Breaking News
Home / Special Story / ਜ਼ਹਿਰ,-ਮੁਕਤ ਖੇਤੀ ਦੀ ਅਲਖ ਜਗਾ ਰਹੀ ਸ਼੍ਰੋਮਣੀ ਕਮੇਟੀ

ਜ਼ਹਿਰ,-ਮੁਕਤ ਖੇਤੀ ਦੀ ਅਲਖ ਜਗਾ ਰਹੀ ਸ਼੍ਰੋਮਣੀ ਕਮੇਟੀ

ਗੁਰਦੁਆਰਾ ਸਤਲਾਣੀ ਸਾਹਿਬ ਦੀ 13 ਏਕੜ ਜ਼ਮੀਨ ‘ਚ ਤਿਆਰ ਜੈਵਿਕ ਸਬਜ਼ੀਆਂ ਭੇਜੀਆਂ ਜਾਂਦੀਆਂ ਹਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ
ਅੰਮ੍ਰਿਤਸਰ : ਜ਼ੁਲਮ ਖਿਲਾਫ ਸੰਘਰਸ਼ ਵਿੱਢਣ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਸਿੱਖ ਧਰਮ ਦੀ ਸੰਸਾਰ ਵਿਚ ਵੱਖਰੀ ਪਹਿਚਾਣ ਹੈ। ਹੁਣ ਜਦਕਿ ਸਾਡਾ ਵਾਤਾਵਰਨ ਪਲੀਤ ਹੋਣ ਦੀਆਂ ਹੱਦਾਂ ਟੱਪ ਚੁੱਕਾ ਤਾਂ ਅਜਿਹੀ ਸੰਕਟ ਦੀ ਘੜੀ ਵਿਚ ਸਿੱਖ ਧਰਮ ਨੇ ਲੋਕਾਂ ਨੂੰ ਸਿਹਤ ਜਾਗਰੂਕਤਾ ਅਤੇ ਜੈਵਿਕ ਖੇਤੀ ਲਈ ਪ੍ਰੇਰਨਾ ਦੇਣ ਵੱਲ ਵੀ ਕਾਬਲੇਗੌਰ ਯੋਗਦਾਨ ਪਾਉਣ ਦਾ ਸਫਲਾ ਉਪਰਾਲਾ ਕੀਤਾ ਹੈ। ਇਸ ਵੱਡੇ ਕਾਰਜ ਨੂੰ ਸਿਰੇ ਚੜ੍ਹਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ਛੇਵੀ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਤਲਾਣੀ ਸਾਹਿਬ। ਅੰਮ੍ਰਿਤਸਰ-ਅਟਾਰੀ ਰੋਡ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਘਰਿੰਡਾ ਤੋਂ ਹੁਸ਼ਿਆਰ ਨਗਰ ਸੜਕ ‘ਤੇ ਸਥਿਤ ਇਹ ਅਸਥਾਨ ਸਵੱਛ ਵਾਤਾਵਰਨ ਵਿਚ ਕੁਦਰਤੀ ਖੇਤੀ ਰਾਹੀਂ ਇਕ ਮਿਸਾਲ ਪੈਦਾ ਕਰ ਰਿਹਾ ਹੈ। ਇਸ ਨੂੰ ਭਾਰਤ ਸਰਕਾਰ ਨੇ ਵੀ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਤਹੱਈਆ ਕੀਤਾ ਹੈ ਅਤੇ ਕੇਂਦਰੀ ਖੇਤੀਬਾੜੀ ਡਾਇਰੈਕਟਰ ਆਪਣੇ ਵਫਦ ਸਮੇਤ ਇੱਥੇ ਪਧਾਰ ਚੁੱਕੇ ਹਨ।
ਜੁਗਤ ਨਾਲ ਹਲਦੀ ਦੀ ਬਿਜਾਈ : ‘ਖੇਤੀ ਜੋ ਹੁਣ ਅਕਲਾਂ ਸੇਤੀ’ ਬਣ ਗਈ ਹੈ, ਫਾਰਮ ਹਾਊਸ ‘ਤੇ ਹਲਦੀ ਦੀਆਂ ਖੇਲਾਂ ਨਾਲ ਪਿਆਜ਼ ਤੇ ਮੇਥੀ ਬੀਜੀ ਗਈ ਹੈ ਕਿਉਂਕਿ ਹਲਦੀ ਲੇਟ ਹੋਣੀ ਹੈ ਤੇ ਪਹਿਲਾਂ ਪਿਆਜ਼ ਤੇ ਮੇਥੀ ਦੀ ਕਾਸ਼ਤ ਸਿਰੇ ਚੜ੍ਹ ਜਾਵੇਗੀ। ਪਾਲਕ ਤੇ ਧਨੀਏ ਦੀ ਬਿਜਾਈ ਵੀ ਕੀਤੀ ਗਈ ਹੈ।
ਸਾਲ 2015 ‘ਚ ਹੋਇਆ ਆਗਾਜ਼ : ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਵਾਲੇ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਸਾਲ 2015 ਵਿਚ ਕਰੀਬ 6 ਏਕੜ ਰਕਬੇ ਥੱਲੇ ਜੈਵਿਕ ਖੇਤੀ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਹੁਣ ਤੱਕ ਵੱਡੀ ਸਫਲਤਾ ਮਿਲੀ।
ਪਾਥੀਆਂ ਦੇ ਘੋਲ ਦਾ ਕਮਾਲ : ਜੈਵਿਕ ਖੇਤੀ ਫਾਰਮ ‘ਤੇ ਬੇਰੀ ਤੇ ਹੋਰ ਸੁੰਦਰੀਕਰਨ ਵਾਲੇ ਪੌਦੇ ਵੀ ਲਗਾਏ ਗਏ ਹਨ। ਗੁਰਦੁਆਰਾ ਸਾਹਿਬ ਦੇ ਜੈਵਿਕ ਖੇਤੀ ਫਾਰਮ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਸੁਅੰਜਨਾ ਨਾਂ ਦੇ ਦਰੱਖਤ ਦੇ ਪੱਤੇ ਖਾਣ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹੋਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜੈਵਿਕ ਖੇਤੀ ਕੇਂਦਰ ਵਿਖੇ ਪਾਥੀਆਂ ਦਾ ਘੋਲ ਤੇ ਗੰਡੋਏ ਦੀ ਵਰਤੋਂ ਕੀਤੀ ਜਾਂਦੀ ਹੈ।
ਸ਼੍ਰੋਮਣੀ ਕਮੇਟੀ ਜਾਰੀ ਰੱਖੇਗੀ ਉਪਰਾਲਾ : ਪ੍ਰੋ. ਬਡੂੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿਚ ਸਾਨੂੰ ਜੈਵਿਕ ਖੇਤੀ ਅਪਣਾਉਣ ਦੀ ਬਹੁਤ ਲੋੜ ਹੈ ਕਿਉਂਕਿ ਰਸਾਇਣਕ ਖਾਦਾਂ ਨੇ ਸਾਡੀ ਜ਼ਮੀਨ ਨੂੰ ਜ਼ਹਿਰੀਲਾ ਤੇ ਪੱਥਰ ਬਣਾ ਦਿੱਤਾ ਹੈ। ਇਸੇ ਕਰਕੇ ਸ਼੍ਰੋਮਣੀ ਕਮੇਟੀ ਨੇ ਇਸ ਦਿਸ਼ਾ ਵੱਲ ਕਦਮ ਵਧਾਇਆ ਹੈ। ਇਸ ਮਿਸ਼ਨ ਵੱਲ ਹੋਰਨਾਂ ਸਮਾਜਿਕ ਜਥੇਬੰਦੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਜਾਗਰੂਕਤਾ ਲਹਿਰ ਵਿੱਢਣੀ ਚਾਹੀਦੀ ਹੈ। ਜਿਨ੍ਹਾ ਗੁਰਦੁਆਰਾ ਸਾਹਿਬਾਨ ਵਿਖੇ ਜ਼ਮੀਨ ਉਪਲਬਧ ਹੈ, ਉਥੇ ਸ਼੍ਰੋਮਣੀ ਕਮੇਟੀ ਵਲੋਂ ਜੈਵਿਕ ਖੇਤੀ ਨੂੰ ਤਰਜੀਹ ਦਿੱਤੀ ਜਾਵੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਕਈ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਘੱਟ ਹੈ ਪਰ ਉਥੇ ਵੀ ਥੋੜ੍ਹਾ ਬਹੁਤ ਰਕਬਾ ਜੈਵਿਕ ਖੇਤੀ ਤਹਿਤ ਲਿਆਂਦਾ ਜਾਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਜੈਵਿਕ ਖੇਤੀ ਨੂੰ ਸਫਲਤਾ ਮਿਲੀ ਹੈ ਅਤੇ ਇਸ ਪ੍ਰਾਜੈਕਟ ਨੂੰ ਹੋਰਨੀਂ ਥਾਈਂ ਵੀ ਲਾਗੂ ਕੀਤਾ ਜਾਵੇਗਾ ਤਾਂ ਜੋ ਸੰਗਤ ਨੂੰ ਸ਼ੁੱਧ ਅਤੇ ਜ਼ਹਿਰਾਂ ਤੋਂ ਮੁਕਤ ਲੰਗਰ ਛਕਾਇਆ ਜਾ ਸਕੇ।
ਧੀਰਕੋਟ ਦਾ ਕੁਦਰਤੀ ਖੇਤੀ ਫਾਰਮ ਵੀ ਹੈ ਮਿਸਾਲ
‘ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ’ ਧੀਰਕੋਟ (ਜੰਡਿਆਲਾ ਗੁਰੂ) ਦੀ 32 ਏਕੜ ਵਿਚ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ, ਜਿੱਥੇ ਜ਼ਹਿਰਾਂ ਤੋਂ ਮੁਕਤ ਸਬਜ਼ੀਆਂ ਕੁਦਰਤੀ ਢੰਗ ਨਾਲ ਉਗਾਈਆਂ ਜਾ ਰਹੀਆਂ ਹਨ। ਇਸ ਦੀ ਦੇਖ-ਰੇਖ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਟਰੱਸਟੀ ਰਾਜਬੀਰ ਸਿੰਘ ਕਰ ਰਹੇ ਹਨ। ਫਾਰਮ ‘ਤੇ ਟੀਂਡੇ, ਤੋਰੀ, ਕਰੇਲਾ, ਘੀਆ, ਕੱਦੂ, ਚੱਪਣ ਕੱਦੂ, ਤਰਾਂ, ਭਿੰਡੀ, ਫੁੱਲ ਗੋਭੀ, ਲਸਣ, ਪਾਲਕ, ਮੇਥੀ, ਪਿਆਜ਼, ਮੂਲੀ, ਗਾਜਰ, ਸ਼ਲਗਮ ਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਕਣਕ ਨੂੰ ਜੀਵ ਅੰਮ੍ਰਿਤ, ਅਗਨੀ ਅਸਤਰ, ਦੇਸੀ ਖਾਦ ਤੇ ਬੀਜ ਸੋਧਕ ਦੀ ਵਰਤੋਂ ਕੀਤੀ ਜਾਂਦੀ ਹੈ।
ਬਾਸਮਤੀ 1121 ਦੀ ਸਿੱਧੀ ਬਿਜਾਈ 196 ਲਾਈਨਾਂ 8 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਗਈ। ਪਾਣੀ ਦੀ 25-30 ਫੀਸਦੀ ਤੱਕ ਬਚਤ ਹੋਈ ਹੈ। ਚਾਰ ਵਾਰ ਜੀਵ ਅੰਮ੍ਰਿਤ ਦਾ ਛਿੜਕਾਅ ਕੀਤਾ ਗਿਆ। ਇਸ ਦਾ ਝਾੜ 15 ਕੁਇੰਟਲ ਪ੍ਰਤੀ ਏਕੜ ਹੋਇਆ। ਬਾਸਮਤੀ 1121 ਦੀ ਪਨੀਰੀ 20 ਦਿਨਾਂ ਦੀ ਕਰਕੇ ਲਗਾਈ।
ਚਾਰ ਵਾਰ ਜੀਵ ਅੰਮ੍ਰਿਤ ਪਾਇਆ। ਚਾਰ ਸਪਰੇਆਂ ਅਗਨੀ ਅਸਤਰ ਦੀਆਂ ਵੀ ਕੀਤੀਆਂ। ਇਸ ਦਾ ਝਾੜ 21 ਕੁਇੰਟਲ 80 ਕਿਲੋ ਪ੍ਰਤੀ ਏਕੜ ਹੋਇਆ।
ਸ੍ਰੀ ਹਰਿਮੰਦਰ ਸਾਹਿਬ ਭੇਜੀ ਜਾਂਦੀ ਹੈ ਤਾਜ਼ੀ ਸਬਜ਼ੀ
ਗੁਰਦੁਆਰਾ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ, ਸੁਪਰਡੈਂਟ ਹਰਪਾਲ ਸਿੰਘ ਅਤੇ ਖੇਤੀ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਫਾਰਮ ਵਿਚ ਪੈਦਾ ਹੋਈਆਂ ਜੈਵਿਕ ਸਬਜ਼ੀਆਂ ਨੂੰ ਹਰ ਦੂਜੇ ਜਾਂ ਤੀਜੇ ਦਿਨ ਵਿਸ਼ੇਸ਼ ਗੱਡੀ ਰਾਹੀਂ ਪੈਕਿੰਗ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਲੰਗਰ ਵਾਸਤੇ ਭੇਜਿਆ ਜਾਂਦਾ ਹੈ। ਜੇ ਸਬਜ਼ੀ ਦੀ ਉਪਜ਼ ਜ਼ਿਆਦਾ ਹੋ ਜਾਵੇ ਤਾਂ ਇਸ ਨੂੰ ਫਿਰ ਬੀੜ ਬਾਬਾ ਬੁੱਢਾ ਸਾਹਿਬ ਵਿਖੋ ਭੇਜ ਦਿੱਤਾ ਜਾਂਦਾ ਹੈ। ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਤਿਆਰ ਹੋਣ ਵਾਲੇ ਲੰਗਰ ਵਿਚ ਵੀ ਜ਼ਹਿਰ ਤੋਂ ਮੁਕਤ ਸਬਜ਼ੀਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਰੂੜੀ ਦੀ ਖਾਦ ਖੇਤੀ ਲਈ ਬਹੁਤ ਜ਼ਰੂਰੀ ਹੈ। ਇਸ ਦੀ ਥਾਂ ਰਸਾਇਣਕ ਖਾਦ ਨਹੀਂ ਲੈ ਸਕਦੀ। ਜੇ ਧਰਤੀ ਨੂੰ ਰੂੜੀ ਦੀ ਖਾਦ ਨਾ ਮਿਲੇ ਤੇ ਇਸ ਨੂੰ ਕੇਵਲ ਰਸਾਇਣਕ ਖਾਦ ਹੀ ਮਿਲੇ ਤਾਂ ਇਹ ਬਰਬਾਦ ਹੋ ਜਾਂਦੀ ਹੈ ਤੇ ਉਪਜਾਊ ਨਹੀਂ ਰਹਿੰਦੀ। ਰੂੜੀ ਦੀ ਖਾਦ ਨਾ ਮਿਲਣ ਕਰਕੇ ਧਰਤੀ ਕਮਜ਼ੋਰ ਹੋ ਜਾਂਦੀ ਹੈ। ਉਸ ਵਿਚ ਕੀੜੇ ਪੈਦਾ ਹੋ ਜਾਂਦੇ ਹਨ। ਇਨ੍ਹਾਂ ਕੀੜਿਆਂ ਨੂੰ ਮਾਰਨ ਲਈ ਕੀੜੇਮਾਰ ਦਵਾਈਆਂ ਵਰਤਣੀਆਂ ਪੈਂਦੀਆਂ ਜੋ ਜ਼ਹਿਰਲੀਆਂ ਹੁੰਦੀਆਂ ਹਨ। -ਸਵ. ਭਗਤ ਪੂਰਨ ਸਿੰਘ
ਲਗਭਗ ਸਾਰੀਆਂ ਮੌਸਮੀ ਸਬਜ਼ੀਆਂ ਦੀ ਸਫਲ ਕਾਸ਼ਤ
ਗੁਰਦੁਆਰਾ ਸਾਹਿਬ ਦੇ ਐਨ ਸਾਹਮਣੇ ਪੈਂਣੀ ਜਰਖੇਜ਼ ਜ਼ਮੀਨ ਵਿਚ ਜ਼ਹਿਰਾਂ ਤੋਂ ਮੁਕਤ ਖੇਤੀ ਵਿਚ ਸਬਜ਼ੀਆਂ ਦੀ ਕਾਸ਼ਤ ਪ੍ਰਮੁੱਖਤਾ ਨਾਲ ਕੀਤੀ ਜਾ ਰਹੀ ਹੈ। ਇੱਥੇ ਗਰਮੀਆਂ ਤੇ ਸਰਦੀਆਂ ਦੀਆਂ ਲਗਭਗ ਸਾਰੀਆਂ ਮੌਸਮੀ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵੇਲੇ ਜ਼ਹਿਰਾਂ ਤੋਂ ਨਿਰਲੇਖ ਖੇਤਾਂ ਵਿਚ ਕੱਦੂ, ਘੀਆ, ਭਿੰਡੀ, ਅਰਬੀ, ਫਲੀਆਂ, ਟੀਂਡੇ, ਖੀਰੇ, ਤਰਾਂ ਆਦਿ ਲਗਾਏ ਗਏ ਹਨ।
ਹੁਣ ਪਾਕਿਸਤਾਨੀ ਖੀਰੇ ਬੀਜਣ ਦਾ ਵਿਚਾਰ ਹੈ ਜਿਸ ਦਾ ਬੀਜ ਮੰਗਵਾਇਆ ਜਾ ਰਿਹਾ ਹੈ ਜਦਕਿ ਗਾਜਰ ਦੀ ਫਸਲ ਦੀ ਚੋਖੀ ਹੁੰਦੀ ਰਹੀ ਹੈ। ਇਨ੍ਹਾਂ ਤੋਂ ਇਲਾਵਾ ਆੜੂ, ਨਾਖ, ਅਮਰੂਦ, ਲੀਚੀ, ਆਲੂ ਬੁਖਾਰੇ ਦਾ ਸਵਾਦ ਚੱਖਿਆ ਤਾਂ ਇਹ ਰੱਜ ਕੇ ਮਿੱਠੇ ਲੱਗੇ।
ਮੈਨੇਜਰਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਜੈਵਿਕ ਖੇਤੀ ਲਈ ਤੁਰੰਤ ਕਾਰਜ ਆਰੰਭਣ ਲਈ ਕਿਹਾ ਗਿਆ ਹੈ ਤਾਂ ਜੋ ਸਾਰੀ ਸੰਗਤ ਨੂੰ ਜੈਵਿਕ ਸਬਜ਼ੀਆਂ ਵਾਲਾ ਲੰਗਰ ਛਕਾਇਆ ਜਾ ਸਕੇ। ਭਾਰਤ ਸਰਕਾਰ ਦੇ ਸਹਾਰਾਨਪੁਰ (ਯੂਪੀ) ਕੁਦਰਤੀ ਖੇਤੀ ਸੈਂਟਰ ਵਿਖੇ ਮੈਨੇਜਰਾਂ, ਇੰਚਾਰਜਾਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ। ਮਹਿਤਾ ਨੇ ਦੱਸਿਆ ਕਿ ਸਤਲਾਣੀ ਸਾਹਿਬ ਜਿਥੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇੱਥੇ ਜੈਵਿਕ ਖੇਤੀ ਅਧੀਨ ਰਕਬੇ ਨੂੰ ਵਧਾਇਆ ਜਾ ਰਿਹਾ ਹੈ।
ਰੱਬ ਕਰੇ ਮਾਲਵੇ ਲਈ ਸੰਜੀਵਨੀ ਸਾਬਤ ਹੋਵੇ ਬਠਿੰਡੇ ਦਾ ਏਮਜ਼
ਬਠਿੰਡਾ : ਜ਼ਿਲ੍ਹਾ ਬਠਿੰਡਾ ਦਾ ਏਮਜ਼ ਇੰਸਟੀਚਿਊਟ ਬਿਮਾਰ ਮਾਲਵੇ ਦੇ ਦੁੱਖਾਂ ਦੀ ਦਾਰੂ ਬਣੇਗਾ ਜਿਸਦੇ ਚਾਲੂ ਹੋਣ ਦੀ ਉਡੀਕ ਪੂਰਾ ਖਿੱਤਾ ਕਰ ਰਿਹਾ ਹੈ। ਜੂਨ 2020 ਤੱਕ ਸੰਸਥਾ ਦੀ ਉਸਾਰੀ ਮੁਕੰਮਲ ਕਰਨ ਦਾ ਟੀਚਾ ਹੈ। ਬਠਿੰਡੇ ਵਿੱਚ ਕੈਂਸਰ ਦੀ ਮਾਰ ਕੌਮੀ ਔਸਤ ਪਾਰ ਕਰ ਚੁੱਕੀ ਹੈ। ਮਾੜੇ ਪਾਣੀ ਅਤੇ ਟੁੱਟੀ ਆਰਥਿਕਤਾ ਨੇ ਲੋਕਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਪਹਿਲਾਂ ਹੁਸ਼ਿਆਰਪੁਰ ਵਿਚ ਏਮਜ਼ ਇੰਸਟੀਚਿਊਟ ਬਣਾਉਣ ਦੀ ਯੋਜਨਾ ਸੀ ਪਰ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸਿਆਸੀ ਦਬਾਅ ਪਾ ਕੇ ਏਮਜ਼ ਇੰਸਟੀਚਿਊਟ ਬਠਿੰਡੇ ਲਿਆਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ।
ਜਾਣਕਾਰੀ ਅਨੁਸਾਰ ਏਮਜ਼ ਇੰਸਟੀਚਿਊਟ ਦੀ ਚਾਰਦੀਵਾਰੀ ਦਾ ਕੰਮ ਜਨਵਰੀ 2017 ਵਿੱਚ ਸ਼ੁਰੂ ਹੋ ਗਿਆ ਸੀ, ਜਿਸ ਉੱਤੇ ਕਰੀਬ 6.32 ਕਰੋੜ ਰੁਪਏ ਖ਼ਰਚਾ ਆਵੇਗਾ। ਕੇਂਦਰ ਸਰਕਾਰ ਨੇ ਏਮਜ਼ ਦੀ ਉਸਾਰੀ ਲਈ 926 ਕਰੋੜ ਦੇ ਫੰਡ ਦੀ ਪ੍ਰਵਾਨਗੀ ਦਿੱਤੀ ਹੈ।
ਪੰਜਾਬ ਖੇਤੀ ‘ਵਰਸਿਟੀ ਨੇ ਸਿਹਤ ਵਿਭਾਗ ਪੰਜਾਬ ਨੂੰઠਏਮਜ਼ ਬਣਾਉਣ ਵਾਸਤੇ ਕਰੀਬ 170 ਏਕੜ ਜ਼ਮੀਨ ਦਿੱਤੀ ਹੈ। ‘ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ’ ਤਹਿਤ ਮੁਲਕ ਦੇ 11 ਸੂਬਿਆਂ ਵਿੱਚ ਏਮਜ਼ ਇੰਸਟੀਚਿਊਟ ਬਣ ਰਹੇ ਹਨ ਜਿਨ੍ਹਾਂ ਵਿਚੋਂ ਚਾਰ ਸੂਬਿਆਂ ਵਿੱਚ ਅਜੇ ਤੱਕ ਜ਼ਮੀਨ ਵੀ ਪ੍ਰਾਪਤ ਨਹੀਂ ਹੋਈ ਹੈ। ਤਤਕਾਲੀ ਮੁੱਖ ਮੰਤਰੀ ਨੇ ਉਦੋਂ ਪੰਜਾਬ ਚੋਣਾਂ ਸਿਰ ‘ਤੇ ਹੋਣ ਕਰਕੇ ਹੱਥੋਂ-ਹੱਥ ਏਮਜ਼ ਲਈ ਜ਼ਮੀਨ ਦਾ ਪ੍ਰਬੰਧ ਕਰ ਦਿੱਤਾ ਸੀ।
ਕੇਂਦਰ ਸਰਕਾਰ ਨੇ ਆਂਧਰਾ ਪ੍ਰਦੇਸ਼ ਨੂੰ ਏਮਜ਼ ਲਈ 1618 ਕਰੋੜ, ਪੱਛਮੀ ਬੰਗਾਲ ਨੂੰ 1754 ਕਰੋੜ ਅਤੇ ਮਹਾਰਾਸ਼ਟਰ ਨੂੰ 1577 ਕਰੋੜ ਰੁਪਏ ਦਿੱਤੇ ਹਨ ਪਰ ਪੰਜਾਬ ਨੂੰ 925 ਕਰੋੜ ਰੁਪਏ ਹੀ ਦਿੱਤੇ ਹਨ। ਬਠਿੰਡਾ ਦੇ ਏਮਜ਼ ਹਸਪਤਾਲ ਦੀ ਸਮਰੱਥਾ 750 ਬਿਸਤਰਿਆਂ ਦੀ ਹੋਵੇਗੀ ਅਤੇ ਇਮਾਰਤ ਦੇ ਮੁਕੰਮਲ ਹੋਣ ਮਗਰੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਮਰੀਜ਼ ਵੀ ਇੱਥੋਂ ਸਿਹਤ ਸੇਵਾਵਾਂ ਹਾਸਲ ਕਰ ਸਕਣਗੇ।
ਪੁਰਾਣੀ ਸਰਕਾਰ ਨੇ ਇੰਸਟੀਚਿਊਟ ਵਿੱਚ ਕਾਫ਼ੀ ਰੁਚੀ ਦਿਖਾਈ ਸੀ ਪਰ ਕੈਪਟਨ ਸਰਕਾਰ ਨੇ ਏਮਜ਼ ਦੀ ਉਸਾਰੀ ਲਈ ਕੋਈ ਠੋਸ ਕਦਮ ਫਿਲਹਾਲ ਨਹੀਂ ਚੁੱਕੇ ਹਨ। ਉਂਜ, ਪੰਜਾਬ ਸਰਕਾਰ ਨੇ ਏਮਜ਼ ਵਾਸਤੇ ਸੜਕਾਂ ਦਾ ਨਿਰਮਾਣ ਅਤੇ ਬਿਜਲੀ ਦਾ ਪ੍ਰਬੰਧ ਕਰ ਦਿੱਤਾ ਹੈ।ਬਠਿੰਡਾ-ਡੱਬਵਾਲੀ ਮਾਰਗ ‘ਤੇ ਪਿੰਡ ਜੋਧਪੁਰ ਰੋਮਾਣਾ ਦੇ ਰਕਬੇ ਵਿੱਚ ਏਮਜ਼ ਇੰਸਟੀਚਿਊਟ ਬਣ ਰਿਹਾ ਹੈ ਜਿਸ ਦੀ ਮੁਕੰਮਲ ਉਸਾਰੀ ਮਗਰੋਂ ਮਾਲਵੇ ਦੀਆਂ ਸਿਹਤ ਸਹੂਲਤਾਂ ਨੂੰ ਵੱਡਾ ਹੁਲਾਰਾ ਮਿਲੇਗਾ।
ਧਾਗਾ ਮਿੱਲ ਦੀ ਡੋਰ ‘ਚ ਉਲਝ ਕੇ ਰਹਿ ਗਈ ਬਠਿੰਡੇ ਦੀ ਕੇਂਦਰੀ ਯੂਨੀਵਰਸਿਟੀ
ਬਠਿੰਡਾ : ਕੇਂਦਰੀ ਯੂਨੀਵਰਸਿਟੀ ਬਠਿੰਡਾ ਅੱਠ ਵਰ੍ਹਿਆਂ ਮਗਰੋਂ ਵੀ ‘ਧਾਗਾ ਮਿੱਲ’ ਦੀ ਉਲਝਣ ਵਿੱਚ ਫਸੀ ਹੋਈ ਹੈ ਜਿਸ ਨੂੰ ਆਪਣਾ ਪੱਕਾ ਘਰ ਨਸੀਬ ਨਹੀਂ ਹੋਇਆ। ਭਾਵੇਂ ‘ਵਰਸਿਟੀ ਨੇ ‘ਵਾਇਆ ਬਠਿੰਡਾ’ ਦਾ ਦਾਗ਼ ਤਾਂ ਧੋ ਦਿੱਤਾ ਪਰ ਇਹ ਭੂਗੋਲਿਕ ਮਾਰ ਝੱਲਣ ਲਈ ਮਜਬੂਰ ਹੈ।
ਬਠਿੰਡਾ ਦੀ ਬੰਦ ਧਾਗਾ ਮਿੱਲ ਵਿੱਚ ਕੇਂਦਰੀ ‘ਵਰਸਿਟੀ ਦਾ ਆਰਜ਼ੀ ਕੈਂਪਸ ਬਣਾਇਆ ਗਿਆ ਸੀ ਅਤੇ 27 ਫਰਵਰੀ 2009 ਨੂੰ ‘ਵਰਸਿਟੀ ਦੀ ਸਥਾਪਨਾ ਮਗਰੋਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੋਈ। ਕੇਂਦਰੀ ਮਨੁੱਖੀ ਸਰੋਤ ਮੰਤਰੀ ਸਮ੍ਰਿਤੀ ਇਰਾਨੀ ਨੇ 7 ਸਤੰਬਰ 2015 ਨੂੰ ਪਿੰਡ ਘੁੱਦਾ ਵਿੱਚ ‘ਵਰਸਿਟੀ ਦੇ ‘ਪੱਕੇ ਕੈਂਪਸ’ ਦੀ ਉਸਾਰੀ ਸ਼ੁਰੂ ਕਰਵਾਈ ਸੀ ਜਿਸਦਾ ਕਾਫ਼ੀ ਕੰਮ ਹੋ ਚੁੱਕਾ ਹੈ ਪਰ ਕੈਂਪਸ ਤਬਦੀਲ ਹੋਣ ਵਿਚ ਕੁਝ ਸਮਾਂ ਲੱਗਣਾ ਹੈ।
ਕੇਂਦਰੀ ‘ਵਰਸਿਟੀ ਦੀ ਉਸਾਰੀ ਕਰੀਬ ਸਾਢੇ ਛੇ ਸਾਲ ਤਾਂ ਰੁਕੀ ਹੀ ਰਹੀ ਅਤੇ ਦੋ ਵਰ੍ਹਿਆਂ ਤੋਂ ਹੀ ਉਸਾਰੀ ਦੇ ਕੰਮ ਵਿੱਚ ਤੇਜ਼ੀ ਆਈ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁਰਖਿਆਂ ਦੇ ਪਿੰਡ ਘੁੱਦਾ ਵਿੱਚ ਸਾਲ 2007-08 ਵਿੱਚ ਕੇਂਦਰੀ ‘ਵਰਸਿਟੀ ਬਣਾਉਣ ਲਈ 534 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਹਾਲਾਂਕਿ ਅਕਤੂਬਰ 2012 ਵਿੱਚ ‘ਵਰਸਿਟੀ ਨੂੰ ਜ਼ਮੀਨ ਦਾ ਮੁਕੰਮਲ ਕਬਜ਼ਾ ਮਿਲ ਗਿਆ ਸੀ ਪਰ ਇਸ ਦੀ ਉਸਾਰੀ ਲਟਕੀ ਰਹੀ। ਪੱਕੇ ਕੈਂਪਸ ਦੀ ਪਹਿਲੇ ਪੜਾਅ ਦੀ ਉਸਾਰੀ ਦਾ ਕੰਮ ਚਾਲੂ ਸਾਲ ਦੌਰਾਨ ਮੁਕੰਮਲ ਹੋ ਜਾਣਾ ਹੈ। ਆਰਜ਼ੀ ਕੈਂਪਸ ਬਣਾਉਣ ਲਈ ਧਾਗਾ ਮਿੱਲ ਦੀ ਰੈਨੋਵੇਸ਼ਨ ‘ਤੇ ਕਰੀਬ 5 ਕਰੋੜ ਰੁਪਏ ਖ਼ਰਚੇ ਗਏ ਸਨ।
ਕੇਂਦਰੀ ‘ਵਰਸਿਟੀ ਨੂੰ ਭੂਗੋਲਿਕ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਪੰਜਾਬ ਦੀ ਟੇਲ ਉੱਤੇ ਪੈਣ ਕਰਕੇ ਇੱਥੇ ਕੋਈ ਪ੍ਰੋਫੈਸਰ ਆਉਣ ਲਈ ਤਿਆਰ ਨਹੀਂ ਹੈ।
ਮਹਾਂਨਗਰਾਂ ਦੇ ਮੇਚ ਦਾ ਨਾ ਹੋਣ ਦਾ ਨੁਕਸਾਨ ‘ਵਰਸਿਟੀ ਨੂੰ ਹੋ ਰਿਹਾ ਹੈ। ਕੇਂਦਰੀ ‘ਵਰਸਿਟੀ ਵਿਚੋਂ ਹੁਣ ਤੱਕ ਕਰੀਬ 55 ਫੈਕਲਟੀ ਮੈਂਬਰ ਅਸਤੀਫ਼ੇ ਦੇ ਚੁੱਕੇ ਹਨ, ਜਿਨ੍ਹਾਂ ਵਿਚ ਦੋ ਦਰਜਨ ਅਧਿਆਪਕ ਵੀ ਸ਼ਾਮਲ ਹਨ। ਯੂਨੀਵਰਸਿਟੀ ਵਿੱਚ 20 ਸੈਂਟਰ ਚੱਲ ਰਹੇ ਹਨ ਜਿਨ੍ਹਾਂ ਵਿੱਚ ਪੋਸਟ ਗਰੈਜੂਏਟ ਕੋਰਸ ਅਤੇ ਪੀਐੱਚਡੀ ਚੱਲ ਰਹੀ ਹੈ। ਹਰ ਸੈਂਟਰ ਵਿੱਚ ਇੱਕ ਤੋਂ ਦੋ ਦਰਜਨ ਤੱਕ ਸੀਟਾਂ ਹਨ।
ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ‘ਵਰਸਿਟੀ ਲਈ ਪ੍ਰਵਾਨਿਤ ਆਸਾਮੀਆਂ ਵਿਚੋਂ 67 ਜਦਕਿ ਨਾਨ-ਟੀਚਿੰਗ ਸਟਾਫ਼ ਦੀਆਂ 71 ਆਸਾਮੀਆਂ ਖਾਲੀ ਹਨ। ਆਰਜ਼ੀ ਕੈਂਪਸ ਵਿੱਚ ‘ਵਰਸਿਟੀ ਚੱਲਣ ਅਤੇ ਨਵੇਂ ਕੈਂਪਸ ਦੀ ਧੀਮੀ ਉਸਾਰੀ ਕਾਰਨ ‘ਵਰਸਿਟੀ ਦੀ ਤਰੱਕੀ ਨੇ ਰਫ਼ਤਾਰ ਨਹੀਂ ਫੜੀ। ਕੇਂਦਰੀ ‘ਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਆਰ.ਕੇ. ਕੋਹਲੀ ਨੇ ਵਿੱਦਿਅਕ ਬਿਹਤਰੀ ਲਈ ਕਾਫ਼ੀ ਕਦਮ ਚੁੱਕੇ ਹਨ।
ਕੇਂਦਰੀ ‘ਵਰਸਿਟੀ ਚਾਂਸਲਰ ਡਾ. ਐੱਸ.ਐੱਸ. ਜੌਹਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਭੂਗੋਲਿਕ ਤੌਰ ‘ਤੇ ਬਠਿੰਡਾ ਖਿੱਤਾ ਮਹਾਂਨਗਰਾਂ ਦੀ ਪਹੁੰਚ ਵਿੱਚ ਨਹੀਂ ਹੈ ਅਤੇ ਵੱਡੀ ਮਾਰ ਕੁਨੈਕਟੀਵਿਟੀ ਦੀ ਹੈ। ਕਈ ਰੈਗੂਲਰ ਆਸਾਮੀਆਂ ਲਈ ਚੰਗੇ ਸਕਾਲਰ ਨਹੀਂ ਮਿਲ ਰਹੇ ਹਨ।
ਸਥਿਤੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੋਈ: ਵੀ.ਸੀ. : ਵਾਈਸ ਚਾਂਸਲਰ ਪ੍ਰੋ. ਕੋਹਲੀ ਨੇ ਕਿਹਾ ਕਿ ਕਿ ਕੋਈ ਉੱਚ ਸਕਾਲਰ, ਮਹਾਂਨਗਰ ਛੱਡ ਕੇ ਬਠਿੰਡਾ ਨਹੀਂ ਆਉਣਾ ਚਾਹੁੰਦਾ ਪਰ ਫਿਰ ਵੀ ਪਹਿਲਾਂ ਨਾਲੋਂ ਸਥਿਤੀ ਕਾਫ਼ੀ ਬਿਹਤਰ ਹੋ ਗਈ ਹੈ। ਜਲਦੀ ਹੀ ਨਵੇਂ ਕੈਂਪਸ ਦੀ ਉਸਾਰੀ ਦਾ ਪਹਿਲਾ ਪੜਾਅ ਮੁਕੰਮਲ ਹੋ ਜਾਵੇਗਾ।
ਅੰਮ੍ਰਿਤਸਰ ਦੀ ਆਈਆਈਐਮ ਨੂੰ ਇੰਤਜ਼ਾਰ ਆਪਣੇ ਕੈਂਪਸ ਦੀ ਉਸਾਰੀ ਦਾ
ਅੰਮ੍ਰਿਤਸਰ : ਕੇਂਦਰ ਵਿੱਚ ਭਾਜਪਾ ਸਰਕਾਰ ਦੀ ਸਥਾਪਤੀ ਮਗਰੋਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਲਈ ਕੇਂਦਰੀ ਵਿੱਦਿਅਕ ਸੰਸਥਾ- ‘ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ’ (ਆਈਆਈਐੱਮ) ਖੋਲ੍ਹਣ ਦਾ ਐਲਾਨ ਕੀਤਾ ਸੀ ਅਤੇ ਆਰਜ਼ੀ ਤੌਰ ‘ਤੇ ਇਸ ਦੀ ਸ਼ੁਰੂਆਤ ਇੱਕ ਕਿਰਾਏ ਦੀ ਇਮਾਰਤ ਤੋਂ ਕਰ ਦਿੱਤੀ ਗਈ ਸੀ। ਇਸ ਦੌਰਾਨ ਇਸ ਨਾਮੀ ਵਿੱਦਿਅਕ ਸੰਸਥਾ ਦਾ ਆਪਣਾ ਵੱਖਰਾ ਕੈਂਪਸ ਬਣਾਉਣ ਦਾ ਐਲਾਨ ਹੋਇਆ ਅਤੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ-ਜਲੰਧਰ ਰੋਡ ‘ਤੇ ਮਾਨਾਂਵਾਲਾ ਨੇੜੇ ਲਗਪਗ 61 ਏਕੜ ਜ਼ਮੀਨ ਵੀ ਮਹਿੰਗੇ ਭਾਅ ਵਿਚ ਪ੍ਰਾਪਤ ਕੀਤੀ ਗਈ ਪਰ ਕੈਂਪਸ ਦੀਆਂ ਇਮਾਰਤਾਂ ਦੀ ਉਸਾਰੀ ਹੁਣ ਤੱਕ ਸ਼ੁਰੂ ਨਹੀਂ ਹੋ ਸਕੀ ਹੈ। ਇਸ ਲਈ ਹੁਣ ਸਿਰਫ਼ ਇੱਕ ਏਕੜ ਜ਼ਮੀਨ ਦੇ ਇੱਕ ਟੋਟੇ ਦੀ ਪ੍ਰਾਪਤੀ ਅੜਿੱਕਾ ਬਣੀ ਹੋਈ ઠਹੈ।
ਇਸ ਸੰਸਥਾ ਦੀ ਆਪਣੀ ਇਮਾਰਤ ਦਾ ਨੀਂਹ ਪੱਥਰ ਜੂਨ 2016 ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਰੱਖਿਆ ਸੀ। ਇਸ ਉਪਰ ਲਗਪਗ 671 ਕਰੋੜ ਰੁਪਏ ਖ਼ਰਚ ਹੋਣਗੇ। ਇਸ ਵੇਲੇ ਕਿਰਾਏ ਦੀ ਇਮਾਰਤ ਵਿੱਚ ઠਸਿਰਫ਼ ਇੱਕ ਕੋਰਸ ‘ਪੋਸਟ ਗਰੈਜੂਏਟ ਪ੍ਰੋਗਰਾਮ ਇਨ ਮੈਨੇਜਮੈਂਟ’ ਚੱਲ ਰਿਹਾ ਹੈ।
ਸੰਸਥਾ ਦਾ ਪ੍ਰਬੰਧ ਕੋਜ਼ੀਕੋਡੇ ਸਥਿਤ ਆਈਆਈਐਮ ਦੀ ਪ੍ਰਬੰਧਕੀ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ।
ਸੰਸਥਾ ਦੇ ਆਪਣੇ ਕੈਂਪਸ ਦੀ ਉਸਾਰੀ ਵਾਸਤੇ ઠ2015 ਵਿੱਚ 61 ਏਕੜ ਜ਼ਮੀਨ ਪ੍ਰਾਪਤ ਕੀਤੀ ਗਈ ਸੀ ਪਰ ਦੋ ਸਾਲਾਂ ਤੋਂ ਵੱਧ ਸਮਾਂ ਬੀਤਣ ਮਗਰੋਂ ਕੈਂਪਸ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।
ਇਸ ਦੇ ਮੌਜੂਦਾ ਪ੍ਰਬੰਧਕਾਂ ਨੇ ਇੱਕ ਏਕੜ ਜ਼ਮੀਨ ਹੋਰ ਦੇਣ ਦੀ ਮੰਗ ਰੱਖੀ ਹੈ ਜਿਸ ਨੂੰ ਸਰਕਾਰ ਕੋਲ ਰੱਖਿਆ ਜਾ ਰਿਹਾ ਹੈ। ਹੁਣ ਸਿਰਫ਼ ਇੱਕ ਏਕੜ ਜ਼ਮੀਨ ਦੇ ਟੋਟੇ ਕਾਰਨ ਸੰਸਥਾ ਦੀ ਉਸਾਰੀ ਦਾ ਕੰਮ ਰੁਕ ਗਿਆ ਹੈ। ਇਹ ਜ਼ਮੀਨ ਸੰਸਥਾ ਲਈ ਇੱਕ ਹੋਰ ਰਸਤਾ ਬਣਾਉਣ ਲਈ ਲੋੜੀਂਦੀ ਹੈ। ਆਈਆਈਐਮ ਦੇ ਸਲਾਹਕਾਰ ਇੰਜਨੀਅਰ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਮਗਰੋਂ ਇਸ ਦੀ ਵਰਤੋਂ ਵਿੱਚ ਬਦਲਾਅ ਸਬੰਧੀ ਸਰਟੀਫਿਕੇਟ ਵੀ ਚਾਹੀਦਾ ਹੈ। ਇਮਾਰਤਾਂ ਦੀ ਉਸਾਰੀ ਲਈ ਲੋੜੀਂਦੇ ਨਕਸ਼ੇ ਆਦਿ ਅਤੇ ਡੀਪੀਆਰ ਵਾਸਤੇ ਇਹ ਸਾਰੇ ਅੜਿੱਕੇ ਖ਼ਤਮ ਹੋਣੇ ਜ਼ਰੂਰੀ ਹਨ।
ਸੰਸਥਾ ਦੀ ਜਲਦੀ ਉਸਾਰੀ ਵਾਸਤੇ ਯਤਨਸ਼ੀਲ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਇਸ ਬਾਰੇ ਪਿਛਲੇ ਦਿਨੀਂ ਖੁਲਾਸਾ ਕੀਤਾ ਸੀ ઠਕਿ ਅਕਾਲੀ-ਭਾਜਪਾ ਸਰਕਾਰ ਵੇਲੇ 61 ਏਕੜ ਜ਼ਮੀਨ ਪ੍ਰਾਪਤ ਕੀਤੀ ਗਈ ਸੀ ਅਤੇ ਹੁਣ ਸਿਰਫ਼ ਇੱਕ ਏਕੜ ਜ਼ਮੀਨ ਦੀ ਹੋਰ ਲੋੜ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ઠਕੀਤੀ ਕਿ ਇਸ ਸੰਸਥਾ ਵਾਸਤੇ ਇਹ ਜ਼ਮੀਨ ਪੰਜਾਬ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਵੇ।

Check Also

ਇਜ਼ਰਾਈਲ-ਫਿਲਸਤੀਨ ਸੰਘਰਸ਼ ਬਾਰੇ ਕਹਾਣੀ

ਉਮੀਦ ਦੀ ਆਵਾਜ਼ ਡਾ. ਦੇਵਿੰਦਰ ਪਾਲ ਸਿੰਘ ਬਹੁਤੀ ਪੁਰਾਣੀ ਗੱਲ ਨਹੀਂ। ਮੱਧ ਪੂਰਬ ਦੇ ਧੁਰ …