ਭਗਵੰਤ ਮਾਨ ‘ਤੇ ਕੇਂਦਰ ਦੀ ਕਠਪੁਤਲੀ ਬਣਨ ਦੇ ਲਗਾਏ ਆਰੋਪ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਵਿਚ ਕੀਤੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕੇਂਦਰ ਸਰਕਾਰ ਦੀ ਕਠਪੁਤਲੀ ਬਣਨ ਦੇ ਆਰੋਪ ਲਗਾਏ ਹਨ। ਇਸ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਰਜ਼ਾ ਲੈਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਆਉਂਦੇ ਸਾਲਾਂ ਵਿੱਚ ਦੀਵਾਲੀਆ ਹੋ ਜਾਵੇਗਾ।
ਇਸ ਦੌਰਾਨ ਕਾਂਗਰਸੀ ਆਗੂ ਨੇ ਆਪਣਾ ਦੁੱਖ ਵੀ ਜ਼ਾਹਿਰ ਕੀਤਾ ਕਿ ਅਜੇ ਤੱਕ ਉਨ੍ਹਾਂ ਕੋਲ ਪ੍ਰਸ਼ਾਸਨਿਕ ਤਾਕਤ ਨਹੀਂ ਆਈ ਹੈ ਇਸੇ ਕਰਕੇ ਉਹ ਨੀਤੀਆਂ ਬਾਰੇ ਸੋਚ ਸਕਦੇ ਹਨ ਪਰ ਨੀਤੀਆਂ ਲਾਗੂ ਨਹੀਂ ਕਰ ਸਕਦੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਆ ਕੇ ਕਿਸਾਨਾਂ ‘ਤੇ ਗੋਲੀਆਂ ਚਲਾਉਣ ਵਾਲੇ ਹਰਿਆਣਾ ਦੇ ਸੁਰੱਖਿਆ ਬਲਾਂ ਜਾਂ ਫਿਰ ਹਰਿਆਣਾ ਦੇ ਗ੍ਰਹਿ ਮੰਤਰੀ ਖਿਲਾਫ ਅਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਸ ਤੱਕ ਦਰਜ ਨਹੀਂ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ 67 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੇਕਰ ਕਰਜ਼ਾ ਲੈਣ ਦੀ ਚਾਲ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਅਗਲੇ ਤਿੰਨ ਸਾਲਾਂ ਵਿੱਚ ਪੰਜਾਬ 1.07 ਲੱਖ ਕਰੋੜ ਦਾ ਕਰਜ਼ਈ ਹੋ ਜਾਵੇਗਾ ਤੇ ਫਿਰ ਪੰਜਾਬ ਨੂੰ ਦੀਵਾਲੀਆ ਹੋਣ ਤੋਂ ਕੋਈ ਨਹੀਂ ਬਚਾਅ ਸਕਦਾ। ਉਨ੍ਹਾਂ ਕਿਹਾ ਕਿ ਇਸ ਵੇਲੇ 26 ਹਜ਼ਾਰ ਕਰੋੜ ਕਮਾਈ ਤੋਂ ਵੱਧ ਖ਼ਰਚੇ ਹਨ। ਕਰਜ਼ਿਆਂ ਦਾ ਪੰਜਾਬ ਸਰਕਾਰ ਕੁੱਲ ਆਮਦਨ ‘ਚੋਂ 37 ਹਜ਼ਾਰ ਕਰੋੜ ਰੁਪਏ ਸਾਲਾਨਾ ਵਿਆਜ ਭਰ ਰਹੀ ਹੈ। ਕੁੱਲ ਖਰਚਿਆਂ ਵਿੱਚ 77 ਫ਼ੀਸਦੀ ਤਨਖਾਹਾਂ ਅਤੇ ਪੈਨਸ਼ਨਾਂ ‘ਤੇ ਖ਼ਰਚ ਹੋ ਰਿਹਾ ਹੈ।