Breaking News
Home / Special Story / ਸੋ ਕਉਨ ਖਾਲਸਾ ਹੈਨਿ?

ਸੋ ਕਉਨ ਖਾਲਸਾ ਹੈਨਿ?

Damdama Shaib copy copyਖਾਲਸਾ ਪੰਥ ਦੀ ਸਿਰਜਣਾ ਦੇ ਸਿਧਾਂਤਕ ਅਤੇ ਵਿਚਾਰਧਾਰਕ ਪ੍ਰਸੰਗ ਵਿਚ ‘ਪ੍ਰੇਮ ਸੁਮਾਰਗ ਗ੍ਰੰਥ’ ਵਿਚ ਦਰਜ ਇਹ ਇਬਾਰਤ ਵੱਡੇ ਮਹੱਤਵ ਵਾਲੀ ਹੈ-
ਸੋ ਕਉਨ ਖਾਲਸਾ ਹੈਨਿ?
ਜਿਨ੍ਹੀਂ ਕਿਨ੍ਹੀਂ ਆਪਣਾ ਤਨੁ ਮਨੁ ਧਨੁ
ਗੁਰੂ ਸ੍ਰੀ ਅਕਾਲ ਪੁਰਖ ਜੀ ਕਓ ਸਓਾਪਿਆ ਹੈ॥
ਕਿਸੀ ਬਾਤ ਕਾ ਓੁਨ ਕਓੁ ਹਰਖੁ ਸੋਗੁ ਨਾਹੀਂ॥
ਅਰੁ ਕਿਸੀ ਕੀ ਆਸਾ ਨਹੀਂ ਕਰਤੋ॥
ਅਹੁ ਇੰਦ੍ਰੀਆਂ ਆਪਣੀਆਂ ਕਓੁ ਜੀਤ ਬੈਠੇ ਹੈਨਿ॥
ਅਰੁ ਚਿਤਵਨੀ ਆਪਨੀ ਕਓੁ
ਸ੍ਰੀ ਅਕਾਲ ਪੁਰਖੁ ਜੀ ਕੇ ਚਰਨਾਰਬਿੰਦ ਬਿਖੈ ਰਖਿਆ ਹੈ॥
ਹੋਰ ਤਫਸੀਲ ਕਰਦੀਆਂ ਇਸ ਰਵਾਇਤੀ ਗ੍ਰੰਥ ਦੀਆਂ ਇਹ ਸਤਰਾਂ ਵੀ ਉਚੇਚੇ ਧਿਆਨ ਦੇਣ ਵਾਲੀਆਂ ਹਨ। ਖਾਲਸਾ ਹੋਣ ਲਈ ਕਿਨ੍ਹਾਂ ਗੁਣਾਂ ਦੀ ਆਵਸ਼ਕਤਾ ਹੁੰਦੀ ਹੈ, ਇਸ ਦਾ ਖੁਲਾਸਾ ਰਚਨਾਕਾਰ ਨੇ ਬੜੇ ਖੂਬਸੂਰਤ ਸ਼ਬਦਾਂ ਵਿਚ ਕੀਤਾ ਹੈ। ਖਾਲਸਾ ਉਹ ਹੈ ਜਿਹੜਾ-‘ਲੋਭ ਨ ਕਰੈ, ਅਹੰਕਾਰ ਨ ਕਰੈ, ਬਹੁਤ ਮੋਹ ਨ ਕਰੈ, ਨਿੰਦਿਆ ਨ ਕਰੈ, ਅਰੁ ਅਸੱਤ ਭੀ ਨ ਬੋਲੈ। ਅਹੁ ਐਸਾ ਸੱਤ ਭੀ ਨ ਬੋਲੈ, ਜੋ ਕਿਸੈ ਦਾ ਬੁਰਾ ਹੁੰਦਾ ਹੋਵੈ। ਅਰੁ ਜੋ ਕਿਛੁ ਕਰੈ, ਸੁਮਤਿ ਹੀ ਕਰੈ। ਦੁਖਾਵੈ ਕਿਸੈ ਕੋ ਨਾਹੀ। ਮੁੱਖ ‘ਤੇ ਮਿੱਠਾ ਬੋਲੈ। ਜੇ ਕੋਈ ਬੁਰਾ ਭਲਾ ਕਹੈ, ਮਨ ਬਿਖੈ ਲਿਆਵੈ ਨਾਹੀਂ। ਭਾਵੇਂ ਕੋਈ ਆਦਰੁ ਕਰੈ, ਭਾਵੇਂ ਕੋਈ ਅਨਾਦਰੁ ਕਰੈ, ਹਰਖ ਸੋਗ ਕਿਸੀ ਬਾਤ ਕਾ ਨਾ ਕਰੈ। ਪਰਾਏ ਦਰਬ ਕਉ ਅੰਗੀਕਾਰੁ ਨ ਕਰੈ। ਧਰਮ ਕੀ ਕਿਰਤਿ ਕਰ ਖਾਇ।
ਦਾਤਾ ਗੁਰੂ ਬਾਬਾ ਅਕਾਲ ਪੁਰਖੁ ਹੈ। ਹੋਰਤਿ ਕਿਤੈ ਵਲਿ ਦੇਖੈ ਨਾਹੀ। ਮਟ, ਮੜ੍ਹੀ, ਦੇਵੀ, ਦੇਵਤਾ, ਬੁਤ, ਤੀਰਥ, ਧਰਤ, ਪੂਜਾ-ਅਰਚਾ, ਮੰਤ੍ਰ, ਜੰਤ੍ਰ, ਪੀਰ ਪੁਰਸ਼, ਬ੍ਰਾਹਮਣ, ਪੁੱਛਿ ਨ ਲੇਵੈ। ਤਰਪਣ ਗਾਇਤ੍ਰੀ ਸੰਧਿਆ ਹੋਰਤਿ ਕਿਤੈ ਵਲਿ ਦੇਖੈ ਨਾਹੀ। ਮਨ ਆਪਣਾ ਸ੍ਰੀ ਅਕਾਲ ਪੁਰਖੁ ਜੀ ਕੇ ਚਰਨਾਰਬਿੰਦ ਬਿਖੈ ਰਖੈ।
ਅਸਲ ਵਿਚ ਸਮੁੱਚੀ ਪਰੰਪਰਾ ਤੇ ਇਤਿਹਾਸ ਨੂੰ ਜੇ ਵੇਖੀਏ ਤਾਂ ‘ਖਾਲਸਾ’ ਸ਼ਬਦ ਦੀ ਪਰਿਭਾਸ਼ਾ ਦੋ ਤਰ੍ਹਾਂ ਕੀਤੀ ਜਾ ਸਕਦੀ ਹੈ। ਭਾਈ ਕਾਹਨ ਸਿੰਘ ਨਾਭਾ ਦੇ ‘ਗੁਰੁਮਤ ਮਾਰਤੰਡ’ ਅਨੁਸਾਰ ‘ਖਾਲਿਸ ਦਾ ਅਰਥ ਹੈ ਸ਼ੁਧ, ਨਿਰਮਲ ਅਤੇ ਬਿਨਾਂ ਮਿਲਾਵਟ। ਇਸੇ ਭਾਵ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤੀਏ ਸਿੰਘਾਂ ਦਾ ਨਾਓੁ ਖਾਲਸਾ ਰੱਖਿਆ ਹੈ, ਜੋ ਨਿਰਮਲ ਸ਼ਬਦ ਦਾ ਅਨੁਵਾਦ ਹੈ। ਦੂਜੇ ਪਾਸੇ ਇਤਿਹਾਸਕ ਲਿਖਤਾਂ ਦੱਸਦੀਆਂ ਹਨ ਕਿ ‘ਖਾਲਸਾ’ ਸ਼ਬਦ ਤਤਕਾਲੀਨ ਸਮੇਂ ਵਿਚ ਉਸ ਜਾਇਦਾਦ ਲਈ ਵਰਤਿਆ ਜਾਂਦਾ ਸੀ, ਜਿਸ ਉੱਪਰ ਕਿਸੇ ਜਾਗੀਰਦਾਰ ਦਾ ਕੋਈ ਹੱਕ ਨਹੀਂ, ਸਗੋਂ ਜਿਹੜੀ ਸਿੱਧੇ ਰੂਪ ਵਿਚ ਬਾਦਸ਼ਾਹ ਦੇ ਅਧਿਕਾਰ ਵਿਚ ਹੁੰਦੀ ਹੈ। ਅੱਜ ਵੀ ਮਹਿਕਮਾ ਮਾਲ ਦੇ ਦਸਤਾਵੇਜ਼ ਮੁਤਾਬਿਕ ‘ਖਾਲਸਾ’ ਦਾ ਭਾਵ ਸਰਕਾਰੀ ਜ਼ਮੀਨ ਹੈ। ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਿੱਖ ਪਰੰਪਰਾ ਵਿਚ ‘ਖਾਲਸਾ’ ਸ਼ਬਦ ਇਨ੍ਹਾਂ ਅਰਥਾਂ ਵਿਚ ਹੀ ਵਰਤਿਆ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਇਕ ਰਚਨਾ ਵਿਚ ਖਾਲਸੇ ਦੀ ਰਹਿਤ ਦੀ ਵਜਾਹਤ ਕੀਤੀ ਹੈ ਅਤੇ ਉਸ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ-
ਜਾਗਤ ਜੋਤਿ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾ ਆਨੈ।
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮਟ ਭੂਲ ਨ ਮਾਨੈ।
ਤੀਰਥ ਦਾਨ ਦਯਾ ਤਪ ਸੰਯਮ, ਏਕ ਬਿਨਾ ਨਹਿ ਏਕ ਪਛਾਨੈ।
ਪੂਰਨ ਜੋਤ ਜਗੈ ਘਟ ਮੈ, ਤਬ ਖਾਲਸਾ ਤਾਹਿ ਨਿਖਾਲਸ ਜਾਨੈ।
ਕੁਝ ਇਸੇ ਆਸ਼ੇ ਦੀਆਂ ਸਤਰਾਂ ਕਵੀ ਸੈਨਾਪਤਿ ਦੇ ਦੁਆਰਾ ਰਚਿਤ ‘ਸ੍ਰੀ ਗੁਰ ਸੋਭਾ’ ਵਿਚ ਵੀ ਵੇਖਣ ਨੂੰ ਮਿਲਦੀਆਂ ਹਨ। ਸੈਨਾਪਤਿ ਅਨੁਸਾਰ ‘ਖਾਲਸਾ’ ਉਹ ਹੈ ਜਿਸ ਦੇ ਹਿਰਦੇ ਵਿਚ ਕਿਸੇ ਕਿਸਮ ਦਾ ਭਰਮ ਨਹੀਂ। ਜਿਸ ਨੇ ਕੋਈ ਭਰਮ ਨਹੀਂ ਪਾਲਿਆ ਹੋਇਆ। ਭਰਮ ਅਤੇ ਭੇਖ ਦੋਵਾਂ ਤੋਂ ਨਿਆਰਾ ਹੈ-
ਖਾਲਸਾ ਖਾਸ ਕਹਾਵੈ ਸੋਈ, ਜਾ ਕੈ ਹਿਰਦੈ ਭਰਮ ਨ ਹੋਈ।
ਭਰਮ ਭੇਖ ਤੇ ਰਹੈ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ।
ਕਵੀ ਸੈਨਾਪਤਿ ਨੇ ਖਾਲਸੇ ਦੀ ਪਛਾਣ ਦੇ ਗੁਣਾਂ ਦਾ ਜ਼ਿਕਰ ਵੀ ਵਿਸਥਾਰ ਨਾਲ ਕੀਤਾ ਹੈ। ਉਸ ਦੀਆਂ ਇਹ ਪੰਕਤੀਆਂ ਦੇਖਣ ਵਾਲੀਆਂ ਹਨ-
ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿਖ ਸਹੀ,
ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ।
ਪਾਂਚ ਕੀ ਕੁਸੰਗਤ ਤਜਿ ਸੰਗਤਿ ਸੋ ਪ੍ਰੀਤ ਕਰੇ,
ਦਯਾ ਔਰ ਧਰਮ ਧਾਰਿ ਤਿਆਗੇ ਸਬ ਲਾਲਸਾ।
ਹੁਕਾ ਨਾ ਪੀਵੈ ਸੀਸ ਦਾੜ੍ਹੀ ਨਾ ਮੁੰਡਾਵੈ,
ਸੋ ਤੋ ਵਾਹਗੁਰੂ ਵਾਹਗੁਰੂ, ਵਾਹਗੁਰੂ ਜੀ ਕਾ ਖਾਲਸਾ।
ਇਤਿਹਾਸਕ ਗ੍ਰੰਥਾਂ ਨੂੰ ਦੇਖੀਏ ਤਾਂ ‘ਖਾਲਸਾ’ ਅਤੇ ‘ਖਾਲਸਾ ਪੰਥ’ ਦੀ ਪਰਿਭਾਸ਼ਾ ਅਤੇ ਵਿਆਖਿਆ ਥੋੜ੍ਹਾ ਵੱਖਰੇ ਢੰਗ ਨਾਲ ਕੀਤੀ ਗਈ ਹੈ। ਮਿਸਾਲ ਦੇ ਤੌਰ ‘ਤੇ ਰਤਨ ਸਿੰਘ ਭੰਗੂ ਆਪਣੇ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਖਾਲਸਾ ਪੰਥ ਦੀ ਅੱਡਰੀ ਅਤੇ ਵਿਲੱਖਣ ਹਸਤੀ ਦਾ ਜ਼ਿਕਰ ਕਰਦੇ ਹਨ ਅਤੇ ਦੱਸਦੇ ਹਨ ਕਿ ਸ਼ਸਤਰਧਾਰੀ ਅਤੇ ਅੰਮ੍ਰਿਤਧਾਰੀ ਸਿੰਘਾਂ ਦਾ ਪੰਥ, ਆਪਣੀ ਰਹਿਣੀ-ਬਹਿਣੀ ਕਰਕੇ ਇਕ ਵੱਖਰੇ ਅਸਤਿੱਤਵ ਦਾ ਮਾਲਕ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਲੁਕਾਇਆ-ਛੁਪਾਇਆ ਨਹੀਂ ਜਾ ਸਕਦਾ। ਗੁਰੂ ਸਾਹਿਬ ਦੁਆਰਾ ਬਣਾਏ ਖਾਲਸਾ ਪੰਥ ਲਈ ਯੁੱਧ ਵੀ ਜ਼ਰੂਰੀ ਹੈ, ਕਿਉਂਕਿ ਯੁੱਧ ਤੋਂ ਬਿਨਾਂ ਖਾਲਸਾ ਪੰਥ ਪਾਤਸ਼ਾਹੀ ਦਾਅਵਾ ਨਹੀਂ ਕਰ ਸਕਦਾ। ਲੇਖਕ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਕਾਰ ਕੀਤਾ ਹੈ-
ਸਿਰ ਪਰ ਚੱਕਰ ਕਰਦੈਂ ਧਾਰੈ।
ਕਦ ਵਹਿ ਲੁਕੈ ਜਿਮ ਸ਼ੇਰ ਨਖ ਵਾਰੈਂ।
ਪੰਥ ਰਚਯੋ ਇਮ ਸਤਿਗੁਰ ਪੂਰੇ।
ਜੁੱਧੇ ਖਾਤਰ ਕਰਨ ਜਰੂਰੇ।
ਬਿਨ ਜੁੱਧੇ ਕਬ ਪਯੱਤ ਪਾਤਿਸ਼ਾਹੀ।
ਆਦਿ ਜੁਧੇ ਬਿਧਿ ਗੁਰੂ ਉਠਾਈ।ઠ
ਇਕ ਹੋਰ ਥਾਂ ‘ਤੇ ਭਾਈ ਰਤਨ ਸਿੰਘ ਭੰਗੂ ਨੇ ‘ਖਾਲਸਾ’ ਸ਼ਬਦ ਨੂੰ ਨਿਵੇਕਲੇ ਢੰਗ ਨਾਲ ਪਰਿਭਾਸ਼ਤ ਕੀਤਾ ਹੈ। ਉਨ੍ਹਾਂ ਅਨੁਸਾਰ ਖਾਲਸਾ ਪੂਰਨ ਪ੍ਰਭੂਸੱਤਾ ਦਾ ਮਾਲਕ ਹੈ ਅਤੇ ਖੁਦਮੁਖਤਿਆਰ ਹੈ। ਕਿਸੇ ਦੀ ਈਨ ਮੰਨਣਾ ਉਸ ਦੇ ਸੁਭਾਅ ਵਿਚ ਸ਼ਾਮਿਲ ਨਹੀਂ। ਉਹ ਆਪ ਖੁਦਾਈ ਸ਼ਕਤੀ ਦਾ ਪ੍ਰਤੀਕ ਹੈ ਅਤੇ ਖੁਦਾਈ ਗੁਣਾਂ ਦਾ ਧਾਰਨੀ ਹੈ-
ਖਾਲਸੋ ਹੋਵੇ ਖੁਦ ਖੁਦਾ,ઠ
ਜਿਸ ਖੂਬੀ ਖੂਬ ਖੁਦਾਇ।
ਆਨ ਨਾ ਮਾਨੈ ਆਨ ਕੀ,ઠ
ਇਕ ਸੱਚੇ ਬਿਨ ਪਾਤਿਸਾਹਿ ।
ਗਿਆਨੀ ਗਿਆਨ ਸਿੰਘ ਨੇ ਆਪਣੇ ‘ਪੰਥ ਪ੍ਰਕਾਸ਼’ ਵਿਚ ‘ਪੰਥ ਖਾਲਸਾ’ ਦੀ ਗੱਲ ਵੱਖਰੀ ਦ੍ਰਿਸ਼ਟੀ ਤੋਂ ਕੀਤੀ ਹੈ। ਉਨ੍ਹਾਂ ਅਨੁਸਾਰ ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਆਪਣਾ ਪੁੱਤਰ ਮੰਨਦੇ ਹਨ। ਜਿਸ ਤਰ੍ਹਾਂ ਬ੍ਰਾਹਮਣ ਦਾ ਪੁੱਤਰ ਬ੍ਰਾਹਮਣ ਅਤੇ ਛਤਰੀ ਦਾ ਪੁੱਤਰ ਛਤਰੀ ਹੁੰਦਾ ਹੈ, ਉਸੇ ਪ੍ਰਕਾਰ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਪੁੱਤਰ ਹੈ-
ਜਯੋ ਬ੍ਰਾਹਮਣ ਕਾ ਸੁਤ ਹੁਇ ਬ੍ਰਾਹਮਣ, ਛਤਰੀ ਕਾ ਹੁਇ ਛਤਰੀ।
ਤਯੋਂ ਹੀ ਪੰਥ ਖਾਲਸਾ ਹਮਾਰਾ, ਹੈ ਸੁਤ ਅਤਰੀ ਅਤਰੀ।
ਖਾਲਸਾ ਹੋ ਜਾਣ ਦੀਆਂ ਖੂਬੀਆਂ ਦੱਸਦਿਆਂ ਗਿਆਨੀ ਗਿਆਨ ਸਿੰਘ ਦਾ ਕਥਨ ਹੈ ਕਿ ਖਾਲਸਾ ਉਹ ਹੈ ਜਿਹੜਾ ਇਕ ਅਕਾਲ ਪੁਰਖ ਦਾ ਉਪਾਸ਼ਕ ਹੈ ਅਤੇ ਜਿਹੜਾ ਸ਼ਸਤ੍ਰ ਵਿੱਦਿਆ ਨਾਲ ਪਿਆਰ ਕਰਦਾ ਹੈ। ਆਪਣੇ ਉਚੇਚੇ ਉਦੇਸ਼ ਦੀ ਪ੍ਰਾਪਤੀ ਲਈ ਖਾਲਸਾ ਸੰਸਾਰ ਦੇ ਸਾਰੇ ਬੰਧਨਾਂ ਨੂੰ ਦਾਅ ‘ਤੇ ਲਾ ਦਿੰਦਾ ਹੈ-
ਇਕ ਅਕਾਲ ਕੀ ਕਰਤ ਬੰਦਗੀ। ਸ਼ਸਤ੍ਰ ਬਿਦਿਯਾ ਬਹੁ ਪਸਿੰਦਗੀ।
ਨਾਮ ਸਿੰਘ ਬਨ ਮਜਬ ਖਾਲਸਾ। ਛੋਡ ਦੇਤ ਸਭ ਜਗਤ ਜਾਲਸਾ।
ਖਾਲਸੇ ਦੇ ਵਿਅਕਤੀਗਤ ਗੁਣਾਂ ਦੇ ਨਾਲ-ਨਾਲ ਉਸ ਦੇ ਜਥੇਬੰਦਕ ਅਤੇ ਸਮੂਹਿਕ ਵਿਅਕਤਿਤਵ ਨੂੰ ਵੀ ਗਿਆਨੀ ਗਿਆਨ ਸਿੰਘ ਨੇ ਬੜੇ ਖੂਬਸੂਰਤ ਤਰੀਕੇ ਨਾਲ ਉਭਾਰਿਆ ਹੈ। ਖਾਲਸਾ ਪੰਥ ਦੀ ਜਥੇਬੰਦਕ ਭੂਮਿਕਾ ਨਿਵੇਕਲੀ ਕਿਸਮ ਦੀ ਹੈ। ਸ਼ਰਨ ਵਿਚ ਆਏ ਦੀਨ-ਦੁਖੀ ਦੀ ਰੱਖਿਆ ਕਰਨ ਅਤੇ ਉਸ ਦੀ ਹਰ ਇੱਛਾ ਪੂਰੀ ਕਰਨ ਦੀ ਸਮਰੱਥਾ ਖਾਲਸਾ ਪੰਥ ਵਿਚ ਹੈ ਅਤੇ ਉਹ ਇਸ ਲਈ ਹਮੇਸ਼ਾ ਤਤਪਰ ਵੀ ਰਹਿੰਦਾ ਹੈ। ਇਸੇ ਲਈ ਇਤਿਹਾਸ ਗਵਾਹ ਹੈ ਕਿ ਖਾਲਸਾ ਪੰਥ ਹਿੰਦੁਸਤਾਨ ਦੀ ਢਾਲ ਬਣ ਕੇ ਤੁਰਕਾਂ ਨਾਲ ਸੰਘਰਸ਼ ਕਰਦਾ ਰਿਹਾ ਹੈ।
ਦਾਰਦੀ ਦੁਖਾਰੈ ਦੀਨ ਆਵੈઠ
ਜੋ ਸਰਨ ਚੀਨ,
ਤਾਹੂੰ ਕੀ ਛਿਨੇਕ ਮਾਂਹਿ
ਪੂਰੇ ਪੁੰਜ ਲਾਲਸਾ।
ਹਿੰਦੁਨ ਕੋ ਢਾਲਸਾઠ
ਰੱਖਯਾ ਤੁਰਕ ਜਾਲਸਾ।
ਤੈ ਭਾਨੁ ਸੋ ਉਜਾਲਾઠ
ਕਰੱਯਾ ਪੰਥ ਖਾਲਸਾ।
ਆਪਣੀ ਗੱਲ ਸਮਾਪਤ ਕਰਦਿਆਂ ਦੋ ਹਵਾਲੇ ਹੋਰ ਦੇਣਾ ਚਾਹੁੰਦਾ ਹਾਂ। ਕਵੀ ਗੁਰਦਾਸ ਸਿੰਘ ਅਨੁਸਾਰ ‘ਆਪੇ ਗੁਰ ਚੇਲਾ’ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅਤੇ ਇਹ ਸਿਰਜਣਾ ਅਕਾਲ ਪੁਰਖ ਦੇ ਹੁਕਮ ਅਧੀਨ ਹੋਈ ਹੈ-‘ਗੁਰੂ ਬਰ ਅਕਾਲ ਦੇ ਹੁਕਮ ਸਿਓੁ ਓੁਪਜਿਓ ਬਿਗਿਆਨਾ, ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ।’ ‘ਸਰਬਲੋਹ ਗ੍ਰੰਥ’ ਖਾਲਸੇ ਦੀ ਪਰਿਭਾਸ਼ਾ, ਉਸ ਦੀ ਮਹਿਮਾ ਕਰਕੇ ਕਰਦਾ ਹੈ। ਇਸ ਲਿਖਤ ਮੁਤਾਬਿਕ ਦਸਮ ਪਿਤਾ ਨੇ ਖਾਲਸਾ ਪੰਥ ਨੂੰ ਆਪਣਾ ਰੂਪ ਮੰਨਿਆ ਹੈ ਅਤੇ ਆਪਣੇ-ਆਪ ਨੂੰ ਖਾਲਸੇ ਵਿਚ ਸਥਾਪਿਤ ਕੀਤਾ ਹੈ। ਇਸ ਗ੍ਰੰਥ ਵਿਚ ਇਹ ਵੀ ਕਿਹਾ ਗਿਆ ਹੈ-ਪਰਮਾਤਮਾ, ਗੁਰੂ ਅਤੇ ਖਾਲਸਾ ਵਿਚਕਾਰ ਕੋਈ ਭੇਦ ਨਹੀਂ, ਪੂਰੀ ਇਕਸੁਰਤਾ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਹੈ ਅਤੇ ਅਕਾਲ ਪੁਰਖ ਦੇ ਹੁਕਮ ਵਿਚ, ਉਸ ਦੀ ਮੌਜ ਵਿਚ ਖਾਲਸਾ ਪਰਗਟ ਹੋਇਆ ਹੈ-
ਖਾਲਸਾ ਅਕਾਲ ਪੁਰਖ ਕੀ ਫੌਜ।
ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ।
ਡਾ. ਜਸਪਾਲ ਸਿੰਘ
-ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਸਾਖੀ ਦਮਦਮੇ ਦੀ
ਜਗਜੀਤ ਸਿੰਘ ਸਿੱਧੂ
ਮਾਲਵੇ ਵਿਖੇ ਸਿੱਖ ਕੌਮ ਦਾ ਪ੍ਰਸਿੱਧ ਧਾਰਮਿਕ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ 28 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ ਸਥਿਤ ਹੈ। ਸਾਖੀ ਪੋਥੀ ਅਨੁਸਾਰ ਵੈਦਿਕ ਕਾਲ ਸਮੇਂ ਇੱਥੇ ਸਰਸਵਤੀ ਨਦੀ ਵਹਿੰਦੀ ਸੀ ਜਿਸਦੇ ਕਿਨਾਰੇ ਮਾਰਕੰਡੇ, ਵਿਆਸ, ਪਰਾਸ਼ਰ, ਵੈਸਪਾਈਨ, ਅਗਰਵੈਸ ਅਤੇ ਪੀਲੀ ਰਿਸ਼ੀ ਰਹਿੰਦੇ ਸਨ। ਇੱਥੇ ਉੱਤਰ ਕਾਸ਼ੀ ਨਾਂ ਦਾ ਵਿੱਦਿਆ ਕੇਂਦਰ ਹੋਇਆ ਕਰਦਾ ਸੀ। ਸਮੇਂ ਦੇ ਫੇਰ ਨਾਲ ਇਹ ਸਭ ਖ਼ਤਮ ਹੋ ਗਿਆ। ਇੱਕ ਦੰਦ ਕਥਾ ਅਨੁਸਾਰ ਕਿਸੇ ਸਮੇਂ ਇਹ ਇਲਾਕਾ ਰਾਣੀਆਂ ਦੇ ਨਵਾਬ ਦੀ ਜਗੀਰ ਸੀ ਜਿਸਨੇ ਆਪਣੀ ਲੜਕੀ ਸਾਹਬੋ ਨੂੰ ਤਲਵੰਡੀ ਸਮੇਤ ਅਨੇਕਾਂ ਪਿੰਡ ਦਾਜ ਵਿੱਚ ਦਿੱਤੇ ਸਨ। ਇਸ ਕਰਕੇ ਇਸ ਦਾ ਨਾਂ ‘ਤਲਵੰਡੀ ਸਾਹਬੋ ਕੀ’, ‘ਤਲਵੰਡੀ ਸਾਬੋ’ ਜਾਂ ‘ਸਾਬੋ ਕੀ ਤਲਵੰਡੀ’ ਪੈ ਗਿਆ। ਤਲਵੰਡੀ ਨਾਲ ‘ਸਾਬੋ’ ਸ਼ਬਦ ਜੁੜਨ ਬਾਰੇ ਇਹ ਵੀ ਦੰਦ ਕਥਾ ਪ੍ਰਚੱਲਤ ਹੈ ਕਿ ਬਰਾੜਾਂ ਵਿੱਚੋਂ ‘ਸਾਬੋ’ ਨਾਂ ਦਾ ਇੱਕ ਸੂਰਬੀਰ ਯੋਧਾ ਸੀ ਜਿਸਨੇ ਪਾਣੀਪਤ ਦੀ ਲੜਾਈ ਵਿੱਚ ਬਾਬਰ ਦੀ ਹਰ ਸੰਭਵ ਮਦਦ ਕੀਤੀ ਸੀ। ਜਿੱਤ ਤੋਂ ਬਾਅਦ ਬਾਬਰ ਨੇ ਇਹ ਸਾਰਾ ਇਲਾਕਾ ਉਸ ਨੂੰ ਦੇ ਦਿੱਤਾ ਸੀ ਜਿਸ ਕਰਕੇ ਤਲਵੰਡੀ ਨਾਲ ‘ਸਾਬੋ’ ਸ਼ਬਦ ਜੁੜ ਗਿਆ।
ਪੁਰਾਤਨ ਵੇਰਵਿਆਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ ਬਠਿੰਡਾ ਤੋਂ ਸਿਰਸਾ ਵੱਲ ਜਾਂਦੇ ਹੋਏ ਇੱਥੇ ਕੁਝ ਸਮੇਂ ਲਈ ਰੁਕੇ ਸਨ। 1674 ਈਸਵੀ ਦੇ ਲਗਪਗ ਨੌਵੇਂ ਗੁਰੂ ਤੇਗ ਬਹਾਦਰ ਜੀ ਵੀ ਪੂਰਬੀ ਭਾਰਤ ਦੀ ਫੇਰੀ ਤੋਂ ਵਾਪਸੀ ਵੇਲੇ ਕੁਝ ਦਿਨ ਇੱਥੇ ਰਹੇ ਸਨ। ਗੁਰੂ ਜੀ ਨੇ ਆਪਣੇ ਦੁਸ਼ਾਲੇ ਨਾਲ ਖ਼ੁਦ ਮਿੱਟੀ ਕੱਢ ਕੇ ਇੱਕ ਸਰੋਵਰ ਖੁਦਵਾਉਣ ਦੀ ਸ਼ੁਰੂਆਤ ਕਰਵਾਈ ਸੀ ਜਿਸਨੂੰ ਅੱਜਕੱਲ੍ਹ ‘ਗੁਰੂਸਰ ਸਰੋਵਰ’ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਦੀ ਆਖ਼ਰੀ ਲੜਾਈ ਤੋਂ ਬਾਅਦ ਲੱਖੀ ਜੰਗਲ ਅਤੇ ਪੱਕਾ ਕਲਾਂ ਹੁੰਦੇ ਹੋਏ 1705 ਈਸਵੀ ਵਿੱਚ ਇੱਥੇ ਪਹੁੰਚੇ ਸਨ। ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਇੱਥੇ ਨੌਂ ਮਹੀਨੇ ਨੌਂ ਦਿਨ ਰਹੇ ਸਨ ਅਤੇ ਉਨ੍ਹਾਂ ਆਪਣੇ ਮਿਸ਼ਨ ਨੂੰ ਪ੍ਰਚਾਰਿਆ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਕੀਤੀ ਸੀ। ਇੱਥੋਂ ਹੀ ਉਨ੍ਹਾਂ ਤਖ਼ਤ ਸਾਹਿਬ ਦੀ ਮੋਹਰ ਲਗਾ ਕੇ ਹੁਕਮਨਾਮੇ ਜਾਰੀ ਕੀਤੇ ਸਨ।
ਗੁਰੂ ਜੀ ਨੇ ਇੱਥੇ ਰਹਿੰਦਿਆਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਨਵੀਂ ਬੀੜ ਭਾਈ ਮਨੀ ਸਿੰਘ ਤੋਂ ਲਿਖਵਾਈ ਸੀ। ਬੀੜ ਸੰਪੂਰਨ ਹੋਣ ‘ਤੇ ਗੁਰੂ ਜੀ ਨੇ ਬਚਦੀ ਸਿਆਹੀ ਅਤੇ ਕਲਮਾਂ ਇੱਕ ਕੱਚੇ ਸਰੋਵਰ ਵਿੱਚ ਪਾ ਕੇ ਇਸ ਅਸਥਾਨ ਨੂੰ ਵਿੱਦਿਆ ਦਾ ਕੇਂਦਰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੰਦਿਆਂ ਕਿਹਾ ਸੀ ਕਿ ਇੱਥੇ ਮੰਦਬੁੱਧੀ ਵਾਲੇ ਵੀ ਪੜ੍ਹ ਕੇ ਵਿਦਵਾਨ ਬਣਨਗੇ। ਅੱਜਕੱਲ੍ਹ ਇੱਥੇ ਗੁਰਦੁਆਰਾ ਲਿਖਣਸਰ ਸਾਹਿਬ ਸੁਸ਼ੋਭਿਤ ਹੈ। ਬਾਅਦ ਵਿੱਚ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਬਾਕੀ ਚਾਰ ਉਤਾਰੇ ਕੀਤੇ ਜੋ ਬਾਕੀ ਤਖ਼ਤਾਂ ‘ਤੇ ਭੇਜੇ ਗਏ ਸਨ। ਇਹ ਬੀੜ ‘ਦਮਦਮੀ’ ਜਾਂ ‘ਹਜ਼ੂਰੀ ਬੀੜ’ ਵਜੋਂ ਮਸ਼ਹੂਰ ਹੋਈ। ਇਸੇ ਬੀੜ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ, ਨਾਂਦੇੜ ਪਹੁੰਚ ਕੇ ਗੁਰਗੱਦੀ ਦੇ ਕੇ ਸਿੱਖ ਕੌਮ ਨੂੰ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦਾ ਆਦੇਸ਼ ਦਿੰਦਿਆਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ।
ਸ੍ਰੀ ਦਮਦਮਾ ਸਾਹਿਬ ਵਿਖੇ ਹੀ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਆਏ ਸਨ ਤੇ ਉਨ੍ਹਾਂ ਦਾ ਗੁਰੂ ਜੀ ਨਾਲ ਮਿਲਾਪ ਹੋਇਆ ਸੀ। ਮਾਤਾਵਾਂ ਵੱਲੋਂ ਸਾਹਿਬਜ਼ਾਦਿਆਂ ਬਾਰੇ ਪੁੱਛਣ ‘ਤੇ ਗੁਰੂ ਜੀ ਨੇ ਜੁੜੀ ਸੰਗਤ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ: ਇਨ ਪੁਤਰਨ ਕੇ ਸੀਸ ਪੇ ਵਾਰ ਦੀਯੇ ਸੁਤ ਚਾਰ,
ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ।
ਆਨੰਦਪੁਰ ਸਾਹਿਬ ਦੀ ਵਿਸਾਖੀ ਤੋਂ ਬਾਅਦ ਗੁਰੂ ਜੀ ਨੇ ਇੱਥੇ ਮਨਾਈ ਵਿਸਾਖੀ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾਇਆ ਸੀ। ਇੱਕ ਅੰਗਰੇਜ਼ ਇਤਿਹਾਸਕਾਰ ਟਰਿੱਪ ਅਨੁਸਾਰ ਖ਼ਾਲਸੇ ਦੀ ਸਾਜਨਾ ਸਮੇਂ ਸ੍ਰੀ ਆਨੰਦਪੁਰ ਸਾਹਿਬ ਵਿਖੇ 1699 ਈਸਵੀ ਵਿੱਚ ਵੀਹ ਹਜ਼ਾਰ ਲੋਕਾਂ ਨੇ ਅੰਮ੍ਰਿਤਪਾਨ ਕੀਤਾ ਸੀ ਜਦਕਿ ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ ਸਵਾ ਲੱਖ ਤੋਂ ਉਪਰ ਸੀ। ਉਸ ਸਮੇਂ ਤੋਂ ਲੈ ਕੇ ਇੱਥੇ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆ ਰਹੀ ਹੈ। ਇਸ ਇਲਾਕੇ ਦੇ ਚੌਧਰੀ ਡੱਲੇ ਨਾਲ ਵੀ ਗੁਰੂ ਜੀ ਦਾ ਡੂੰਘਾ ਸਬੰਧ ਰਿਹਾ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ ਦਾ ਜਵਾਬ ਵੀ ਗੁਰੂ ਜੀ ਨੂੰ ਇਸ ਸਥਾਨ ‘ਤੇ ਹੀ ਮਿਲਿਆ ਸੀ। ਇੱਥੇ ਹੀ ਬਾਬਾ ਬੀਰ ਸਿੰਘ ਅਤੇ ਧੀਰ ਸਿੰਘ ‘ਤੇ ਗੁਰੂ ਜੀ ਨੇ ਬੰਦੂਕ ਦੇ ਨਿਸ਼ਾਨੇ ਰਾਹੀਂ ਭਾਈ ਡੱਲੇ ਨੂੰ ਸਿੱਖੀ ਦੀ ਪਰਖ ਕਰ ਕੇ ਦਿਖਾਈ ਸੀ। 1706 ਈਸਵੀ ਵਿੱਚ ਅਕਤੂਬਰ ਦੇ ਨੇੜੇ-ਤੇੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਦੀ ਸੇਵਾ-ਸੰਭਾਲ ਅਤੇ ਮਿਸ਼ਨ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪਦੇ ਹੋਏ ਤੇ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਨਿਯੁਕਤ ਕਰ ਕੇ ਦੱਖਣ ਵੱਲ ਚਲੇ ਗਏ ਸਨ। ਇਸ ਅਸਥਾਨ ਤੋਂ ਹੀ ਬਾਬਾ ਦੀਪ ਸਿੰਘ ਜੀ ਮੁਗ਼ਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਜਾ ਰਹੀ ਬੇਅਦਬੀ ਨੂੰ ਨਾ ਸਹਾਰਦੇ ਹੋਏ ਅਰਦਾਸ ਕਰ ਕੇ ਆਪਣੇ ਸਿੰਘਾਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ ਸਨ।
ਗੁਰੂ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਸਬੰਧਤ ਵਸਤਾਂ ਤਖ਼ਤ ਸਾਹਿਬ ਅਤੇ ਬਾਬੇ ਡੱਲੇ ਦੇ ਖ਼ਾਨਦਾਨ ਕੋਲ ਸੁਰੱਖਿਅਤ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਬਾਬਾ ਦੀਪ ਸਿੰਘ ਜੀ ਨਾਲ ਸਬੰਧਤ ਇੱਕ ਦਰਜਨ ਦੇ ਕਰੀਬ ਇਤਿਹਾਸਕ ਤੇ ਧਾਰਮਿਕ ਇਮਾਰਤਾਂ ਇੱਥੇ ਮੌਜੂਦ ਹਨ। ਸਿੱਖ ਧਰਮ ਦੇ ਘਟਨਾਕ੍ਰਮ ਅਨੁਸਾਰ ਚਾਹੇ ਇਹ ਚੌਥਾ ਤਖ਼ਤ ਹੈ ਪਰ ਇਸ ਨੂੰ ਪੰਜਵਾਂ ਤਖ਼ਤ ਕਿਹਾ ਜਾਣ ਲੱਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ 18 ਨਵੰਬਰ 1966 ਨੂੰ ਮਾਨਤਾ ਦੇ ਕੇ ਤਖ਼ਤ ਸਾਹਿਬ ਦਾ ਦਰਜਾ ਦਿੱਤਾ ਸੀ।
ਤਲਵੰਡੀ ਸਾਬੋ ਵਿਖੇ ਸੁਸ਼ੋਭਿਤ ਅਸਥਾਨਾਂ ਵਿੱਚੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਉਹ ਮਹੱਤਵਪੂਰਨ ਸਥਾਨ ਹੈ ਜਿੱਥੇ ਦਸਮ ਪਿਤਾ ਜੀ ਨੇ ਮੁਕਤਸਰ ਸਾਹਿਬ ਦੀ ਆਖ਼ਰੀ ਲੜਾਈ ਲੜਨ ਤੋਂ ਬਾਅਦ ਇੱਕ ਉੱਚੇ ਟਿੱਬੇ ‘ਤੇ ਚੜ੍ਹ ਕੇ ਆਪਣਾ ਜੰਗੀ ਕਮਰਕੱਸਾ ਖੋਲ ਕੇ ਉਚਾਰਿਆ ਸੀ: ‘ਇਹ ਤਾਂ ਸਾਡਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ’। ਇਸ ਤੋਂ ਇਲਾਵਾ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ, ਗੁਰਦੁਆਰਾ ਮਾਤਾ ਸਾਹਿਬ ਕੌਰ, ਸੁੰਦਰ ਕੌਰ, ਗੁਰਦੁਆਰਾ ਜੰਡਸਰ ਸਾਹਿਬ, ਗੁਰਦੁਆਰਾ ਮਹੱਲਸਰ ਸਾਹਿਬ, ਗੁਰਦੁਆਰਾ ਬਾਬਾ ਬੀਰ ਸਿੰਘ ਜੀ, ਬਾਬਾ ਧੀਰ ਸਿੰਘ ਜੀ, ਬੁਰਜ ਬਾਬਾ ਦੀਪ ਸਿੰਘ ਜੀ, ਗੁਰਦੁਆਰਾ ਭੋਰਾ ਬਾਬਾ ਦੀਪ ਸਿੰਘ ਅਤੇ ਗੁਰਦੁਆਰਾ ਬੇਰ ਸਾਹਿਬ ਸੁਸ਼ੋਭਿਤ ਹਨ। ਇਸ ਤੋਂ ਇਲਾਵਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਅਤੇ ਬੁੰਗਾ ਕੱਟੂ ਵਾਲਾ ਅਸਥਾਨ ਵੀ ਹਨ। ਇੱਥੇ ਪੰਜ ਸਰੋਵਰ ਵੀ ਬਣੇ ਹੋਏ ਹਨ। ਇਤਿਹਾਸਕ ਵਸਤਾਂ ਇਤਿਹਾਸਕ ਬੀੜ, ਸ੍ਰੀ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ), ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ, ਤੋੜੇਦਾਰ ਇਤਿਹਾਸਕ ਬੰਦੂਕ, ਦੇਗਾ (ਬਾਬਾ ਦੀਪ ਸਿੰਘ ਜੀ) ਅਤੇ ਇਤਿਹਾਸਕ ਸ਼ੀਸ਼ਾ ਆਦਿ ਤਖ਼ਤ ਸਾਹਿਬ ‘ਤੇ ਸੁਸ਼ੋਭਿਤ ਹਨ। ਬਾਬਾ ਡੱਲਾ ਦੇ ਖ਼ਾਨਦਾਨ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਤੇ ਛੋਟੀ ਦਸਤਾਰ, ਵੱਡਾ ਤੇ ਛੋਟਾ ਚੋਲਾ, ਤੇਗਾ, ਜਿਸ ਉਪਰ ਫਾਰਸੀ ਵਿੱਚ ਅੱਲਾਹ ਉਕਰਿਆ ਹੋਇਆ ਹੈ, ਦਸਮ ਪਿਤਾ ਦੇ ਗਾਤਰੇ ਵਾਲਾ ਸ੍ਰੀ ਸਾਹਿਬ, ਉਨ੍ਹਾਂ ਦਾ ਰੇਬ ਪਜਾਮਾ, ਮਾਤਾ ਸਾਹਿਬ ਕੌਰ ਜੀ ਦੇ ਬਸਤਰ ਅਤੇ ਬਾਜ਼ ਦੀ ਡੋਰ ਸੁਰੱਖਿਅਤ ਹਨ।
ੲੲੲ

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …