ਜਗਤਾਰ ਸਿੰਘ ਸਿੱਧੂ
ਮੇਰਾ ਸ਼ਹਿਰ ਉਦਾਸ ਹੈ। ਸ਼ਹਿਰ ਦੀਆਂ ਸੜਕਾਂ ਸੁੰਨਸਾਨ ਹਨ। ਭੀੜ ਭੜਕੇ ਵਾਲੀਆਂ ਸੜਕਾਂ ‘ਤੇ ਜਿੱਥੇ ਲਾਲ ਬੱਤੀ ਦੇਖ ਕੇ ਸਕੂਟਰ, ਮੋਟਰ ਸਾਈਕਲ, ਕਾਰਾਂ, ਆਟੋ ਰਿਕਸ਼ਾ ਅਤੇ ਬੱਸਾਂ ਵਾਲੇ ਮਜ਼ਬੂਰੀ ਵਿੱਚ ਰੁਕਦੇ ਸਨ। ਹਰੀ ਬੱਤੀ ਹੋਣ ‘ਤੇ ਇੱਕ ਦੂਜੇ ਨਾਲੋਂ ਅੱਗੇ ਲੰਘਣ ਲਈ ਕਾਹਲੇ ਪੈਂਦੇ ਸਨ। ਇੱਕ ਦੂਜੇ ਨੂੰ ਕਾਹਲ ਵਿੱਚ ਅੱਗੇ ਜਾਣ ਲਈ ਹਾਰਨ ਵਜਾਉਂਦੇ ਸਨ। ਹੁਣ ਉਹ ਬੱਤੀਆਂ ‘ਤੇ ਬੇ ਰੌਣਕੀ ਹੈ। ਦੂਰ ਦੂਰ ਤੱਕ ਸੜਕਾਂ ਖਾਲੀ ਹਨ। ਦਰਖਤਾਂ ਉਹਲੇ ਖੜ੍ਹੇ ਹੋ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਵਾਲੇ ਟ੍ਰੈਫਿਕ ਦਸਤੇ ਕਿਧਰੇ ਨਜ਼ਰ ਨਹੀਂ ਆਉਂਦੇ। ਅੱਜ ਦਾ ਦਿਨ ਤਾਂ ਐਤਵਾਰ ਹੈ। ਪ੍ਰਧਾਨ ਮੰਤਰੀ ਨੇ ਜਨਤਕ ਕਰਫਿਊ ਦਾ ਐਲਾਨ ਕੀਤਾ ਹੈ। ਖਦਸ਼ਾ ਤਾਂ ਇਹ ਹੈ ਕਿ ਇਹ ਐਤਵਾਰ ਹਫਤੇ ਦੇ ਸਾਰੇ ਦਿਨ ਹੀ ਨਾ ਨਿਗਲ ਜਾਵੇ।
ਸ਼ਹਿਰ ਦੇ ਖੂਬਸੂਰਤ ਪਾਰਕ : ਇਨ੍ਹਾਂ ਪਾਰਕਾਂ ਵਿੱਚ ਬਜ਼ੁਰਗ, ਬੱਚੇ ਤੇ ਨੌਜਵਾਨ ਇਕ ਦੂਜੇ ਨੂੰ ਪਿੱਛੇ ਛੱਡਦੇ ਸੈਰਾਂ ਕਰਦੇ ਹਨ। ਕੁਦਰਤ ਦੀ ਗੋਦ ਵਿੱਚ ਲੰਮੇ ਸਾਹ ਭਰਦੇ ਹਨ। ਖੁੱਲ੍ਹੇ ਅਸਮਾਨ ਹੇਠ ਕਸਰਤ ਕਰਦੇ ਹਨ। ਪਿਛਲੇ ਕਈ ਦਿਨਾਂ ਤੋਂ ਪਾਰਕ ਵੀ ਉਦਾਸ ਹੈ। ਉਹ ਰੌਣਕਾਂ, ਕਿਲਕਾਰੀਆਂ, ਹਾਸੇ ਅਤੇ ਲੰਮੇ ਸਾਹ ਲੈਣ ਵਾਲੇ ਯੋਗ ਆਸਨ ਕਰਨ ਵਾਲੇ ਗਾਇਬ ਹਨ। ਹਰ ਕੋਈ ਇਕ ਦੂਜੇ ਤੋਂ ਤ੍ਰਬਕ ਰਿਹਾ ਹੈ। ਕੇਵਲ ਪੰਛੀਆਂ ਦੀਆਂ ਅਵਾਜਾਂ ਸੁਣਾਈ ਦਿੰਦੀਆਂ ਹਨ। ਸ਼ਹਿਰ ਦੇ ਅੰਦਰਲੇ ਪਾਰਕਾਂ ਵਿੱਚ ਲੱਗੇ ਝੂਲਿਆਂ ‘ਤੇ ਬੱਚੇ ਇਕ ਦੂਜੇ ਨੂੰ ਧੱਕੇ ਦੇ ਕੇ ਪਹਿਲਾਂ ਵਾਰੀ ਲੈਣ ਦੀ ਕੋਸ਼ਿਸ਼ ‘ਚ ਲੜਦੇ ਹਨ। ਹੁਣ ਇਨ੍ਹਾਂ ਝੂਲਿਆਂ ‘ਤੇ ਬੱਚੇ ਬਹੁਤ ਘੱਟ ਆਉਂਦੇ ਹਨ ਅਤੇ ਅਕਸਰ ਉਦਾਸ ਝੂਲੇ ਨੰਨੇ ਹੱਥਾਂ ਦੀ ਛੋਹ ਨੂੰ ਤਰਸਦੇ ਹਵਾ ਵਿੱਚ ਲਟਕਦੇ ਰਹਿੰਦੇ ਹਨ। ਸ਼ਾਮ ਨੂੰ ਸੜਕਾਂ ‘ਤੇ ਬੱਚਿਆਂ ਦੇ ਸਾਈਕਲਾਂ ਦੀਆਂ ਦੌੜਾਂ ਗਾਇਬ ਹਨ। ਸਕੂਲ ਅਤੇ ਕਾਲਜ ਕਈ ਦਿਨਾਂ ਤੋਂ ਬੰਦ ਹਨ। ਬੱਚਿਆਂ ਨੂੰ ਲਿਆਉਣ ਵਾਲੀਆਂ ਬੱਸਾਂ ਸ਼ਾਂਤ ਕਿਧਰੇ ਸੁੰਨਸਾਨ ਖੜੀਆਂ ਹਨ। ਬੱਚਿਆਂ ਨੂੰ ਸਕੂਟਰਾਂ ਅਤੇ ਕਾਰਾਂ ‘ਤੇ ਵਧੇਰੇ ਕਾਹਲੀ ਵਿੱਚ ਇਕ ਦੂਜੇ ਤੋਂ ਅੱਗੇ ਲੰਘਣ ਵਾਲੇ ਮਾਪੇ ਹੁਣ ਫਿਕਰਮੰਦ ਹਨ ਕਿ ਉਨ੍ਹਾਂ ਦਾ ਬੱਚਾ ਕਿਸੇ ਗੁਆਂਢ ਦੇ ਬੱਚਿਆਂ ਨਾਲ ਖੇਡਣ ਤਾਂ ਨਹੀਂ ਚੱਲਿਆ ਗਿਆ? ਮਾਂ-ਪਿਉ ਟੀ.ਵੀ., ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਕੋਰੋਨਾਵਾਇਰਸ ਬਾਰੇ ਹਰ ਜਾਣਕਾਰੀ ‘ਤੇ ਨਜ਼ਰ ਰੱਖਦੇ ਹਨ ਅਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਪ੍ਰਿੰਟ ਮੀਡੀਆ ਦੇਸ਼ ਦੀ ਖਤਰਨਾਕ ਸਥਿਤੀ ਬਾਰੇ ਜਾਣਕਾਰੀ ਦਿੰਦਾ ਹੈ। ਟੀ.ਵੀ. ਚੈੱਨਲ ਬ੍ਰੇਕਿੰਗ ਨਿਊਜ਼ ਦਿੰਦੇ ਹਨ ਕਿ ਤੁਹਾਡੇ ਸ਼ਹਿਰ, ਸੂਬੇ ‘ਚ ਐਨੇ ਮਰੀਜ਼ ਇਸ ਬਿਮਾਰੀ ਦੇ ਹੋ ਗਏ ਹਨ ਅਤੇ ਐਨੇ ਮੌਤ ਦਾ ਸ਼ਿਕਾਰ ਹੋ ਗਏ ਹਨ। ਨਿਊਜ਼ ਦੇਣ ਵਾਲਾ ਐਂਕਰ ਜਦੋਂ ਖਤਰਨਾਕ ਖਬਰ ਦੀ ਜਾਣਕਾਰੀ ਦਿੰਦਾ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਨੇ ਮੱਥੇ ‘ਚ ਇੱਟ ਮਾਰ ਦਿੱਤੀ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਖਬਰ ਦੇਣ ਵਾਲਾ/ਖਬਰ ਲੈ ਕੇ ਆਉਣ ਵਾਲਾ ਪੱਤਰਕਾਰ ਆਪਣੀ ਜਾਨ ਖਤਰੇ ‘ਚ ਪਾ ਕੇ ਆਪਣੀ ਪ੍ਰੋਫੈਸ਼ਨਲ ਡਿਊਟੀ ਨਿਭਾ ਰਿਹਾ ਹੈ। ਡਾਕਟਰਾਂ ਵਾਂਗ ਇਹ ਕਿੱਤਾ ਵੀ ਉਸ ਨੇ ਆਪਣੀ ਮਰਜੀ ਨਾਲ ਚੁਣਿਆ ਅਤੇ ਪਹਿਰੇਦਾਰ ਬਣ ਕੇ ਖੜ੍ਹਾ ਹੈ।
ਜਦੋਂ ਗੱਲ ਕਿੱਤੇ ਦੀ ਕਰਦੇ ਹਾਂ ਤਾਂ ਮੇਰੇ ਸ਼ਹਿਰ ਵਰਗੇ ਹਰ ਸ਼ਹਿਰ ਵਿੱਚ ਲੇਬਰ ਚੌਕ ਹਨ। ਰੁਜ਼ਗਾਰ ਦੀ ਭਾਲ ਵਿੱਚ ਜੁੜਦੇ ਮਜ਼ਦੂਰਾਂ ਨੂੰ ਹੁਣ ਕੋਈ ਲੈਣ ਨਹੀਂ ਆਉਂਦਾ। ਨਿੱਤ ਜੱਦੋ-ਜਹਿਦ ਕਰਕੇ ਟੱਬਰ ਪਾਲਣ ਵਾਲੇ ਦਿਹਾੜੀਦਾਰਾਂ ਨਾਲ ਕੀ ਬੀਤੇਗੀ? ਉਨ੍ਹਾਂ ਵਿਚੋਂ ਕਿੰਨੇ ਕੋਰੋਨਾਵਾਇਰਸ ਕਰਕੇ ਨਹੀਂ ਸਗੋਂ ਭੁੱਖਮਰੀ ਨਾਲ ਮਰ ਜਾਣਗੇ? ਮੇਰੇ ਦੇਸ਼ ਦੇ ਸਿਸਟਮ ਵਿੱਚ ਇਨ੍ਹਾਂ ਮੌਤਾਂ ਦੀ ਕੋਈ ਗਿਣਤੀ ਨਹੀਂ ਹੋਵੇਗੀ? ਕਿੰਨੇ ਹੋਰ ਭਿਆਨਕ ਬਿਮਾਰੀਆਂ ਨਾਲ ਮਰ ਜਾਣਗੇ? ਇਸ ਦਾ ਕਿਧਰੇ ਜ਼ਿਕਰ ਨਹੀਂ ਹੋਵੇਗਾ? ਮੇਰੀ ਇਕ ਡਿਬੇਟ ‘ਤੇ ਸਨਅਤਕਾਰਾਂ ਦੀ ਸੰਸਥਾ ਦਾ ਆਇਆ ਸਨਅਤਕਾਰ ਆਖ ਰਿਹਾ ਹੈ ਕਿ ਜੇਕਰ ਸਥਿਤੀ ਕੁਝ ਦਿਨ ਹੋਰ ਇਸ ਤਰ੍ਹਾਂ ਬਣੀ ਰਹੀ ਤਾਂ ਛੋਟੀਆਂ/ਵੱਡੀਆਂ ਸਨਅਤਾਂ ਦੇ ਤਬਾਹ ਹੋ ਜਾਣ ਦਾ ਡਰ ਹੈ। ਇਸੇ ਤਰ੍ਹਾਂ ਹੋਰ ਛੋਟੇ ਵੱਡੇ ਹਜ਼ਾਰਾਂ ਕਾਰੋਬਾਰ ਹਨ। ਉਨ੍ਹਾਂ ਦੇ ਕਾਮਿਆਂ ਦਾ ਕੀ ਬਣੇਗਾ? ਪ੍ਰਧਾਨ ਮੰਤਰੀ ਵੱਲੋਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਜਨਤਾ ਕਰਫਿਊ ਤਾਂ ਚੰਗੀ ਗੱਲ ਹੈ ਪਰ ਇਸ ਦੇਸ਼ ਦੇ ਆਗੂਆਂ ਨੇ ਕਦੇ ਇਹ ਸੋਚਿਆ ਹੈ ਕਿ ਜਿਉਂਦੇ ਲੋਕਾਂ ਨੂੰ ਸਹੀ ਢੰਗ ਨਾਲ ਜਿਉਂਦੇ ਰੱਖਣ ਲਈ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਸਕੇ? ਜੇ ਅੱਜ ਦੇਸ਼ ਦੇ ਆਮ ਲੋਕਾਂ ਕੋਲ ਬੁਨਿਆਦੀ ਸਹੂਲਤਾਂ ਹੁੰਦੀਆਂ ਤਾਂ ਉਨ੍ਹਾਂ ਨੂੰ ਜਨਤਾ ਕਰਫਿਊ ਦੇ ਦਿਨ ਹੋਰ ਲੰਮੇ ਹੋਣ ਕਰਕੇ ਵੀ ਕੋਈ ਮੁਸੀਬਤ ਨਹੀਂ ਆਉਣੀ ਸੀ। ਸਰਕਾਰਾਂ ਐਨੇ ਯੋਗੀਆਂ ਵੀ ਨਹੀਂ ਹਨ ਕਿ ਕੁਝ ਦਿਨ ਰੁਜ਼ਗਾਰ ਨਾ ਮਿਲਣ ਕਾਰਨ ਆਪਣੇ ਲੋਕਾਂ ਨੂੰ ਜ਼ਰੂਰੀ ਲੋੜ੍ਹਾਂ ਦੀਆਂ ਮੁਸ਼ਕਲਾਂ ਨਾ ਆਉਣ ਦੇਣ। ਸਾਰੇ ਡਾਕਟਰ ਅਤੇ ਮਾਹਿਰ ਆਖ ਰਹੇ ਹਨ ਕਿ ਘਰਾਂ ਵਿੱਚ ਬੰਦ ਰਹਿ ਕੇ ਹੀ ਇਸ ਖਤਰਨਾਕ ਬਿਮਾਰੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਹ ਸਹੀ ਵੀ ਹੈ ਕਿਉਂ ਜੋ ਸਿਹਤ ਸਹੂਲਤਾਂ ਦਾ ਬੁਨਿਆਦੀ ਢਾਂਚਾ ਐਨਾ ਨਾਕਸ ਹੈ ਕਿ ਵੱਡੇ ਖਤਰੇ ਦਾ ਟਾਕਰਾ ਕਰਨ ਦੇ ਸਮਰਥ ਹੀ ਨਹੀਂ। ਇਸ ਮੁਲਕ ਵਿੱਚ ਤਾਂ ਕਿਸਾਨ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕਣਾ ਮੁਸ਼ਕਲ ਹੋ ਗਿਆ ਹੈ ਕਿਉਂ ਜੋ ਉਸ ਨੂੰ ਮੁਲਕ ਜਿਉਣ ਲਈ ਘੱਟੋ ਘੱਟ ਆਮਦਨ ਨਹੀਂ ਮੁਹੱਈਆ ਕਰਵਾ ਸਕਿਆ। ਨੌਜਵਾਨ ਵਿਦੇਸ਼ ਜਾ ਰਹੇ ਹਨ ਕਿਉਂ ਜੋ ਰੁਜ਼ਗਾਰ ਨਹੀਂ। ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਅਤੇ ਕੁਦਰਤੀ ਆਫਤਾਂ ਨਾਲ ਜੂਝਣਾ ਅਤੇ ਜਿੱਤ ਹਾਸਲ ਕਰਨੀ ਸਮੇਂ ਦੀ ਲੋੜ ਹੈ। ਸਾਡੇ ਵੱਡੇ ਵਡੇਰੇ ਵੀ ਇਨ੍ਹਾਂ ਆਫਤਾਂ ਦਾ ਸਾਹਮਣਾ ਕਰਦੇ ਵੀ ਆਏ ਹਨ। ਨਰੋਆ ਅਤੇ ਤੰਦਰੁਸਤ ਸਮਾਜ ਹੀ ਇਨ੍ਹਾਂ ਆਫਤਾਂ ਦਾ ਜੁਆਬ ਹੈ। ਦਹਿਸ਼ਤ ਦੇ ਟਾਕਰੇ ਲਈ ਲਾਕਡਾਊਨ (ਮੁਕੰਮਲ ਨਾਕਾਬੰਦੀ) ਕਰਨਾ ਚੰਗੀ ਗੱਲ ਹੈ ਪਰ ਤੰਦਰੁਸਤ ਸਮਾਜ ਹੀ ਇਸ ਦਾ ਸਹੀ ਜੁਆਬ ਹੈ।
ਗੱਲ ਇੱਕ ਸ਼ਹਿਰ ਦੀ ਨਹੀਂ ਅਤੇ ਨਾ ਹੀ ਇੱਕ ਪਿੰਡ ਦੀ ਹੈ। ਜਦੋਂ ਜ਼ਹਿਰੀਲੀ ਹਨ੍ਹੇਰੀ ਝੂਲਦੀ ਹੈ ਤਾਂ ਸ਼ਹਿਰ ਅਤੇ ਪਿੰਡ ਸਾਰੇ ਉਸ ਦੀ ਲਪੇਟ ‘ਚ ਆਉਂਦੇ ਹਨ। ਪੂਰਾ ਦੇਸ਼ ਲਪੇਟ ‘ਚ ਆਉਂਦਾ ਹੈ ਅਤੇ ਹੁਣ ਤਾਂ ਦੁਨੀਆ ਇਕ ਦੂਜੇ ਦੇ ਐਨੀ ਨਜ਼ਦੀਕ ਆ ਗਈ ਹੈ ਕਿ ਸਾਰੀ ਮਾਨਵਤਾ ਇਸ ਦੀ ਲਪੇਟ ‘ਚ ਆਉਂਦੀ ਹੈ। ਪਤਝੜ ਤਾਂ ਕਿਸੇ ਮੁਲਕ ਦੀ ਹੋਵੇ ਰੁੱਖ ਤਾਂ ਰੁੰਡ ਮਰੁੰਡ ਹੁੰਦੇ ਹਨ!
ਅੱਜ ਜਨਤਾ ਕਰਫਿਊ ਹੈ। ਮੈਂ ਘਰ ਦੇ ਬਾਹਰ ਖੜ੍ਹਾ ਆਪਣੇ ਘਰ ਅੱਗੋਂ ਲੰਘਦੀ ਸੁੰਨਸਾਨ ਸੜਕ ਨੂੰ ਦੇਖ ਰਿਹਾ ਹਾਂ। ਸੜਕ ਦੇ ਕਿਨਾਰੇ ‘ਤੇ ਲੱਗੇ ਸ਼ਹਿਤੂਤ ਦੇ ਦਰੱਖਤ, ਹਰੀਆਂ ਕਚੂਚ ਕੁਲੀਆਂ ਕੁਲੀਆਂ ਕਰੂੰਬਲਾਂ ਨਾਲ ਭਰੇ ਪਏ ਹਨ। ਪਤਝੜ ਦੇ ਬਾਅਦ ਬਹਾਰ ਜ਼ਰੂਰ ਆਉਂਦੀ ਹੈ। ਮੇਰੇ ਸ਼ਹਿਰ ਦੀਆਂ ਸੜਕਾਂ ‘ਤੇ ਵੀ ਗੱਡੀਆਂ ਦੌੜਣਗੀਆਂ, ਪਾਰਕਾਂ ਵਿੱਚ ਰੌਣਕਾਂ ਲੱਗਣਗੀਆਂ, ਕਾਰਖਾਨਿਆਂ, ਬਜ਼ਾਰਾਂ ਵਿੱਚ ਜ਼ਿੰਦਗੀ ਧੜਕੇਗੀ ਅਤੇ ਸਕੂਲ ਮੁੜ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਚਹਿਚਹਾ ਉੱਠਣਗੇ।
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …