰਾਹਤ ਪ੍ਰਾਪਤ ਕਰਨ ਲਈ ਪੀੜਤ ਪਰਿਵਾਰ ਵਲੋਂ ਖ਼ੁਦਕੁਸ਼ੀ ਤੋਂ ਤਿੰਨ ਮਹੀਨਿਆਂ ਦੇ ਅੰਦਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਜਾਂ ਸਬੰਧਤ ਇਲਾਕੇ ਦੇ ਐਸਡੀਐਮ ਨੂੰ ਅਰਜ਼ੀ ਦੇਣੀ ਹੋਵੇਗੀ।
ੲ ਦਸਤਾਵੇਜ਼ਾਂ ਦੀ ਪ੍ਰਾਪਤੀ, ਜਾਂਚ ਪੜਤਾਲ ਅਤੇ ਸਹਾਇਤਾ ਰਾਸ਼ੀ ਦੀ ਵੰਡ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਮੁੱਖ ਮੈਡੀਕਲ ਅਫਸਰ, ਐਸਐਸਪੀ, ਮੁੱਖ ਖੇਤੀਬਾੜੀ ਅਫਸਰ ਅਤੇ ਪੀੜਤ ਦੇ ਸਬੰਧਤ ਪਿੰਡ ਦੇ ਸਰਪੰਚ ਆਧਾਰਿਤ ਕਮੇਟੀ ਹੋਵੇਗੀ।
ੲ ਕਮੇਟੀ ਦੇ ਗਠਨ ਬਾਰੇ ਨੋਟੀਫਿਕੇਸ਼ਨ ਅਨੁਸਾਰ ਕਮੇਟੀ ਨੂੰ ਉਸ ਸਾਹਮਣੇ ਪੇਸ਼ ਕੀਤੀਆਂ ਗਈਆਂ ਅਰਜ਼ੀਆਂ ਦੀ ਸਰਵੱਖੀ ਪੜਚੋਲ ਦੇ ਆਧਾਰ ਉੱਤੇ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਬਣਦੀ ਸਹਾਇਤਾ ਦੇਣ ਨੂੰ ਯਕੀਨੀ ਬਣਾਇਆ ਜਾ ਸਕੇ। ਕਮੇਟੀ ਲੋੜ ਅਨੁਸਾਰ ਮੀਟਿੰਗਾਂ ਕਰੇਗੀ ਪਰ ਮਹੀਨੇ ਵਿੱਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ।
ੲ ਕਮੇਟੀ ਮਹੀਨੇ ਅੰਦਰ ਅਰਜ਼ੀ ਉੱਤੇ ਫੈਸਲਾ ਲਵੇਗੀ।
ੲ ਰਾਹਤ ਨੀਤੀ ਨੂੰ ਸਹੀ ਰੂਪ ਵਿੱਚ ਲਾਗੂ ਕਰਨ ਲਈ ਸੂਬਾਈ ਪੱਧਰ ਉੱਤੇ ਵਿੱਤੀ ਕਮਿਸ਼ਨਰ (ਮਾਲ) ਦੀ ਪ੍ਰਧਾਨਗੀ ਵਿੱਚ ਸੂਬਾਈ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਮੇਟੀ ਡਿਪਟੀ ਕਮਿਸ਼ਨਰਾਂ ਵਾਲੀ ਕਮੇਟੀ ਨੂੰ ਸੇਧ ਦੇਵੇਗੀ, ਜ਼ਿਲ੍ਹਿਆਂ ਵਿੱਚ ਲਾਗੂ ਹੋ ਰਹੀ ਨੀਤੀ ਦਾ ਰੀਵਿਊ ਵੀ ਕਰੇਗੀ।
ਮੁੜ ਵਸੇਬਾ: ਮਾਲ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਘੱਟੋ-ਘੱਟ ਇੱਕ ਸਾਲ ਜਾਂ ਜਦੋਂ ਤੱਕ ਜ਼ਰੂਰੀ ਹੋਵੇ, ਪੀੜਤ ਪਰਿਵਾਰ ਨੂੰ ਸੰਕਟ ਵਿੱਚੋਂ ਬਾਹਰ ਕੱਢਣ ਲਈ ਉਨ੍ਹਾਂ ਪਰਿਵਾਰਾਂ ਨੂੰ ਸਹਿਯੋਗ ਕਰਨਗੇ।
ੲ ਖੇਤੀਬਾੜੀ ਤੇ ਇਸ ਨਾਲ ਸਬੰਧਤ ਵਿਭਾਗ ਦੀਆਂ ਯੋਜਨਾਵਾਂ ਤਹਿਤ ਪ੍ਰਭਾਵਿਤ ਪਰਿਵਾਰਾਂ ਨੂੰ ਸਬਸਿਡੀ ਤੇ ਵਸਤਾਂ ਤਰਜੀਹੀ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਸਰਕਾਰ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ
ਚੰਡੀਗੜ੍ਹ : ਪੰਜਾਬ ਵਿੱਚ ਕਰਜ਼ੇ ਦੇ ਬੋਝ ਕਾਰਨ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਦੇ ਮਾਮਲੇ ਵਿੱਚ ਮਾਲ ਅਤੇ ਪੁਨਵਰਵਾਸ ਵਿਭਾਗ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਹੀ ਦਿਖਾਈ ਦੇ ਰਹੀ ਹੈ। ਜ਼ਿਲ੍ਹਾ ਪੱਧਰੀ ਹਾਸਲ ਹੋਈਆਂ ਰਿਪੋਰਟਾਂ ਮੁਤਾਬਕ ਮੁਆਵਜ਼ੇ ਦੇ ਬਹੁ ਗਿਣਤੀ ਮਾਮਲਿਆਂ ਨੂੰ ਵਿਭਾਗ ਵੱਲੋਂ ਅਣਗੌਲਿਆਂ ਹੀ ਨਹੀਂ ਕਰ ਦਿੱਤਾ ਜਾਂਦਾ ਸਗੋਂ ਸਾਲ 2019 ਦੇ ਸਾਢੇ ਅੱਠ ਮਹੀਨੇ ਬੀਤ ਜਾਣ ‘ਤੇ ਹੁਣ ਤੱਕ ਇੱਕ ਵੀ ਮਾਮਲਾ ਮੁਆਵਜ਼ੇ ਲਈ ਵਿਚਾਰਿਆ ਨਹੀਂ ਗਿਆ। ਪੰਜਾਬ ਦੇ ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਸੂਬੇ ਵਿੱਚ ਜਿਨ੍ਹਾਂ ਪੀੜਤ ਪਰਿਵਾਰਾਂ ਨੂੰ ਪਿਛਲੇ ਦੋ ਸਾਲਾਂ 2017 ਅਤੇ 2018 ਦੌਰਾਨ ਮੁਆਵਜ਼ਾ ਦਿੱਤਾ ਗਿਆ ਉਨ੍ਹਾਂ ਪੀੜਤ ਪਰਿਵਾਰਾਂ ਦੀ ਕੁੱਲ ਗਿਣਤੀ 158 ਬਣਦੀ ਹੈ। ਸਰਕਾਰ ਵੱਲੋਂ ਇਨ੍ਹਾਂ ਦੋ ਸਾਲਾਂ ਦੌਰਾਨ 4 ਕਰੋੜ 64 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ ਹੈ। ਖੇਤੀ ਮਾਹਿਰਾਂ ਅਤੇ ਖੁਦਕੁਸ਼ੀਆਂ ਦੇ ਮਾਮਲਿਆਂ ਦਾ ਅਧਿਐਨ ਕਰਨ ਵਾਲੇ ਚਿੰਤਕਾਂ ਦਾ ਮੰਨਣਾ ਹੈ ਕਿ ਪਿਛਲੇ ਢਾਈ ਸਾਲਾਂ ਦੌਰਾਨ ਪੰਜਾਬ ਵਿੱਚ ਕਰਜ਼ੇ ਦੇ ਬੋਝ ਕਾਰਨ ਇਕ ਹਜ਼ਾਰ ਦੇ ਕਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।
ਇਸ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਲ 2017 ਅਤੇ 2018 ਦੇ ਦੋ ਸਾਲਾ ਅਰਸੇ ਦੌਰਾਨ ਸੰਗਰੂਰ ਜ਼ਿਲ੍ਹੇ ਵਿੱਚ 33 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਮੌਤ ਨੂੰ ਗਲੇ ਲਾ ਲਿਆ। ਇਸੇ ਤਰ੍ਹਾਂ ਮਾਨਸਾ ਵਿੱਚ 26, ਬਠਿੰਡਾ ਵਿੱਚ 22, ਮੁਕਤਸਰ ਵਿੱਚ 10, ਲੁਧਿਆਣਾ ‘ਚ 14, ਤਰਨ ਤਾਰਨ ਵਿੱਚ 14, ਫਿਰੋਜ਼ਪੁਰ ਵਿੱਚ 10, ਅੰਮ੍ਰਿਤਸਰ ਵਿੱਚ 3, ਬਰਨਾਲਾ ਵਿੱਚ 5, ਫ਼ਰੀਦਕੋਟ ਵਿੱਚ 1, ਫਤਹਿਗੜ੍ਹ ਸਾਹਿਬ ਵਿੱਚ 7, ਫਾਜ਼ਿਲਕਾ ਵਿੱਚ 6, ਜਲੰਧਰ ‘ਚ 2, ਪਟਿਆਲਾ ਵਿੱਚ 6 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਇਸ ਵਿਭਾਗ ਮੁਤਾਬਕ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਰੋਪੜ ਅਤੇ ਮੁਹਾਲੀ (ਸਹਿਬਜ਼ਾਦਾ ਅਜੀਤ ਸਿੰਘ ਨਗਰ) ਜ਼ਿਲ੍ਹਿਆਂ ਵਿੱਚ ਇਨ੍ਹਾਂ ਦੋ ਸਾਲਾਂ ਦੌਰਾਨ ਇੱਕ ਵੀ ਕਿਸਾਨ ਅਤੇ ਖੇਤ ਮਜ਼ਦੂਰ ਨੇ ਖੁਦਕੁਸ਼ੀ ਨਹੀਂ ਕੀਤੀ।ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨੀਤੀ ਮੁਤਾਬਕ ਖੁਦਕੁਸ਼ੀ ਪੀੜਤ ਕਿਸਾਨ ਤੇ ਖੇਤ ਮਜ਼ਦੂਰ ਦੇ ਪਰਿਵਾਰ ਨੂੰ 3 ਲੱਖ ਰੁਪਏ ਦੇ ਮੁਆਵਜ਼ਾ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਇਹ ਮੁਆਵਜ਼ਾ ਦੇਣ ਲਈ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਅਕਸਰ ਅਜਿਹੀਆਂ ਸ਼ਰਤਾਂ ਲਾਈਆਂ ਜਾਂਦੀਆਂ ਹਨ ਕਿ ਯੋਗ ਪੀੜਤ ਮੁਆਵਜ਼ੇ ਤੋਂ ਵਾਂਝੇ ਰਹਿ ਜਾਂਦੇ ਹਨ।
ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਖੁਦਕੁਸ਼ੀਆਂ ਦੇ ਇਕੱਤਰ ਕੀਤੇ ਤੱਥ ਹਕੀਕਤ ਨਾਲ ਮੇਲ ਨਹੀਂ ਖਾਂਦੇ। ਫਿਰ ਵੀ ਸਰਕਾਰ ਦੇ ਤਾਜ਼ਾ ਰਿਕਾਰਡ ਮੁਤਾਬਕ ਸੰਗਰੂਰ, ਬਠਿੰਡਾ, ਮਾਨਸਾ, ਮੁਕਤਸਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿਛਲੇ ਦੋ ਸਾਲਾਂ ਦੇ ਸਮੇਂ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਕੀਤੀਆਂ ਹਨ। ਇਹ ਵੀ ਹੈਰਾਨੀਜਨਕ ਤੱਥ ਸਾਹਮਣੇ ਆਇਆ ਹੈ ਕਿ ਸਾਲ 2018 ਦੌਰਾਨ ਪੰਜਾਬ ਵਿੱਚ ਇੱਕ ਵੀ ਖੇਤ ਮਜ਼ਦੂਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਭਾਵ ਪੰਜਾਬ ‘ਚ ਇਸ ਸਾਲ ਦੌਰਾਨ ਕਿਸੇ ਵੀ ਖੇਤ ਮਜ਼ਦੂਰ ਨੇ ਕਰਜ਼ੇ ਕਾਰਨ ਖੁਦਕੁਸ਼ੀ ਨਹੀਂ ਕੀਤੀ ਜਦਕਿ ਸਾਲ 2017 ਦੌਰਾਨ ਵੀ ਖੇਤ ਮਜ਼ਦੂਰਾਂ ਦੇ 5 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ।
ਖੇਤੀ ਕਰਜ਼ਿਆਂ ਨੇ ਧੀਆਂ ਤੋਂ ਪੇਕੇ ਕੀਤੇ ਦੂਰ
ਮਾਨਸਾ : ਭਾਵੇਂ ਧੀਆਂ ਨੂੰ ਪੇਕੇ ਜਾਣ ਦਾ ਮੁੜ-ਮੁੜ ਚਾਅ ਰਹਿੰਦਾ ਹੈ ਪਰ ਮਨਪ੍ਰੀਤ ਕੌਰ ਦਾ ਮਨ ਪੇਕਿਆਂ ਦੇ ਪਿੰਡ ਤੋਂ ਉਚਾਟ ਹੋਇਆ ਪਿਆ ਹੈ। ਉਸ ਨੂੰ ਜਦੋਂ ਪੇਕੇ ਪਿੰਡ ਦੇ ਪਿੱਪਲਾਂ ਦੀਆਂ ਯਾਦਾਂ ਆਉਂਦੀਆਂ ਹਨ ਤਾਂ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਉਸ ਦੇ ਬਾਬਲ ਦਾ ਖਿਆਲਾ ਕਲਾਂ ਪਿੰਡ ਵਿੱਚ ਨਾਂ ਹੁੰਦਾ ਸੀ, ਲੋਕ ਉਸ ਨੂੰ ਕਰਨੈਲ ਸਿੰਹੁ ਕਹਿ ਕੇ ਬੁਲਾਉਂਦੇ ਸਨ, ਕੋਈ ਉਸ ਨੂੰ ਚਾਹਲ ਪਾਤਸ਼ਾਹ ਕਹਿੰਦਾ, ਪਰ ਖੇਤੀ ਵਿਚੋਂ ਪੈਦਾਵਾਰ ਦੀ ਖੜੋਤ ਨੇ ਇਸ ਪਰਿਵਾਰ ਨੂੰ ਕਰਜ਼ਿਆਂ ਦੀ ਐਸੀ ਘੁੰਮਣ-ਘੇਰੀ ਵਿਚ ਪਾਇਆ ਕਿ ਅੱਜ ਕਰਨੈਲ ਸਿੰਘ ਚਾਹਲ ਦੇ ਘਰ ਨੂੰ ਜਿੰਦਰਾ ਵੱਜਿਆ ਪਿਆ ਹੈ।
ਪਰਿਵਾਰ ਦੇ ਮੁਖੀ ਕਰਨੈਲ ਸਿੰਘ ਦਾ ਜਸਵੰਤ ਕੌਰ ਨਾਲ ਵਿਆਹ ਹੋਇਆ। ਉਨ੍ਹਾਂ ਦੇ ਘਰ ਦੋ ਧੀਆਂ ਮਹਿੰਦਰ ਕੌਰ ਅਤੇ ਸਿੰਦਰ ਕੌਰ (ਸਹੁਰਿਆਂ ਦਾ ਨਾਂ ਮਨਪ੍ਰੀਤ ਕੌਰ) ਤੇ ਪੁੱਤ ਲਾਲ ਸਿੰਘ ਨੇ ਜਨਮ ਲਿਆ। ਉਸ ਦੇ ਤਿੰਨਾਂ ਬੱਚਿਆਂ ਦੇ ਵਿਆਹ ਹੋ ਗਏ ਪਰ ਵਿਆਹ ਵਿਚ ਖਰਚ ਤੇ ਆਮਦਨ ਨਾ ਹੋਣ ਕਾਰਨ ਤੰਗੀ ਰਹਿਣ ਲੱਗੀ। ਉਸ ਨੇ ਰੇਹੜੀ ਚਲਾਉਣੀ ਵੀ ਸ਼ੁਰੂ ਕਰ ਦਿੱਤੀ ਪਰ ਕਮਾਈ ਨੇ ਲੰਬਾ ਸਮਾਂ ਸੁੱਖ ਦੇ ਦਿਨ ਨਾ ਕੱਟਣ ਦਿੱਤੇ ਅਤੇ ਗਰੀਬੀ ਕਾਰਨ ਘਰੇ ਤੰਗੀ ਰਹਿਣ ਲੱਗੀ। ਤੰਗੀ ਕਾਰਨ ਉਸ ਦੀ ਨੂੰਹ ਸਪਰੇਅ ਪੀ ਕੇ ਮਰ ਗਈ। ਇਸ ਤੋਂ ਬਾਅਦ ਕਰਨੈਲ ਸਿੰਘ ਇਕੱਲਾ ਹੀ ਝੂਰਨ ਲੱਗਾ। ਉਸ ਦੀ ਲੜਕੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਜੇਲ੍ਹ ਤੋਂ ਘਰ ਆ ਕੇ ਉਸ ਦੇ ਭਰਾ ਨੇ ਮੁੜ ਪਰਿਵਾਰ ਨੂੰ ਪੱਕੇ ਪੈਰੀਂ ਕਰਨ ਲਈ ਹਿੰਮਤ ਕਰਨੀ ਸ਼ੁਰੂ ਕੀਤੀ ਅਤੇ ਮਨ ਲਗਾ ਕੇ ਖੇਤੀ ਕਰਨ ਲੱਗਾ ਪਰ ਫ਼ਸਲਾਂ ਵਿਚੋਂ ਲਗਾਤਾਰ ਪੈਂਦੇ ਘਾਟੇ ਨੇ ਉਸ ਦਾ ਹੌਸਲਾ ਪਸਤ ਕਰ ਦਿੱਤਾ। ਉਸ ਨੇ ਸਪਰੇਅ ਪੀ ਕੇ ਆਪਣਾ ਜੀਵਨ ਸਮਾਪਤ ਕਰ ਲਿਆ। ਇਸ ਤੋਂ ਬਾਅਦ ਕਰਨੈਲ ਸਿੰਘ ਨੇ ਆਪਣੇ ਘਰ ਦਾ ਬੂਹਾ ਖੁੱਲ੍ਹਦਾ ਰੱਖਣ ਲਈ ਆਪਣੀ ਵੱਡੀ ਧੀ ਮਹਿੰਦਰ ਕੌਰ ਦੇ ਪੁੱਤਰ ਭਗਵਾਨ ਸਿੰਘ ਨੂੰ ਘਰ ਰੱਖ ਲਿਆ। ਮਨਪ੍ਰੀਤ ਆਖਦੀ ਹੈ ਕਿ ਉਸ ਦੇ ਬਾਪ ਨੂੰ ਆਪਣੇ ਦੋਹਤੇ ਭਗਵਾਨ ਸਿੰਘ ਤੋਂ ਵੱਡੀ ਆਸ ਸੀ ਪਰ ਉਸ ਨੇ ਵੀ ਖੁਦਕੁਸ਼ੀ ਕਰ ਲਈ। ਘਰ ਵਿੱਚ ਲਗਾਤਾਰ ਤੀਜੀ ਖੁਦਕੁਸ਼ੀ ਨਾਲ ਸਭ ਕੁੱਝ ਖਾਲੀ ਹੋ ਗਿਆ। ਖੁਦਕੁਸ਼ੀਆਂ ਦੇ ਦੁੱਖਾਂ ਕਾਰਨ ਬਾਪੂ ਕਰਨੈਲ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਮਨਪ੍ਰੀਤ ਨੇ ਕਿਹਾ ਕਿ ਉਹ ਲਗਾਤਾਰ ਹੋਈਆਂ ਖੁਦਕੁਸ਼ੀਆਂ ਨਾਲ ਅਧਮਰੀ ਹੋ ਗਈ ਪਰ ਫਿਰ ਵੀ ਮਾਂ ਦੇ ਹੌਸਲੇ ਨਾਲ ਪੇਕੇ ਆਉਂਦੀ ਰਹੀ। ਇਸ ਤੋਂ ਬਾਅਦ ਉਸ ਦੀ ਮਾਂ ਦੀ ਵੀ ਮੌਤ ਹੋ ਗਈ। ਹੁਣ ਕਰਨੈਲ ਸਿੰਘ ਦੇ ਪਰਿਵਾਰ ਵਿਚ ਇਕੱਲੀ ਉਸ ਦੀ ਧੀ ਮਨਪ੍ਰੀਤ ਕੌਰ ਹੀ ਰਹਿ ਗਈ ਹੈ। ਉਹ ਕਹਿੰਦੀ ਹੈ ਕਿ ਬਾਬਲ ਦਾ ਘਰ ਅੱਜ ਭਾਂਅ-ਭਾਂਅ ਕਰਦਾ ਹੈ। ਪਿੰਡ ਦੇ ਸਾਬਕਾ ਸਰਪੰਚ ਬਿੱਕਰ ਸਿੰਘ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ ਅਤੇ ਨਾ ਹੀ ਇਸਦੀ ਕੋਈ ਆਸ ਵਿਖਾਈ ਦਿੰਦੀ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਲਈ ਦੁੱਧ, ਸਬਜ਼ੀਆਂ ਅਤੇ ਅਨਾਜ ਪੈਦਾ ਕਰਕੇ ਦਿੱਤਾ ਅਤੇ ਕਿਸਾਨਾਂ ਨੂੰ ਰੇਹ, ਬੀਜ, ਸਪਰੇਅ ਅਤੇ ਮਸ਼ੀਨਰੀਆਂ ਵੇਚਣ ਵਾਲੇ ਮਾਲਾਮਾਲ ਹੋ ਗਏ ਪਰ ਅੰਨਦਾਤਾ ਸਿਰ ਚੜ੍ਹੀਆਂ ਕਰਜ਼ੇ ਦੀਆਂ ਪੰਡਾਂ ਨੇ ਪੀੜ੍ਹੀ ਦਰ ਪੀੜ੍ਹੀ ਕਿਸਾਨ ਪਰਿਵਾਰਾਂ ਨੂੰ ਕਰਨੈਲ ਸਿੰਘ ਦੇ ਟੱਬਰ ਵਾਂਗ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ ਜਿਸ ਕਰਕੇ ਵੱਸਦੇ ਪਰਿਵਾਰਾਂ ਦੇ ਘਰਾਂ ਨੂੰ ਹੁਣ ਜਿੰਦਰੇ ਵੱਜਣੇ ਸ਼ੁਰੂ ਹੋ ਗਏ ਹਨ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …