Breaking News
Home / Special Story / ਕਰਤਾਰਪੁਰ ਲਾਂਘਾ

ਕਰਤਾਰਪੁਰ ਲਾਂਘਾ

ਖੁੱਲ੍ਹੇ ਦਰਾਂ ਦੀ ਸਲਾਮਤੀ ਲਈ ਜਾਰੀ ਰੱਖਣੇ ਪੈਣਗੇ ਤਰੱਦਦ
ਸਿਆਸਤਦਾਨਾਂ ਦੇ ਭਾਸ਼ਣਾਂ ਦੀ ਸ਼ਬਦਾਵਲੀ ਨਾਲ ਲੋਕਾਂ ਦਾ ਮਜ਼ਾ ਕਿਰਕਰਾ ਹੋਇਆ
ਹਮੀਰ ਸਿੰਘ
ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਤਿਹਾਸ ਦੇ ਸੁਨਹਿਰੀ ਪੰਨੇ ਵਿਚ ਦਰਜ ਹੋ ਚੁੱਕਾ ਹੈ ਪਰ ਇਸ ਨੂੰ ਚਾਲੂ ਰੱਖਣ ਲਈ ਮੁਸ਼ੱਕਤ ਜਾਰੀ ਰੱਖਣੀ ਪਵੇਗੀ। ਗੁਰੂ ਨਾਨਕ ਦੇਵ ਦੇ ਨਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਖੜ੍ਹੀ ਨਫ਼ਰਤ ਦੀ ਦੀਵਾਰ ਵਿਚ ਭਾਵੇਂ ਸੰਨ੍ਹ ਲੱਗੀ ਹੈ ਪਰ ਬਰਲਿਨ ਦੀ ਦੀਵਾਰ ਵਾਂਗ ਅਜੇ ਦੀਵਾਰ ਡਿੱਗਣ ਲਈ ਲਗਾਤਾਰ ਕੋਸ਼ਿਸ਼ਾਂ ਦੀ ਲੋੜ ਪਵੇਗੀ। ਸਿਆਸੀ ਆਗੂਆਂ ਵੱਲੋਂ ਲਾਂਘੇ ਨੂੰ ਖੋਲ੍ਹਣ ਸਮੇਂ ਕੀਤੀਆਂ ਤਕਰੀਰਾਂ ਇਹ ਸੰਦੇਸ਼ ਦਿੰਦੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਰਾਹੀਂ ਵੱਖੋ-ਵੱਖ ਸੰਦੇਸ਼ ਦਿੰਦੇ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਪੂਰੀ ਤਿਆਰੀ ਨਾਲ ਗੁਰਬਾਣੀ ਦੇ ਹਵਾਲੇ ਦੇ ਕੇ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੀ ਸਿਆਸਤ ਦਾ ਟੀਕਾ ਲਾਉਣ ਦੀ ਕੋਸ਼ਿਸ਼ ਨਹੀਂ ਛੱਡੀ। ਉਹ ਸਰਬੱਤ ਦਾ ਭਲਾ, ਦੇਸ਼ ਦਾ ਭਲਾ ਅਤੇ ਇਸ ਦੇ ਨਾਲ ਹੀ ਸਿੱਖ ਭਾਈਚਾਰੇ ਨੂੰ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ 35 ਏ ਹਟਾਉਣ ਕਰਕੇ ਜ਼ਮੀਨਾਂ ਖਰੀਦਣ ਦੀ ਖੁੱਲ੍ਹ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਗਏ। ਇਹ ਜ਼ਿਕਰ ਕਰਨਾ ਯੋਗ ਹੋਵੇਗਾ ਕਿ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੇ ਇਸ ਮੁੱਦੇ ਉੱਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਿਰੁੱਧ ਆਵਾਜ਼ ਉਠਾਈ ਹੈ। ਲਾਂਘਾ ਖੁੱਲ੍ਹਣ ਵਾਲੇ ਦਿਨ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਜ਼ੁਲਮ ਖਿਲਾਫ ਲੜਨ ਦੀ ਤਾਕੀਦ ਕੀਤੀ ਹੈ। ਭਾਵੇਂ ਕਸ਼ਮੀਰੀ ਪੰਡਤ ਹੋਣ ਜਾਂ ਕਸ਼ਮੀਰੀ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਹੋਵੇ, ਸਿੱਖ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਇਹ ਮਨੁੱਖੀ ਅਧਿਕਾਰਾਂ ਅਤੇ ਕਬਜ਼ੇ ਦੀਆਂ ਦੋ ਵੱਖ-ਵੱਖ ਧਾਰਾਵਾਂ ਨਾਲ ਜੁੜਿਆ ਸਵਾਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਨਾਲ ਤਾਂ ਸਿੱਖ ਪੰਥ ਅਤੇ ਪੰਜਾਬੀ ਪੂਰੀ ਤਰ੍ਹਾਂ ਨਿਰਾਸ਼ ਹੋਏ ਹਨ। ਉਨ੍ਹਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਨ ਦੀ ਬਜਾਏ ਪਾਕਿਸਤਾਨ ਦੀ ਗ਼ਰੀਬੀ, ਅੰਦਰੂਨੀ ਟਕਰਾਅ ਅਤੇ ਉਸ ਖਿਲਾਫ ਤਾਕਤਵਰ ਹੋਣ ਦੀ ਪੁਰਾਣੀ ਮੁਹਾਰਨੀ ਹੀ ਪੜ੍ਹੀ। ਆਮ ਤੌਰ ਉੱਤੇ ਇਕ ਗੱਲ ਕਹੀ ਜਾਂਦੀ ਰਹੀ ਹੈ ਕਿ ਇਨ੍ਹਾਂ ਸਟੇਜਾਂ ਤੋਂ ਕੋਈ ਸਿਆਸਤ ਨਹੀਂ ਕੀਤੀ ਜਾਵੇਗੀ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕਦੇ ਸਿਆਸਤ ਕਰਨੋਂ ਨਹੀਂ ਰੋਕਿਆ ਪਰ ਸਿਆਸਤ ਕਿਸ ਲਈ ਕਰਨੀ ਹੈ, ਇਹ ਵੱਡਾ ਸਵਾਲ ਹੈ? ਆਰਥਿਕ, ਰਾਜਨੀਤਿਕ, ਮਜ਼੍ਹਬੀ, ਜਾਤੀ, ਲਿੰਗਕ ਅਤੇ ਹਰ ਤਰ੍ਹਾਂ ਦਾ ਵਿਤਕਰਾ ਦੂਰ ਕਰਨ ਦਾ ਮਾਨਵੀ ਸੰਦੇਸ਼ ਮੌਜੂਦਾ ਢਾਂਚੇ ਨੂੰ ਚਲਾ ਰਹੇ ਹੁਕਮਰਾਨਾਂ ਲਈ ਮਾਪਦੰਡ ਹੈ। ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤ ਵਿਚ ਗੁਰੂ ਨਾਨਕ ਸਾਹਿਬ, ਭਾਈ ਲਾਲੋ ਨਾਲ ਖੜ੍ਹ ਕੇ ਸਪੱਸ਼ਟ ਕਰਦੇ ਹਨ ਕਿ ਉਹ ਧੋਖਾਧੜੀ ਜਾਂ ਕਿਸੇ ਦੂਜੇ ਦਾ ਹੱਕ ਮਾਰ ਕੇ ਅਮੀਰ ਹੋਏ ਕਿਸੇ ਤਾਕਤਵਰ ਵਿਅਕਤੀ ਨਾਲ ਨਹੀਂ, ਸਗੋਂ ਅਸੂਲ ਦੀ ਬੁਨਿਆਦ ਉੱਤੇ ਇਮਾਨਦਾਰਾਨਾ ਕਿਰਤ ਕਰ ਕੇ ਜੀਵਨ ਜਿਉਣ ਵਾਲੇ ਨਾਲ ਖੜ੍ਹਨ ਦਾ ਸੁਨੇਹਾ ਦੇ ਰਹੇ ਹਨ। ਪੰਜਾਬੀਆਂ ਅੰਦਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਬਹੁਤ ਗਹਿਰਾ ਰਚਿਆ ਹੋਇਆ ਹੈ, ਇਸੇ ਕਰਕੇ ਨਾਮਨਿਹਾਦ ਦੇਸ਼ ਭਗਤੀ ਦੇ ਮੁਕਾਬਲੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਭਾਰਤ-ਪਾਕਿ ਦੋਸਤੀ ਦੇ ਪੱਖ ਵਿਚ ਖੜ੍ਹਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਅਜਿਹੇ ਮੌਕੇ ਅਮਰਿੰਦਰ ਸਿੰਘ ਉਨ੍ਹਾਂ ਦੀ ਨਬਜ਼ ਨਹੀਂ ਟੋਹ ਸਕੇ।
ਲਾਂਘਾ ਖੋਲ੍ਹਣ ਵਾਲੇ ਦਿਨ ਹੀ ਅਯੁੱਧਿਆ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਆ ਜਾਣ ਕਰਕੇ ਇਸ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿਚ ਹੋਣ ਵਾਲੀ ਕਵਰੇਜ ਉੱਤੇ ਅਸਰ ਪਿਆ ਹੈ। ਪਾਕਿਸਤਾਨੀ ਮੀਡੀਆ ਤਾਂ ਇਸ ਪੂਰੇ ਮਾਮਲੇ ਨੂੰ ਆਪਣੇ ਤਰੀਕੇ ਨਾਲ ਦੇਖ ਰਿਹਾ ਹੈ ਅਤੇ ਟੀਵੀ ਪੈਨਲਿਸਟਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਅਮਨ ਅਤੇ ਸ਼ਾਂਤੀ ਦੇ ਪੱਖ ਵਿਚ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੀਤੇ ਉੱਦਮ ਦੀ ਛਾਪ ਫਿੱਕੀ ਕਰਨ ਲਈ ਉਸੇ ਦਿਨ ਜੱਜਮੈਂਟ ਦੀ ਵਿਉਂਤਬੰਦੀ ਕੀਤੀ ਗਈ ਹੈ। ਭਾਰਤ ਵਾਲੇ ਪਾਸੇ ਦੇ ਪੰਜਾਬੀ ਆਗੂ ਖੁੱਲ੍ਹ ਕੇ ਨਹੀਂ ਬੋਲ ਰਹੇ ਪਰ ਨਿੱਜੀ ਗੱਲਬਾਤ ਵਿਚ ਇਹ ਜ਼ਰੂਰ ਕਹਿ ਰਹੇ ਹਨ ਕਿ ਜਿਸ ਕਿਸਮ ਦਾ ਹਾਂ ਪੱਖੀ ਸੁਨੇਹਾ ਜਿੰਨੇ ਜ਼ੋਰ ਨਾਲ ਜਾਣਾ ਚਾਹੀਦਾ ਸੀ, ਉਸ ਉੱਤੇ ਅਯੁੱਧਿਆ ਮੁੱਦੇ ਉੱਤੇ ਜੱਜਮੈਂਟ ਕਰਨ ਕਰਕੇ ਫੋਕਸ ਨਹੀਂ ਹੋ ਸਕਿਆ। ਇਸ ਤੋਂ ਪਹਿਲਾਂ ਵੀ ਇੰਨੇ ਵੱਡੇ ਇਤਿਹਾਸਕ ਮੁੱਦੇ ਨੂੰ ਸਿਹਰਾ ਲੈਣ ਤੱਕ ਸੀਮਤ ਕਰ ਦਿੱਤਾ ਗਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਦੂਰ ਕੀਤੇ ਸਨ ਭਰਮ ਭੁਲੇਖੇ
ਬਟਾਲਾ : ਅੱਚਲ ਸਾਹਿਬ, ਬਟਾਲਾ ਦੇ ਦੱਖਣ ਵੱਲ ਕਰੀਬ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਹੈ ਅਤੇ ਗੁਰਦੁਆਰੇ ਦੇ ਨਾਲ ਹੀ ਸੜਕ ਦੇ ਦੂਸਰੇ ਪਾਸੇ ਇੱਕ ਵੱਡੇ ਸਰੋਵਰ ਵਿੱਚ ਸ਼ਿਵ ਦੇ ਪੁੱਤਰ ਕਾਰਤਿਕ ਰਿਸ਼ੀ ਦਾ ਪੁਰਾਤਨ ਮੰਦਰ ਹੈ, ਜੋ ਅੱਜ-ਕੱਲ੍ਹ ਅਚਲੇਸ਼ਵਰ ਧਾਮ ਦੇ ਨਾਮ ਨਾਲ ਮਸ਼ਹੂਰ ਹੈ। ਇੱਥੇ ਪੁਰਾਤਨ ਸਮੇਂ ਤੋਂ ਦੀਵਾਲੀ ਤੋਂ ਬਾਅਦ ਨੌਂਵੀ ਅਤੇ ਦਸਵੀਂ ਦਾ ਮੇਲਾ ਭਰਦਾ ਆ ਰਿਹਾ ਹੈ। ਹਿੰਦੂ ਦੰਦ ਕਥਾ ਅਨੁਸਾਰ ਮੇਲੇ ਦੌਰਾਨ ਇੱਥੇ 33 ਕਰੋੜ ਦੇਵੀ-ਦੇਵਤੇ ਆਉਂਦੇ ਹਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ ਵਿਚਕਾਰ ਹੋਈ ਗੋਸ਼ਟੀ ਬਾਰੇ ਲਿਖਦੇ ਹਨ:
ਮੇਲਾ ਸੁਣਿ ਸ਼ਿਵਰਾਤਿ ਦਾ ਬਾਬਾ ਅਚਲ ਵਟਾਲੇ ਆਈ।
ਦਰਸਨੁ ਵੇਖਣ ਕਾਰਨੇ ਸਗਲੀ ਉਲਟਿ ਪਈ ਲੋਕਾਈ।
ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਅਚਲ ਸ਼ਬਦ ਦੀ ਵਰਤੋਂ ਕੀਤੀ, ਜਿਸ ਕਾਰਨ ਇਸ ਸਥਾਨ ਦਾ ਨਾਂ ਅੱਚਲ ਪੈ ਗਿਆ, ਜੋ ਸਮੇਂ ਨਾਲ ਬਦਲਦਾ-ਬਦਲਦਾ ਅੱਚਲ ਸਾਹਿਬ ਹੋ ਗਿਆ। ਸਿੱਖ ਇਤਿਹਾਸ ਵਿੱਚ ਵੀ ਇਸ ਦਾ ਅਹਿਮ ਸਥਾਨ ਹੈ, ਕਿਉਂਕਿ ਇਸੇ ਸਥਾਨ ‘ਤੇ ਹੀ ਗੁਰੂ ਸਾਹਿਬ ਨੇ ਸਿੱਧਾਂ ਨਾਲ ਗੋਸ਼ਟੀ ਕਰ ਕੇ ਉਨ੍ਹਾਂ ਨੂੰ ਵਹਿਮਾਂ-ਭਰਮਾਂ ‘ਚੋਂ ਬਾਹਰ ਕੱਢਿਆ ਸੀ। ਭਾਈ ਗੁਰਦਾਸ ਜੀ ਸਿੱਧਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਗੁਰੂ ਸਾਹਿਬ ਵੱਲੋਂ ਦਿੱਤੇ ਜਵਾਬਾਂ ਨੂੰ ਇੰਝ ਲਿਖਦੇ ਹਨ-
ਹੋਇ ਅਤੀਤੁ ਗ੍ਰਿਹਸਤਿ ਤਜਿ ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।
ਬਿਨੁ ਦਿਤੇ ਕਛੁ ਹਥਿ ਨਾ ਆਈ॥
ਇੱਥੇ ਹੀ ਬਾਬੇ ਨਾਨਕ ਨੇ ਸਿੱਧਾਂ-ਯੋਗੀਆਂ ਦੀਆਂ ਕਰਾਮਾਤਾਂ ਅਤੇ ਕਰਮ ਕਾਂਡ ਦਾ ਖੰਡਨ ਕੀਤਾ ਅਤੇ ਸਮਝਾਇਆ ਕਿ ਗ੍ਰਹਿਸਤ ਤਿਆਗ ਕੇ ਉਪਰਾਮਤਾ ਵਾਲਾ ਜੀਵਨ ਜਿਉਣ ਦਾ ਕੋਈ ਫਾਇਦਾ ਨਹੀਂ। ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ 1526 ਈਸਵੀ ਨੂੰ ਇੱਥੇ ਮੇਲੇ ਵਿੱਚ ਆਏ ਸਨ ਅਤੇ ਯੋਗੀਆਂ ਨਾਲ ਗੋਸ਼ਟੀ ਕਰਕੇ ਉਨ੍ਹਾਂ ਦੇ ਭੁਲੇਖੇ ਦੂਰ ਕੀਤੇ ਸਨ। ਜਦੋਂ ਗੁਰੂ ਸਾਹਿਬ ਕਾਰਿਤਕ ਰਿਸ਼ੀ ਦੇ ਮੰਦਰ ਵਿੱਚ ਲਗਦੇ ਸ਼ਿਵਰਾਤਰੀ ਦੇ ਮੇਲੇ ਵਿੱਚ ਆਏ ਤਾਂ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਬਹੁਤ ਖਿੱਚ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਪ੍ਰਵਚਨ ਸੁਣਨ ਆਏ ਤੇ ਯੋਗੀਆਂ ਵਾਲੇ ਪਾਸੇ ਭੀੜ ਬਹੁਤ ਘੱਟ ਹੋ ਗਈ, ਜਿਸ ਕਰ ਕੇ ਯੋਗੀ ਗੁਰੂ ਜੀ ਨਾਲ ਈਰਖਾ ਕਰਨ ਲੱਗ ਪਏ। ਗੁਰੂ ਸਾਹਿਬ ਜਿੱਥੇ ਬੈਠੇ ਸਨ, ਉੱਥੇ ਨੇੜੇ ਹੀ ਰਾਸਧਾਰੀਏ ਰਾਸ ਪਾ ਰਹੇ ਸਨ, ਜਿਨ੍ਹਾਂ ਪੈਸੇ ਇਕੱਠੇ ਕਰਨ ਲਈ ਉੱਥੇ ਇੱਕ ਲੋਟਾ ਰੱਖਿਆ ਹੋਇਆ ਸੀ, ਜੋ ਯੋਗੀਆਂ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਲੁਕਾ ਦਿੱਤਾ।
ਗੁਰੂ ਸਾਹਿਬ ਰਾਸਧਾਰੀਆਂ ਦਾ ਇਹ ਨਿਰਾਦਰ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਰਾਸਧਾਰੀਆਂ ਨੂੰ ਉਨ੍ਹਾਂ ਦਾ ਲੋਟਾ ਲੱਭ ਕੇ ਵਾਪਸ ਦੇ ਦਿੱਤਾ, ਜਿਸ ਤੋਂ ਬਾਅਦ ਯੋਗੀਆਂ ਦੇ ਮਨਾਂ ਵਿੱਚ ਗੁਰੂ ਜੀ ਪ੍ਰਤੀ ਈਰਖਾ ਹੋਰ ਵਧ ਗਈ ਅਤੇ ਉਹ ਗੁਰੂ ਜੀ ਨਾਲ ਬਹਿਸ ਕਰਨ ਲੱਗ ਪਏ। ਗੁਰੂ ਜੀ ਨੇ ਯੋਗੀਆਂ ਨੂੰ ਸਮਝਾਇਆ ਕਿ ਪ੍ਰਮਾਤਮਾ ਦੇ ਸੇਵਕ ਨੂੰ ਆਪਣੇ ਹੰਕਾਰ, ਖੁਦਗਰਜ਼ੀ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਦੇ ਕਰਾਮਾਤ ਨਹੀਂ ਵਿਖਾਉਣੀ ਚਾਹੀਦੀ। ਯੋਗੀਆਂ ਨੂੰ ਭਰੋਸਾ ਹੋ ਗਿਆ ਕਿ ਗੁਰੂ ਜੀ ਨੂੰ ਵਿਚਾਰ-ਗੋਸ਼ਟੀ ਵਿੱਚ ਹਰਾਉਣਾ ਸੰਭਵ ਨਹੀਂ। ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤ ਬਚਨਾਂ ਨਾਲ ਯੋਗੀਆਂ ਦੇ ਤਪਦੇ ਹਿਰਦਿਆਂ ਨੂੰ ਸ਼ਾਂਤ ਕੀਤਾ, ਭੁੱਲੇ-ਭਟਕਿਆਂ ਨੂੰ ਸਿੱਧੇ ਰਾਹੇ ਪਾ ਕੇ ਇੱਕ ਪ੍ਰਮਾਤਮਾ ਨਾਲ ਜੋੜਿਆ।
ਅੱਧੀ ਸਦੀ ‘ਚ ਵੀ ਨਾ ਸੰਭਾਲਿਆ ਬੇਬੇ ਨਾਨਕੀ ਦਾ ਘਰ
ਸੁਲਤਾਨਪੁਰ ਲੋਧੀ : ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਾਰੀਆਂ ਧਿਰਾਂ ਇੱਕ ਦੂਜੇ ਤੋਂ ਵਧ ਕੇ ਦਿਖਾਵਾ ਕਰਨ ਵਿੱਚ ਲੱਗੀਆਂ ਹੋਈਆਂ ਸਨ ਕਿ ਉਹੀ ਬਾਬੇ ਨਾਨਕ ਨੂੰ ਸਭ ਤੋਂ ਵੱਧ ਮੰਨਣ ਵਾਲਿਆਂ ਵਿੱਚ ਮੋਹਰੀ ਹਨ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਹੁਣ ਜਦੋਂ ਬਾਬੇ ਨਾਨਕ ਦੇ ਰੰਗ ਵਿੱਚ ਪੂਰੀ ਤਰ੍ਹਾਂ ਨਾਲ ਰੰਗੀ ਹੋਈ ਹੈ ਤੇ ਸੰਗਤਾਂ ਬੇਬੇ ਨਾਨਕੀ ਦੇ ਘਰ ਨੂੰ ਦੇਖਣ ਲਈ ਵੀ ਜਾ ਰਹੀਆਂ ਹਨ ਜਿੱਥੋਂ ਉਨ੍ਹਾਂ ਨੂੰ ਸਾਦਗੀ ਦੀ ਮੂਰਤ ਬੇਬੇ ਨਾਨਕੀ ਦਾ ਕਿਲ੍ਹਾਨੁਮਾ ਨਵਾਂ ਘਰ ਤੱਕਦਿਆਂ ਉਦਾਸ ਮੁੜਨਾ ਪੈਰ ਰਿਹਾ ਹੈ।
ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਜਿਹੜੇ ਸਮਾਗਮ ਕਰਵਾਏ ਸਨ ਉਹ ਬੇਬੇ ਨਾਨਕੀ ਨੂੰ ਸਮਰਪਿਤ ਕੀਤੇ ਸਨ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਿਸੇ ਵੀ ਧਿਰ ਨੇ ਬੇਬੇ ਨਾਨਕੀ ਦੇ ਢਾਹੇ ਗਏ ਵਿਰਾਸਤੀ ਘਰ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਇਹ ਪਛਤਾਵਾ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਬੇਬੇ ਨਾਨਕੀ ਦੇ ਢਾਹੇ ਗਏ ਘਰ ਦਾ ਕੀ ਜਵਾਬ ਦੇਣਗੇ ? ਜਦੋਂ ਪੰਜਾਬ ਸਰਕਾਰ ਨੇ 5 ਨਵੰਬਰ ਨੂੰ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਸੁਲਤਾਨਪੁਰ ਲੋਧੀ ਦੇ ਮੁੱਖ ਪੰਡਾਲ ਵਿੱਚ ਸਹਿਜ ਪਾਠ ਆਰੰਭ ਕਰਵਾ ਕੇ ਸਮਾਗਮ ਸ਼ੁਰੂ ਕੀਤੇ ਸਨ ਤਾਂ ਨਾਲ ਲੱਗਦੇ ਪੰਡਾਲ ਵਿੱਚ ਗੁਰੂ ਨਾਨਕ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਇਸ ਪ੍ਰਦਰਸ਼ਨੀ ਵਿੱਚ ਬੇਬੇ ਨਾਨਕੀ ਦੇ ਘਰ ਦੀਆਂ ਇੱਟਾਂ ਦੇ ਕੁਝ ਬਚੇ ਹੋਏ ਟੁਕੜੇ ਰੱਖੇ ਹੋਏ ਸਨ ਤੇ ਨਾਲ ਹੀ ਇਹ ਲਿਖਿਆ ਹੋਇਆ ਸੀ ਕਿ ਇਹ ਇੱਟਾਂ ਬੇਬੇ ਨਾਨਕੀ ਦੇ ਘਰ ਦੀਆਂ ਹਨ ਜਿਹੜਾ ਘਰ 2003 ਤੱਕ ਮੌਜੂਦ ਸੀ। ਬੇਬੇ ਨਾਨਕੀ ਦੇ ਘਰ ਦੋ ਖੂਹੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਖੂਹੀ ਤਾਂ ਨਵੇਂ ਬਣੇ ਘਰ ਦੇ ਅੰਦਰ ਕਰ ਦਿੱਤੀ ਗਈ ਹੈ ਪਰ ਦੂਜੀ ਖੂਹੀ ਦਾ ਨਾਂਅ ਨਿਸ਼ਾਨ ਵੀ ਨਹੀਂ ਬਚਿਆ। ਜਦੋਂ 1969 ਵਿੱਚ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ ਉਦੋਂ ਭਾਸ਼ਾ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਬਾਰੇ ਜਾਣਕਾਰੀ ਛਾਪੀ ਗਈ ਸੀ ਤਾਂ ਬੇਬੇ ਨਾਨਕੀ ਦੇ ਘਰ ਦੀ ਛਾਪੀ ਤਸਵੀਰ ਅਨੁਸਾਰ ਇਹ ਘਰ ਤਿੰਨ ਮੰਜ਼ਿਲਾ ਸੀ ਜਿਸ ‘ਤੇ ਕਈ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਕਬਜ਼ਾ ਕਰਨ ਵਾਲਿਆਂ ‘ਚ ਇੱਕ ਨਿਹੰਗ ਸਿੰਘ ਵੀ ਸ਼ਾਮਲ ਸੀ ਜਿਸ ਨੂੰ ਪੈਸੇ ਦੇ ਕੇ ਘਰ ਖਾਲੀ ਕਰਵਾਇਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਵਿਰਾਸਤ ਦੇ ਇਸ ਪਹਿਲੇ ਘਰ ਨੂੰ ਸੰਭਾਲਣ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਇਸ ਇਤਿਹਾਸਕ ਘਰ ਨੂੰ ਢਾਹ ਕੇ ਨਵਾਂ ਬਣਾਉਣ ਦੀ ‘ਕਾਰ ਸੇਵਾ’ ਬਾਬਾ ਜਗਤਾਰ ਸਿੰਘ ਨੇ ਕੀਤੀ ਸੀ। ਬੇਬੇ ਨਾਨਕੀ ਦੇ ਘਰ ਦੀ ਰਜਿਸਟਰੀ ਸਿੱਖ ਕੌਮ ਦੇ ਨਾਂਅ ਨਹੀਂ ਹੈ ਸਗੋਂ ਕਾਰ ਸੇਵਾ ਕਰਨ ਵਾਲਿਆਂ ਦੇ ਨਾਂਅ ‘ਤੇ ਕੀਤੀ ਗਈ ਹੈ। ਉਹੀ ਇਸ ਘਰ ਦੀ ‘ਸੇਵਾ ਸੰਭਾਲ’ ਵੀ ਕਰ ਰਹੇ ਹਨ।ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਨੇ ਕਿਹਾ ਕਿ ਸਿੱਖ ਵਿਰਾਸਤਾਂ ਨੂੰ ਢਾਹੁਣ ਲਈ ਜਿਹੜਾ ਹਥੌੜਾ ਕਾਰ ਸੇਵਾ ਵਾਲੇ ਬਾਬਿਆਂ ਦਾ ਚੱਲਦਾ ਆ ਰਿਹਾ ਹੈ ਉਸ ਨੇ ਪੰਜਾਬ ਦਾ ਵੱਡਮੁੱਲਾ ਖਜ਼ਾਨਾ ਤਬਾਹ ਕਰ ਦਿੱਤਾ ਹੈ।

Check Also

ਕਣਕ ਦੀ ਵਿਕਰੀ ਮਗਰੋਂ ਝੋਨੇ ਦੀ ਲਵਾਈ ਦਾ ਸੰਕਟ

ਹਮੀਰ ਸਿੰਘ ਸਰਕਾਰੀ ਨੀਤੀ ਅਤੇ ਜ਼ਮੀਨੀ ਹਕੀਕਤ ਵਿਚ ਅੰਤਰ ਹੋਣ ਕਾਰਨ ਕਣਕ ਦੀ ਵਾਢੀ ਦੌਰਾਨ …