Breaking News
Home / Special Story / ਚੰਦਰਯਾਨ-3 ਉਤਰਨ ਵਾਲੀ ਥਾਂ ਦਾ ਨਾਮ ‘ਸ਼ਿਵ ਸ਼ਕਤੀ ਕੇਂਦਰ’ ਹੋਵੇਗਾ: ਨਰਿੰਦਰ ਮੋਦੀ

ਚੰਦਰਯਾਨ-3 ਉਤਰਨ ਵਾਲੀ ਥਾਂ ਦਾ ਨਾਮ ‘ਸ਼ਿਵ ਸ਼ਕਤੀ ਕੇਂਦਰ’ ਹੋਵੇਗਾ: ਨਰਿੰਦਰ ਮੋਦੀ

ਇਸਰੋ ਦੇ ਵਿਗਿਆਨੀਆਂ ਨੂੰ ਸਲਾਮ ਕਰਦਿਆਂ ਭਾਵੁਕ ਹੋਏ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਨੇ , 23 ਅਗਸਤ ਨੂੰ ‘ਕੌਮੀ ਪੁਲਾੜ ਦਿਵਸ’ ਵੀ ਐਲਾਨਿਆ
ਬੰਗਲੂਰੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਚੰਦਰਯਾਨ-3 ਦਾ ਲੈਂਡਰ ਚੰਦ ਦੀ ਸਤਹਿ ‘ਤੇ ਜਿਸ ਥਾਂ ਉਪਰ ਉਤਰਿਆ ਹੈ, ਉਸ ਦਾ ਨਾਮ ‘ਸ਼ਿਵ ਸ਼ਕਤੀ ਕੇਂਦਰ’ ਹੋਵੇਗਾ ਜੋ ਕਲਿਆਣ ਅਤੇ ਤਾਕਤ ਦਾ ਸੁਮੇਲ ਹੈ। ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਮਗਰੋਂ ਮੋਦੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨਾਲ ਮਿਲਣ ਲਈ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਸਿੱਧੇ ਬੰਗਲੂਰੂ ਪੁੱਜੇ ਅਤੇ ਉਨ੍ਹਾਂ ਐਲਾਨ ਕੀਤਾ ਕਿ ਜਿਸ ਥਾਂ ‘ਤੇ ਲੈਂਡਰ ‘ਵਿਕਰਮ’ ਉਤਰਿਆ ਸੀ, ਉਸ ਦਾ ਨਾਮ ਸ਼ਿਵ ਸ਼ਕਤੀ ਪੁਆਇੰਟ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਨੂੰ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਇਤਿਹਾਸ ਦਾ ਬੇਮਿਸਾਲ ਪਲ ਕਰਾਰ ਦਿੱਤਾ। ਮੋਦੀ ਇਥੇ ਸਥਿਤ ਇਸਰੋ ਟੈਲੀਮੀਟਰੀ ਟਰੈਕਿੰਗ ਐਂਡ ਕਮਾਂਡ ਨੈੱਟਵਰਕ ‘ਚ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਚੰਦ ਦੀ ਸਤਹਿ ‘ਤੇ ਜਿਸ ਸਥਾਨ ਉਪਰ ਚੰਦਰਯਾਨ-2 ਨੇ 2019 ‘ਚ ਆਪਣੀ ਪੈੜ ਛੱਡੀ ਸੀ, ਉਸ ਨੂੰ ‘ਤਿਰੰਗਾ ਪੁਆਇੰਟ’ ਦੇ ਨਾਮ ਨਾਲ ਜਾਣਿਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ”ਸਤਹਿ ‘ਤੇ ਉਤਰਨ ਦੀ ਥਾਂ ਦਾ ਨਾਮਕਰਣ ਕਰਨ ਦੀ ਵਿਗਿਆਨਕ ਰਵਾਇਤ ਰਹੀ ਹੈ। ਸ਼ਿਵ ‘ਚ ਮਨੁੱਖਤਾ ਦੀ ਭਲਾਈ ਦਾ ਪ੍ਰਣ ਜੁੜਿਆ ਹੋਇਆ ਅਤੇ ਸ਼ਕਤੀ ਤੋਂ ਸਾਨੂੰ ਪ੍ਰਣ ਪੂਰਾ ਕਰਨ ਦੀ ਤਾਕਤ ਮਿਲਦੀ ਹੈ। ਚੰਦ ਦਾ ਸ਼ਿਵਸ਼ਕਤੀ ਪੁਆਇੰਟ ਹਿਮਾਲਿਆ ਦੇ ਕੰਨਿਆਕੁਮਾਰੀ ਨਾਲ ਜੁੜੇ ਹੋਣ ਦਾ ਅਹਿਸਾਸ ਕਰਾਉਂਦਾ ਹੈ।” ਚੰਦਰਯਾਨ-3 ਦੀ ਸਫ਼ਲਤਾ ‘ਚ ਮਹਿਲਾ ਵਿਗਿਆਨੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਨਾਰੀ ਸ਼ਕਤੀ ਨੇ ਵੱਡੀ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ 23 ਅਗਸਤ ਨੂੰ ‘ਕੌਮੀ ਪੁਲਾੜ ਦਿਵਸ’ ਵੀ ਐਲਾਨਿਆ ਅਤੇ ਕਿਹਾ ਕਿ ਇਹ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਵਿਗਿਆਨਕ ਢੰਗ ਨਾਲ ਅਧਿਐਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,”ਮੈਂ ਤੁਹਾਨੂੰ ਮਿਲਣ ਅਤੇ ਤੁਹਾਡੀ ਮਿਹਨਤ, ਸਮਰਪਣ, ਹੌਸਲੇ, ਲਗਨ ਅਤੇ ਜਜ਼ਬੇ ਨੂੰ ਸਲਾਮ ਕਰਨ ਲਈ ਬੇਚੈਨ ਸੀ।” ਪ੍ਰਧਾਨ ਮੰਤਰੀ ਦੇ ਸਵਾਗਤ ਲਈ ਐੱਚਏਐੱਲ ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਇਕੱਠੇ ਸਨ। ਇਨ੍ਹਾਂ ‘ਚੋਂ ਕਈਆਂ ਨੇ ਹੱਥਾਂ ‘ਚ ਤਿਰੰਗਾ ਫੜਿਆ ਹੋਇਆ ਸੀ।
ਮੋਦੀ ਨੇ ਕੁਝ ਦੂਰੀ ਤੱਕ ਰੋਡ ਸ਼ੋਅ ਵੀ ਕੀਤਾ ਅਤੇ ਇਸ ਦੌਰਾਨ ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ਨਾਅਰੇ ਲਾਏ। ਆਈਐੱਸਟੀਆਰਸੀ ‘ਚ ਇਸਰੋ ਚੇਅਰਮੈਨ ਐੱਸ ਸੋਮਨਾਥ ਨੇ ਮੋਦੀ ਨੂੰ ਚੰਦਰਯਾਨ-3 ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਦਿੱਲੀ ਹਵਾਈ ਅੱਡੇ ‘ਤੇ ਭਾਜਪਾ ਵੱਲੋਂ ਕਰਾਏ ਗਏ ਸਮਾਗਮ ‘ਚ ਮੋਦੀ ਨੇ ਕਿਹਾ ਕਿ ਨੌਜਵਾਨਾਂ ਦੀ ਵਿਗਿਆਨਕ ਜਿਗਿਆਸਾ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਸਰੋ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ‘ਸ਼ਾਸਨ ‘ਚ ਪੁਲਾੜ ਤਕਨਾਲੋਜੀ’ ਬਾਰੇ ਕੌਮੀ ਹੈਕਾਥੌਨ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਪਹਿਲੀ ਸਤੰਬਰ ਤੋਂ ਭਾਰਤ ਸਰਕਾਰ ਦੇ ਪੋਰਟਲ ‘ਮਾਈਜੀਓਵੀ’ ਵੱਲੋਂ ਚੰਦਰਯਾਨ ਮਿਸ਼ਨ ਬਾਰੇ ਕਰਵਾਏ ਜਾ ਰਹੇ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ‘ਚ ਹਿੱਸਾ ਲੈਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ,”ਅਸੀਂ ਉਥੇ ਪਹੁੰਚੇ ਹਾਂ ਜਿਥੇ ਕੋਈ ਨਹੀਂ ਪੁੱਜਿਆ ਹੈ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਇਹ ਅੱਜ ਦਾ ਭਾਰਤ ਹੈ, ਨਿਰਭਯ ਭਾਰਤ, ਜੁਝਾਰੂ ਭਾਰਤ।”
ਮੋਦੀ ਨੇ ਕਿਹਾ ਕਿ ਅੱਜ ਵਪਾਰ ਤੋਂ ਲੈ ਕੇ ਤਕਨਾਲੋਜੀ ਤੱਕ ਭਾਰਤ ਦੀ ਗਿਣਤੀ ਪਹਿਲੀ ਕਤਾਰ ‘ਚ ਖੜ੍ਹੇ ਮੁਲਕਾਂ ‘ਚ ਹੋ ਰਹੀ ਹੈ। ‘ਤੀਜੀ ਕਤਾਰ ਤੋਂ ਪਹਿਲੀ ਕਤਾਰ’ ਤੱਕ ਪਹੁੰਚਣ ਦੇ ਸਫ਼ਰ ‘ਚ ਸਾਡੀਆਂ ਇਸਰੋ ਵਰਗੀਆਂ ਸੰਸਥਾਵਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਸਰੋ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ‘ਮੇਕ ਇਨ ਇੰਡੀਆ’ ਨੂੰ ਚੰਦਰਮਾ ਤੱਕ ਲੈ ਗਿਆ ਹੈ।
ਇਸਰੋ ਵੱਲੋਂ ਚੰਦ ਦੀ ਸਤਹਿ ‘ਤੇ ਮਾਪੀ ਗਈ ਤਾਪਮਾਨ ਭਿੰਨਤਾ ਦਾ ਗ੍ਰਾਫ਼ ਜਾਰੀ
ਤਾਪਮਾਨ 70 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨਾਲ ਲੱਗੇ ‘ਚੇਸਟ’ ਪੇਲੋਡ ਵੱਲੋਂ ਚੰਦ ਦੀ ਸਤਹਿ ‘ਤੇ ਮਾਪੀ ਗਈ ਤਾਪਮਾਨ ਭਿੰਨਤਾ ਦਾ ਇਕ ਗ੍ਰਾਫ਼ ਐਤਵਾਰ ਨੂੰ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਚੰਨ ਦੀ ਸਤਹਿ ‘ਤੇ ਵੱਧ ਤੋਂ ਵੱਧ 70 ਡਿਗਰੀ ਸੈਂਟੀਗਰੇਡ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਪੁਲਾੜ ਏਜੰਸੀ ਮੁਤਾਬਕ ‘ਚੰਦਰ ਸਰਫੇਸ ਥਰਮੋਫਿਜ਼ੀਕਲ ਐਕਸਪੈਰੀਮੈਂਟ’ (ਚੇਸਟ) ਨੇ ਚੰਦ ਦੀ ਸਤਹਿ ਦੇ ਤਾਪਮਾਨ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦਰਮਾ ਦੀ ਉਪਰਲੀ ਮਿੱਟੀ ਦਾ ਤਾਪਮਾਨ ਮਾਪਿਆ। ਇਸਰੋ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਵਿਕਰਮ ਲੈਂਡਰ ‘ਤੇ ਚੇਸਟ ਪੇਲੋਡ ਦਾ ਪਹਿਲਾ ਨਿਰੀਖਣ ਪੇਸ਼ ਹੈ। ਚੰਦ ਦੀ ਸਤਹਿ ਦੇ ਤਾਪਮਾਨ ਨੂੰ ਸਮਝਣ ਲਈ ਚੇਸਟ ਨੇ ਧਰੁਵ ਦੇ ਚਾਰੇ ਪਾਸੇ ਚੰਦਰਮਾ ਦੀ ਉਪਰਲੀ ਮਿੱਟੀ ਦੇ ਤਾਪਮਾਨ ਨੂੰ ਮਾਪਿਆ।” ਪੇਲੋਡ ‘ਚ ਤਾਪਮਾਨ ਨੂੰ ਮਾਪਣ ਦਾ ਇਕ ਉਪਕਰਣ ਲੱਗਾ ਹੋਇਆ ਹੈ ਜੋ ਸਤਹਿ ਦੇ ਹੇਠਾਂ 10 ਸੈਂਟੀਮੀਟਰ ਦੀ ਡੂੰਘਾਈ ਤੱਕ ਪਹੁੰਚਣ ਦੇ ਸਮਰੱਥ ਹੈ। ਇਸਰੋ ਨੇ ਕਿਹਾ ਕਿ ਇਸ ‘ਚ 10 ਤਾਪਮਾਨ ਸੈਂਸਰ ਲੱਗੇ ਹੋਏ ਹਨ। ਪੇਸ਼ ਕੀਤਾ ਗਿਆ ਗ੍ਰਾਫ ਵੱਖ ਵੱਖ ਡੂੰਘਾਈ ‘ਤੇ ਚੰਦ ਸਤਹਿ/ਕਰੀਬੀ ਸਤਹਿ ਦੀ ਤਾਪਮਾਨ ਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਸਥਾਰ ਨਾਲ ਪੜਚੋਲ ਜਾਰੀ ਹੈ। ਪੇਲੋਡ ਨੂੰ ਫਿਜ਼ੀਕਲ ਰਿਸਰਚ ਲੈਬਾਰਟਰੀ ਅਹਿਮਦਾਬਾਦ ਦੇ ਸਹਿਯੋਗ ਨਾਲ ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੀ ਸਪੇਸ ਫਿਜਿਕਸ ਲੈਬਾਰਟਰੀ ਦੀ ਅਗਵਾਈ ਹੇਠਲੀ ਇਕ ਟੀਮ ਵੱਲੋਂ ਵਿਕਸਤ ਕੀਤਾ ਗਿਆ ਸੀ। ਚੰਦਰਯਾਨ-3 ਦਾ ਲੈਂਡਰ ਮਾਡਿਊਲ ਬੁੱਧਵਾਰ ਨੂੰ ਚੰਦ ਦੀ ਸਤਹਿ ‘ਤੇ ਉਤਰਨ ਮਗਰੋਂ ਭਾਰਤ ਨੇ ਇਤਿਹਾਸ ਸਿਰਜ ਦਿੱਤਾ ਸੀ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਭਾਰਤ ਚੌਥਾ ਮੁਲਕ ਬਣ ਗਿਆ ਹੈ। ਉਂਜ ਚੰਦ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ ਹੈ। ਭਾਰਤ ਦੀ ਇਸ ਪ੍ਰਾਪਤੀ ‘ਤੇ ਹੋਰ ਮੁਲਕਾਂ ਨੇ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਹੈ।
‘ਚੰਦਰਯਾਨ ਮਿਸ਼ਨ ਨਵੇਂ ਭਾਰਤ ਦੀ ਹਰ ਹਾਲ ‘ਚ ਜਿੱਤਣ ਦੀ ਭਾਵਨਾ ਦਾ ਪ੍ਰਤੀਕ ਬਣਿਆ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-3 ਦੀ ਸਫ਼ਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਇਸ ਮਿਸ਼ਨ ਨੇ ਸਾਬਿਤ ਕਰ ਦਿੱਤਾ ਹੈ ਕਿ ਪ੍ਰਣ ਦੇ ਕੁਝ ਸੂਰਜ ਚੰਦ ‘ਤੇ ਵੀ ਉਗਦੇ ਹਨ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਨਵੇਂ ਭਾਰਤ ਦੀ ਉਸ ਭਾਵਨਾ ਦਾ ਪ੍ਰਤੀਕ ਬਣ ਗਿਆ ਹੈ, ਜੋ ਹਰ ਹਾਲ ‘ਚ ਜਿੱਤਣਾ ਚਾਹੁੰਦਾ ਹੈ। ਉਨ੍ਹਾਂ ਚੰਦਰਯਾਨ ਮਿਸ਼ਨ ਨੂੰ ਨਾਰੀ ਸ਼ਕਤੀ ਦੀ ਜਿਊਂਦੀ ਜਾਗਦੀ ਮਿਸਾਲ ਦੱਸਿਆ।
ਆਕਾਸ਼ਵਾਣੀ ‘ਤੇ ਪ੍ਰਸਾਰਿਤ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 104ਵੀਂ ਲੜੀ ‘ਚ ਆਪਣੇ ਵਿਚਾਰ ਸਾਂਝੇ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੀਆਂ ਧੀਆਂ ਹੁਣ ਪੁਲਾੜ ਨੂੰ ਵੀ ਚੁਣੌਤੀ ਦੇ ਰਹੀਆਂ ਹਨ। ‘ਜਦੋਂ ਦੇਸ਼ ਦੀਆਂ ਧੀਆਂ ਵੱਡੀਆਂ ਖਾਹਿਸ਼ਾਂ ਰੱਖਣ ਤਾਂ ਦੇਸ਼ ਨੂੰ ਵਿਕਸਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਹੈ।
ਚੰਦਰਯਾਨ-3 ਮਿਸ਼ਨ ਦੇ ਦੋ ਉਦੇਸ਼ ਹਾਸਲ ਕੀਤੇ : ਇਸਰੋ
ਬੰਗਲੂਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਦੇ ਤਿੰਨ ‘ਚੋਂ ਦੋ ਉਦੇਸ਼ ਹਾਸਲ ਕਰ ਲਏ ਗਏ ਹਨ ਜਦਕਿ ਤੀਜੇ ਉਦੇਸ਼ ਤਹਿਤ ਵਿਗਿਆਨਕ ਪ੍ਰਯੋਗ ਜਾਰੀ ਹਨ। ਇਸਰੋ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਦੇ ਸਾਰੇ ਪੇਲੋਡ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਇਸਰੋ ਨੇ ‘ਐਕਸ’ ‘ਤੇ ਪੋਸਟ ਪਾਉਂਦਿਆਂ ਕਿਹਾ, ”ਚੰਦਰਯਾਨ-3 ਮਿਸ਼ਨ: ਮਿਸ਼ਨ ਦੇ ਤਿੰਨ ਉਦੇਸ਼ਾਂ ‘ਚੋਂ, ਚੰਦ ਦੀ ਸਤਹਿ ‘ਤੇ ਸੁਰੱਖਿਅਤ ਅਤੇ ਸਾਫ਼ਟ ਲੈਂਡਿੰਗ ਦਾ ਪ੍ਰਦਰਸ਼ਨ ਪੂਰਾ ਹੋ ਗਿਆ ਹੈ।
ਚੰਦ ‘ਤੇ ਰੋਵਰ ਦੇ ਘੁੰਮਣ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ। ਤੀਜੇ ਉਦੇਸ਼ ਤਹਿਤ ਵਿਗਿਆਨਕ ਪ੍ਰਯੋਗ ਜਾਰੀ ਹਨ। ਸਾਰੇ ਪੇਲੋਡ ਸਹੀ ਢੰਗ ਨਾਲ ਕੰਮ ਕਰ ਰਹੇ ਹਨ।”
ਵਧੇਰੇ ਤਾਪਮਾਨ ‘ਤੇ ਇਸਰੋ ਵਿਗਿਆਨੀ ਨੇ ਹੈਰਾਨੀ ਜਤਾਈ
ਬੰਗਲੂਰੂ: ਪੁਲਾੜ ਏਜੰਸੀ ਦੇ ਇਕ ਸੀਨੀਅਰ ਵਿਗਿਆਨੀ ਬੀ ਐੱਚ ਐੱਮ ਦਾਰੂਕੇਸ਼ਾ ਨੇ ਚੰਦ ‘ਤੇ ਵਧੇਰੇ ਤਾਪਮਾਨ ਦਰਜ ਹੋਣ ‘ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ,”ਅਸੀਂ ਸਾਰਿਆਂ ਨੇ ਸੋਚਿਆ ਸੀ ਕਿ ਸਤਹਿ ‘ਤੇ ਤਾਪਮਾਨ ਕਿਤੇ 20 ਤੋਂ 30 ਡਿਗਰੀ ਸੈਂਟੀਗਰੇਡ ਹੋਵੇਗਾ ਪਰ ਇਹ 70 ਡਿਗਰੀ ਸੈਂਟੀਗਰੇਡ ਹੈ। ਇਹ ਸਾਡੀ ਆਸ ਨਾਲੋਂ ਬਹੁਤ ਜ਼ਿਆਦਾ ਹੈ।” ਉਨ੍ਹਾਂ ਕਿਹਾ ਕਿ ਜਦੋਂ ਅਸੀਂ ਧਰਤੀ ਦੇ ਅੰਦਰ ਦੋ ਤੋਂ ਤਿੰਨ ਸੈਂਟੀਮੀਟਰ ਤੱਕ ਜਾਂਦੇ ਹਾਂ, ਤਾਂ ਸਾਨੂੰ ਦੋ ਤੋਂ ਤਿੰਨ ਡਿਗਰੀ ਸੈਂਟੀਗਰੇਡ ਭਿੰਨਤਾ ਘੱਟ ਹੀ ਦਿਖਾਈ ਦਿੰਦੀ ਹੈ ਜਦੋਂ ਕਿ ਉੱਥੇ (ਚੰਨ ਵਿੱਚ) ਇਹ ਲਗਭਗ 50 ਡਿਗਰੀ ਸੈਂਟੀਗਰੇਡ ਭਿੰਨਤਾ ਹੈ ਜੋ ਦਿਲਚਸਪ ਗੱਲ ਹੈ। ਚੰਦਰਮਾ ਦੀ ਸਤਹਿ ਤੋਂ ਹੇਠਾਂ ਤਾਪਮਾਨ ਮਾਈਨਸ 10 ਡਿਗਰੀ ਸੈਲਸੀਅਸ ਤੱਕ ਡਿਗ ਜਾਂਦਾ ਹੈ। ਸੀਨੀਅਰ ਵਿਗਿਆਨੀ ਨੇ ਕਿਹਾ ਕਿ ਇਹ ਭਿੰਨਤਾ 70 ਡਿਗਰੀ ਸੈਲਸੀਅਸ ਤੋਂ ਮਨਫ਼ੀ 10 ਡਿਗਰੀ ਸੈਲਸੀਅਸ ਤੱਕ ਹੈ।
ਚੰਦਰਯਾਨ ਦੇ ਰੋਵਰ ਵੱਲੋਂ ਚੰਦ ‘ਤੇ ਸਲਫਰ ਹੋਣ ਦੀ ਪੁਸ਼ਟੀ: ਇਸਰੋ
ਚੰਦਰਯਾਨ-3 ਦੇ ‘ਪ੍ਰਗਯਾਨ’ ਰੋਵਰ ‘ਤੇ ਲੱਗੇ ਲੇਜ਼ਰ ਨਾਲ ਲੈਸ ਬ੍ਰੇਕਡਾਊਨ ਸਪੈਕਟਰੋਸਕੋਪ ਉਪਕਰਨ ਨੇ ਚੰਦ ਦੇ ਧਰਾਤਲ ਉਤੇ ਦੱਖਣੀ ਧਰੁਵ ਲਾਗੇ ਸਪੱਸ਼ਟ ਰੂਪ ਵਿਚ ਸਲਫਰ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਉਪਕਰਨ ਨੇ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕਰੋਮੀਅਮ, ਟਾਈਟੇਨੀਅਮ, ਮੈਗਨੀਜ਼, ਸਿਲੀਕੌਨ ਤੇ ਆਕਸੀਜ਼ਨ ਵੀ ਲੱਭੇ ਹਨ। ਇਸਰੋ ਨੇ ਇਕ ਮੀਡੀਆ ਪੋਸਟ ਵਿਚ ਕਿਹਾ ਕਿ ਵਿਗਿਆਨਕ ਤਜਰਬੇ ਜਾਰੀ ਹਨ, ਤੇ ਰੋਵਰ ਹਾਈਡ੍ਰੋਜਨ ਦੀ ਭਾਲ ਕਰ ਰਿਹਾ ਹੈ। ਦੱਸਣਯੋਗ ਹੈ ਕਿ ਬ੍ਰੇਕਡਾਊਨ ਸਪੈਕਟਰੋਸਕੋਪ ਬੰਗਲੂਰੂ ਸਥਿਤ ਲੈਬ ਵਿਚ ਵਿਕਸਿਤ ਕੀਤਾ ਗਿਆ ਹੈ।
ਆਦਿੱਤਿਆ-ਐੱਲ1 ਦੀ ਲਾਂਚਿੰਗ 2 ਨੂੰ
ਇਸਰੋ ਨੇ ਸੂਰਜ ਦੇ ਅਧਿਐਨ ਦੀ ਕੀਤੀ ਤਿਆਰੀ
ਬੰਗਲੂਰੂ : ਚੰਦਰਯਾਨ-3 ਮਿਸ਼ਨ ਦੀ ਸਫਲਤਾ ਮਗਰੋਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਲਾਨ ਕੀਤਾ ਕਿ ਸੂਰਜ ਦੇ ਅਧਿਐਨ ਲਈ ਭਾਰਤ ਦਾ ਪਹਿਲਾ ਸੋਲਰ ਮਿਸ਼ਨ ‘ਆਦਿੱਤਿਆ-ਐੱਲ1’ 2 ਸਤੰਬਰ ਨੂੰ 11 ਵਜ ਕੇ 50 ਮਿੰਟ ‘ਤੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ।
ਆਦਿੱਤਿਆ-ਐੱਲ ਪੁਲਾੜ ਵਾਹਨ ਨੂੰ ਸੋਲਰ ਕੋਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤ) ਦੇ ਦੂਰ-ਦੁਰਾਡੇ ਦੇ ਨਿਰੀਖਣ ਅਤੇ ਐੱਲ1 (ਸੂਰਜ-ਪ੍ਰਿਥਵੀ ਲੈਗਰੇਂਜ ਕੇਂਦਰ) ‘ਤੇ ਸੋਲਰ ਹਵਾ ਦੀ ਪੜਤਾਲ ਲਈ ਤਿਆਰ ਕੀਤਾ ਗਿਆ ਹੈ ਜੋ ਪ੍ਰਿਥਵੀ ਤੋਂ 15 ਲੱਖ ਕਿਲੋਮੀਟਰ ਦੂਰ ਹੈ।
ਨਾਸਾ ਮੁਤਾਬਕ ਲੈਗਰੇਂਜ ਪੁਆਇੰਟ ਦੀ ਵਰਤੋਂ ਪੁਲਾੜ ਵਾਹਨ ਵੱਲੋਂ ਲੋੜੀਂਦੇ ਈਂਧਣ ਦੀ ਖਪਤ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ। ਲੈਗਰੇਂਜ ਪੁਆਇੰਟ ਦਾ ਨਾਮ ਇਤਾਲਵੀ-ਫਰਾਂਸੀਸੀ ਗਣਿਤ ਮਾਹਿਰ ਜੋਸੇਫੀ-ਲੂਈ ਲੈਗਰੇਂਜ ਦੇ ਸਨਮਾਨ ‘ਚ ਰੱਖਿਆ ਗਿਆ ਹੈ। ਪੁਲਾੜ ਏਜੰਸੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਦੱਸਿਆ ਕਿ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਆਧਾਰਿਤ ਭਾਰਤੀ ਆਬਜ਼ਰਵੇਟਰੀ ਨੂੰ ਪੀਐੱਸਐੱਲਵੀ-ਸੀ57 ਰਾਕੇਟ ਰਾਹੀਂ ਦਾਗਿਆ ਜਾਵੇਗਾ। ਆਦਿੱਤਿਆ-ਐੱਲ1 ਮਿਸ਼ਨ ਦਾ ਟੀਚਾ ਐੱਲ1 ਨੇੜਲੇ ਪੰਧ ‘ਤੇ ਸੂਰਜ ਦਾ ਅਧਿਐਨ ਕਰਨਾ ਹੈ। ਇਹ ਪੁਲਾੜ ਵਾਹਨ ਸੱਤ ਪੇਲੋਡ ਲੈ ਕੇ ਜਾਵੇਗਾ ਜੋ ਵੱਖੋ ਵੱਖਰੇ ਵੇਵ ਬੈਂਡ ‘ਚ ਫੋਟੋਸਫ਼ੀਅਰ (ਪ੍ਰਕਾਸ਼ ਮੰਡਲ), ਕ੍ਰੋਮੋਸਫ਼ੀਅਰ (ਸੂਰਜ ਦੀ ਦਿਖਾਈ ਦੇਣ ਵਾਲੀ ਸਤਹਿ ਤੋਂ ਠੀਕ ਉਪਰਲੀ ਸਤਹਿ) ਅਤੇ ਸੂਰਜ ਦੀ ਸਭ ਤੋਂ ਬਾਹਰੀ ਪਰਤ (ਕੋਰੋਨਾ) ਦੀ ਪੜਤਾਲ ਕਰਨ ‘ਚ ਮਦਦ ਕਰਨਗੇ।

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …