ਅੰਮ੍ਰਿਤਸਰ : ਲਾਹੌਰ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਡੈਮੋਕ੍ਰੇਟਿਕ ਪਾਰਕ ‘ਚ ਭਗਤ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪ੍ਰਧਾਨਗੀ ‘ਚ ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਨ ਮਨਾਉਂਦਿਆਂ ਉਨ੍ਹਾਂ ਦੇ ਵਿਚਾਰਾਂ ‘ਤੇ ਚਰਚਾ ਕੀਤੀ ਗਈ। ਵਕੀਲਾਂ ਵਲੋਂ ਬਕਾਇਦਾ ਜਨਮ ਦਿਨ ਦਾ ਕੇਕ ਕੱਟ ਕੇ ‘ਜ਼ਿੰਦਾ ਹੈ, ਭਗਤ ਸਿੰਘ ਜ਼ਿੰਦਾ ਹੈ’ ਆਦਿ ਨਾਅਰੇ ਲਗਾਏ ਗਏ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੇ ਸਕੂਲਾਂ ਦੀਆਂ ਪੁਸਤਕਾਂ ‘ਚ ਸ਼ਹੀਦਾਂ ਦੇ ਨਾਵਾਂ ‘ਚ ਭਾਵੇਂ ਕਿ ਸ਼ਹੀਦ ਭਗਤ ਸਿੰਘ ਦਾ ਨਾਂਅ ਸ਼ਾਮਿਲ ਨਹੀਂ ਹੈ ਪਰ ਫਿਰ ਵੀ ਵੱਡੀ ਗਿਣਤੀ ‘ਚ ਪਾਕਿਸਤਾਨ ਦੀ ਨੌਜਵਾਨ ਪੀੜ੍ਹੀ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੀ ਹੈ। ਵਕੀਲ ਅਬਦੁਲ ਰਾਸ਼ਿਦ ਕੁਰੈਸ਼ੀ ਨੇ ਮਤਾ ਪੇਸ਼ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਸ਼ਹੀਦ ਭਗਤ ਸਿੰਘ ਨੂੰ ‘ਭਾਰਤ ਰਤਨ’ ਅਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਐਵਾਰਡ ‘ਨਿਸ਼ਾਨ-ਏ-ਪਾਕਿਸਤਾਨ’ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ। ਇਸ ਮੌਕੇ ਡਾ: ਸ਼ਾਹਿਦ ਨਸੀਰ, ਸਈਦ ਮਨਜ਼ੂਰ ਅਲੀ ਗਿਲਾਨੀ, ਹਾਫਿਜ਼ ਨੂਰ ਮੁਹੰਮਦ ਕਸੂਰੀ, ਅਬਦੁੱਲਾ ਮਨਸੂਰ, ਖ਼ਾਨ ਅਮਾਨਉੱਲਾ ਖ਼ਾਨ, ਸੇਠ ਬਸ਼ੀਰ ਅਹਿਮਦ, ਚੌਧਰੀ ਜਾਵੇਦ ਅਖ਼ਤਰ, ਬੀਬੀ ਨੌਸ਼ੀਨ ਜਾਵੇਦ, ਨਰਗਸ ਭੱਟ ਅਤੇ ਅਫ਼ਸਾ ਲਤੀਫ਼ ਆਦਿ ਹਾਜ਼ਰ ਸਨ।
ਸ਼ਹੀਦ ਭਗਤ ਸਿੰਘ ਨੂੰ ਜਨਮ ਦਿਨ ਮੌਕੇ ਕੀਤਾ ਗਿਆ ਯਾਦ
ਬੰਗਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਣ ਕੀਤਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਹਰੇਕ ਕੰਮ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਰਸ਼ਾਂ ਅਤੇ ਸੋਚ ਮੁਤਾਬਕ ਹੋਵੇਗਾ। ਮੁੱਖ ਮੰਤਰੀ ਨੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਸ਼ਹੀਦ ਦੇ ਜੱਦੀ ਘਰ ਵੀ ਗਏ, ਜਿੱਥੇ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਪ੍ਰਵੇਸ਼ ਦੁਆਰ ਉੱਤੇ ਸਿਰ ਝੁਕਾ ਕੇ ਸਿਜਦਾ ਕੀਤਾ। ਇਥੇ ਪਈ ਵਿਜ਼ਟਰ ਬੁੱਕ ਵਿੱਚ ਮੁੱਖ ਮੰਤਰੀ ਨੇ ਭਾਵੁਕ ਸੁਨੇਹਾ ਦਰਜ ਕਰਦਿਆਂ ਲਿਖਿਆ ਕਿ ‘ਮੈਂ ਇਹ ਹਲਫ਼ ਲੈਂਦਾ ਹਾਂ ਕਿ ਬਤੌਰ ਮੁੱਖ ਮੰਤਰੀ ਮੈਂ ਹਰ ਕੰਮ ਇਸ ਸੋਚ ਨਾਲ ਕਰਾਂਗਾ ਕਿ ਸ. ਭਗਤ ਸਿੰਘ ਮੈਨੂੰ ਦੇਖ ਰਿਹਾ ਹੈ।’