Breaking News
Home / ਪੰਜਾਬ / ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ

ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ

ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਰੋਕ ਵਿਚ ਦਖ਼ਲ ਦੇਣ ਤੋਂ ਨਾਂਹ
ਅੰਮ੍ਰਿਤਸਰ/ਬਿਊਰੋ ਨਿਊਜ਼ : ਆਸਟਰੇਲੀਆ ਦੀ ਭਾਰਤ ਵਿੱਚ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਉੱਥੇ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਅਧਿਕਾਰੀਆਂ ਦੇ ਦਾਖ਼ਲੇ ‘ਤੇ ਲਾਈ ਰੋਕ ਦੇ ਮਾਮਲੇ ਵਿੱਚ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਨ੍ਹਾਂ ਆਖਿਆ ਕਿ ਇਹ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਦਾ ਨਿੱਜੀ ਮਾਮਲਾ ਹੈ। ਉਹ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ।
ਚਾਰ ਰੋਜ਼ਾ ਪੰਜਾਬ ਦੌਰੇ ਦੇ ਪਹਿਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਆਸਟਰੇਲੀਆ ਵਿੱਚ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਫ਼ੈਸਲੇ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ ਅਤੇ ਇਸ ਵਿੱਚ ਸਰਕਾਰ ਕੋਈ ਦਖ਼ਲ ਨਹੀਂ ਦੇ ਸਕਦੀ। ਉਨ੍ਹਾਂ ਆਖਿਆ ਕਿ ਉਂਜ ਵੀ ਆਸਟਰੇਲੀਆ ਦੇ ਸਿਰਫ ਇੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਕੋਈ ਫ਼ੈਸਲਾ ਕੀਤਾ ਗਿਆ ਹੈ। ਆਸਟਰੇਲੀਆ ਵਿੱਚ ਪੰਜਾਬੀਆਂ ਦੀ ਨਿਰੰਤਰ ਵਧ ਰਹੀ ਆਮਦ ਤੇ ਵਸੋਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਪੰਜਾਬੀਆਂ ਦੀ ਆਮਦ ਵਿੱਚ ਨਿਰੰਤਰ ਵਾਧਾ ਹੋਣ ਨਾਲ ਗੁਰਦੁਆਰਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਆਖਿਆ ਕਿ ਇੱਥੇ ਆ ਕੇ ਮਨ ਨੂੰ ਸਕੂਨ ਮਿਲਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ।
ਹਰਿੰਦਰ ਸਿੱਧੂ ਵਲੋਂ ਹਿੰਦ-ਪਾਕਿ ਵੰਡ ਅਜਾਇਬ ਘਰ ਦਾ ਦੌਰਾ
ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਅੰਮ੍ਰਿਤਸਰ ਦੌਰੇ ਦੌਰਾਨ ਪਾਰਟੀਸ਼ਨ ਮਿਊਜ਼ੀਅਮ (ਹਿੰਦ-ਪਾਕਿ ਵੰਡ ਅਜਾਇਬ ਘਰ) ਦਾ ਦੌਰਾ ਕੀਤਾ। ਇਸ ਦੌਰਾਨ ਉਹ ਇਸ ਵੰਡ ਦੀਆਂ ਚਸ਼ਮਦੀਦ ਗਵਾਹ 3 ਬਜੁਰਗ ਬੀਬੀਆਂ ਮਹਿੰਦਰ ਕੌਰ, ਜਗੀਰ ਕੌਰ ਅਤੇ ਗੁਰਬਚਨ ਕੌਰ ਨੂੰ ਵੀ ਮਿਲੇ ਤੇ ਉਨ੍ਹਾਂ ਕੋਲੋਂ ਵੰਡ ਸਮੇਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਹਾਸਲ ਕੀਤੀ। ਮੈਡਮ ਸਿੱਧੂ ਹਿੰਦ-ਪਾਕਿ ਵੰਡ ਦੌਰਾਨ ਪ੍ਰਭਾਵਿਤ ਹੋਏ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਉਨ੍ਹਾਂ ਦੇ ਪਿਤਾ ਅਜੈਬ ਸਿੰਘ ਸਿੱਧੂ ਵਲੋਂ ਇਸ ਅਜਾਇਬ ਘਰ ਵਿਚ ਲੱਗੀਆਂ ਸਕੀਰਨਾਂ ‘ਤੇ ਆਪ ਬੀਤੀ ਬਿਆਨ ਕੀਤੀ ਗਈ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …