Breaking News
Home / Special Story / ਕੋਵਿਡ-19 ਦੇ ਖਾਤਮੇ ਲਈ ਭਾਈਚਾਰਕ ਇਕਜੁੱਟਤਾ ਜ਼ਰੂਰੀ!

ਕੋਵਿਡ-19 ਦੇ ਖਾਤਮੇ ਲਈ ਭਾਈਚਾਰਕ ਇਕਜੁੱਟਤਾ ਜ਼ਰੂਰੀ!

ਜਗਦੀਸ਼ ਸਿੰਘ ਚੋਹਕਾ
ਕੋਵਿਡ-19 ਆਫ਼ਤ ਨੇ ਸਾਰੀ ਦੁਨੀਆਂ ਨੂੰ ਹਿਲਾਅ ਦਿੱਤਾ ਹੈ। ਚੀਨ ਦੇ ਸ਼ਹਿਰ ਵੂਹਾਨ ਤੋਂ ਪੈਦਾ ਹੋਈ ਇਹ ਵਾਇਰਸ ਇੱਕ ਦੂਸਰੇ ਨਾਲ ਛੂਹਣ ਨਾਲ, ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨਾਲ ਛਿੱਕ, ਨੱਕ ‘ਚ ਨਿਕਲਦਾ ਨਜ਼ਲਾ, ਖੰਘ, ਸੰਪਰਕਾਂ ਰਾਹੀਂ ਫੈਲਦੀ, ਇੱਕ ਘਰ, ਵਿਹੜਾ, ਦਫਤਰ, ਸ਼ਹਿਰ, ਦੇਸ਼ ਅਤੇ ਦੁਨੀਆਂ ਅੰਦਰ ਇੱਕ ਪ੍ਰਕੋਪ ਦਾ ਰੂਪ ਧਾਰ ਗਈ ਹੈ ? ਕੋਰੋਨਾ ਦੇ ਫੈਲਣ ਅਤੇ ਮੌਤਾਂ ਦੇ ਅੰਕੜੇ ਦਿਨੋ ਦਿਨ ਵੱਧ ਰਹੇ ਹਨ। ਇਸ ਭਿਆਨਕ ਵਾਇਰਸ ਨੇ ਮਨੁੱਖੀ ਜੀਵਨ, ਜਾਨ ਅਤੇ ਮਾਲ ਦੇ ਹਰ ਖੇਤਰ ਅੰਦਰ ਇੱਕ ਤਿਬਾਹੀ ਦਾ ਰੂਪ ਧਾਰ ਲਿਆ ਹੈ। ਚੀਨ ਜਿੱਥੇ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ ਕਾਫੀ ਹੱਦ ਤੱਕ ਸਰਕਾਰੀ ਬੰਦੋਬਸਤ, ਇਲਾਜ਼, ਪ੍ਰਹੇਜ਼ ਅਤੇ ਚੌਕਸੀ ਨਾਲ ਇਸ ਪ੍ਰਕੋਪ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਇਸ ਦੀ ਲਾਗ ਨੂੰ ਰੋਕਿਆ ਜਾ ਰਿਹਾ ਹੈ। ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਅਤੇ ਮੌਤਾਂ ਦੀ ਗਿਣਤੀ ਘੱਟ ਰਹੀ ਹੈ। ਮਰੀਜ਼ ਤੰਦਰੁਸਤ ਹੋ ਰਹੇ ਹਨ। ਪਰ ! ਇਸ ਦੇ ਮੁਕਾਬਲੇ ਅਮਰੀਕਾ ਅਤੇ ਯੂਰਪ ਜਿਹੜੇ ਵਿਕਸਤ ਦੇਸ਼ ਸਨ ਅਤੇ ਹਰ ਤਰ੍ਹਾਂ ਦੇ ਸਾਧਨਾਂ ਨਾਲ ਭਰਪੂਰ ਸਨ, ਇਸ ਨਾ-ਮੁਰਾਦ ਆਫ਼ਤ ਕਾਰਨ ਤਰਾਹ-ਤਰਾਹ ਕਰ ਰਹੇ ਹਨ। ਉਨ੍ਹਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਹੈ। ਸਗੋਂ ਚੀਨ ਤੋਂ ਉਸ ਦੇ ਸ਼ੁਰੂ ਕੀਤੇ ਉਪਾਵਾਂ ਅਤੇ ਨੁਸਖ਼ਿਆਂ ਨੂੰ ਵਰਤ ਰਹੇ ਹਨ। ਭਾਰਤ ਇੱਕ ਵਿਕਾਸਸ਼ੀਲ ਅਤੇ ਗਰੀਬ ਦੇਸ਼ ਹੈ।ਮੋਦੀ ਸਰਕਾਰ ਵੱਲੋਂ ਤੇ ਰਾਜ ਸਰਕਾਰਾਂ ਵੱਲੋਂ ਵੀ ਕਈ ਕਦਮ ਪੁੱਟੇ ਗਏ ਤੇ ਪੁੱਟੇ ਜਾ ਰਹੇ ਹਨ। ਕੋਰੋਨਾ-ਵਾਇਰਸ ਨੂੰ ਕਿੰਨੀ ਠੱਲ ਪੈ ਰਹੀ ਹੈ, ਰੋਜ਼ ਮੀਡੀਆਂ ਰਾਹੀਂ ਕਈ ਲਾਚਾਰੀਆਂ ਦੇ ਬਾਵਜੂਦ ਸਾਡੇ ਸਾਹਮਣੇ ਨਤੀਜੇ ਵੀ ਆ ਰਹੇ ਹਨ ?
ਮੋਦੀ ਸਰਕਾਰ ਉਸ ਦੇ ਵਿੱਤ ਮੰਤਰੀਆਂ ਅਤੇ ਰੀਜ਼ਰਵ ਬੈਂਕ ਆਫ ਇੰਡੀਆਂ ਵੱਲੋਂ ਬੀਤੇ 6 ਸਾਲਾਂ ਦੌਰਾਨ ਅਪਣਾਈਆਂ ਤੇ ਚਾਲੂ ਰੱਖੀਆਂ ਉਦਾਰੀਵਾਦੀ ਪੂੰਜੀਪਤੀਆਂ ਪੱਖੀ ਆਰਥਿਕ ਨੀਤੀਆਂ ਕਾਰਨ, ਪੈਦਾ ਹੋਏ ਆਰਥਿਕ ਸੰਕਟ, ਮੰਦਾ ਅਤੇ ਬੇਰੁਜ਼ਗਾਰੀ ਦੇ ਸਿੱਟੇ ਵੱਜੋਂ ਦੇਸ਼ ਦੇ ਕਾਰਪੋਰੇਟ ਜਗਤ ਨੂੰ ਤਾਂ ਬੇਲ-ਆਊਟ ਕਰਨ ਲਈ ਅਰਬਾਂ ਰੁਪਏ ਦੀਆਂ ਛੋਟਾਂ, ਰਾਇਤਾਂ ਅਤੇ ਟੈਕਸਾਂ ਅੰਦਰ ਕਟੌਤੀਆਂ ਦੇਣ ਦੀਆਂ ਰਹਿਬਰਾਂ ਲਾ ਦਿੱਤੀਆਂ ਸਨ। ਇਨ੍ਹਾਂ ਚੰਦ ਗਿਣਤੀ ਦੇ ਪੂੰਜੀਪਤੀ ਜਿਹੜੇ ਦਿਨੋ ਦਿਨ ਮਾਲਾ-ਮਾਲ ਹੋ ਰਹੇ ਹਨ ਅਤੇ ਇਨ੍ਹਾਂ ਦੇ ਅਸਾਸਿਆਂ ‘ਚ ਵਾਧਾ ਕਰਨ ਲਈ ਖੂਲਪਸੀ ਨਾਂ ਇੱਕ ਕਰਨ ਵਾਲੇ ਦੇਸ਼ ਦੇ 45 ਕਰੋੜ ਕਿਰਤੀ, ‘ਜੋ ਗੈਰ ਸੰਗਠਨ ਖੇਤਰਾਂ ‘ਚ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ 9 ਕਰੋੜ ਉਹ ਕਿਰਤੀ ਜਿਹੜੇ ਰੋਜ਼ਾਨਾਂ ਦਿਹਾੜੀ ਕਰਕੇ ਜੀਵਨ ਨਿਰਵਾਹ ਕਰਦੇ ਸਨ। ਅੱਜ ਕੋਰੋਨਾ ਆਫ਼ਤ ਕਾਰਨ ਇਨ੍ਹਾਂ ਵਿੱਚੋਂ ਇੱਕ-ਕਰੋੜ ਤੋਂ ਵੱਧ ਦਿਹਾੜੀਦਾਰ ਕਿਰਤੀ, ‘ਜਿਹੜੇ ਮਕਾਨ-ਉਸਾਰੀ, ਪੁੱਲ-ਸੜਕ ਨਿਰਮਾਣ, ਭੱਠਾ ਸਨਅਤ, ਠੇਕੇਦਾਰਾਂ ਪਾਸ਼, ਰੇਹੜੀਆਂ, ਰਿਕਸ਼ਾਂ ਚਾਲਕ, ਖੇਤਾਂ, ਮੰਡੀਆਂ ‘ਚ ਕੰਮ ਕਰਨ ਵਾਲੇ ਪ੍ਰਵਾਸੀ ਸਨ। ਅਚਨਚੇਤ ਮੋਦੀ ਵੱਲੋਂ ਲਾਕਡਾਊਨ ਦਾ ਹੁਕਮ ਸੁਣਾਏ ਜਾਣ ਕਰਕੇ, ‘ਇਹ ਕਿਰਤੀ ਕੋਰੋਨਾ ਤੋਂ ਨਹੀਂ, ‘ਸਗੋਂ ਅੱਜ ਭੁੱਖ ਤੋਂ ਮਰਨ ਦੇ ਕੰਗਾਰ ਤੱਕ ਪੁੱਜਾ ਦਿੱਤੇ ਗਏ ਹਨ।
ਮੋਦੀ ਸਰਕਾਰ ਦੀ ਕੋਰੋਨਾ ਆਫ਼ਤ ਵਿਰੁੱਧ ਵਿੱਢੀ ਦੇਸ਼ ਵਿਆਪੀ ਇਸ ਮੁਹਿੰਮ ਲਈ ਸਾਰੇ ਦੇਸ਼ ਵਾਸੀ ਇੱਕ ਜੁੱਟ-ਇੱਕ-ਮੁੱਠ ਹੋ ਕੇ ਏਕਤਾ ਨਾਲ ਪਾਲਣ ਕਰ ਰਹੇ ਹਨ। ਪੂਰੀ ਜ਼ਿੰਮੇਵਾਰੀ ਦਾ ਪਾਲਣ ਹੋ ਰਿਹਾ ਅਤੇ ਹੋਣਾ ਚਾਹੀਦਾ ਹੈ। ਲਾਕਡਾਊਨ ਦੌਰਾਨ ਵੀ ਨਾਗਰਿਕਾਂ ਦੇ ਕੁਝ ਹੱਕ ਹਨ। ਕੀ ਉਹ ਇਹ ਪੁੱਛ ਸਕਦੇ ਹਨ ਕਿ ਇੱਕ ਅਰਬ 30 ਕਰੋੜ ਦੀ ਆਬਾਦੀ ਵਾਲੇ ਭਾਰਤ ਦੇ ਲੋਕਾਂ ਨੂੰ ਇੱਕ ਦਿਨ ਉਹ ਵੀ ਕੁਝ ਘੰਟੇ ਪਹਿਲਾ ਨੋਟਿਸ ਦੇਣਾ ਕਿ ਸਾਰੇ ਭਾਰਤ ਅੰਦਰ 21 ਦਿਨ ਦਾ ਲਾਕਡਾਊਨ ਤੱਤਕਾਲ ਬਿਨਾਂ ਤਿਆਰੀ ਲਾਗੂ ਕਰਨਾ ਹੈ ? ਮੋਦੀ ਜੀ ਤੁਹਾਡੇ ਪਾਸ ਤਾਂ ਅਲਾਦੀਨ ਦਾ ਦੀਵਾ ਤਾਂ ਹੋ ਸਕਦਾ ਹੈ, ਪੂੰਜੀਪਤੀ ਲੋਕਾਂ ਪਾਸ ਕੀ ਸਾਧਨ ਹਨ। ਪਰ! ਉਹ ਕਿਰਤੀ ਜਿਨ੍ਹਾਂ ਪਾਸ ਨਾ ਰੁਜ਼ਗਾਰ, ਨਾ ਰੋਟੀ ਦਾ ਪ੍ਰਬੰਧ, ਨਾ ਕੋਈ ਰਿਹਾਇਸ਼, ਨਾ ਇਲਾਜ਼ ਕੀ ਉਹ ਇੱਕ ਦਿਨ ਦੇ ਅੰਦਰ ਅੰਦਰ ਇਸ ਆਫ਼ਤ ਦਾ ਮੁਕਬਲਾ ਕਰਨ ਲਈ ਤਿਆਰ ਹੋ ਸਕਦੇ ਹਨ ? ਅਜਿਹਾ ਭਾਰਤ ਦੇ ਇਤਿਹਾਸ ਅੰਦਰ ਪਹਿਲਾ ਕਦੀ ਵੀ ਨਹੀਂ ਹੋਇਆ ਸੀ, ਜੋ ਬਿਨਾਂ ਤਿਆਰੀ, ਬਿਨਾਂ ਪ੍ਰਬੰਧ ਅਤੇ ਨਾ ਕਿਸੇ ਸਲਾਹ ਮਸ਼ਵਰੇ ਦੇ ਤੁਰੰਤ ਹੁਕਮ ਸੁਣਾ ਦਿੱਤਾ ਜਾਵੇ। ਤੁਹਾਡੇ ਹੁਕਮਾਂ ਨੇ ਲਾਕਡਾਊਨ ਦੇ ਨਾਲ ਹੀ ਤੁਰੰਤ ਰੇਲ, ਬੱਸ ਤੇ ਯਾਤਾਯਾਤ ਬੰਦ, ਕਾਰਖਾਨੇਦਾਰਾਂ, ਠੇਕੇਦਾਰਾਂ ਤੇ ਸਰਕਾਰਾਂ ਵੱਲੋਂ ਕੰਮ ਠੱਪ, ਬਾਰਡਰ ਬੰਦ, ਮਾਲਕਾਂ ਵੱਲੋਂ ਕਿਰਾਏਦਾਰਾਂ ਦੇ ਬੂਹੇ ਬੰਦ, ਰਾਸ਼ਨ ਤੇ ਉਧਾਰ ਬੰਦ। ਨਾ ਕੋਈ ਇਲਾਜ਼, ਨਾ ਕੋਈ ਸਹਾਰਾ ਕਿਰਤੀ ਫਿਰ ਰਿਹਾ ਹੈ ਮਾਰਾ-ਮਾਰਾ। ਕੀ ਇਹ ਇੱਕ ਸਰਕਾਰ ਦਾ ਲੋਕ ਪੱਖੀ ਕਦਮ ਸਮਝੀਏ ?
ਮੋਦੀ ਜੀ ਇਸ ਸਵਾਲ ਦਾ ਉਤਰ ਨਾ ਤਾਂ ਤੁਸੀਂ, ਨਾ ਹੀ ਅਧਿਕਾਰੀ ਅਤੇ ਨੀਤੀਕਾਰਾਂ ਪਾਸ ਇਸ ਦੀ ਜਾਣਕਾਰੀ ਵੀ ਸੀ ਕਿ ਉਹ ਕਰੋੜਾਂ ਕਿਰਤੀਆਂ ਨੂੰ ਤੁਰੰਤ ਲਾਕਡਾਊਨ ਹੋਣ ਬਾਦ ਜੋ ਪੇਸ਼ ਸਮੱਸਿਆਵਾਂ ਹਨ ਦਾ ਸਾਹਮਣਾ ਕਿਵੇਂ ਕਰਨਾ ਪਏਗਾ ਅਤੇ ਉਸ ਦਾ ਇਲਾਜ਼ ਕੀ ਹੋਵੇਗਾ ? ਇਸ ਆਫ਼ਤ ਕਾਰਨ ਪ੍ਰਵਾਸੀ-ਕਿਰਤੀ ਆਪਣੇ ਸਹਾਰੇ ਖੁਸਣ ਬਾਦ ਜੋ ਘਰੋ ਘਰੀ ਜਾਣਾ ਚਾਹੁੰਦੇ ਸਨ ਅਤੇ ਨਵੀਆਂ ਨਵੀਆਂ ਸਮੱਸਿਆਵਾਂ ਨੂੰ ਉਹ ਝੇਲ ਰਹੇ ਹਨ। ਤੁਸੀਂ ਜ਼ਰੂਰ ਮੀਡੀਆ ਰਾਹੀਂ ਵੇਖਿਆ ਵੀ ਹੋਵੇਗਾ ? ਦਿੱਲੀ, ਯੂ.ਪੀ., ਬਿਹਾਰ, ਗੁਜ਼ਰਾਤ, ਕਰਨਾਟਕਾਂ, ਐਮ.ਪੀ. ਲਈ ਪ੍ਰਵਾਸ ਕਰ ਰਹੇ ਕਿਰਤੀ, ਉਨ੍ਹਾਂ ਦੇ ਬੱਚੇ, ਇਸਤਰੀਆਂ ਭੁੱਖੇ ਭਾਣੇ ਜੋ ਤ੍ਰਿਸਕਾਰ ਝੱਲ ਰਹੇ ਸਨ, ਦੇਖੇ ਨਹੀਂ ਜਾ ਸਕਦੇ ਸਨ ? ਇਨ੍ਹਾਂ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ, ਨਾ ਉਨ੍ਹਾਂ ਨੇ ਹਮਦਰਦੀ ਚਿਤਾਈ ਅਤੇ ਨਾ ਹੀ ਹੁਣ ਅਪਨਾਇਆ ਹੈ ? ਮੋਦੀ ਜੀ ਸੋਚੋ! ਦੇਖੋ ਪੈਦਲ ਚੱਲ ਰਹੇ, ਦੋ-ਦੋ, ਤਿੰਨ-ਤਿੰਨ ਸਾਲ ਉਮਰ ਦੇ ਬੱਚੇ, ਬੀਵੀ ਦਿੱਲੀ ਤੋਂ ਯੂ ਪੀ ਤੇ ਬਿਹਾਰ ਪੁੱਜਣ ਲਈ ਪੈਦਲ ਤੁਰ ਪਏ। ਉਹ ਕਿਹੜੀਆਂ ਪ੍ਰਸਿਥੀਆਂ ਸਨ ਜਿਨ੍ਹਾਂ ਨੇ ਇਨ੍ਹਾਂ ਕਿਰਤੀਆਂ ਨੂੰ ਪੈਦਲ ਹੀ ਆਪਣੇ ਸਹਾਰੇ ਵੱਲ ਤੁਰਨ ਲਈ ਮਜ਼ਬੂਰ ਕਰ ਦਿੱਤਾ। ਮੋਦੀ ਜੀ ਇਨ੍ਹਾਂ ਭੁੱਖੇ ਲੋਕਾਂ ਸਾਹਮਣੇ ਥਾਲੀਆਂ ਵਜਾਉਣੀਆਂ, ਜਿਨ੍ਹਾਂ ਦੇ ਪੇਟ ਨੱਕੋ-ਨੱਕ ਭਰੇ ਪਏ ਹਨ, ਉਨ੍ਹਾਂ ਵੱਲੋਂ ਗਰੀਬਾਂ ਦਾ ਇਹ ਤ੍ਰਿਸਕਾਰ ਹੈ ਜੋ ਨਾ ਹੀ ਸਰਕਾਰ ਤੇ ਨਾ ਹੀ ਲੋਕਾਂ ਪ੍ਰਤੀ ਵਿਸ਼ਵਾਸ਼ ਦਾ ਬੈਰੋਮੀਟਰ ਵੀ ਨਹੀਂ ਹੋ ਸਕਦਾ।
ਕੁਝ ਸੰਵਿਧਾਨਕ ਸਵਾਲ ਵੀ ਸਾਹਮਣੇ ਆ ਰਹੇ ਹਨ ? ਕੇਂਦਰੀ ਗ੍ਰਹਿ ਮੰਤਰੀ ਵੱਲੋਂ ਆਫ਼ਤ ਪ੍ਰਬੰਧਨ ਕਨੂੰਨ-2005 ਦੇ ਤਹਿਤ ਤੁਰੰਤ ਲਾਕਡਾਊਨ ਨੂੰ ਸਫ਼ਲ ਬਣਾਉਣ ਲਈ ਆਦੇਸ਼ ਸੁਣਾ ਦਿੱਤੇ। ਲੋਕਾਂ ਨੇ ਇਨ੍ਹਾਂ ਆਦੇਸ਼ਾਂ ਨੂੰ ਤੁਰੰਤ ਅਪਣਾ ਲਿਆ। ਪਰ ਦੂਸਰੇ ਪਾਸੇ ਐਧੀ-ਡੈਮਿਕ ਡਜ਼ੀਜ਼ ਅਧੁ-ਨਿਯਮ-1897 ਦੇ ਤਹਿਤ ਰਾਜਾਂ ਨੇ ਤੁਰੰਤ ਕਾਰਵਾਈ ਕਰ ਦਿੱਤੀ। ਮੋਦੀ ਸਰਕਾਰ ਵੱਲੋਂ ਲਾਕਡਾਊਨ ਭਾਵ ਕੌਮੀ ਕਰਫ਼ਿਊ ਦੀ ਘੋਸ਼ਨਾ ਵੀ ਕਰ ਦਿੱਤੀ। ਪਰ ਸੀ.ਆਰ.ਪੀ.ਸੀ ਦੀ ਧਾਰਾ 144 ਅਧੀਨ ਇਹ ਕਰਫਿਊ ਲਗਾਉਣ ਦਾ ਰਾਜਾਂ ਦਾ ਅਧਿਕਾਰ ਹੈ। ਰਾਜ ਸਰਕਾਰਾਂ ਦੇ ਜ਼ਿਲ੍ਹਾ ਅਧਿਕਾਰੀ ਹੀ ਇਹ ਧਾਰਾ ਲਾਗੂ ਕਰ ਸਕਦੇ ਹਨ। ਦੂਸਰੇ ਪਾਸੇ ਸੰਵਿਧਾਨ ਦੀ ਧਾਰਾ-19 ਅਤੇ 21 ਦੇ ਤਹਿਤ ਭਾਰਤੀ ਨਾਗਰਿਕਾਂ ਨੂੰ ਜੀਊਣ, ਫਿਰਨ-ਤੁਰਨ, ਰੁਜ਼ਗਾਰ ਆਦਿ ਮੌਲਿਕ ਅਧਿਕਾਰ ਪ੍ਰਾਪਤ ਹਨ। ਭਾਰਤ ਇੱਕ ਪੇਂਡੂ, ਖੇਤੀ ਪ੍ਰਧਾਨ ਦੇਸ਼ ਹੈ। ਪੁਲਿਸ ਦੀਆਂ ਲਾਠੀਆਂ ਤੇ ਸੰਗੀਨਾਂ ਦੇ ਪੈਹਰੇ ਹੇਠ 65 ਫੀਸਦੀ ਤੋਂ ਵੱਧ ਲੋਕਾਂ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਦਰਸਾਏ ਨਿਯਮਾਂ ਦੀ ਪਾਲਣਾ ਕਰਾਉਣ ਦੌਰਾਨ ਜੋ ਮੁਸ਼ਕਲਾਂ ਦਰਪੇਸ਼ ਹਨ ਉਹ ਕਿਵੇਂ ਹੱਲ ਹੋ ਸਕਣਗੀਆਂ ? ਲਾਕਡਾਊਨ ਦਾ ਮਕਸਦ ਸਫ਼ਲ ਬਣਾਉਣ ਲਈ ਕੇਂਦਰ ਤੇ ਰਾਜਾਂ ਨੂੰ ਮਿਲ ਕੇ ਆਵਾਮ ਲਈ ਰੋਟੀ, ਇਲਾਜ਼ ਤੇ ਰਿਹਾਇਸ਼ ਦਾ ਐਂਮਰਜੈਂਸੀ ਪੱਧਰ ‘ਤੇ ਹੱਲ ਕਰਨ ਲਈ ਤੁਰੰਤ ਕਦਮ ਪੁੱਟਣੇ ਚਾਹੀਦੇ ਸਨ, ਨਹੀਂ ਹੋਏ ?
ਕੇਂਦਰ ਸਰਕਾਰ ਨੇ ਸਿਹਤ ਸੇਵਾਵਾਂ ਲਈ 15,000 ਕਰੋੜ ਅਤੇ ਖਜ਼ਾਨਾਂ ਮੰਤਰੀ ਨੇ ਦੇਸ਼ ਅੰਦਰ ਪਹਿਲਾਂ ਹੀ ਹੇਠਾਂ ਡਿੱਗ ਚੁੱਕੀ ਅਰਥ-ਵਿਵਸਥਾ ਅਤੇ ਹੁਣ ਕੋਰੋਨਾ ਦੇ ਪੈ ਰਹੇ ਦੁਰ-ਪ੍ਰਭਾਵਾਂ ਕਾਰਨ ਆਰਥਿਕਤਾ ‘ਤੇ ਪੈ ਰਹੇ ਪ੍ਰਭਾਵਾਂ ਲਈ ਰਾਹਤ ਵੱਜੋਂ 1.70 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਹ ਇੱਕ ਹਾਂ ਪੱਖੀ ਕਦਮ ਹੈ। ਸੰਸਾਰ ਅੰਦਰ ਗਲੋਬਲ ਹੈਲਥ ਇੰਡੈਕਸ ਮੁਤਾਬਿਕ ਭਾਰਤ 145-ਵੀ ਰੈਕਿੰਗ ਤੋਂ ਹੇਠਾਂ ਹੈ। ਖੁਦ ਹੁਣ ਕੇਂਦਰੀ ਸਿਹਤ ਵਿਭਾਗ, ਐਮਜ਼, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਬੁਲਾਰਿਆ ਮੁਤਾਬਿਕ ਭਾਰਤ ਦਾ ਸਿਹਤ ਢਾਂਚਾ ਡਾਕਟਰੀ ਤੇ ਪੈਰਾ-ਮੈਡੀਕਲ ਅਮਲਾ, ਹਸਪਤਾਲ, ਫਾਰਮਾਸੂਟੀਕਲਜ਼, ਖੋਜ਼-ਸਬੰਧੀ ਜੋ ਅੰਕੜੇ ਜਾਰੀ ਹੋਏ ਹਨ ਕੀ ਉਹ 1 ਅਰਬ 30 ਕਰੋੜ ਲੋਕਾਂ ਦੀ ਘੱਟੋ ਘੱਟ ਲੋੜਬੰਦੀ ਲਈ ਪੂਰੇ ਉਤਰ ਸਕਦੇ ਹਨ ? ਮੋਦੀ ਸਰਕਾਰ ਦੀ ਨੋਟ ਬੰਦੀ ਵੇਲੇ ਕੀ ਹੋਇਆ ਸਾਰੇ ਭਾਰਤੀ ਜਾਣਦੇ ਹਨ ? ਹੁਣ ਹਰ ਭਾਰਤੀ ਦੀ ਇਹ ਮੰਗ ਹੈ ਕਿ ਬਿਨਾਂ ਕਿਸੇ ਭੇਦ ਭਾਵ, ਫਰਕ ਅਤੇ ਖਿਤੇ ਤੋਂ ਉਪਰ ਉਠ ਕੇ ਹਰ ਇੱਕ ਭਾਰਤੀ ਕੋਰੋਨਾ ਦੇ ਵਿਰੁੱਧ ਲੜਾਈ ਲਈ ਇੱਕ ਜੁੱਟ ਹੋਣ। ਜੋ ਦਿੱਲੀ, ਯੂ ਪੀ, ਬਿਹਾਰ ਤੇ ਕਈ ਹੋਰ ਥਾਵਾਂ ਤੇ ਵਿਤਕਰੇ ਹੋਏ ਅਤੇ ਨਾਗਰਿਕਾਂ ਨੂੰ ਕੈਦੀ ਬਣਾਇਆ ਗਿਆ ਨਿਖੇਧੀ ਜਨਕ ਕਦਮ ਸੀ ?
ਮੀਡੀਆ ਰਾਹੀਂ ਕੋਵਿਡ 19 ਸਬੰਧੀ ਜਾਰੀ ਹੋਈ ਜਾਣਕਾਰੀ ਮੁਤਾਬਕ 30 ਜਨਵਰੀ 2020 ਨੂੰ ਭਾਰਤ ਅੰਦਰ ਪਹਿਲਾਂ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਇਆ ਸੀ। ਪਰ ਮੋਦੀ ਸਰਕਾਰ ਨੇ ਇਸ ਮਾਰੂ ਵਾਇਰਸ ਵਿਰੁੱਧ ਜੋ ਰਣਨੀਤੀ ਅਪਣਾਈ ਉਸ ‘ਤੇ ਵੀ ਹਰ ਪਾਸਿਆਂ ਤੋਂ ਸਵਾਲ ਉਠ ਰਹੇ ਹਨ ? ਇਸ ਮਾਰੂ ਵਾਇਰਸ ਦੀ ਲਾਗ ਨੂੰ ਰੋਕਣ ਲਈ ਅਜੇ ਤੱਕ ਕੋਈ ਵੀ ਸਪੱਸ਼ਟ, ਠੋਸ ਅਤੇ ਸਹੀ ਜਾਣਕਾਰੀ ਲੋਕਾਂ ਨੂੰ ਨਹੀਂ ਦਿੱਤੀ ਗਈ। ਹਾਂ ! ਮਾਰਚ ਦੇ ਤੀਸਰੇ ਹਫ਼ਤੇ ਹਫ਼ੜਾ-ਤੱਫੜੀ ਵਾਲਾ ਬਿਨਾਂ ਤਿਆਰੀ ਲਾਕਡਾਊਨ ਹੁਕਮ ਸੁਣਾ ਦਿੱਤਾ। ਜਿਸ ਕਾਰਨ ਲੋਕਾਂ, ਡਾਕਟਰੀ-ਅਮਲਾ ਅਤੇ ਸਮੁੱਚੀ ਕੌਮ ਦੀ ਮਿਲ ਰਹੀ ਮਿਲ ਵਰਤੋਂ ਦੇ ਬਾਵਜੂਦ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪਰ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਖੁਦ ਹਲਾਤਾਂ ਸਬੰਧੀ ਲੋਕਾਂ ਨੂੰ ਜਾਣੂ ਕਰਾਉਣ ਤੋਂ ਗੁਰੇਜ਼ ਕਿਉਂ ਕਰ ਰਹੇ ਹਨ। ਇਸ ਆਫ਼ਤ ਨਾਲ ਜੂਝਣ ਲਈ ਮਾਸਕ, ਸੈਂਨੀਟਾਈਜ਼ਰ, ਵੈਂਟੀਲੇਟਰ, ਆਈ ਯੂ ਸੀ, ਗਾਊਨ, ਆਈਸੋਲੇਸ਼ਨ-ਬੈੱਡ, ਦਵਾਈਆਂ, ਤਿਆਰ-ਬਰ-ਤਿਆਰ ਡਾਕਟਰੀ ਸਟਾਫ, ਵੈਨਾਂ, ਹਸਪਤਾਲ, ਲੋਕਾਂ ਨੂੰ ਜਾਗਰੂਕ ਕਰਨਾ ਅਤੇ ਫੌਰੀ ਜ਼ਰੂਰੀ ਤੇ ਲੋੜੀਂਦੀ ਖਾਦ-ਖੁਰਾਕ ਤੇ ਦੁਆਈਆਂ ਦੀ ਲੋੜ ਸੀ। ਹੁਣ ਬਿਆਨ ਆ ਰਹੇ ਹਨ, ਆਰਡਰ ਕੀਤੇ ਜਾ ਰਹੇ ਹਨ। ਪਰ ਨੀਰੂ ਬੰਸਰੀ ਵਜਾਉਂਦੇ ਰਹੇ। ਜਦ ਕਿ ਵਿਗਿਆਨਕ ਪਹੁੰਚ ਲੋਕਾਂ ਨੂੰ ਤੁਰੰਤ ਰੋਟੀ ਤੇ ਇਲਾਜ਼ ਦੀ ਲੋੜ ਸੀ। ਯੋਗਾ ਕਰਨ, ਰਮਾਇਣ ਦੇਖਣ, ਕੈਂਡਲ, ਗਊ-ਪਿਸ਼ਾਬ ਆਦਿ ਰਾਹੀਂ ਕੋਰੋਨਾ ਨਾ ਬੰਦ ਹੋਵੇਗਾ ਤੇ ਨਾ ਹੀ ਮਰੀ ਠੀਕ ਹੋਣਗੇ। ਲੋੜ ਹੈ ਡਾਕਟਰੀ ਹਦਾਇਤਾਂ ਅਨੁਸਾਰ ਪਾਲਣਾ ਕਰਨ ਦੀ। ਸੰਸਾਰ ਸਿਹਤ ਸੰਸਥਾ ਦੀਆਂ ਹਦਾਇਤਾਂ ਨੂੰ ਲਾਗੂ ਕਰਨ ਦੀ।
ਕੌੰਮਾਂਤਰੀ ਕਿਰਤ ਸੰਸਥਾ ਦੀ ਦੱਖਣ ਏਸ਼ੀਆ ਦੀ ਡਾਇਰੈਕਟਰ, ”ਡਗਮਾਰ ਵਾਰਟਰ” ਨੇ ਆਪਣੇ ਭਾਰਤ ਦੇ ਦਫ਼ਤਰ ਤੋਂ ਇੱਕ ਬਿਆਨ ਰਾਹੀਂ ਕਿਹਾ ਕਿ ਕੋਰੋਨਾ ਵਾਇਰਸ ਪੇਨ ਡੇਮਿਕ ਕੇਵਲ ਮੈਡੀਕਲ ਸੰਕਟ ਨਹੀਂ ਹੀ ਨਹੀਂ ਸਗੋਂ ਇਹ ਸਮਾਜਕ ਅਤੇ ਆਰਥਿਕ ਮਸਲਾ ਵੀ ਹੈ। ਭਾਰਤ ਅੰਦਰ ਲਾਕਡਾਊਨ ਕਾਰਨ ਹਰ ਤਰ੍ਹਾਂ ਦੇ ਅਦਾਰੇ ਜਿਨ੍ਹਾਂ ‘ਚ ਕੰਮ ਬੰਦ ਹੋ ਗਿਆ ਹੈ, ਕੰਮ ਦੇ ਘੰਟੇ ਘਟਾ ਦਿੱਤੇ ਗਏ ਹਨ ਜਾਂ ਕਿਰਤੀ ਦਾ ਲੇਅ ਆਫ ਹੋ ਗਿਆ ਹੈ। ਕੰਮ ਬੰਦ ਹੋਣ, ਪੈਦਾਵਾਰ ਘੱਟਣ ਅਤੇ ਸਾਹ ਤੋੜ ਰਹੇ ਛੋਟੇ ਛੋਟੇ ਅਦਾਰਿਆਂ ਕਾਰਨ ਕਿਰਤੀ, ਦਿਹਾੜੀਦਾਰ, ਪ੍ਰਵਾਸੀ ਅਤੇ ਗੈਰ ਸੰਗਠਨ ਖੇਤਰ ਦੇ ਕਿਰਤੀਆਂ ਦੀ ਰੋੀ ਰੋਟੀ ਬੰਦ ਹੋ ਗਈ ਹੈ। ਕਿਰਤੀਆਂ ਦਾ ਸਾਰਾ ਪ੍ਰਵਾਰ ਭੁੱਖਾ ਮਰ ਰਿਹਾ ਹੋਵੇ, ਪੂੰਜੀਪਤੀਆਂ, ਠੇਕੇਦਾਰਾਂ ਅਤੇ ਜਿਥੇ ਉਹ ਕੰਮ ਕਰਦੇ ਸਨ ਅੱਜ ਉਨ੍ਹਾਂ ਦੀ ਕੋਈ ਬਾਂਹ ਨਾ ਫੜੇ ਤਾਂ ਇਹ ਪ੍ਰਵਾਸੀ ਕਿਰਤੀ ਆਪਣੇ ਮੂਲ ਰਿਹਾਇਸ਼ੀ ਸਥਾਨਾਂ ਨੂੰ ਜਾਣ ਲਈ ਹੀ ਮਜ਼ਬੂਰ ਹੋਣਗੇ। 70-80 ਫੀਸਦ ਇਨ੍ਹਾਂ ਪ੍ਰਵਾਸੀਆਂ ਦੀ ਕੋਈ ਰਜਿਸਟਰੇਸ਼ਨ ਨਹੀਂ ਹੈ। ਸਰਕਾਰੀ ਸਹਾਇਤਾ ਲਈ ਬਿਨਾਂ ਰਜ਼ਿਸਟਰੇਸ਼ਨ ਕੋਈ ਪੁੱਛਦਾ ਨਹੀਂ ਹੈ। ਤੁਹਾਡੇ ਵੱਲੋਂ ਕਰੋੜਾਂ ਕਿਰਤੀਆਂ ਦੇ ਬੈਂਕ ਖਾਤੇ ਖੋਲ੍ਹੇ ਗਏ ਸਨ, ਕਿੱਥੇ ਹਨ। ਸਹਾਇਤਾ ਪੁੱਜਦੀ ਕਰੋ। ਨੀਤੀ ਬਣਾਉ।
ਦੁਨੀਆਂ ਅੰਦਰ ਮਨੁੱਖ ਆਦਿ ਕਾਲ ਤੋਂ ਹੀ ਕੁਦਰਤੀ ਆਫ਼ਤਾਂ ਨਾਲ ਜੂਝਦਾ ਹੋਇਆ, ਉਨ੍ਹਾਂ ਤੋਂ ਬਚਾਅ ਅਤੇ ਅੱਗੋਂ ਲਈ ਬੱਚਣ ਦੇ ਢੰਗ ਤਰੀਕੇ ਵੀ ਅਜ਼ਾਦ ਕਰਦਾ ਆ ਰਿਹਾ ਹੈ। ਭੁਚਾਲ, ਵਾਤਾਵਰਣ ਆਰਥਿਕ-ਨਾ-ਬਰਾਬਰੀਆਂ, ਅਸਹਿਣਸ਼ੀਲਤਾ ਆਦਿ ਅਜਿਹੇ ਮੱਸਲੇ ਤੇ ਸਮੱਸਿਆਵਾਂ ਸਾਡੇ ਉਪਰ ਹਰ ਵੇਲੇ ਮੰਡਰਾਉਂਦੇ ਰਹਿੰਦੇ ਹਨ। ਪਰ ਮਨੁੱਖੀ ਸਮਾਜ ਅੰਦਰ ਆਪਸੀ ਸਹਿਯੋਗ ਅਤੇ ਸਾਂਝੀਵਾਲਤਾ ਰਾਹੀਂ ਇਨ੍ਹਾਂ ਮਸਲਿਆਂ ਦਾ ਹੱਲ ਮਨੁੱਖਤਾਵਾਦੀ ਢੰਗ ਨਾਲ ਹੱਲ ਹੋ ਜਾਂਦਾ ਹੈ। ਜਦੋਂ ਉਸਾਰੂ ਸੋਚ, ਆਜ਼ਾਦੀ ਅਤੇ ਬਰਾਬਰੀ ਦਾ ਜੇਕਰ ਤਰਕ ਹੋਵੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਤੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਅਨੇਕਾਂ ਹੀ ਲੋਕ ਇਸ ਲਾਗ ਦੇ ਮਰੀਜ਼ ਹੋਣ ਇਕੱਲੇ ਇੱਕ ਇਕਾਂਤਵਾਸ ਰਾਹੀਂ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ ਹੈ। ਹਕੀਕਤ ਵਿੱਚ ਇਸ ਮਹਾਂਮਾਰੂ ਵਾਇਰਸ ਨੂੰ ਰੋਕਣ ਲਈ ਚੀਨ ਅਤੇ ਦੱਖਣੀ ਕੋਰੀਆ ਵਾਂਗ ਤੁਰੰਤ ਕਦਮ ਉਠਾਉਂਦੇ ਹੋਏ ਸੰਸਾਰ ਸਿਹਤ ਸੰਸਥਾ ਵੱਲੋਂ ਦਿੱਤੀਆਂ ਗਾਈਡ ਲਾਇਨਾਂ ਮੁਤਾਬਿਕ ਲਗਾਤਾਰਤਾ ‘ਚ ਅੱਗੇ ਵੱਧਦੇ ਹੋਏ ਪਿਛਲੀਆਂ ਭੁੱਲਾਂ ਤੋਂ ਕੰਨ ਫੜਨੇ ਪੈਣਗੇ। ਭਾਰਤ ਵਰਗੇ ਪੇਂਡੂ ਤੇ ਖੇਤੀ ਪ੍ਰਧਾਨ ਦੇਸ਼ ਅੰਦਰ ਸਾਡੇ ਪਾਸ ਇੱਕ ਹਜ਼ਾਰ ਤੋਂ ਵੱਧ ਪੇਂਡੂ ਆਬਾਦੀ ਪਿੱਛੇ ਇੱਕ ਆਸ਼ਾ ਵਰਕਰ ਹੈ। ਜਨਤਕ ਢਾਂਚੇ ਨੂੰ ਹੋਰ ਚੁਸਤ ਦਰੁਸਤ ਤੇ ਆਰਥਿਕ ਤੌਰ ‘ਤੇ ਮਜ਼ਬੂਤ ਕਰਕੇ ਅਸੀਂ ਹੈਰਾਨੀਜਨਕ ਨਤੀਜੇ ਕੱਢ ਸਕਦੇ ਹਾਂ।
ਚੀਨ ਤੋਂ ਕੁਝ ਸਮੇਂ ਲਈ ਚੰਗੀਆਂ ਯੋਜਨਾਵਾਂ ਨੂੰ ਅਪਣਾ ਕੇ ਘੱਟੋ ਘੱਟ ਸ਼ਕਤੀ ਵਰਤ ਕੇ ਜੰਗੀ ਪੱਧਰ ‘ਤੇ ਵਿਗਿਆਨਕ ਵਿਧੀਆਂ ਅਨੁਸਾਰ ਇਸ ਆਫ਼ਤ ‘ਤੇ ਕਾਬੂ ਪਾਉਣ, ਮਨੁੱਖੀ ਜਾਨਾਂ ਨੂੰ ਸੁਰੱਖਿਅਤ ਰੱਖਣ ਅਤੇ ਅੱਗੋਂ ਲੲੂ ਸ਼ੇਖਚਿੱਲੀ ਵਾਲੇ ਜੂਮਲੇ ਛੱਡ ਕੇ ਚੰਗੀ ਨੀਅਤ ਅਤੇ ਨੀਤੀ ਦਾ ਲੜ ਫੜਨਾ ਚਾਹੀਦਾ ਹੈ। ਬਿਨਾਂ ਕਿਸੇ ਇੱਕ ਧਿਰ ਜਾਂ ਧੜੇ ਦੀ ਥਾਂ ਦੇਸ਼ ਲੋਕਾਂ ਨੂੰ ਉਨ੍ਹਾਂ ਦੀਆਂ ਫੌਰੀ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਦਮ ਪੁੱਟਣੇ ਚਾਹੀਦੇ ਹਨ। ਲੋਕਾਂ ਨੇ ਪਿਛਲੇ 60 ਸਾਲਾਂ ‘ਚ ਬਹੁਤ ਕੁਝ ਉਹ ਨਿਗਲਿਆ ਹੈ, ਜੋ ਉਨ੍ਹਾਂ ਦੇ ਗਲੇ ਤੋਂ ਹੇਠਾਂ ਉਤਰਦਾ ਵੀ ਨਹੀਂ ਸੀ। ਸਾਰੇ ਦੇਸ਼ਵਾਸੀਆਂ ਨੂੰ ਨਾਲ ਲੈ ਕੇ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਇੱਕ ਪਾਸੇ ਰੱਖ ਕੇ ਸਮੁੱਚੀਆਂ ਰਾਜਨੀਤਕ ਧਿਰਾਂ, ਰਾਜਾਂ, ਜਨਤਕ ਅਦਾਰਿਆਂ, ਜਥੇਬੰਦੀਆਂ, ਸਮੁੱਚੀ ਕਿਰਤੀ ਜਮਾਤ ਨੂੰ ਕੌਮੀ ਪੱਧਰ ‘ਤੇ ਇਸ ਮਹਾਂਮਾਰੂ ਕੋਰੋਨਾ ਵਾਇਰਸ ਦੇ ਵਿਰੁੱਧ ਇੱਕ ਜੁੱਟ ਹੋਣ ਲਈ ਮੋਦੀ ਨੂੰ ਕੌਮੀ ਹੋਕਾ ਦੇਣਾ ਚਾਹੀਦਾ ਹੈ। ਪੀੜਤਾਂ, ਮਰੀਜ਼ਾਂ ਦੀ ਤੰਦਰੁਸਤੀ ਲਈ ਵਾਇਰਸ ਨੂੰ ਰੋਕਣ ਵਾਸਤੇ ਪੂਰੀ ਤਨ-ਦੇਹੀ ਨਾਲ ਅੱਜ ਵੀ ਅਤੇ ਅੱਗੋਂ ਲਈ ਵੀ ਜੁੱਟ ਜਾਣਾ ਚਾਹੀਦਾ ਹੈ। ਇਸ ਭਿਆਨਕ ਮਹਾਂਮਾਰੀ ਵਿਰੁੱਧ ਲੜਾਈ ਜਿੱਤਣਾ ਤੇ ਕਾਬੂ ਪਾਉਣਾ ਹੀ ਭਾਰਤ ਵਰਗੇ ਗਰੀਬ ਦੇਸ਼ ਲਈ ਮੁਕਤੀ ਦਾ ਰਾਹ ਹੈ।
ਭਾਰਤ ਦੇ ਲੋਕਾਂ ਸਾਹਮਣੇ ਮੁੱਖ ਸਵਾਲ ਕੋਰੋਨਾ ‘ਤੇ ਕਾਬੂ ਪਾਉਣਾ ਤੇ ਇਸ ਤੋਂ ਮਨੁੱਖੀ ਜਾਨਾਂ ਨੂੰ ਬਚਾਉਣਾ ਹੈ। ਅੱਜ ਸਾਡੇ ਸਾਹਮਣੇ ਸਵਾਲ ਇਹ ਨਹੀਂ ਹੈ ਕਿ ਇਸ ਵਾਰਿਸ ਨੂੰ ਭਾਰਤ ਅੰਦਰ ਐਂਟਰੀ ਚੀਨ ਜਾਂ ਯੂਰਪ ਰਾਹੀਂ ਕੀਤੀ ਹੈ ਅਤੇ ਇਸ ਦੇ ਕੈਰੀਅਰ ਏਜੰਟ ਐਨ ਆਰ ਆਈ ਹਨ।
ਪਰ ਜਿਸ ਢੰਗ ਨਾਲ ਦੇਸ਼ ਦਾ ਮੀਡੀਆ ਕਦੀ ਇੱਕ ਫਿਰਕੇ ਦੇ ਲੜ ਇਸ ਮਾਰੂ ਵਾਇਰਸ ਨਾਲ ਜੋੜਦਾ ਹੈ ਅਤੇ ਲੋਕਾਂ ਅੰਦਰ ਫਿਰਕੂ ਕੁੜੱਤਣ ਪੈਦਾ ਕਰ ਰਿਹਾ ਹੈ, ਇਸ ਦੀ ਸਖ਼ਤ ਨਿਖੇਧੀ ਹੋਣੀ ਚਾਹੀਦੀ। ਕੋਰੋਨਾ ਵਾਇਰਸ ਦਾ ਜਦੋਂ ਵੀ ਹਮਲਾ ਹੋਇਆ ਤਾਂ ਉਸ ਨੇ ਇਹ ਨਹੀਂ ਦੇਖਣਾ ਕਿ ਪੀੜਤ ਕਿਸ ਫਿਰਕੇ, ਜਾਤ ਜਾਂ ਲਿੰਗ ਦਾ ਹੈ ? ਅਖੀਰ ਪੀੜਤ ਨੂੰ ਹਸਪਤਾਲ ਜਾਣਾ ਪੈਣਾ ਹੈ। ਇਸ ਲਈ ਚਰਚਾ ਇਸ ਮਾਰੂ ਵਾਇਰਸ ਤੋਂ ਬੱਚਣ ਲਈ ਦਿੱਤੇ ਸੁਝਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹੈ ਅਤੇ ਦੇਸ਼ ਅੰਦਰ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਦੀ ਹੋਣੀ ਚਾਹੀਦੀ ਹੈ। ਕੀ ਭਾਰਤ ਦਾ ਸਿਹਤ ਸੇਵਾਵਾਂ ਦਾ ਢਾਂਚਾ ਇਸ ਮਾਰੂ ਵਾਇਰਸ ਦਾ ਮੁਕਾਬਲਾ ਕਰਨ ਦੇ ਕਾਬਲ ਹੈ ? ਅਖੌਤੀ ਜੂਮਲਿਆ ਨਾਲ ਅਸੀਂ ਇਸ ਦਾ ਮੁਕਾਬਲਾ ਨਹੀਂ ਕਰ ਸਕਾਂਗੇ। ਜਿੱਥੇ ਇਸ ਮਾਰੂ ਵਾਇਰਸ ਦਾ ਅਸੀਂ ਸਾਰਿਆਂ ਨੇ ਮਿਲ ਕੇ ਮੁਕਾਬਲਾ ਕਰਨਾ ਹੈ, ਉੱਥੇ ਕੌਮਾਂਤਰੀ ਪੱਧਰ ‘ਤੇ ਮਾਰੋ ਮਾਰ ਕਰਦਾ ਆ ਰਿਹਾ ਮੰਦਾ ਸਾਨੂੰ ਸਾਰਿਆਂ ਨੂੰ ਕੀ ਪ੍ਰਭਾਵਤ ਕਰੇਗਾ ? ਭਾਰਤ ਵਰਹੇ ਵਿਕਾਸਸ਼ੀਲ ਦੇਸ਼ ਅੰਦਰ ਜਿੱਥੇ ਸਭ ਤੋਂ ਵੱਧ ਪਹਿਲਾ ਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਅਸਮਾਨਤਾ ਹੈ। ਉਨ੍ਹਾਂ ਲੋਕਾਂ ਦੀ ਬਾਂਹ ਫੜਨ ਲਈ ਹਾਕਮਾਂ ਨੂੰ ਪੂਰੀ ਖੁੱਲ੍ਹਦਿਲੀ ਤੇ ਉਦਾਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।
ਦੁਨੀਆਂ ਦੇ ਵਿਗਿਆਨੀ ਸਿਰ ਤੋੜ ਇਸ ਮਾਰੂ ਵਾਇਰਸ ‘ਤੇ ਕਾਬੂ ਪਾਉਣ ਲਈ ਯਤਨਸ਼ੀਲ ਹਨ। ਜੇਕਰ ਅੱਜ ਨਹੀਂ ਤਾਂ ਕੱਲ ਤੱਕ ਅਸੀਂ ਇਸ ਮਾਰੂ ਆਫ਼ਤ ‘ਤੇ ਕਾਬੂ ਪਾ ਲਵਾਂਗੇ। ਪਰ ਜਿਹੜਾ ਮਨੁੱਖੀ ਜਾਬਾਂ ਦਾ ਬੇਵਕਤ ਨੁਕਸਾਨ ਹੋਇਆ ਹੈ ਅਤੇ ਅੱਜ ਤੇ ਕੱਲ੍ਹ ਤੱਕ ਆਰਥਿਕ ਘਾਪਾ ਪੈਦਾ ਹੋਣ ਨਾਲ ਦੁਨੀਆਂ ਦੇ ਗਰੀਬ-ਵਰਗ, ਕਿਰਤੀ ਲੋਕਾਂ ਅਤੇ ਮੱਧ-ਵਰਗੀ ਜਨਤਾ ਨੂੰ ਕਈ ਦਹਾਕੇ ਇਸ ਦਾ ਸੇਕ ਲੱਗਦਾ ਰਹੇਗਾ, ਭੁਲਾਇਆ ਨਹੀਂ ਜਾ ਸਕੇਗਾ। ਇਸ ਆਫ਼ਤ ਨੇ ਸਾਨੂੰ ਇੱਕ ਸਬਕ ਦਿੱਤਾ ਹੈ। ਦੁਨੀਆਂ ਦੇ ਵਿਕਸਤ ਦੇਸ਼, ਪੂੰਜੀਵਾਦੀ ਰਾਹ ‘ਤੇ ਚੱਲ ਰਹੇ ਬਾਕੀ ਦੇਸ਼ਾਂ ਦੇ ਹਾਕਮ ਜੋ ਆਪਣੀਆਂ ਲਾਲਸਾਵਾਂ, ਮੁਨਾਫੇ, ਧੌਂਸ ਤੇ ਫੌਜੀ ਦਖ਼ਲ ਰਾਹੀਂ ਗਰੀਬ ਦੇਸ਼ਾਂ, ਕੌਮਾਂ ਤੇ ਕਿਰਤੀ ਜਮਾਤ ਦਾ ਸ਼ੋਸ਼ਣ ਕਰਨ ਲਈ ਆਪਣੇ ਇਕਤਰਫ਼ਾ ਸੰਸਾਰ ਅੰਦਰ ਰੁਝਾਨਾਂ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਲਈ ਇੱਕ ਜੀਵਕ ਆਫ਼ਤ (ਭੀੌਲ਼ੌਘੀਛਅਲ਼-ਾਂਅ੍ਰ) ਵੀ ਇੱਕ ਬਹੁਤ ਵੱਡਾ ਸਬਕ ਹੈ। ਕਮਜ਼ੋਰ ਵਰਗ ਨੂੰ ਕੁਚਲਣ ਵਾਲੇ ਅੱਜ ਖੁਦ ਵੀ ਲਾਚਾਰੀ ‘ਚ ਗਰੱਸਤ ਹਨ। ਉਨ੍ਹਾਂ ਨੂੰ ਮੁਨਾਫ਼ਿਆਂ ਦੀ ਥਾਂ ਲੋਕਾਂ ਨੂੰ ਸਿਹਤ, ਸਿੱਖਿਆ ਤੇ ਭੋਜਨ ਦੀ ਸਹੂਲਤ ਨੂੰ ਪਹਿਲ ਦੇਣੀ ਪਏਗੀ। ਅੱਜ ਯੂਰਪ ਤੇ ਅਮਰੀਕਾ ਦੀ ਤਸਵੀਰ ਦੇਖੋ ?
ਅੱਜ ਸਾਰੀ ਲੋਕਾਈ ਨੂੰ ਮਾਰੂ ਹਥਿਆਰਾਂ ਵਿਰੁੱਧ ਸਪੇਸ, ਥਲ ਅਤੇ ਜਲ ਅੰਦਰ ਜੋ ਮਨੁੱਖਤਾ ਨੂੰ ਭਸਨਾ-ਭੁਸ ਕਰਨ ਦੀ ਬਣਾਏ ਜਾ ਰਹੇ ਹਨ ਦੀ ਵਰਤੋਂ, ਪੈਦਾਵਾਰ ਅਤੇ ਇਨ੍ਹਾਂ ਦੇ ਮਨਸੂਬਿਆਂ ਦੀ ਡੱਟ ਕੇ ਵਿਰੋਧਤਾ ਕਰਨੀ ਚਾਹੀਦੀ ਹੈ। ਸਾਨੂੰ ਇਨ੍ਹਾਂ ਮਾਰੂ ਹਥਿਆਰਾਂ ‘ਤੇ ਖਰਚ ਹੋ ਰਹੇ ਖਰਬਾਂ ਰੁਪਇਆਂ ‘ਤੇ ਰੋਕ ਲਾਉਣ, ਸੰਸਾਰ ਅਮਨ ਅਤੇ ਮਨੁੱਖਤਾ ਦੀ ਬਿਹਤਰੀ ਲਈ ਸਿਹਤ ਸੇਵਾਵਾਂ ‘ਤੇ ਇਹ ਖ਼ਰਚ ਕਰਨ ਲਈ ਜ਼ੋਰਦਾਰ ਨਾਲ ਆਵਾਜ਼ ਉਠਾਉਣੀ ਚਾਹੀਦੀ ਹੈ। ਅੱਜ ਬੇਵਕਤ ਪੈਦਾ ਹੋਣ ਵਾਲੀ ਕਿਸੇ ਵੀ ਆਫ਼ਤ ਲਈ ਸਾਡੇ ਪਾਸ ਦੁਨੀਆਂ ਅੰਦਰ ਸਮੇਤ ਭਾਰਤ ਇੱਕ ਛੋਟਾ ਜਿਹਾ ਜੀਵਨ ਬਚਾਉਣ ਵਾਲਾ ਕੱਪੜਾ-ਮਾਸਕ ਨਹੀਂ ਹੈ। ਇੱਕ ਛੋਟੀ ਜਿਹੀ ਸ਼ੀਸ਼ੀ ਸ਼ੈਂਨੀਟਾਈਜ਼ਰ ਨਹੀਂ ਹੈ। ਹਾਈਡਰੋਕਸੀ-ਕਲੋਰੋ-ਕੁਈਨ ਨਹੀਂ ਹੈ। ਬਾਕੀ ਅਸੀਂ ਪੀ ਪੀ ਈ, ਗਾਊਨ, ਆਈਸੋਲੇਸ਼ਨ-ਬੈੱਡ, ਹਸਪਤਾਲ, ਡਾਕਟਰੀ ਸਟਾਫ, ਵੈਨਾਂ, ਦਵਾਈਆਂ ਦੀ ਗੱਲ ਛੱਡੀਏ ? ਪਰ ਹੁਣ ਅਸੀਂ ਮੰਗਲ ‘ਤੇ ਪੁੱਜਣ ਦੀ ਤਿਆਰੀ ਕਰ ਰਹੇ ਹਾਂ। ਪਤਾ ਨਹੀਂ ਹੋਰ ਕੀ ਕੀ ਪ੍ਰਾਪਤੀਆਂ ਹਨ। ਰੋਟੀ ਖੁਣੋ ਮਨੁੱਖੀ ਪੇਟ ਖਾਲੀ ਹਨ, ਇਲਾਜ਼ ਤੇ ਦਵਾਈਆਂ ਖੁਣੋ ਮਰੀਜ਼ ਮਰ ਰਹੇ ਹਨ। ਲਾਕਡਾਊਨ ਦੇ ਤੱਤਕਾਲੀ ਹੁਕਮਾਂ ਕਾਰਨ ਇੱਕ ਕਰੋੜ ਤੋਂ ਵੱਧ ਕਿਰਤੀ, ਇੱਕ ਹਫ਼ਤਾ ਕੋਰੋਨਾ-19 ਦੀ ਆਫ਼ਤ ਕਾਰਨ ਨਹੀਂ ਸਗੋਂ ਭੁੱਖ, ਹਾਕਮੀ ਬੇ-ਵੱਸੀ ਅਤੇ ਤ੍ਰਿਸਕਾਰ ਨਾਲ ਜੂਝਦਾ ਰਿਹਾ।
ਖੋਵਿਡ-19 ਵਿਰੁੱਧ ਦੁਨੀਆਂ ਦੇ ਸਾਰੇ ਮਨੁੱਖ-ਹਿਤੈਸ਼ੀ, ਜਮਹੂਰੀ ਸੋਚ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ, ਮਨੁੱਖਤਾ ਦੀ ਭਲਾਈ, ਸਿਹਤ ਸਹੂਲਤਾਂ ਅਤੇ ਭਾਈਚਾਰਕ ਏਕਤਾ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੂੰਜੀਵਾਦੀ ਸੋਚ, ਹਾਕਮ ਅਤੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਕਦੀ ਵੀ ਮਨੁੱਖਤਾਵਾਦੀ ਨਹੀਂ ਹੋ ਸਕਦੇ ਹਨ। ਕੋਵਿਡ-19 ਆਫ਼ਤ ਨੇ ਚੰਗੇ ਮੰਦੇ ਦੀ ਨਿਰਖ ਨੂੰ ਸਾਡੇ ਸਾਹਮਣੇ ਪੇਸ਼ ਕਰਕੇ ਰੱਖ ਦਿੱਤਾ ਹੈ। ਆਉ ਸੰਭਲੀਏ !!
ੲੲੲ

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …