Breaking News
Home / Special Story / ਆਵਾਰਾ ਕੁੱਤਿਆਂ ਨੇ ਵਧਾਈ ਪੰਜਾਬ ਸਰਕਾਰ ਦੀ ਸਿਰਦਰਦੀ

ਆਵਾਰਾ ਕੁੱਤਿਆਂ ਨੇ ਵਧਾਈ ਪੰਜਾਬ ਸਰਕਾਰ ਦੀ ਸਿਰਦਰਦੀ

ਫੜਾ-ਫੜੀ ਤੋਂ ਸਰਕਾਰ ਫੇਲ੍ਹ, ਲੋਕ ਪ੍ਰੇਸ਼ਾਨ
ਚੰਡੀਗੜ੍ਹ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਜਿੰਨੀ ਗੰਭੀਰ ਹੈ ਸਰਕਾਰਾਂ ਇਸ ਦੇ ਹੱਲ ਲਈ ਓਨੀਆਂ ਹੀ ਅਵੇਸਲੀਆਂ ਹਨ। ਇਸ ਸਮੱਸਿਆ ਨੂੰ ਖ਼ਤਮ ਕਰਨ ਦੀ ਥਾਂ ਇੱਕ ਮਹਿਕਮਾ ਦੂਜੇ ਅਤੇ ਦੂਜਾ ਮਹਿਕਮਾ ਤੀਜੇ ਵਿਭਾਗ ‘ਤੇ ਜ਼ਿੰਮੇਵਾਰੀ ਸੁੱਟ ਰਿਹਾ ਹੈ। ਇਸ ਸਾਰੇ ਵਰਤਾਰੇ ਵਿੱਚ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਹੈ।
ਰਾਜ ਵਿੱਚ ਹਰ ਰੋਜ਼ ਪੰਜਾਹ ਬੱਚਿਆਂ ਨੂੰ ਆਵਾਰਾ ਕੁੱਤੇ ਵੱਢ ਰਹੇ ਹਨ। ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਇੱਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਸਾਲ 2013 ਅਤੇ 2014 ਵਿੱਚ ઠ1,80,000 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। ਸਿਰਫ਼ ਪੇਂਡੂ ਖੇਤਰ ਵਿੱਚ ਹੀ ਸਵਾ ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ। ਪਿਛਲੇ ਸਮੇਂ ਵਿੱਚ ਇਹ ਗਿਣਤੀ ਹੋਰ ਵਧੀ ਹੈ ਤੇ ‘ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ’ ਮੁਤਾਬਕ ਇਹ ਗਿਣਤੀ ਢਾਈ ਲੱਖ ਤੋਂ ਪਾਰ ਹੋ ਗਈ ਹੈ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਅੰਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ ਕਿਉਂਕਿ ਕਈ ਕੇਸ ਤਾਂ ਰਿਪੋਰਟ ਹੋਣ ਤੋਂ ਹੀ ਰਹਿ ਜਾਂਦੇ ਹਨ। ਸੰਨ 2012 ਵਿੱਚ ਕੀਤੀ ਗਈ ਜਾਨਵਰਾਂ ਦੀ ਗਿਣਤੀ ਮੁਤਾਬਕ ਉਸ ਵੇਲੇ ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਤਿੰਨ ਲੱਖ ਪੰਜ ਹਜ਼ਾਰ ਸੀ, ਜਿਹੜੀ ਇਸ ਵੇਲੇ ਸਾਢੇ ਚਾਰ ਲੱਖ ਦੇ ਕਰੀਬ ਹੈ। ਜਾਨਵਰਾਂ ਦੀ ਗਿਣਤੀ ਹਰ ਪੰਜ ਸਾਲ ਬਾਅਦ ਹੁੰਦੀ ਹੈ ਤੇ ਇਸ ਸਾਲ ਦੇ ਅੰਤ ਤੱਕ ਇਹ ਗਿਣਤੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਥਾਨਕ ਸਰਕਾਰਾਂ, ਪੰਚਾਇਤ ਤੇ ਵਿਕਾਸ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਕੁੱਤਿਆਂ ਦੀ ਵੱਧ ਰਹੀ ਗਿਣਤੀ ਰੋਕਣ ਵਿੱਚ ਅਸਫ਼ਲ ਰਹੇ ਹਨ।
‘ਐਲੀਮਲ ਬਰਥ ਕੰਟਰੋਲ’ ਪ੍ਰੋਗਰਾਮ ਤਹਿਤ ਸਿਰਫ਼ ਇੱਕ ਫ਼ੀਸਦ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਰਹੀ ਹੈ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਤੇਜ਼ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਅਮਲੀ ਰੂਪ ਵਿੱਚ ਕੁਝ ਨਹੀਂ ਹੋਇਆ। ਅਸਲ ਵਿੱਚ ਕੁੱਤਿਆਂ ਦੇ ਗੁੱਸੇ ਵਿੱਚ ਆ ਕੇ ਵੱਢਣ ਦੀ ਰੁੱਤ ਬਸੰਤ ਹੁੰਦੀ ਹੈ ਤੇ ਅੱਜ-ਕੱਲ੍ਹ ਇਹ ਘਟਨਾਵਾਂ ਘਟ ਗਈਆਂ ਹਨ। ਇਸ ਕਾਰਨ ਲੋਕ ਵੀ ਆਵਾਜ਼ ਉਠਾਉਣ ਤੋਂ ਹਟ ਗਏ ਹਨ ਅਤੇ ਸਰਕਾਰਾਂ ਵੀ ਇਸ ਪਾਸਿਓਂ ਮੂੰਹ ਫੇਰ ਬੈਠੀਆਂ ਹਨ। ‘ਐਨੀਮਲ ਬਰਥ ਕੰਟਰੋਲ ਰੂਲਜ਼ 2001’ ਤਹਿਤ ਪੰਜਾਬ ਸਰਕਾਰ ਨੇ ਸੰਨ 2013 ਵਿੱਚ ਇੱਕ ਨੀਤੀ ਬਣਾ ਕੇ ਹਰ ਜ਼ਿਲ੍ਹੇ ਵਾਸਤੇ ਕੁੱਤਿਆਂ ਦੀ ਇੱਕ ਨਿਰਧਾਰਤ ਗਿਣਤੀ ਤੱਕ ਅਪਰੇਸ਼ਨ ਲਾਜ਼ਮੀ ਕਰ ਦਿੱਤੇ ਸਨ ਪਰ ਅਮਲੀ ਰੂਪ ਵਿਚ ਇੱਥੇ ਵੀ ਕੁਝ ਨਾ ਹੋਇਆ।
ਕੁੱਤਿਆਂ ਨੂੰ ਫੜ ਕੇ ਹਵੇਲੀਆਂ ਵਿਚ ਰੱਖਣ ਦੀ ਯੋਜਨਾ ਵੀ ਕਿਧਰੇ ਗੁਆਚ ਗਈ ਜਾਪਦੀ ਹੈ। ਇਸ ਸਬੰਧੀ ਸਰਕਾਰ ਨੇ ਵਧੇਰੇ ਗ਼ੈਰਸਰਕਾਰੀ ਸੰਸਥਾਵਾਂ ‘ਤੇ ਟੇਕ ਰੱਖ ਰਹੀ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਸਰਕਾਰਾਂ ਆਵਾਰਾ ਕੁੱਤਿਆਂ ਦੇ ਸ਼ਿਕਾਰ ਹੋਏ ਲੋਕਾਂ ਦੇ ਇਲਾਜ ਦਾ ਪ੍ਰਬੰਧ ਕਰਨ ਵਿੱਚ ਵੀ ਨਾਕਾਮ ਹੋਈਆਂ ਹਨ। ਪੰਜਾਬ ਵਿੱਚ ਸਿਰਫ਼ 179 ਐਟੀਰੇਬੀਜ਼ ਕਲੀਨਿਕ ਹਨ, ਜਿਥੇ ਕੁੱਤਿਆਂ ਦੇ ਵੱਢਣ ‘ਤੇ ਟੀਕੇ ਲਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਵੀ ਕਈ ਕਲੀਨਿਕਾਂ ਵਿੱਚ ਵੇਲੇ ਸਿਰ ਦਵਾਈ ਨਹੀਂ ਮਿਲਦੀ ਜਾਂ ਡਾਕਟਰ ਨਹੀਂ ਹੁੰਦੇ। ਕੁੱਤਿਆਂ ਦੇ ਸ਼ਿਕਾਰ ਹੋਏ ਮਰੀਜ਼ਾਂ ਨੂੰ ਤਿੰਨ ਵਰਗਾਂ ਵਿੱਚ ਵੰਡ ਕੇ ਇਲਾਜ ਕੀਤਾ ਜਾਂਦਾ ਹੈ। ਤੀਜੇ ਵਰਗ ਦਾ ਇਲਾਜ ਮਹਿੰਗਾ ਹੁੰਦਾ ਹੈ ਅਤੇ ਇਸ ਲਈ ਢਾਈ ਤੋਂ ਤਿੰਨ ਹਜ਼ਾਰ ਰੁਪਏ ਦਾ ਟੀਕਾ ਮੁੱਲ ਲੈਣਾ ਪੈ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਇੱਕ ਉਚ ਅਧਿਕਾਰੀ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਵਿੱਚ ‘ਡਾਗ ਕੈਨਾਲ’ ਲਈ ਜ਼ਮੀਨ ਲਈ ਗਈ ਹੈ ਤੇ ਨਸਬੰਦੀ ਲਈ ਕੰਪਨੀਆਂ ਨੂੰ ਠੇਕੇ ਦਿੱਤੇ ਜਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਸਬੰਦੀ ਤੋਂ ਬਾਅਦ ਜਾਨਵਰ ਨੂੰ ਨਿਗਰਾਨੀ ਹੇਠ ਰੱਖਣਾ ਲਾਜ਼ਮੀ ઠਹੈ ਅਤੇ ਉਸ ਦੀ ਖ਼ੁਰਾਕ ਦਾ ਬੰਦੋਬਸਤ ਵੀ ਕੰਪਨੀ ਸਿਰ ਹੀ ਹੁੰਦਾ ਹੈ।
ਅਧਿਕਾਰੀ ਵੀ ਹੋ ਚੁੱਕੇ ਨੇ ਸ਼ਿਕਾਰઠ:ਬਠਿੰਡਾ ਦੇ ਐਸਐਸਪੀ ਨਵੀਨ ਸਿੰਗਲਾ ਨੂੰ ਇੱਕ ਆਵਾਰਾ ਕੁੱਤੇ ਨੇ ਵੱਢ ਲਿਆ ਸੀ। ਉਹ ਇੱਕ ਕਲੱਬ ਵਿੱਚ ਰੱਖੀ ਵੀਆਈਪੀ ਪਾਰਟੀ ਵਿਚ ਸ਼ਾਮਲ ਹੋਣ ਪੁੱਜੇ ਸਨ ਤੇ ਕਾਰ ‘ਚੋਂ ਉੱਤਰਦਿਆਂ ਹੀ ਪਿੱਛਿਓਂ ਆ ਕੇ ਇੱਕ ਆਵਾਰਾ ਕੁੱਤੇ ਨੇ ਉਨ੍ਹਾਂ ਦੀ ਲੱਤ ‘ਤੇ ਚੱਕ ਮਾਰ ਦਿੱਤਾ ਸੀ।

 

ਵਿਧਾਨ ਸਭਾ ਚੋਣਾਂ ਮੌਕੇ ਵੀ ਉਠਿਆ ਸੀ ਆਵਾਰਾ ਕੁੱਤਿਆਂ ਦਾ ਮਾਮਲਾ
ਜਲੰਧਰ : ਕੇਂਦਰੀ ਮੰਤਰੀ ਮੇਨਕਾ ਗਾਂਧੀ ਅਨੁਸਾਰ ਦੇਸ਼ ਵਿੱਚ ਇੱਕ ਲੱਖ ਲੋਕਾਂ ਪਿੱਛੇ ਇੱਕ ਹਜ਼ਾਰ ਕੁੱਤੇ ਹਨ। ਜਲੰਧਰ ਸ਼ਹਿਰ ਦੀ ਆਬਾਦੀ 12 ਲੱਖ ਦੇ ਕਰੀਬ ਹੈ, ਜੇਕਰ ਔਸਤਨ ਅੰਕੜੇ ਦੇਖੇ ਜਾਣ ਤਾਂ ਸ਼ਹਿਰ ਵਿੱਚ 12 ਹਜ਼ਾਰ ਦੇ ਕਰੀਬ ਆਵਾਰਾ ਕੁੱਤੇ ਹਨ। ਇੱਥੇ ਸਿਵਲ ਹਸਪਤਾਲ ਵਿੱਚ ਰੋਜ਼ਾਨਾ 25 ਤੋਂ 30 ਦੇ ਕਰੀਬ ਲੋਕ ਹਲਕਾਅ ਵਿਰੋਧੀ ਟੀਕੇ ਲਵਾਉਣ ਆਉਂਦੇ ਹਨ। ਸ਼ਹਿਰ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕੁੱਤਿਆਂ ਦੇ ਵੱਢਣ ਦੇ 1000 ਤੋਂ ਵੱਧ ਕੇਸ ਸਾਹਮਣੇ ਆਏ ਹਨ।
ਸ਼ਹਿਰ ਦੇ ਮੇਅਰ ਸੁਨੀਲ ਜੋਤੀ, ਜਿਨ੍ਹਾਂ ਨੂੰ ਲੋਕ ‘ਬਿੱਲੂ ਕੁੱਤਿਆਂ ਵਾਲਾ’ ਕਰਕੇ ਵੀ ਜਾਣਦੇ ਹਨ, ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੁੱਤਿਆਂ ਦੀ ਦਹਿਸ਼ਤ ਘਟਾਉਣ ਵਿੱਚ ਫੇਲ੍ਹ ਰਹੇ ਹਨ। ਆਪਣੇ ਕਾਰਜਕਾਲ ਦੇ ਆਖਰੀ ਦਿਨ ਉਨ੍ਹਾਂ ਕਿਹਾ ਕਿ ਉਹ ਪੰਜ ਸਾਲ ਸ਼ਹਿਰ ਦੇ ਪਹਿਲੇ ਨਾਗਰਿਕ ਬਣੇ ਰਹੇ ਤੇ ਹੁਣ ਉਹ ਮੁੜ ‘ਬਿੱਲੂ ਕੁੱਤਿਆਂ ਵਾਲਾ’ ਬਣ ਜਾਣਗੇ।
ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਏਨੀ ਦਹਿਸ਼ਤ ਰਹੀ ਹੈ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਨੂੰ ਬਾਕਾਇਦਾ ਮੁੱਦੇ ਵਜੋਂ ਉਭਾਰਿਆ ਸੀ ਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਥਾਂ-ਥਾਂ ਫਲੈਕਸਾਂ ਲਵਾ ਕੇ ਕੁੱਤਿਆਂ ਦੀ ਸਮੱਸਿਆ ਨੂੰ ਸ਼ਹਿਰ ਲਈ ਚੁਣੌਤੀ ਦੱਸਿਆ ਸੀ। ਕਾਂਗਰਸ ਸਰਕਾਰ ਨੂੰ ਬਣਿਆ ਛੇ ਮਹੀਨੇ ਹੋ ਗਏ ਹਨ ਤੇ ਰਾਜਿੰਦਰ ਬੇਰੀ ਵਿਧਾਇਕ ਵੀ ਬਣ ਗਏ ਹਨ, ਪਰ ਕੁੱਤਿਆਂ ਦੀ ਸਮੱਸਿਆ ਨੂੰ ਨੱਥ ਨਹੀਂ ਪਈ। ਬੇਰੀ ਦੇ ਆਪਣੇ ਵਿਧਾਨ ਸਭਾ ਹਲਕੇ ਦੇ ਸੰਗਮ ਵਿਹਾਰ ਵਿੱਚੋਂ ਲੋਕਾਂ ਨੇ ਆਵਾਰਾ ਕੁੱਤਿਆਂ ਦੀਆਂ ਕਈ ਮਹੀਨੇ ਲਗਾਤਾਰ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਕਿਸੇ ਨੇ ਕਾਰਵਾਈ ਨਹੀਂ ਕੀਤੀ। ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਨਸਬੰਦੀ ਲਈ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ ਤੇ ਇਹ ਪ੍ਰਾਜੈਕਟ ਸਿਆਸਤ ਦੀ ਭੇਟ ਚੜ੍ਹ ਗਿਆ। ਡਿਪਟੀ ਮੇਅਰ ਅਰਵਿੰਦਰ ਕੌਰ ਓਬਰਾਏ ਵੱਲੋਂ ਬਣਾਈ ਸੁਸਾਇਟੀ ਨੂੰ ਇਹ ਪ੍ਰਾਜੈਕਟ ਦਿੱਤਾ ਜਾਣਾ ਸੀ। ਪਿੰਡ ਨੰਗਲਸ਼ਾਮਾ ਵਿੱਚ ਬਾਕਾਇਦਾ ਇਮਾਰਤ ਵੀ ਬਣਾਈ ਗਈ ਹੈ, ਜਿੱਥੇ ਕੁੱਤਿਆਂ ਦੀ ਨਸਬੰਦੀ ਕੀਤੀ ਜਾਣੀ ਹੈ। ਨਗਰ ਨਿਗਮ ਦੀਆਂ ਹਾਊਸ ਮੀਟਿੰਗਾਂ ਵਿੱਚ ਵੀ ਆਵਾਰਾ ਕੁੱਤਿਆਂ ਦਾ ਮਸਲਾ ਕਈ ਵਾਰ ਉਠਿਆ, ਪਰ ਮੇਅਰ ਨੇ ਇਸ ਪ੍ਰਾਜੈਕਟ ਨੂੰ ਸਿਰੇ ਨਹੀਂ ਚਾੜ੍ਹਨ ਵਿੱਚ ਕਥਿਤ ਦਿਲਚਸਪੀ ਨਹੀਂ ਦਿਖਾਈ। ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਜਲੰਧਰ ਫੇਰੀ ਦੌਰਾਨ ਵੀ ਮੇਅਰ ਨੇ ਉਨ੍ਹਾਂ ਨੂੰ ਕਥਿਤ ਗੁੰਮਰਾਹ ਕਰਦਿਆਂ ਕਹਿ ਦਿੱਤਾ ਕਿ ਸ਼ਹਿਰ ਵਿੱਚ ਕੁੱਤਿਆਂ ਦੀ ਨਸਬੰਦੀ ਸ਼ੁਰੂ ਹੋ ਗਈ ਹੈ, ਜਦੋਂਕਿ ਅਸਲੀਅਤ ਇਸ ਤੋਂ ਉਲਟ ਸੀ। ਮੇਨਕਾ ਗਾਂਧੀ ਦੀ ਸੰਸਥਾ ਦੀ ਟੀਮ ਜਲੰਧਰ ਵਿੱਚ ਆਵਾਰਾ ਕੁੱਤਿਆਂ ਦੀ ਸਾਂਭ-ਸੰਭਾਲ ਦਾ ਜਾਇਜ਼ਾ ਲੈਣ ਆਈ ਸੀ, ਪਰ ਉਥੇ ਇਮਾਰਤ ਤੋਂ ਬਿਨਾਂ ਕੁਝ ਨਹੀਂ ਸੀ।
ਇੱਥੇ ਸਿਵਲ ਹਸਪਤਾਲ ਵਿੱਚ ਹਲਕਾਅ ਵਿਰੋਧੀ ਟੀਕਿਆਂ ਦਾ ਸਟਾਕ ਖਤਮ ਹੈ ਤੇ ਲੋਕਾਂ ਨੂੰ ਬਾਜ਼ਾਰ ਵਿੱਚੋਂ ਮਹਿੰਗੇ ਭਾਅ ‘ਤੇ ਟੀਕੇ ਲੈਣੇ ਪੈ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਟੀਕਿਆਂ ਨੂੰ ਕਸੌਲੀ ਦੀ ਸੈਂਟਰਲ ਡਰੱਗ ਲੈਬਾਰੇਟਰੀ ਵਿੱਚ ਪਹਿਲਾਂ ਟੈਸਟ ਕੀਤਾ ਜਾਂਦਾ ਹੈ, ਫਿਰ ਮਾਰਕੀਟ ਵਿੱਚ ਭੇਜਿਆ ਜਾਂਦਾ ਹੈ। ਟੈਸਟ ਪ੍ਰਕਿਰਿਆ ਵਿੱਚੋਂ ਲੰਘਦਿਆਂ ਦੋ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਸਰਕਾਰੀ ਹਸਪਤਾਲ 100-200 ਦੇ ਕਰੀਬ ਹੀ ਟੀਕੇ ਖ਼ਰੀਦਦੇ ਹਨ, ਜਿਸ ਨਾਲ ਕੁਝ ਦਿਨ ਹੀ ਨਿਕਲਦੇ ਹਨ। ਸ਼ਹਿਰ ਦੀ ਪਸ਼ੂ ਭਲਾਈ ਸੁਸਾਇਟੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਬੇਦੀ ਨੇ ਦੱਸਿਆ ਕਿ ਚੱਲ ਰਹੇ ਸੀਜ਼ਨ ਦੌਰਾਨ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। ਨਗਰ ਨਿਗਮ ਦੇ ਸਹਾਇਕ ਸਿਹਤ ਅਫ਼ਸਰ ਡਾ. ਕਿਸ਼ਨ ਸ਼ਰਮਾ ਨੇ ਦਾਅਵਾ ਕੀਤਾ ਕਿ ਕੁੱਤਿਆਂ ਦੀ ਨਸਬੰਦੀ ਦਾ ਕੰਮ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ।
ਛੇਤੀ ਹੱਲ ਹੋਵੇਗਾ ਮਸਲਾ: ਬੇਰੀઠ :ਵਿਧਾਇਕ ਰਾਜਿਦਰ ਬੇਰੀ ਨੇ ਆਖਿਆ ਕਿ ਕੁੱਤਿਆਂ ਦੇ ਨਸਬੰਦੀ ਪ੍ਰਾਜੈਕਟ ਤਹਿਤ ਨੰਗਲਸ਼ਾਮਾ ਵਿੱਚ ਇਮਾਰਤ ਤਿਆਰ ਕਰਾਈ ਗਈ ਹੈ। ਇਸ ਇਮਾਰਤ ਵਿੱਚ ਕੁੱਤਿਆਂ ਦੀ ਨਸਬੰਦੀ ਛੇਤੀ ਸ਼ੁਰੁ ਕੀਤੀ ਜਾਵੇਗੀ, ਜਿਸ ਨਾਲ ਮਸਲਾ ਹੱਲ ਹੋ ਜਾਵੇਗਾ।

 

ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਗਿਣਤੀ ਪੰਜ ਲੱਖ ਤੋਂ ਟੱਪੀ
ਪੰਜਾਬ ਦੇ ਆਵਾਰਾ ਕੁੱਤਿਆਂ ਨੂੰ ਕਾਬੂ ਕਰਨਗੇ ਨਾਗਾਲੈਂਡ ਦੇ ਮਾਹਿਰ
ਬਠਿੰਡਾ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ ਤੇ ਪੇਂਡੂ ਹੱਡਾਰੋੜੀਆਂ ‘ਤੇ ਕੁੱਤਿਆਂ ਦੀ ਗਿਣਤੀ ਐਨੀ ਜ਼ਿਆਦਾ ਹੈ ਕਿ ਉਥੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਤਰਨ ਤਾਰਨ ਵਿੱਚ ਪਿੰਡ ਕੈਰੋਂਵਾਲਾ ਦੇ ਚਾਰ ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਮਾਰ ਦਿੱਤਾ ਸੀ ਤੇ ਸਰਹਾਲੀ ਕਲਾਂ ਦੇ ਪੰਜ ਸਾਲਾ ਬੱਚੇ ਨੂੰ ਜ਼ਖ਼ਮੀ ਕਰ ਦਿੱਤਾ ਸੀ। ਅਜਨਾਲਾ ਵਿੱਚ ਤਿੰਨ ਸਾਲ ਦਾ ਬੱਚਾ ਆਵਾਰਾ ਕੁੱਤਿਆਂ ਨੇ ਨੋਚ ਦਿੱਤਾ ਸੀ। ਬਠਿੰਡਾ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਾਗਾਲੈਂਡ ਤੋਂ ਮਾਹਿਰ ਸੱਦੇ ਗਏ ਹਨ।
ਬਠਿੰਡਾ ਸ਼ਹਿਰ ਵਿੱਚ ਕਰੀਬ ਛੇ ਹਜ਼ਾਰ ਆਵਾਰਾ ਕੁੱਤੇ ਹਨ ਤੇ ਪੰਜ ਸਾਲ ਪਹਿਲਾਂ ਦੀ ਗਿਣਤੀ 5200 ਦੇ ਕਰੀਬ ਸੀ। ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੂੰ ਵੀ ਆਵਾਰਾ ਕੁੱਤੇ ਨੇ ਵੱਢਿਆ ਸੀ। ਨਗਰ ਨਿਗਮ ਬਠਿੰਡਾ ਨੇ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਪਹਿਲੇ ਪੜਾਅ ਤਹਿਤ ਸਤੰਬਰ 2016 ਤੋਂ ਮਾਰਚ 2017 ਤੱਕ 1646 ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਤੇ ਦੂਜੇ ਪੜਾਅ ਤਹਿਤ ਹੁਣ ਤਿੰਨ ਹਜ਼ਾਰ ਕੁੱਤਿਆਂ ਦੀ ਨਸਬੰਦੀ ਕੀਤੀ ਜਾਣੀ ਹੈ।
ਪਸ਼ੂ ਪਾਲਣ ਵਿਭਾਗ ਬਠਿੰਡਾ ਦੇ ਸਹਾਇਕ ਡਾਇਰੈਕਟਰ ਡਾ. ਸ਼ੀਤਲ ਦੇਵ ਵਿੱਜ ਨੇ ਦੱਸਿਆ ਕਿ ਯੂ.ਪੀ. ਦੀ ਕੰਪਨੀ ਤ੍ਰਿਪਤੀ ਫਾਊਂਡੇਸ਼ਨ ਨੂੰ ਕੁੱਤਿਆਂ ਦੀ ਨਸਬੰਦੀ ਦਾ ਕੰਮ ਅਲਾਟ ਕੀਤਾ ਗਿਆ ਹੈ। ਇਸ ਕੰਪਨੀ ਵੱਲੋਂ ਨਾਗਾਲੈਂਡ ਤੋਂ ਕੁੱਤੇ ਫੜਨ ਦੇ ਮਾਹਿਰ ਬੁਲਾਏ ਗਏ ਹਨ ਅਤੇ ਉਨ੍ਹਾਂ ਵੱਲੋਂ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਇੱਕ ਕੁੱਤੇ ਦੀ ਨਸਬੰਦੀ ‘ਤੇ 690 ਰੁਪਏ ਖਰਚ ਆ ਰਿਹਾ ਹੈ। ਨਗਰ ਨਿਗਮ ਨੇ 25 ਲੱਖ ਦੇ ਫੰਡ ਮਹਿਕਮੇ ਨੂੰ ਦੇਣੇ ਹਨ। ਇਸੇ ਕੰਪਨੀ ਵੱਲੋਂ ਮੁਹਾਲੀ ਵਿੱਚ ਨਸਬੰਦੀ ਦਾ ਕੰਮ ਕੀਤਾ ਗਿਆ ਹੈ।
‘ਐਨੀਮਲ ਬਰਥ ਕੰਟਰੋਲ (ਡੌਗਜ਼) ਰੂਲਜ਼ 2001’ ਤਹਿਤ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਨਸਬੰਦੀ ਕਰ ਕੇ ਰੋਕਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਵੀ ਸਭ ਰਾਜਾਂ ਨੂੰ ਇਹ ਨਿਯਮ ਲਾਗੂ ਕਰਨ ਦੀ ਹਦਾਇਤ ਕੀਤੀ ਸੀ। ਦੱਸਣਯੋਗ ਹੈ ਕਿ ਪੰਜਾਬ ਚੋਣਾਂ ਵੇਲੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਹੋਈ ਸੀ ਜਿਨ੍ਹਾਂ ਵਿੱਚ ਜ਼ਿਆਦਾ ਜਵਾਨ ਨਾਗਾਲੈਂਡ ਦੇ ਸਨ। ਉਦੋਂ ਪੰਜਾਬ ਦੇ ਪੇਂਡੂ ਖੇਤਰ ਵਿਚੋਂ ਕਥਿਤ ਤੌਰ ‘ਤੇ ਕਾਫ਼ੀ ਕੁੱਤੇ ਖ਼ਤਮ ਹੋ ਗਏ ਸਨ। ਨਾਗਾਲੈਂਡ ਦੇ ਲੋਕ ਕੁੱਤੇ ਖਾਣ ਦੇ ਸ਼ੌਕੀਨ ਮੰਨੇ ਜਾਂਦੇ ਹਨ ਅਤੇ ਨਾਗਾਲੈਂਡ ਰਾਜ ਕੁੱਤਿਆਂ ਤੋਂ ਮੁਕਤ ਹੈ।
ਬਾਦਲ ਰੋਡ ‘ਤੇ ਬਣਾਈ ਜਾਵੇਗੀ ਕੁੱਤਿਆਂ ਲਈ ਥਾਂઠ: ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਨੂੰ ਦੋ ਵਰ੍ਹਿਆਂ ਵਿੱਚ ‘ਕੁੱਤਾ ਮੁਕਤ’ ਸ਼ਹਿਰ ਬਣਾ ਦੇਣ ਦਾ ਟੀਚਾ ਹੈ ਅਤੇ ਬਾਦਲ ਰੋਡ ‘ਤੇ ਨਿਗਮ ਵੱਲੋਂ ਕੁੱਤੇਖ਼ਾਨਾ ਵੀ ਖੋਲ੍ਹਿਆ ਜਾ ਰਿਹਾ ਹੈ, ਜਿੱਥੇ ਆਵਾਰਾ ਕੁੱਤੇ ਰੱਖੇ ਜਾਣਗੇ। ਇਸ ਤੋਂ ਪਹਿਲਾਂ ਸਰਕਾਰ ਤੋਂ ਆਵਾਰਾ ਕੁੱਤੇ ਰੱਖਣ ਸਬੰਧੀ ਦਿਸ਼ਾ-ਨਿਰਦੇਸ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਵੀ ਲਾਏ ਜਾ ਰਹੇ ਹਨ।
ਪੇਂਡੂ ਖੇਤਰ ਵਿੱਚ ਨਹੀਂ ਹੋ ਰਹੀ ਕੁੱਤਿਆਂ ਦੀ ਨਸਬੰਦੀઠ : ਪੰਜਾਬ ਦੇ ਪੇਂਡੂ ਖੇਤਰ ਵਿੱਚ ਆਵਾਰਾ ਕੁੱਤੇ ਜ਼ਿਆਦਾ ਹਨ ਤੇ ਉਥੇ ਨਸਬੰਦੀ ਦੀ ਮੁਹਿੰਮ ਨਹੀਂ ਚੱਲੀ ਹੈ। ਪੰਚਾਇਤਾਂ ਕੋਲ ਐਨੇ ਫੰਡ ਹੀ ਨਹੀਂ ਹਨ।
ਪਿੰਡ ਮਾੜੀ ਦੇ ਸਾਬਕਾ ਸਰਪੰਚ ਧਰਮ ਸਿੰਘ ਮਾਨ ਦਾ ਕਹਿਣਾ ਸੀ ਕਿ ਪਿੰਡਾਂ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਧੀ ਹੈ, ਜਿਨ੍ਹਾਂ ਦੀ ਨਸਬੰਦੀ ਲਈ ਪੰਚਾਇਤਾਂ ਨੂੰ ਵੱਖਰੇ ਫੰਡ ਦਿੱਤੇ ਜਾਣੇ ਚਾਹੀਦੇ ਹਨ। ਪਸ਼ੂ ਭਲਾਈ ਬੋਰਡ ਵੱਲੋਂ ਅਜਿਹੇ ਫੰਡ ਜਾਰੀ ਕੀਤੇ ਜਾਂਦੇ ਹਨ।

 

ਅੰਗਰੇਜ਼ਾਂ ਦੇ ਅੱਤਿਆਚਾਰਾਂ ਦਾ ਪ੍ਰਤੱਖ ਗਵਾਹ
ਜੱਲ੍ਹਿਆਂਵਾਲਾ ਬਾਗ
ਅਸੀਂ ਦੇਸ਼ ਦੀ ਅਜ਼ਾਦੀ ਦੇ 70 ਵਰ੍ਹੇ ਪੂਰੇ ਹੋਣ ਦੇ ਜਸ਼ਨ ਮਨਾ ਰਹੇ ਹਾਂ। ਇਸ ਅਜ਼ਾਦੀ ਨੂੰ ਸਾਕਾਰ ਰੂਪ ਦੇਣ ਲਈ ਭਾਰਤੀਆਂ ਨੇ ਇਕਮੁੱਠ ਹੋ ਕੇ ਆਪਣਾ ਖੂਨ ਵਹਾਇਆ ਤੇ ਜ਼ਾਲਮ ਗੋਰਿਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਦੇਸ਼ ਦੀ ਅਜ਼ਾਦੀ ਲਈ ਯੋਧਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ। ਹਿੰਦੂ, ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਵਲੋਂ ਅੰਗਰੇਜ਼ ਹਕੂਮਤ ਖਿਲਾਫ ਕੀਤੀ ਗਈ ਜੱਦੋ ਜਹਿਦ ਦੀ ਪ੍ਰਤੱਖ ਮਿਸਾਲ ਹੈ ਜੱਲ੍ਹਿਆਂਵਾਲਾ ਬਾਗ ਜਿੱਥੇ ਬਰਤਾਨਵੀ ਸਰਕਾਰ ਨੇ ਨਿਹੱਥੇ ਭਾਰਤੀ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ, ਨੂੰ ਗੋਲੀਆਂ ਨਾਲ ਮਾਰ ਮੁਕਾਇਆ। ਅੰਗਰੇਜ਼ਾਂ ਦੇ ਇਸ ਗੈਰ ਮਨੁੱਖੀ ਕਾਰੇ ਨੇ, ਜਿੱਥੇ ਉਹਨਾਂ ਦੀ ਸੋਚ ਨੂੰ ਮੋਕਲਾ ਕੀਤਾ, ਉਥੇ ਉਹਨਾਂ ਦੇ ਸ਼ਾਸਨ ਦੀ ਕਬਰ ਵੀ ਪੁੱਟ ਦਿੱਤੀ ਅਤੇ 15 ਅਗਸਤ 1947 ਦੀ ਸਵੇਰ ਦੇਸ਼ ਵਾਸੀਆਂ ਲਈ ਅਜਿਹਾ ਸੂਰਜ ਲੈ ਕੇ ਆਈ, ਜਿਸ ਨੇ ਭਾਰਤੀਆਂ ਲਈ ਖੁੱਲ੍ਹੇ ਆਸਮਾਨ ਵਿਚ ਸਾਹ ਲੈਣ ਤੇ ਅਜ਼ਾਦ ਵਿਚਰਨ ਦਾ ਪਿੜ੍ਹ ਬੰਨ ਦਿੱਤਾ।
ਖੂਨੀ ਕਤਲੇਆਮ ਦੀ ਗਾਥਾ ਬਿਆਨ ਕਰਦੇ ਗੋਲੀਆਂ ਦੇ ਨਿਸ਼ਾਨ
ਜੱਲ੍ਹਿਆਂਵਾਲਾ ਬਾਗ ਵਿਚ ਸੱਜੇ ਤੇ ਖੱਬੇ ਪਾਸੇ ਅੱਗੇ ਜਾ ਕੇ ਕੰਧਾਂ ‘ਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਕਾਇਮ ਹਨ। ਅੰਗਰੇਜ਼ਾਂ ਦੇ ਘੋਰ ਅੱਤਿਆਚਾਰ ਦੀ ਇਤਿਹਾਸਕ ਘਟਨਾ ਦਾ ਪ੍ਰਤੱਖ ਦ੍ਰਿਸ਼ਟਾਂਤ ਪੇਸ਼ ਕਰਦੀਆਂ ਇਨ੍ਹਾਂ ਕੰਧਾਂ ਨੂੰ ਵਿਸ਼ੇਸ਼ ਰੂਪ ਵਿਚ ਸੰਭਾਲਿਆ ਗਿਆ ਹੈ। ਇਨ੍ਹਾਂ ਕੰਧਾਂ ਦੁਆਲੇ ਸ਼ੀਸ਼ੇ ਦੀ ਵਾੜ ਕੀਤੀ ਗਈ ਹੈ। ਇਕ ਕੰਧ ‘ਤੇ 28 ਤੇ ਇਕ ਕੰਧ ‘ਤੇ 36 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਅਜੇ ਵੀ ਸਜੀਵ ਹਨ। ਇਨ੍ਹਾਂ ਨਿਸ਼ਾਨਾਂ ਨੂੰ ਚਿੱਟੇ ਰੰਗ ਦੇ ਪੇਂਟ ਨਾਲ ਉਘਾੜਿਆ ਗਿਆ ਹੈ। ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਭੁੰਨਣ ਲਈ ਗੋਰੇ ਸਿਪਾਹੀਆਂ ਨੇ 1650 ਰਾਊਂਡ ਫਾਇਰ ਕੀਤੇ। ਸ਼ਹੀਦੀ ਖੂਹ ਬਾਗ ਵਿਚ ‘ਸ਼ਹੀਦੀ ਖੂਹ’ ਨੂੰ ਲੋਕ ਸਿਜਦਾ ਕਰਨ ਤੋਂ ਨਹੀਂ ਭੁੱਲਦੇ। ਕਈ ਮਰਦ ਅਤੇ ਔਰਤਾਂ ਨੇ ਬੱਚਿਆਂ ਸਮੇਤ ਜਾਨਾਂ ਬਚਾਉਣ ਲਈ ਇਸ ਖੂਹ ਵਿਚ ਛਾਲਾਂ ਮਾਰ ਦਿੱਤੀਆਂ ਤੇ ਸ਼ਹੀਦ ਹੋ ਗਏ। ਲੂਕੰਡੇ ਖੜ੍ਹੇ ਕਰਨ ਵਾਲੀ ਘਟਨਾ ਤੋਂ ਭਾਰਤੀਆਂ ਦੀਆਂ ਕੁਰਬਾਨੀਆਂ ਦਾ ਪਤਾ ਲੱਗਦਾ ਹੈ। ਇਸ ਖੂਹ ਵਿਚੋਂ 120 ਲਾਸ਼ਾਂ ਮਿਲੀਆਂ ਸਨ।
ਭਾਰਤੀਆਂ ਨੇ ਡੋਲ੍ਹਿਆ ਖੂਨ
ਘਟਨਾ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਦੀ ਹੈ। ਅੰਗਰੇਜ਼ਾਂ ਨੇ 21 ਮਾਰਚ 1919 ਦੀ ਵਿਸਾਖੀ ਵਾਲੇ ਦਿਨ ਦੀ ਹੈ। ਅੰਗਰੇਜ਼ਾਂ ਨੇ 21 ਮਾਰਚ 1919 ਨੂੰ ਰੋਲਟ ਐਕਟ ਨਾਂ ਦਾ ਕਾਲਾ ਕਾਨੂੰਨ ਲਾਗੂ ਕਰ ਦਿੱਤਾ। ਦੇਸ਼ ਭਰ ਵਿਚ ਇਸ ਖਿਲਾਫ ਆਵਾਜ਼ ਉਠੀ। ਅੰਮ੍ਰਿਤਸਰ ਤੇ ਲਾਹੌਰ ਵਿਚ ਵੱਡਾ ਤੂਫਾਨ ਉਠਿਆ ਤਾਂ ਲੈਫਟੀਨੈਂਟ ਗਵਰਨਰ ਮਾਈਵਲ ਓਡਵਾਇਰ ਨੇ ਪੰਜਾਬ ਵੱਲ ਚਾਲੇ ਪਾਉਣ ‘ਤੇ ਮਹਾਤਮਾ ਗਾਂਧੀ ਤੇ ਹੋਰ ਸਿਰਕੱਢ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ, ਪਰ ਮੁਜ਼ਾਹਰਾ ਕਰਨ ਲਈ ਅੰਮ੍ਰਿਤਸਰੀਏ ਨਾ ਟਲੇ। ਜਲ੍ਹਿਆਂਵਾਲਾ ਬਾਗ ਵਿਚ ਇਕੱਠ ਹੋਇਆ। ਪ੍ਰਸ਼ਾਸਨ ਬ੍ਰਿਗੇਡੀਅਰ ਰੇਜ਼ੀਨੋਲਡ ਐਡਵਰਡ ਹੈਰੀ ਡਾਇਰਨੇ ਲੋਕਾਂ ‘ਤੇ ਗੋਲੀਆਂ ਵਰ੍ਹਾਉਣ ਦਾ ਹੁਕਮ ਦੇ ਦਿੱਤਾ। ਬਾਗ ਵਿਚ ਦਾਖਲ ਹੋਣ ਤੇ ਬਾਹਰ ਨਿਕਲਣ ਦਾ ਇਕੋ ਰਾਹ ਤੰਗ ਗਲੀ ਸੀ, ਜਿਸ ਦੇ ਸਾਹਮਣੇ ਖਲੋ ਕੇ ਸਿਪਾਹੀਆਂ ਨੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸ ਹੱਤਿਆ ਕਾਂਡ ਵਿਚ 379 ਨਿਰਦੋਸ਼ ਵਿਅਕਤੀ ਮਾਰੇ ਗਏ।
ਸਾਂਭ ਸੰਭਾਲ ਨੂੰ ਤਰਸਦੀਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ
ਜੱਲ੍ਹਿਆਂਵਾਲਾ ਬਾਗ ਦੇ ਐਨ ਖੱਬੇ ਪਾਸੇ ਬਣੇ ਸੋਵੀਨੀਅਰ ਨਾਲ ਵਿਚ ਖੂਨੀ ਕਤਲੇਆਮ ਦੀ ਦਾਸਤਾਂ ਪੇਸ਼ ਕਰਦੀਆਂ ਉਦੋਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਦੀਆਂ ਕਟਿੰਗਾਂ, ਸ਼ਹੀਦਾਂ ਦੀਆਂ ਤਸਵੀਰਾਂ ਅਤੇ ਨਾਲ ਲਿਖੀ ਇਬਾਰਤ ਨੂੰ ਸੈਲਾਨੀ ਰੋਜ਼ਾਨਾ ਗਹੁ ਨਾਲ ਵੇਖਦੇ-ਪੜ੍ਹਦੇ ਹਨ। ਹਾਲ ਦੇ ਵਿਚਕਾਰ ਬਣੇ ਸ਼ੀਸ਼ੇ ਦੇ ਵੱਡੇ ਬਕਸੇ ਵਿਚ ਉਸ ਵੇਲੇ ਖੂਨੀ ਸਾਕੇ ਵਿਚ ਸ਼ਹੀਦ ਹੋਏ ਭਾਰਤੀਆਂ ਦੀਆਂ ਤਸਵੀਰਾਂ ਹਨ, ਜਿਨ੍ਹਾਂ ਦੇ ਕੁਝ ਨਾਂ ਹਨ-ਸ਼ਹੀਦ ਹਜ਼ਾਰੀ ਲਾਲ, ਲਾਲ ਦੂਣੀ ਚੰਦ, ਮੇਵਾ ਲਾਲ, ਮੰਗਲ ਸਿੰਘ, ਚਰਨ ਦਾਸ, ਹਰਨਾਮ ਦਾਸ, ਮਦਨ ਮੋਹਨ, ਗੁਰਬਖਸ਼ ਰਾਏ ਆਦਿ। ਘਟਨਾ ਨਾਲ ਸਬੰਧਤ ਪੱਤਰ ਅਤੇ ਧੁਰ ਸੱਜੇ ਪਾਸੇ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੀਆਂ ਭਸਮ ਵਾਲਾ ਕਲਸ਼ ਪਿਆ ਹੈ, ਜਿਸ ਨੂੰ ਲਾਲ ਰੰਗ ਦੇ ਕੱਪੜੇ ਨਾਲ ਲਪੇਟਿਆ ਹੋਇਆ ਹੈ। ਥੱਲੇ ਪੱਤਰੀ ‘ਤੇ ਲਿਖਿਆ, ‘ਸ. ਊਧਮ ਸਿੰਘ ਦੀਆਂ ਅਸਥੀਆਂ ਜਿਨ੍ਹਾਂ ਨੂੰ 19 ਜੁਲਾਈ, 1974 ਵਿਚ ਸੋਧ ਕਰਦਿਆਂ ਊਧਮ ਸਿੰਘ ਦੇ ਨਾਂ ਅੱਗੇ ‘ਸ਼ਹੀਦ’ ਜੋੜਿਆ ਜਾਵੇ।
ਮਿੱਥੀ ਯੋਜਨਾ ਸੀ ਡਾਇਰ ਦੀ
ਜੱਲ੍ਹਿਆਂਵਾਲਾ ਬਾਗ ਚਾਰ-ਚੁਫੇਰੇ ਇਮਾਰਤਾਂ ਨਾਲ ਘਿਰਿਆ ਹੈ, ਜਿੱਥੇ ਤੰਗ ਗਲੀ ਰਾਹੀਂ ਦਾਖਲ ਹੋਇਆ ਜਾਂਦਾ ਹੈ ਤੇ ਇੱਥੋਂ ਦੀ ਬਾਹਰ ਨਿਕਲਣਾ ਪੈਂਦਾ ਹੈ। ਇਸੇ ਕਰਕੇ ਹੀ ਡਾਇਰ ਨੇ ਮਿੱਥੀ ਯੋਜਨਾ ਤਹਿਤ ਹਜ਼ਾਰਾਂ ਦੀ ਤਾਦਾਦ ਵਿਚ ਇਕੱਠੇ ਹੋਏ ਨਿਹੱਥੇ ਹਿੰਦੂਆਂ, ਸਿੱਖਾਂ, ਇਸਾਈਆਂ ਤੇ ਮੁਸਲਮਾਨਾਂ ਨੂੰ ਘੇਰ ਕੇ ਮਾਰਿਆ। ਕੋਈ ਅਗਾਊਂ ਚਿਤਾਵਨੀ ਨਾ ਦਿੱਤੀ।
ਸੈਲਾਨੀਆਂ ‘ਚ ਨਜ਼ਰ ਆਇਆ ਉਤਸ਼ਾਹ
ਐਤਵਾਰ ਨੂੰ ਸਵੇਰ ਤੋਂ ਹੀ ਤਿੱਖੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਸੈਲਾਨੀਆਂ ਦੀ ਭੀੜ ਇਸ ਸ਼ਹੀਦੀ ਯਾਦਗਾਰ ਨੂੰ ਵੇਖਣ ਲਈ ਪੁੱਜੀ ਹੋਈ ਸੀ। ਮੁੱਖ ਗੇਟ ਦੇ ਸਾਹਮਣੇ ਖੱਬੇ ਹੱਥ ਖੂਨਦਾਨ ਕੈਂਪ ਲੱਗਾ ਹੋਇਆ ਸੀ, ਜਿੱਥੇ ਖੂਨਦਾਨ ਕਰਨ ਲਈ ਵੱਡੀ ਗਿਣਤੀ ਵਿਚ ਲੋਕ ਕਤਾਰ ਵਿਚ ਲੱਗੇ ਨਾਂ ਲਿਖਵਾ ਰਹੇ ਸਨ। ਆਜ਼ਾਦੀ ਦਿਹਾੜਾ ਹੋਣ ਕਰਕੇ ਜੱਲ੍ਹਿਆਂਵਾਲਾ ਬਾਗ ਦੀ ਯਾਦਗਾਰ ‘ਤੇ ਸਿਜਦਾ ਕਰਨ ਵਾਲੇ ਲੋਕਾਂ ਵਿਚ ਉਤਸ਼ਾਹ ਨਜ਼ਰ ਆਇਆ। ਕੁਝ ਸੈਲਾਨੀਆਂ ਨੇ ਕਿਹਾ ਕਿ ਉਹ ਸ਼ਹੀਦਾਂ ਦੇ ਇਸ ਅਸਥਾਨ ਨੂੰ ਵੇਖਣ ਕਰਨਾਟਕ ਤੋਂ ਆਏ ਹਨ। ਬਾਗ ਵਿਚ ਆਮ ਨਾਲੋਂ ਵੱਡੀ ਗਿਣਤੀ ਵਿਚ ਵੱਖ-ਵੱਖ ਸੂਬਿਆਂ ਵਿਚੋਂ ਆਏ ਲੋਕ ਇਸ ਗੱਲ ਦਾ ਸਬੂਤ ਹਨ ਕਿ ਸਾਡਾ ਦੇਸ਼, ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਭੁੱਲਿਆ ਨਹੀਂ ਹੈ।
ਸ਼ਹੀਦ ਊਧਮ ਸਿੰਘ ਦਾ ਯਾਦਗਾਰੀ ਚਿੱਤਰ
ਸੋਵੀਨੀਅਰ ਹਾਲ ਦੀ ਇਕ ਕੰਧ ਦੀ ਨੁੱਕਰ ਵਿਚ ਲੱਗਾ ਚਿੱਤਰ ਸ਼ਹੀਦ ਊਧਮ ਸਿੰਘ ਦੀ ਸੂਰਮਗਤੀ ਨੂੰ ਬਿਆਨ ਕਰਦਾ ਹੈ। ਇਸ ਚਿੱਤਰ ਵਿਚ ਕੋਟ ਪੈਂਟ ਤੇ ਸਿਰ ‘ਤੇ ਟੋਪੀ ਪਾਈ ਸ਼ਹੀਦ ਊਧਮ ਸਿੰਘ ਨੂੰ ਗੋਲੀ ਚਲਾਉਣ ਮਗਰੋਂ ਕੈਕਟਸ ਹਾਲ ਵਿਚੋਂ ਹੱਥਕੜੀ ਲਗਾ ਕੇ ਬਾਹਰ ਲਿਜਾਇਆ ਜਾ ਰਿਹਾ ਹੈ, ਪਰ ਸ਼ਹੀਦ ਦੇ ਚਿਹਰੇ ‘ਤੇ ਕੀਤੇ ਦਾ ਕੋਈ ਪਛਤਾਵਾ ਨਹੀਂ ਸਗੋਂ ਮੁਸਕਰਾ ਰਿਹਾ ਹੈ। ਅਜਿਹੇ ਸ਼ਹੀਦਾਂ ਦੀ ਕੁਰਬਾਨੀ ਨੇ ਹੀ ਅੰਗਰੇਜ਼ਾਂ ਦਾ ਮੂੰਹ ਮੋੜਿਆ।

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …